ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਰ ਜਿ਼ਲ੍ਹਾ ਹੈੱਡਕੁਆਰਟਰ ਉਤੇ ‘ਕੌਮਾਂਤਰੀ ਮਨੁੱਖੀ ਅਧਿਕਾਰ’ ਦਿਹਾੜੇ ਸੰਬੰਧੀ ਸਮੁੱਚੇ ਪੰਜਾਬ ਵਿਚ ਯਾਦ ਪੱਤਰ ਦਿੱਤੇ ਜਾਣਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 10 ਦਸੰਬਰ ( ) “ਕਿਉਂਕਿ ਅੱਜ ਮਿਤੀ 10 ਦਸੰਬਰ ਦਾ ਦਿਨ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਵੱਜੋ ਮਨਾਇਆ ਜਾ ਰਿਹਾ ਹੈ । ਜਿਸਦਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਅਤੇ ਜਿਥੇ ਕਿਤੇ ਵੀ ਇਹ ਉਲੰਘਣਾ ਹੋ ਰਹੀ ਹੈ, ਉਸ ਵਿਰੁੱਧ ਆਵਾਜ ਬੁਲੰਦ ਕਰਨ ਦਾ ਸੰਸਾਰ ਪੱਧਰ ਦਾ ਮਹੱਤਵਪੂਰਨ ਦਿਹਾੜਾ ਹੈ । ਸਮੁੱਚੇ ਸੰਸਾਰ ਵਿਚ ਜਿਥੇ ਕਿਤੇ ਵੀ ਹੁਕਮਰਾਨ ਆਪਣੇ ਨਿਵਾਸੀਆ ਦੇ ਵਿਧਾਨਿਕ, ਸਮਾਜਿਕ, ਇਖਲਾਕੀ, ਧਾਰਮਿਕ ਹੱਕ ਕੁੱਚਲਦੇ ਨਜ਼ਰ ਆ ਰਹੇ ਹਨ, ਉਥੇ ਇਨਸਾਫ਼ ਪਸੰਦ ਸਖਸ਼ੀਅਤਾਂ, ਮਨੁੱਖੀ ਅਧਿਕਾਰ ਸੰਗਠਨ, ਇਨਸਾਨੀ ਕਦਰਾਂ-ਕੀਮਤਾਂ ਦੀ ਹਾਮੀ ਜਥੇਬੰਦੀਆਂ ਵੱਲੋਂ ਆਵਾਜ ਬੁਲੰਦ ਕਰਦੇ ਹੋਏ ਇਸ ਮਨੁੱਖੀ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ । ਕਿਉਂਕਿ ਇੰਡੀਆ ਦੇ ਮੁਤੱਸਵੀ ਹੁਕਮਰਾਨ ਲੰਮੇ ਸਮੇ ਤੋ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਨਾਲ ਹਰ ਪੱਧਰ ਤੇ ਵਿਤਕਰੇ ਬੇਇਨਸਾਫ਼ੀਆਂ, ਜ਼ਬਰ ਜੁਲਮ ਕਰਦੇ ਆ ਰਹੇ ਹਨ । ਇੰਡੀਆ ਵਿਚ ਵੱਡੇ ਪੱਧਰ ਤੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਹਨਨ ਸੰਬੰਧੀ ਯੂ.ਐਸ. ਕਮਿਸਨ ਆਨ ਇੰਟਨੈਸ਼ਨਲ ਰਿਲੀਜੀਅਸ ਫਰੀਡਮ ਵੱਲੋ ਕੁਝ ਸਮਾਂ ਪਹਿਲੇ ਜਾਰੀ ਕੀਤੀ ਗਈ ਰਿਪੋਰਟ ਵਿਚ ਇੰਡੀਆ ਨੂੰ ਸੰਸਾਰ ਦਾ ਸਭ ਤੋ ਵੱਡਾ ਅਤੇ ਚੌਥਾਂ ਉਹ ਮੁਲਕ ਦਰਸਾਇਆ ਗਿਆ ਹੈ ਜਿਥੇ ਇਹ ਉਲੰਘਣਾ ਹੋ ਰਹੀ ਹੈ । ਅਜਿਹਾ ਕਰਦੇ ਹੋਏ ਉਪਰੋਕਤ ਕਮਿਸਨ ਨੇ ਇੰਡੀਆ ਨੂੰ ਸੰਸਾਰ ਦੇ ਚੌਰਾਹੇ ਵਿਚ ਦੋਸ਼ੀ ਬਣਾਕੇ ਖੜ੍ਹਾ ਕੀਤਾ ਹੈ । ਸਿੱਖ ਕੌਮ ਨਾਲ ਪੰਜਾਬ ਸਰਕਾਰ ਅਤੇ ਇੰਡੀਆ ਸਰਕਾਰ ਵੱਲੋ ਲੰਮੇ ਸਮੇ ਤੋ ਇਨ੍ਹਾਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਕੇ ਜ਼ਬਰ ਜੁਲਮ ਕੀਤਾ ਜਾਂਦਾ ਆ ਰਿਹਾ ਹੈ । ਕਸਮੀਰ, ਛੱਤੀਸਗੜ੍ਹ, ਝਾਂਰਖੰਡ, ਵੈਸਟ ਬੰਗਾਲ, ਉੜੀਸਾ, ਮਹਾਰਾਸਟਰ, ਬਿਹਾਰ ਆਦਿ ਸੂਬਿਆਂ ਵਿਚ ਵੀ ਵੱਡੇ ਪੱਧਰ ਤੇ ਲੰਮੇ ਸਮੇ ਤੋ ਉਥੋ ਦੇ ਨਿਵਾਸੀਆ ਨਾਲ ਸਰਕਾਰਾਂ ਵੱਲੋ ਜਿਆਦਤੀਆ ਹੁੰਦੀਆ ਆ ਰਹੀਆ ਹਨ । ਇਸ ਲਈ ਇਸ ਗੰਭੀਰ ਮੁੱਦੇ ਨੂੰ ਮੁੱਖ ਰੱਖਦੇ ਹੋਏ ‘ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ’ ਨੂੰ ਸਮਰਪਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ 12 ਦਸੰਬਰ ਦਿਨ ਸੋਮਵਾਰ ਨੂੰ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ ਦੇ ਹਰ ਜਿ਼ਲ੍ਹਾ ਪੱਧਰ ਉਤੇ ਸਦਰ-ਏ-ਇੰਡੀਆ ਬੀਬੀ ਦ੍ਰੋਪਦੀ ਮੁਰਮੂ ਦੇ ਨਾਮ ਜਿ਼ਲ੍ਹਾ ਡਿਪਟੀ ਕਮਿਸਨਰਾਂ ਰਾਹੀ ਯਾਦ ਪੱਤਰ ਦਿੱਤੇ ਜਾਣਗੇ ।”

ਇਹ ਜਾਣਕਾਰੀ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪ੍ਰੈਸ ਰੀਲੀਜ ਜਾਰੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ ਅਤੇ ਜਿ਼ਲ੍ਹਾ ਜਥੇਬੰਦੀਆਂ ਨੂੰ 12 ਦਸੰਬਰ ਨੂੰ ਇਹ ਜਿ਼ੰਮੇਵਾਰੀ ਯਾਦ-ਪੱਤਰ ਦਿੰਦੇ ਹੋਏ ਨਿਭਾਉਣ ਦੀ ਅਪੀਲ ਕਰਦੇ ਹੋਏ ਦਿੱਤੀ ਗਈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਸਮੁੱਚੀ ਮਨੁੱਖਤਾ ਦੇ ਬਿਨ੍ਹਾਂ ਤੇ ਇਹ ਮਹਿਸੂਸ ਕਰਦੀ ਹੈ ਕਿ ਵੈਸੇ ਤਾਂ ਸਭ ਘੱਟ ਗਿਣਤੀ ਕੌਮਾਂ ਉਤੇ ਮੁਤੱਸਵੀ ਹੁਕਮਰਾਨਾਂ ਨੇ ਜ਼ਬਰ ਦਾ ਕੁਹਾੜਾ ਰੱਖਿਆ ਹੋਇਆ ਹੈ । ਪਰ ਵਿਸੇਸ ਤੌਰ ਤੇ ਸਿੱਖ ਕੌਮ ਨੂੰ ਨਿਸਾਨਾਂ ਬਣਾਉਦੇ ਹੋਏ ਵੱਡੇ ਪੱਧਰ ਤੇ ਸਾਜਸੀ ਢੰਗਾਂ ਰਾਹੀ ਪੰਜਾਬ ਅਤੇ ਇੰਡੀਆ ਦੀਆਂ ਸਰਕਾਰਾਂ ਵੱਲੋ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਦਾ ਦੌਰ ਸੁਰੂ ਕੀਤਾ ਹੋਇਆ ਹੈ । ਜਿਵੇਕਿ ਬੀਤੇ ਲੰਮੇ ਸਮੇ ਤੋ 25-25, 30-30 ਸਾਲਾਂ ਤੋ ਜੇਲ੍ਹਾਂ ਵਿਚ ਆਪਣੀਆ ਸਜਾਵਾਂ ਪੂਰੀਆ ਕਰ ਚੁੱਕੇ ਸਿੱਖ ਨੌਜ਼ਵਾਨਾਂ ਨੂੰ ਇਥੋ ਦੀਆਂ ਅਦਾਲਤਾਂ, ਕਾਨੂੰਨ, ਜੱਜ ਅਤੇ ਹੁਕਮਰਾਨ ਰਿਹਾਅ ਨਾ ਕਰਕੇ ਹੋਰ ਵੀ ਵੱਡਾ ਜੁਲਮ ਕਰਦੇ ਆ ਰਹੇ ਹਨ । ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੀਆਂ ਬੀਤੇ 11 ਸਾਲਾਂ ਤੋ ਚੋਣਾਂ ਹੀ ਨਹੀ ਕਰਵਾਈਆ ਜਾ ਰਹੀਆ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੈਕੜੇ ਵਾਰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਅਤੇ ਸਿੱਖ ਨੌਜਵਾਨੀ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਹੁਕਮਰਾਨ ਗ੍ਰਿਫਤਾਰ ਹੀ ਨਹੀ ਕਰ ਰਹੇ ਸਜਾਵਾਂ ਦੇਣ ਦੀ ਗੱਲ ਤਾਂ ਦੂਰ ਦੀ ਗੱਲ ਹੈ । ਪੰਜਾਬ ਦੇ ਬਿਜਲੀ, ਪਾਣੀਆ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਵਿਚ ਸਾਮਿਲ ਕਰਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਹਵਾਲੇ ਕਰਨ, ਤੋ ਨਿਰੰਤਰ ਸਰਕਾਰਾਂ ਤੇ ਹੁਕਮਰਾਨ ਮੁੰਨਕਰ ਹੁੰਦੇ ਆ ਰਹੇ ਹਨ । ਪੰਜਾਬ ਵਿਚ ਪੰਜਾਬੀ ਬੋਲੀ ਨੂੰ ਅਮਲੀ ਰੂਪ ਵਿਚ ਲਾਗੂ ਹੀ ਨਹੀ ਕੀਤਾ ਜਾ ਰਿਹਾ, ਪੰਜਾਬ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ, ਕਿਸਾਨਾਂ ਦੀਆਂ ਫ਼ਸਲਾਂ ਅਤੇ ਵਪਾਰੀਆ ਦੀਆਂ ਉਤਪਾਦ ਵਸਤਾਂ ਦੀ ਸਹੀ ਕੀਮਤ ਪ੍ਰਾਪਤ ਹੋਵੇ, ਉਸ ਲਈ ਸਰਹੱਦਾਂ ਨੂੰ ਖੋਲ੍ਹਕੇ ਕੌਮਾਂਤਰੀ ਵਪਾਰ ਨੂੰ ਉਤਸਾਹਿਤ ਕਰਨ ਤੋ ਆਨਾਕਾਨੀ ਕੀਤੀ ਜਾਂਦੀ ਆ ਰਹੀ ਹੈ । ਸਿੱਖ ਨੌਜਵਾਨਾਂ ਨੂੰ ਉਚੇਚੇ ਤੌਰ ਤੇ ਨਿਸ਼ਾਨਾਂ ਬਣਾਕੇ ਉਨ੍ਹਾਂ ਉਤੇ ਝੂਠੇ ਕੇਸ ਦਰਜ ਕਰਕੇ ਦਹਿਸਤ ਪਾਈ ਜਾ ਰਹੀ ਹੈ । ਨਸ਼ੀਲੀਆਂ ਵਸਤਾਂ ਦੇ ਪੰਜਾਬ ਵਿਚ ਖੁੱਲ੍ਹੇਆਮ ਹੋ ਰਹੇ ਵਪਾਰ, ਖਰੀਦੋ ਫਰੋਖਤ ਨੂੰ ਹਕੂਮਤੀ ਸਰਪ੍ਰਸਤੀ ਹਾਸਿਲ ਹੈ । ਇਹੀ ਵਜਹ ਹੈ ਕਿ ਪੰਜਾਬ ਸੂਬੇ ਵਿਚ ਗੈਂਗਸਟਰ, ਅਪਰਾਧਿਕ ਲੋਕਾਂ ਨੇ ਹਾਲਾਤਾਂ ਨੂੰ ਵਿਸਫੋਟਕ ਬਣਾਇਆ ਹੋਇਆ ਹੈ । ਕਾਨੂੰਨੀ ਵਿਵਸਥਾਂ ਅਸਤ-ਵਿਅਸਤ ਹੋ ਚੁੱਕੀ ਹੈ ਅਤੇ ਇਥੋ ਦੇ ਨਾਗਰਿਕਾਂ ਵਿਸੇਸ ਤੋਰ ਤੇ ਸਿੱਖ ਕੌਮ ਦੇ ਸਭ ਵਿਧਾਨਿਕ, ਸਮਾਜਿਕ, ਧਾਰਮਿਕ ਇਖਲਾਕੀ ਹੱਕਾਂ ਨੂੰ ਕੁੱਚਲਿਆ ਜਾ ਰਿਹਾ ਹੈ । ਇਨ੍ਹਾਂ ਸਭ ਮੁੱਦਿਆ ਨੂੰ ਮੁੱਖ ਰੱਖਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੇ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਵਿਰੁੱਧ 12 ਦਸੰਬਰ ਨੂੰ ਇੰਡੀਆ ਦੇ ਸਦਰ ਬੀਬੀ ਦ੍ਰੋਪਦੀ ਮੁਰਮੂ ਨੂੰ ਜਿ਼ਲ੍ਹਿਆ ਦੇ ਡਿਪਟੀ ਕਮਿਸਨਰਾਂ ਰਾਹੀ ਯਾਦ ਪੱਤਰ ਦੇਣ ਜਾ ਰਿਹਾ ਹੈ ਜਿਸ ਵਿਚ ਹਰ ਇਨਸਾਫ ਪਸੰਦ, ਅਮਨ ਚੈਨ ਤੇ ਜਮਹੂਰੀਅਤ ਦੀ ਚਾਹਨਾ ਕਰਨ ਵਾਲੇ ਇਨਸਾਨ ਅਤੇ ਸੰਗਠਨਾਂ ਨੂੰ ਸਹਿਯੋਗ ਦੇਕੇ ਪੰਜਾਬੀਆਂ ਤੇ ਸਿੱਖ ਕੌਮ ਉਤੇ ਹੋ ਰਹੇ ਜ਼ਬਰ ਨੂੰ ਰੋਕਣ ਲਈ ਆਵਾਜ ਬੁਲੰਦ ਕਰਨਾ ਉਨ੍ਹਾਂ ਦਾ ਕੌਮੀ ਤੇ ਇਨਸਾਨੀ ਫਰਜ ਹੈ । ਪਾਰਟੀ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਜਿ਼ਲ੍ਹਾ ਜਥੇਦਾਰ ਸਾਹਿਬਾਨ, ਮੈਬਰ, ਸਮਰੱਥਕ ਅਤੇ ਇਨਸਾਫ ਚਾਹੁੰਣ ਵਾਲੀਆ ਸਭ ਤਾਕਤਾਂ ਤੇ ਲੋਕ ਪਾਰਟੀ ਦੇ ਇਸ ਮਿਸਨ ਵਿਚ ਜਿਥੇ ਸਹਿਯੋਗ ਕਰਨਗੇ, ਉਥੇ ਇਸ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਦੇ ਮਕਸਦ ਨੂੰ ਸੰਸਾਰ ਵਿਚ ਪਹੁੰਚਾਉਣ ਦੀ ਜਿੰਮੇਵਾਰੀ ਵੀ ਨਿਭਾਉਣਗੇ ।

Leave a Reply

Your email address will not be published. Required fields are marked *