ਜਦੋਂ 06 ਜੂਨ ਦੇ ਘੱਲੂਘਾਰੇ ਦਿਹਾੜੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਅਰਦਾਸ ਵਿਚ ਸਾਮਿਲ ਹੋਣ ਦਾ ਹੁਕਮ ਹੈ, ਫਿਰ ਬਾਬਾ ਧੂੰਮਾ ਸਿੱਖ ਸੰਗਤ ਨੂੰ ਵੰਡਣ ਦੇ ਅਮਲ ਕਿਉਂ ਕਰ ਰਹੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 03 ਜੂਨ ( ) “ਜਦੋਂ ਤੋਂ ਇੰਡੀਆ ਦੀ ਪੰਜਾਬ ਸੂਬੇ ਤੇ ਸਿੱਖ ਵਿਰੋਧੀ ਹਕੂਮਤ ਨੇ ਮੰਦਭਾਵਨਾ ਅਧੀਨ ਘੱਟ ਗਿਣਤੀ ਸਿੱਖ ਕੌਮ ਦੇ ਮਹਾਨ ਧਾਰਮਿਕ ਸਥਾਂਨ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਾਡੇ ਗੁਰਧਾਮਾਂ ਨੂੰ ਢਹਿ-ਢੇਰੀ ਕਰਨ ਦੇ ਨਾਲ-ਨਾਲ 25 ਹਜਾਰ ਦੇ ਕਰੀਬ ਨਿਰਦੋਸ, ਮਾਸੂਮ ਸਿੱਖ ਸਰਧਾਲੂਆਂ ਨੂੰ ਸ਼ਹੀਦ ਕੀਤਾ ਹੈ, ਉਸੇ ਦਿਨ ਤੋ ਹਰ ਸਾਲ 06 ਜੂਨ ਨੂੰ ਸਿੱਖ ਕੌਮ ਆਪਣੇ ਘੱਲੂਘਾਰੇ ਦਿਹਾੜੇ ਦੇ ਸ਼ਹੀਦਾਂ ਦੀਆਂ ਆਤਮਾਵਾ ਦੀ ਸ਼ਾਂਤੀ ਲਈ ਸਮੂਹਿਕ ਅਰਦਾਸ ਵੀ ਕਰਦੀ ਹੈ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਵੱਲੋ ਮਿੱਥੇ ਕੌਮੀ ਨਿਸ਼ਾਨੇ ਆਜਾਦ ਬਾਦਸਾਹੀ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੀ ਦ੍ਰਿੜਤਾ ਨੂੰ ਨਿਰੰਤਰ ਦੁਹਰਾਉਦੀ ਵੀ ਆ ਰਹੀ ਹੈ । ਜਦੋ ਸਭ ਸਿੱਖਾਂ ਨੂੰ ਹੁਕਮ ਹੈ ਕਿ ਇਹ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਕੀਤੀ ਜਾਵੇਗੀ ਤਾਂ ਦਮਦਮੀ ਟਕਸਾਲ ਦੇ ਮੌਜੂਦਾ ਮੁੱਖੀ ਸ. ਹਰਨਾਮ ਸਿੰਘ ਧੂੰਮਾ ਉਸੇ ਦਿਨ 06 ਜੂਨ ਨੂੰ ਚੌਕ ਮਹਿਤਾ ਵਿਖੇ ਵੱਖਰੀ ਅਰਦਾਸ ਕਰਨ ਦੇ ਅਮਲ ਕਰਕੇ ਸਮੁੱਚੀ ਸਿੱਖ ਕੌਮ ਦੀ ਵੱਡੀ ਸ਼ਕਤੀ ਨੂੰ ਵੰਡਣ ਦੀ ਬਜਰ ਗੁਸਤਾਖੀ ਕਿਉਂ ਕਰ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਮਦਮੀ ਟਕਸਾਲ ਦੇ ਮੌਜੂਦਾ ਮੁੱਖੀ ਸ. ਹਰਨਾਮ ਸਿੰਘ ਧੂੰਮਾ ਵੱਲੋ ਘੱਲੂਘਾਰੇ ਦਿਹਾੜੇ ਦੇ ਸ਼ਹੀਦਾਂ ਦੀ ਵੱਖਰੇ ਤੌਰ ਤੇ ਚੌਕ ਮਹਿਤਾ ਵਿਖੇ ਅਰਦਾਸ ਕਰਨ ਦਾ ਐਲਾਨ ਕਰਕੇ ਸਿੱਖ ਕੌਮ ਦੀ ਸ਼ਕਤੀ ਨੂੰ ਵੰਡਣ ਦੀ ਕੀਤੀ ਜਾ ਰਹੀ ਬਜਰ ਗੁਸਤਾਖੀ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਸ. ਧੂੰਮਾ ਨੂੰ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਉਹ ਵੱਖਰੇ ਤੌਰ ਤੇ ਆਪਣੇ ਮਹਾਨ ਸ਼ਹੀਦਾਂ ਦੀ ਚੌਕ ਮਹਿਤਾ ਵਿਖੇ ਅਰਦਾਸ ਕਰਨ ਦੀ ਇੱਛਾ ਰੱਖਦੇ ਹਨ ਤਾਂ ਉਹ ਇਹ ਅਰਦਾਸ 07 ਜੂਨ ਨੂੰ ਵੀ ਕੀਤੀ ਜਾ ਸਕਦੀ ਹੈ । ਪਰ 06 ਜੂਨ ਦੇ ਦੋਹਰੇ ਪ੍ਰੋਗਰਾਮ ਦੇ ਦੋਸ਼ੀ ਬਣਕੇ, ਉਹ ਖਾਲਸਾ ਪੰਥ ਅਤੇ ਸਮੁੱਚੀ ਸਿੱਖ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ? ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਜਾਹਰ ਕੀਤਾ ਕਿ ਜੋ ਬਾਬਾ ਦੀਪ ਸਿੰਘ ਜੀ ਦੀ ਮਹਾਨ ਕੁਰਬਾਨੀ ਅਤੇ ਸ਼ਹਾਦਤਾਂ ਉਪਰੰਤ ਇਹ ਸਤਿਕਾਰਿਤ ਟਕਸਾਲ ਦੀ ਸੰਸਥਾਂ ਹੋਦ ਵਿਚ ਆਈ ਸੀ, ਉਸਦੀਆਂ ਮਹਾਨ ਰਵਾਇਤਾ ਅਤੇ ਨਿਯਮਾਂ ਦਾ ਮੌਜੂਦਾ ਮੁੱਖੀ ਵੱਲੋ ਘਾਣ ਕਰਕੇ, ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਸ਼ਕਤੀਆ ਦੇ ਮਨਸੂਬਿਆ ਨੂੰ ਹੀ ਪੂਰਾ ਕੀਤਾ ਜਾ ਰਿਹਾ ਹੈ, ਜਦੋਕਿ ਸਾਡੇ ਸਿਧਾਂਤ ਸਿਵਲਿੰਗ ਦੀ ਪੂਜਾ ਜਾਂ ਗੰਗਾ ਵਿਚ ਨਹਾਉਣ ਆਦਿ ਦੇ ਵਹਿਮਾ-ਭਰਮਾ ਵਿਚ ਪੈਣ ਦੀ ਕਤਈ ਇਜਾਜਤ ਨਹੀ ਦਿੰਦੇ ਅਤੇ ਸ. ਹਰਨਾਮ ਸਿੰਘ ਧੂੰਮਾ ਇਹ ਨਿਰੰਤਰ ਸਿੱਖ ਵਿਰੋਧੀ ਅਮਲ ਵੀ ਕਰਦੇ ਆ ਰਹੇ ਹਨ । ਜੋ ਕਿ ਸਿੱਖ ਸੰਗਤ ਵਿਚ ਬਹੁਤ ਗੰਭੀਰ ਪ੍ਰਸਨ ਵੀ ਹੈ ਅਤੇ ਇਸ ਉਤੇ ਡੂੰਘੀ ਵਿਚਾਰ ਵੀ ਹੋਣੀ ਚਾਹੀਦੀ ਹੈ ਕਿ ਮੌਜੂਦਾ ਟਕਸਾਲ ਮੁੱਖੀ ਵੱਖਰੇ ਪ੍ਰੋਗਰਾਮ ਕਿਸ ਮਕਸਦ ਦੀ ਪ੍ਰਾਪਤੀ ਲਈ ਦੇ ਰਹੇ ਹਨ ।