ਐਮ.ਐਸ.ਪੀ ਅਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ, ਪੰਜਾਬ ਦੀਆਂ ਸਿਆਸੀ ਪਾਰਟੀਆਂ, ਸਿੱਖ ਕੌਮ ਇਕੱਤਰ ਹੋ ਕੇ ਸਮੂਹਿਕ ਸੰਘਰਸ਼ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ, 30 ਮਈ ( ) “ਕਿਸਾਨਾਂ ਦੁਆਰਾ ਪੈਦਾ ਹੋਣ ਵਾਲੀਆ ਫ਼ਸਲਾਂ ਦੀ ਸਹੀ ਕੀਮਤ ਪ੍ਰਾਪਤ ਕਰਨ ਲਈ, ਉਨ੍ਹਾਂ ਦੀ ਸਹੀ ਸਮੇ ਤੇ ਸਟੇਟ ਅਤੇ ਕੌਮਾਂਤਰੀ ਪੱਧਰ ਦੀ ਖਰੀਦੋ-ਫਰੋਖਤ ਦਾ ਪ੍ਰਬੰਧ ਹੋਣ ਅਤੇ ਸਹੀ ਐਮ.ਐਸ.ਪੀ ਪ੍ਰਾਪਤ ਹੋਵੇ, ਸਵਾਮੀਨਾਥਨ ਰਿਪੋਰਟ ਪੂਰਨ ਰੂਪ ਵਿਚ ਲਾਗੂ ਹੋਵੇ । ਇਸ ਨੂੰ ਲਾਗੂ ਕਰਵਾਉਣ ਲਈ ਕੇਵਲ ਕਿਸਾਨ ਯੂਨੀਅਨ ਹੀ ਨਹੀ ਬਲਕਿ ਪੰਜਾਬ ਸੂਬੇ ਨਾਲ ਸੰਬੰਧਤ ਸਭ ਸੰਘਰਸ਼ੀਲ ਸੰਗਠਨ, ਸਭ ਜਮਾਤਾਂ ਦੇ ਸਿਆਸਤਦਾਨ ਅਤੇ ਸਿੱਖ ਕੌਮ ਇਕੱਤਰ ਹੋ ਕੇ ਮਜ਼ਬੂਤੀ ਨਾਲ ਸੰਘਰਸ਼ ਸੁਰੂ ਕਰਨ । ਤਦ ਹੀ ਸੈਟਰ ਦੀ ਮੁਤੱਸਵੀ ਮੋਦੀ ਹਕੂਮਤ ਜਿੰਮੀਦਾਰਾਂ ਨੂੰ ਐਮ.ਐਸ.ਪੀ ਦੇਣ ਅਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਲਈ ਮਜ਼ਬੂਰ ਹੋ ਸਕੇਗੀ। ਵਰਨਾ ਇਸ ਸੈਟਰ ਦੀ ਸਰਕਾਰ ਨੇ ਤਾਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਮਾਲੀ, ਭੂਗੋਲਿਕ, ਬੋਧਿਕ ਤੌਰ ਤੇ ਨੁਕਸਾਨ ਕਰਨ ਉਤੇ ਨਿਰੰਤਰ ਸਾਜਿਸਾਂ ਰਾਹੀ ਅਮਲ ਕਰਦੀ ਆ ਰਹੀ ਹੈ । ਇਥੋ ਤੱਕ ਜਦੋ ਸਰਹੱਦਾਂ ਉਤੇ ਰਾਖੀ ਕਰਨੀ ਹੁੰਦੀ ਹੈ ਤਾਂ ਪੰਜਾਬੀਆਂ ਅਤੇ ਸਿੱਖਾਂ ਨੂੰ ਸ਼ਹਾਦਤਾਂ ਦੇਣ ਲਈ ਭੇਜ ਦਿੱਤਾ ਜਾਂਦਾ ਹੈ । ਜਦੋਂ ਸੈਂਟਰ ਵੱਲੋਂ ਸੂਬਿਆਂ ਨੂੰ ਕੁਝ ਦੇਣ ਦੀ ਗੱਲ ਆਉਦੀ ਹੈ ਤਾਂ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖਾਂ ਨੂੰ ਨਜ਼ਰ ਅੰਦਾਜ ਕਰ ਦਿੱਤਾ ਜਾਂਦਾ ਹੈ । ਇਸੇ ਸੋਚ ਅਧੀਨ ਕਿਸਾਨੀ ਫ਼ਸਲਾਂ ਦੀ ਐਮ.ਐਸ.ਪੀ ਦਾ ਐਲਾਨ ਕਰਨ ਅਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਵਿਚ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ । ਜੋ ਵੱਡਾ ਜ਼ਬਰ ਅਤੇ ਬੇਇਨਸਾਫ਼ੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿੰਮੀਦਾਰਾਂ, ਖੇਤ-ਮਜ਼ਦੂਰਾਂ, ਪੰਜਾਬੀਆਂ, ਸਿੱਖ ਕੌਮ ਨੂੰ ਆਪਣੀਆ ਫ਼ਸਲਾਂ ਉਤੇ ਐਮ.ਐਸ.ਪੀ ਅਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਸਭਨਾਂ ਧਿਰਾਂ ਅਤੇ ਸੰਗਠਨਾਂ ਨੂੰ ਇਕੱਤਰ ਹੋ ਕੇ ਸਮੂਹਿਕ ਰੂਪ ਵਿਚ ਮਜਬੂਤੀ ਨਾਲ ਸੰਘਰਸ਼ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਟਰ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੇ ਕਦੀ ਵੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਸੰਘਰਸ਼ ਕਰੇ ਬਿਨ੍ਹਾਂ ਵਿਧਾਨਿਕ ਲੀਹਾਂ ਅਨੁਸਾਰ ਕੁਝ ਨਹੀ ਦਿੱਤਾ । ਬਲਕਿ ਜਦੋ ਪੰਜਾਬੀ ਅਤੇ ਸਿੱਖ ਕੌਮ ਆਪਣੇ ਵਿਧਾਨਿਕ, ਭੂਗੋਲਿਕ, ਮਾਲੀ ਹੱਕਾਂ ਮੁੱਖ ਰੱਖਕੇ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸੰਘਰਸ਼ ਕਰਦੀ ਹੈ ਤਾਂ ਹੁਕਮਰਾਨਾਂ ਵੱਲੋਂ ਅਜਿਹੇ ਹੱਕੀ ਸੰਘਰਸ਼ਾਂ ਅਤੇ ਸੰਘਰਸ਼ ਕਰਨ ਵਾਲੀ ਲੀਡਰਸਿ਼ਪ ਨੂੰ ਬਦਨਾਮ ਕਰਨ ਲਈ ਮੀਡੀਏ ਅਤੇ ਹਕੂਮਤੀ ਤਾਕਤ ਦੀ ਦੁਰਵਰਤੋ ਕੀਤੀ ਜਾਂਦੀ ਹੈ । ਇਸ ਲਈ ਸਮੇਂ ਦੀ ਨਜਾਕਤ ਇਸ ਗੱਲ ਦੀ ਸੰਜ਼ੀਦਾ ਮੰਗ ਕਰਦੀ ਹੈ ਕਿ ਐਮ.ਐਸ.ਪੀ ਦਾ ਪੂਰਨ ਰੂਪ ਵਿਚ ਐਲਾਨ ਕਰਵਾਉਣ ਅਤੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੀਆਂ ਸੰਘਰਸ਼ੀਲ ਸਮੂਹ ਧਿਰਾਂ, ਸੰਗਠਨ, ਸਿਆਸਤਦਾਨ, ਪੰਜਾਬੀ ਅਤੇ ਸਿੱਖ ਕੌਮ ਇਕੱਠੇ ਹੋ ਕੇ ਮੋਦੀ ਹਕੂਮਤ ਦੇ ਜ਼ਬਰ ਅਤੇ ਬੇਇਨਸਾਫ਼ੀਆਂ ਨੂੰ ਦ੍ਰਿੜਤਾ ਨਾਲ ਚੁਣੋਤੀ ਦਿੱਤੀ ਜਾਵੇ ਅਤੇ ਆਪਣੇ ਵਿਧਾਨਿਕ ਤੇ ਜਮਹੂਰੀ ਹੱਕਾਂ ਨੂੰ ਬਰਕਰਾਰ ਰੱਖਿਆ ਜਾਵੇ ।

Leave a Reply

Your email address will not be published. Required fields are marked *