ਹਿਮਾਚਲ ਵਿਚ ਭਾਰੀ ਬਾਰਿਸਾਂ ਤੇ ਗੜ੍ਹੇਮਾਰੀ ਕਾਰਨ ਜੋ ਸੇਬਾਂ ਦੀ ਫਸਲ ਖਰਾਬ ਹੋਈ ਹੈ, ਉਨ੍ਹਾਂ ਨੂੰ ਹਿਮਾਚਲ ਸਰਕਾਰ ਫੌਰੀ ਬਣਦਾ ਮੁਆਵਜਾ ਦੇਵੇ : ਮਾਨ
ਫ਼ਤਹਿਗੜ੍ਹ ਸਾਹਿਬ, 02 ਜੂਨ ( ) “ਬੀਤੇ ਦਿਨਾਂ ਵਿਚ ਹਿਮਾਚਲ ਅਤੇ ਪਹਾੜ ਦੇ ਨਾਲ ਲੱਗਦੇ ਪੰਜਾਬ ਵਿਚ ਜੋ ਭਾਰੀ ਬਾਰਿਸ ਅਤੇ ਗੜ੍ਹੇਮਾਰੀ ਹੋਣ ਕਾਰਨ ਹਿਮਾਚਲੀਆ ਦੀ ਸੇਬਾਂ ਦੀ ਫਸਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ, ਉਸ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਜੋ ਸੇਬਾਂ ਦੀ ਖੇਤੀ ਕਰਨ ਵਾਲੇ ਪਰਿਵਾਰਾਂ ਨਾਲ ਜਿਥੇ ਹਮਦਰਦੀ ਪ੍ਰਗਟ ਕੀਤੀ ਹੈ, ਉਥੇ ਉਨ੍ਹਾਂ ਨੇ ਹਿਮਾਚਲ ਦੀ ਮੌਜੂਦਾ ਸੁਖਵਿੰਦਰ ਸੁੱਖੂ ਦੀ ਕਾਂਗਰਸ ਸਰਕਾਰ ਨੂੰ ਇਹ ਮਨੁੱਖਤਾ ਦੇ ਬਿਨ੍ਹਾਂ ਤੇ ਅਪੀਲ ਕੀਤੀ ਹੈ ਕਿ ਉਹ ਤੁਰੰਤ ਸੇਬਾਂ ਦੀ ਫਸਲ ਦੇ ਹੋਏ ਵੱਡੇ ਨੁਕਸਾਨ ਦੀ ਜਾਂਚ ਕਰਦੇ ਹੋਏ ਸਮੂਹ ਨੁਕਸਾਨ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋ ਤੁਰੰਤ ਮੁਆਵਜਾ ਦੇਣ ਦੀ ਜਿੰਮੇਵਾਰੀ ਨਿਭਾਉਣ ਤਾਂ ਕਿ ਉਹ ਆਪਣੇ ਇਸ ਮਾਲੀ ਹੋਏ ਨੁਕਸਾਨ ਦੀ ਪੂਰਤੀ ਤੋ ਕਿਸੇ ਤਰ੍ਹਾਂ ਦੀ ਨਮੋਸੀ ਵਿਚ ਨਾ ਆਉਣ ਅਤੇ ਆਪਣੇ ਜੀਵਨ ਨਿਰਵਾਹ ਕਰਨ ਵਿਚ ਸੌਖ ਮਹਿਸੂਸ ਕਰ ਸਕਣ ।”
ਉਨ੍ਹਾਂ ਕਿਹਾ ਕਿ ਜਦੋ ਵੀ ਕਿਸੇ ਕੁਦਰਤੀ ਆਫਤ ਵੱਲੋ ਇਥੋ ਦੇ ਨਿਵਾਸੀਆ ਦਾ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਤਾਂ ਸਰਕਾਰਾਂ ਦਾ ਇਹ ਪਰਮ ਧਰਮ ਫਰਜ ਬਣ ਜਾਂਦਾ ਹੈ ਕਿ ਮਾਲੀ ਅਤੇ ਸਮਾਜਿਕ ਤੌਰ ਤੇ ਪੀੜਤ ਹੋਏ ਪਰਿਵਾਰਾਂ ਦੀ ਸਰਕਾਰੀ ਖਜਾਨੇ ਵਿਚੋ ਖੁੱਲ੍ਹੇ ਰੂਪ ਵਿਚ ਮਦਦ ਕਰਕੇ ਉਨ੍ਹਾਂ ਪੀੜਤਾਂ ਦੀ ਬਾਂਹ ਫੜਨ । ਪਰ ਦੇਖਣ ਵਿਚ ਆਇਆ ਹੈ ਕਿ ਅਜਿਹੇ ਸਮਿਆ ਤੇ ਅਕਸਰ ਹੀ ਸਰਕਾਰਾਂ ਆਪਣੀ ਜਿੰਮੇਵਾਰੀ ਤੋ ਭੱਜ ਜਾਂਦੀਆ ਹਨ । ਜਦੋਕਿ ਸਮਾਜਿਕ ਜਥੇਬੰਦੀਆ ਤੇ ਹੋਰ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਵਾਲੀਆ ਸਖਸੀਅਤਾਂ ਅਜਿਹੇ ਸਮਿਆ ਤੇ ਵੱਡਾ ਯੋਗਦਾਨ ਪਾਉਦੀਆ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹਿਮਾਚਲ ਸਰਕਾਰ ਆਪਣੀ ਇਸ ਜਿੰਮੇਵਾਰੀ ਨੂੰ ਪੂਰਨ ਕਰਨ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀ ਕਰੇਗੀ ।