ਕਾਤਲ ਤੇ ਬਲਾਤਕਾਰੀ ਸਿਰਸੇਵਾਲੇ ਸਾਧ, ਜਿਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕਰਵਾਏ, ਉਸਨੂੰ ਵਾਰ-ਵਾਰ ਪੈਰੋਲ ਕਿਸ ਬਿਨ੍ਹਾਂ ਤੇ ਦਿੱਤੀ ਜਾ ਰਹੀ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 01 ਜੂਨ ( ) “ਜਦੋਂ ਸਿਰਸੇਵਾਲੇ ਰਾਮ ਰਹੀਮ ਨਾਮ ਦੇ ਕਾਤਲ ਤੇ ਬਲਾਤਕਾਰੀ ਸਾਧ ਨੂੰ ਕਾਨੂੰਨ ਵੱਲੋਂ ਸੰਗੀਨ ਜੁਰਮਾਂ ਵਿਚ ਉਮਰਕੈਦ ਹੋਈ ਹੈ, ਜਿਸਨੇ ਬਰਗਾੜੀ, ਕੋਟਕਪੂਰਾ, ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ ਅਤੇ ਹੋਰ ਕਈ ਸਥਾਨਾਂ ਉਤੇ ਆਪਣੇ ਬੰਦਿਆ ਕੋਲੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਵਾਕੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਾਕੇ ਨਕਲੀ ਅੰਮ੍ਰਿਤ ਤਿਆਰ ਕਰਦੇ ਹੋਏ ਸਿੱਖ ਭਾਵਨਾਵਾ ਨੂੰ ਡੂੰਘੀ ਠੇਸ ਪਹੁੰਚਾਈ, ਉਸਨੂੰ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵਾਰ-ਵਾਰ ਪੈਰੋਲ ਕਿਸ ਬਿਨ੍ਹਾਂ ਤੇ ਦੇ ਰਹੇ ਨੇ ਅਤੇ ਉਸਨੂੰ ਆਪਣੇ ਚੇਲਿਆ ਦੇ ਇਕੱਠ ਵਿਚ ਸੁਬੋਧਿਤ ਕਰਨ ਲਈ ਸਹਿਯੋਗ ਕਿਉ ਕਰ ਰਹੇ ਹਨ ? ਕੀ ਹਰਿਆਣਾ ਸਰਕਾਰ ਉਸਨੂੰ ਵਾਰ-ਵਾਰ ਪੈਰੋਲ ਦੇ ਕੇ ਵਿਧਾਨ ਦੀ ਧਾਰਾ 14 ਜੋ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਜਿਸ ਅਧੀਨ ਬੰਦੀ ਸਿੱਖ ਕੈਦੀਆ ਨੂੰ ਰਿਹਾਅ ਕਰਨਾ ਬਣਦਾ ਹੈ, ਉਸ ਵਿਧਾਨ ਦੀ ਧਾਰਾ 14 ਦਾ ਹਰਿਆਣਾ ਸਰਕਾਰ ਉਲੰਘਣ ਕਰਨ ਦੀ ਖੁਦ ਹੀ ਦੋਸ਼ੀ ਨਹੀ ਬਣ ਰਹੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਤਲ ਤੇ ਬਲਾਤਕਾਰੀ ਸਿਰਸੇਵਾਲੇ ਸਾਧ ਨੂੰ ਹੁਣ ਤੱਕ 16 ਵਾਰੀ ਥੋੜੇ-ਥੋੜੇ ਸਮੇ ਬਾਅਦ ਪੈਰੋਲ ਦੇਣ ਦੇ ਅਮਲਾਂ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਵਿਸੇ ਉਤੇ ਹੁਣੇ ਹੀ ਪੰਜਾਬ ਭਾਜਪਾ ਦੇ ਬਣੇ ਪ੍ਰਧਾਨ ਸ. ਕੇਵਲ ਸਿੰਘ ਢਿੱਲੋ ਵੀ ਆਪਣੀ ਸਥਿਤੀ ਸਪੱਸਟ ਕਰਨ ਕਿ ਵਾਰ-ਵਾਰ ਉਪਰੋਕਤ ਦੋਸ਼ੀ ਸਾਧ ਨੂੰ ਪੈਰੋਲ ਦੇਣ ਅਤੇ ਸਜਾਵਾ ਪੂਰੀਆ ਕਰ ਚੁੱਕੇ ਬੰਦੀ ਸਿੰਘ ਜਿਨ੍ਹਾਂ ਵਿਚ ਜਥੇਦਾਰ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਪਰਮਜੀਤ ਸਿੰਘ ਭਿਓਰਾ, ਬਲਵੰਤ ਸਿੰਘ ਰਾਜੋਆਣਾ, ਲਖਵਿੰਦਰ ਸਿੰਘ ਲੱਖਾ, ਗੁਰਦੀਪ ਸਿੰਘ ਖੇੜਾ, ਸਤਨਾਮ ਸਿੰਘ, ਸੁੱਚਾ ਸਿੰਘ, ਵਰਿਆਮ ਸਿੰਘ, ਲਾਲ ਸਿੰਘ, ਹਰਜਿੰਦਰ ਸਿੰਘ, ਬਲਵੀਰ ਸਿੰਘ, ਨੰਦ ਸਿੰਘ ਅਤੇ ਸੁਬੇਗ ਸਿੰਘ ਅਤੇ ਹੋਰਨਾਂ ਨੂੰ ਰਿਹਾਅ ਕਿਉ ਨਹੀ ਕੀਤਾ ਜਾ ਰਿਹਾ ?