ਜੇਕਰ ਸ. ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸਾਧਨਾਂ ਰਾਹੀ ਸੱਚ ਤੋਂ ਹੁਕਮਰਾਨਾਂ ਨੂੰ ਜਾਣੂ ਕਰਵਾ ਦਿੱਤਾ ਹੈ, ਤਾਂ ਉਸ ਉਤੇ ਫੌਜਦਾਰੀ ਕੇਸ ਕਰਨ ਦੀ ਕਿਹੜੀ ਤੁੱਕ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 14 ਅਪ੍ਰੈਲ ( ) “ਸਾਰੇ ਪੰਜਾਬੀਆਂ, ਸਿੱਖਾਂ ਤੇ ਇੰਡੀਅਨ ਨਿਵਾਸੀਆ ਨੂੰ ਜਦੋ ਇਹ ਪੂਰੀ ਜਾਣਕਾਰੀ ਹੈ ਕਿ ਪਾਕਿਸਤਾਨ ਸਾਡਾ ਗੁਆਢੀ ਮੁਲਕ ਹੈ । ਸਿੱਖਾਂ ਤੇ ਪੰਜਾਬੀਆਂ ਦਾ ਬਹੁਤਾ ਪੁਰਾਤਨ ਵਿਰਸਾ-ਵਿਰਾਸਤ ਪਾਕਿਸਤਾਨ ਵਿਚ ਹੈ । ਸਾਡੀ ਬੋਲੀ, ਭਾਸਾ, ਪਹਿਰਾਵਾ, ਸੱਭਿਆਚਾਰ, ਖਾਣ-ਪੀਣ ਸਭ ਇਕ ਹਨ ਅਤੇ ਇੰਡੀਆ ਨਾਲ ਵੀ ਪਾਕਿਸਤਾਨ ਦੇ ਦੋਸਤਾਨਾਂ ਸੰਬੰਧ ਹਨ । ਇਸੇ ਕਾਰਨ ਪਾਕਿਸਤਾਨ ਸਫਾਰਤਖਾਨਾ ਵੀ ਇੰਡੀਆ ਵਿਚ ਸਥਿਤ ਹੈ ਅਤੇ ਇੰਡੀਆ ਦਾ ਸਫਾਰਤਖਾਨਾ ਪਾਕਿਸਤਾਨ ਵਿਚ ਸਥਿਤ ਹੈ ਜੋ ਆਪਸੀ ਸੰਬੰਧਾਂ ਨੂੰ ਪ੍ਰਤੱਖ ਕਰਦੇ ਹਨ । ਫਿਰ ਕਾਂਗਰਸੀ ਆਗੂ ਸ. ਪ੍ਰਤਾਪ ਸਿੰਘ ਬਾਜਵਾ ਵੱਲੋ ਆਪਣੇ ਸਾਧਨਾਂ ਤੋ ਮਿਲੀ ਸੂਚਨਾ ਅਨੁਸਾਰ ਉਨ੍ਹਾਂ ਨੇ ਜੇਕਰ ਪਾਕਿਸਤਾਨ ਤੋ ਇਥੇ ਆਏ ਬੰਬਾ ਬਾਰੇ ਜਾਣਕਾਰੀ ਦੇ ਦਿੱਤੀ ਹੈ ਤਾਂ ਉਹ ਮੁਲਕ ਵਿਰੋਧੀ ਕਿਵੇ ਹੋ ਗਏ ? ਉਨ੍ਹਾਂ ਉਤੇ ਪੰਜਾਬ ਸਰਕਾਰ ਵੱਲੋ ਬਿਨ੍ਹਾਂ ਵਜਹ ਫੌਜਦਾਰੀ ਕੇਸ ਕਰਨ ਦੀ ਗੱਲ ਕਰਨ ਵਿਚ ਕੀ ਦਲੀਲ ਹੈ ? ਜਦੋਕਿ ਸਾਡੇ ਪਹਿਲੇ ਵੀ ਅਤੇ ਅੱਜ ਵੀ ਪਾਕਿਸਤਾਨੀਆ ਨਾਲ ਦੋਸਤਾਨਾਂ ਵਿਚਾਰਕ, ਸਮਾਜਿਕ, ਇਖਲਾਕੀ ਤੇ ਵਪਾਰਕ ਸੰਬੰਧ ਅੱਜ ਵੀ ਮੌਜੂਦ ਹਨ । ਸਿੱਖ ਕੌਮ ਦੇ ਮਨ-ਆਤਮਾ ਵਿਚ ਇਹ ਡਰ ਹੈ ਕਿ 1984 ਦੀ ਤਰ੍ਹਾਂ ਮੁਲਕ ਦੇ ਮੁਤੱਸਵੀ ਹੁਕਮਰਾਨ ਸਿੱਖਾਂ ਤੇ ਪੰਜਾਬੀਆਂ ਨਾਲ ਫਿਰ ਕਿਸੇ ਸਾਜਿਸ ਅਧੀਨ ਪਹਿਲੇ ਦੀ ਤਰ੍ਹਾਂ ਅਣਮਨੁੱਖੀ ਗੈਰ ਇਨਸਾਨੀਅਤ ਜ਼ਬਰ ਜੁਲਮ ਨਾ ਕਰ ਦੇਣ । ਇਸੇ ਸੋਚ ਅਧੀਨ ਪੰਜਾਬੀਆਂ ਤੇ ਸਿੱਖਾਂ ਦੀ ਪੁਰਾਤਨ ਪਾਕਿਸਤਾਨ ਨਾਲ ਸਾਂਝ ਹੋਰ ਉਭਰ ਜਾਂਦੀ ਹੈ ਕਿ ਕਿਸੇ ਸਮੇ ਉਥੇ ਸ਼ਰਨ ਵੀ ਲਈ ਜਾ ਸਕਦੀ ਹੈ । ਜਿਵੇਕਿ ਅੱਜ ਯੂਕੇਰਨ ਵਿਚ ਰੂਸ ਵੱਲੋ ਅਣਮਨੁੱਖੀ ਜ਼ਬਰ ਜੁਲਮ ਹੋ ਰਿਹਾ ਹੈ, ਜੋ ਕਿ ਕਿਸੇ ਸਮੇ ਰੂਸ ਦਾ ਹੀ ਹਿੱਸਾ ਤੇ ਨਿਵਾਸੀ ਸਨ । ਫਿਰ ਜੇਕਰ ਆਪਣੇ ਹੀ ਨਿਵਾਸੀਆ ਨਾਲ ਅਜਿਹਾ ਨਫਰਤ ਭਰਿਆ ਵਿਵਹਾਰ ਸੁਰੂ ਕਰ ਦੇਈਏ ਫਿਰ ਇਹ ਤਾਂ ਬਹੁਤ ਹੀ ਖਤਰਨਾਕ ਗੱਲ ਹੋਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਤਾਪ ਸਿੰਘ ਬਾਜਵਾ ਵੱਲੋ ਪੰਜਾਬ ਤੇ ਇੰਡੀਆਂ ਵਿਚ ਬੰਬ ਆਉਣ ਦੀ ਜਾਣਕਾਰੀ ਨੂੰ ਜਨਤਕ ਕਰਨ ਉਪਰੰਤ ਪੰਜਾਬ ਸਰਕਾਰ ਵੱਲੋ ਭੜਕਾਊ ਅਤੇ ਨਫਰਤ ਭਰੀ ਸੋਚ ਤੇ ਅਮਲਾਂ ਅਧੀਨ ਉਨ੍ਹਾਂ ਉਤੇ ਫੌਜਦਾਰੀ ਕੇਸ ਦਰਜ ਕਰਨ ਦੇ ਗੈਰ ਵਿਧਾਨਿਕ ਅਤੇ ਅਣਮਨੁੱਖੀ ਢੰਗ ਨਾਲ ਅਮਲ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਪੰਜਾਬ ਦੇ ਮਾਹੌਲ ਨੂੰ ਕੁੜੱਤਣ ਭਰਿਆ ਬਣਾਉਣ ਹਿੱਤ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਹ ਜੁਆਬ ਦੇਵੇ ਕਿ ਜੋ ਇੰਡੀਆ ਦੀ ਮੋਦੀ ਹਕੂਮਤ ਤੇ ਉਸਦੀਆਂ ਏਜੰਸੀਆ ਵੱਲੋ ਬਰਤਾਨੀਆ ਨਿਵਾਸੀ ਭਾਈ ਅਵਤਾਰ ਸਿੰਘ ਖੰਡਾ ਨੂੰ ਅਤਿ ਖਤਰਨਾਕ ਪੋਲੋਨੀਅਮ ਜਹਿਰ ਦੇ ਕੇ ਮਾਰ ਦਿੱਤਾ ਗਿਆ ਹੈ ਅਤੇ ਜੋ ਸਾਰੇ ਸੰਸਾਰ ਵਿਚ ਪ੍ਰਤੱਖ ਹੋ ਚੁੱਕਿਆ ਹੈ ਉਸ ਬਾਰੇ ਭਗਵੰਤ ਸਿੰਘ ਮਾਨ ਤੇ ਮੋਦੀ ਹਕੂਮਤ ਇਥੋ ਦੇ ਨਿਵਾਸੀਆਂ ਨੂੰ ਜਾਣਕਾਰੀ ਦੇਵੇ ਕਿ ਇਹ ਅਮਲ ਕਿਉ ਅਤੇ ਸਿੱਖ ਕੌਮ ਨਾਲ ਵਿਤਕਰੇ ਭਰੇ ਅਮਲ ਕਿਉਂ ਕੀਤੇ ਜਾ ਰਹੇ ਹਨ ? ਦੂਸਰਾ ਲਾਹੌਰ ਮਹਾਰਾਜਾ ਰਣਜੀਤ ਸਿੰਘ ਸੇਰ ਏ ਪੰਜਾਬ ਦੇ ਰਾਜ ਦੀ ਰਾਜਧਾਨੀ ਰਹੀ ਹੈ ਅਤੇ ਉਸ ਸਮੇ ਇਸ ਨੂੰ ਲਾਹੌਰ ਰਾਜ ਦਰਬਾਰ ਹੀ ਕਿਹਾ ਜਾਂਦਾ ਸੀ, ਅੱਜ ਵੀ ਅਸੀ ਲਾਹੌਰ ਨੂੰ ਆਪਣਾ ਮੰਨਦੇ ਹਾਂ । ਜੋ ਪ੍ਰਤਾਪ ਸਿੰਘ ਬਾਵਜਾ ਨੇ ਭਵਿੱਖ ਦੇ ਖਤਰੇ ਨੂੰ ਦੇਖਦੇ ਹੋਏ ਪੰਜਾਬ ਤੇ ਸੈਟਰ ਸਰਕਾਰ ਨੂੰ ਸੁਚੇਤ ਕਰਦੇ ਹੋਏ ਆਪਣੇ ਸਾਧਨਾਂ ਤੋ ਮਿਲੀ ਸੂਚਨਾਂ ਅਨੁਸਾਰ ਜਾਣਕਾਰੀ ਦਿੱਤੀ ਹੈ, ਉਸ ਵਿਚ ਉਨ੍ਹਾਂ ਨੇ ਕਿਹੜੇ ਕਾਨੂੰਨ ਦੀ ਉਲੰਘਣਾ ਕਰ ਦਿੱਤੀ ਹੈ ਜਾਂ ਕੀ ਗੁਨਾਹ ਕਰ ਦਿੱਤਾ ਹੈ ? ਜਿਵੇ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਕੇਸ ਦਰਜ ਕਰਨ ਦੀ ਗੱਲ ਕਹੀ ਗਈ ਹੈ ਫਿਰ ਤਾਂ ਹਰ ਪੰਜਾਬੀ ਅਤੇ ਸਿੱਖ ਜੋ ਅੱਜ ਵੀ ਆਪਣੇ ਪੁਰਾਤਨ ਪੰਜਾਬ ਪਾਕਿਸਤਾਨੀਆ ਨਾਲ ਸਾਂਝ ਰੱਖਦੇ ਹਨ ਉਨ੍ਹਾਂ ਸਾਰਿਆ ਤੇ ਇਸ ਤਰ੍ਹਾਂ ਕੇਸ ਦਰਜ ਕਰ ਦਿੱਤੇ ਜਾਣਗੇ, ਕੀ ਅਜਿਹਾ ਵਾਜਿਬ ਹੋਵੇਗਾ ? ਕੇਵਲ ਵਿਰੋਧੀ ਜਮਾਤ ਦੇ ਮੈਬਰ ਹੋਣ ਦੇ ਨਾਤੇ ਵਿਰੋਧ ਕਰਨ ਨਾਲ ਹੀ ਕਿਸੇ ਗੱਲ ਦੀ ਪ੍ਰਾਪਤੀ ਨਹੀ ਹੋ ਸਕਦੀ । ਬਲਕਿ ਵਿਰੋਧਤਾ ਉਸਾਰੂ, ਦੂਰਅੰਦੇਸ਼ੀ ਅਤੇ ਸਮਾਜ ਪੱਖੀ ਹੋਣੀ ਚਾਹੀਦੀ ਹੈ । ਜੇਕਰ ਹਿੰਦੂ ਕੌਮ ਦੀ ਮੁਸਲਮਾਨਾਂ ਨਾਲ ਨਹੀ ਬਣਦੀ ਅਤੇ ਸਿੱਖ ਕੌਮ ਦੀ ਮੁਸਲਮਾਨਾਂ ਨਾਲ ਪੁਰਾਤਨ ਸਾਂਝ ਦੀ ਬਦੌਲਤ ਬਣਦੀ ਹੈ, ਤਾਂ ਹੁਕਮਰਾਨਾਂ ਨੂੰ ਇਸ ਪੁਰਾਤਨ ਸਾਂਝ ਤੋ ਚਿੜ ਕਿਉ ਹੈ । ਜਦੋਕਿ ਪੰਜਾਬੀ ਅਤੇ ਸਿੱਖ ਤਾਂ ਉਸ ਪੁਰਾਤਨ ਪੰਜਾਬ ਨੂੰ ਅੱਜ ਵੀ ਇਕ ਹੋਣਾ ਦੇਖਣਾ ਚਾਹੁੰਦੇ ਹਨ ਅਤੇ ਆਪਣੀਆ ਵਪਾਰਿਕ, ਸਮਾਜਿਕ ਤੰਦਾਂ ਨੂੰ ਪਹਿਲੇ ਦੀ ਤਰ੍ਹਾਂ ਮਜਬੂਤ ਕਰਨਾ ਚਾਹੁੰਦੇ ਹਨ ਤਾਂ ਕਿ ਪਾਕਿਸਤਾਨ ਵਿਚ ਰਹਿ ਗਏ ਸਾਡੇ ਗੁਰਧਾਮਾਂ ਦੇ ਖੁੱਲ੍ਹੇ ਦਰਸਨ ਦੀਦਾਰਾ ਦੀ ਰੋਜਾਨਾ ਕੀਤੀ ਜਾ ਰਹੀ ਅਰਦਾਸ ਸੰਪੂਰਨ ਹੋ ਸਕੇ ਅਤੇ ਅਸੀ ਸਭ ਦੋਵੇ ਮੁਲਕਾਂ ਦੇ ਨਿਵਾਸੀ ਪਿਆਰ ਮੁਹੱਬਤ ਨਾਲ ਆਪੋ ਆਪਣੇ ਮੁਲਕਾਂ ਵਿਚ ਸਾਂਝਾ ਨੂੰ ਪ੍ਰਪੱਕ ਕਰਕੇ ਅੱਗੇ ਵੱਧ ਸਕੀਏ ।