ਜੇਕਰ ਬੀਬੀ ਸੋਨੀਆ, ਰਾਹੁਲ, ਸੁਖਬੀਰ ਸਿੰਘ ਅਤੇ ਹਰਸਿਮਰਤ ਕੌਰ ਪਾਰਲੀਮੈਂਟ ਵਿਚ ਮੇਰੀ ਗੱਲ ਮੰਨ ਲੈਦੇ ਤਾਂ ਅੱਜ ਸੋਨੀਆ ਤੇ ਰਾਹੁਲ ਨੂੰ ਈ.ਡੀ ਦਾ ਸਾਹਮਣਾ ਨਾ ਕਰਨਾ ਪੈਦਾ : ਮਾਨ
ਫ਼ਤਹਿਗੜ੍ਹ ਸਾਹਿਬ, 16 ਅਪ੍ਰੈਲ ( ) “ਜਦੋ ਮੈਂ ਪਿਛਲੀ ਪਾਰਲੀਮੈਟ ਵਿਚ ਮੈਬਰ ਸੀ, ਤਾਂ ਪਾਰਲੀਮੈਟ ਦੇ ਸੈਸਨ ਦੌਰਾਨ ਮੈਂ ਬੀਬੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਸ. ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਨੂੰ ਉਚੇਚੇ ਤੌਰ ਤੇ ਗੰਭੀਰਤਾ ਭਰੀ ਗੁਜਾਰਿਸ ਕਰਦੇ ਹੋਏ ਕਿਹਾ ਸੀ ਕਿ ਜੋ ਮੋਦੀ ਬੀਜੇਪੀ-ਆਰ.ਐਸ.ਐਸ ਦੀ ਸਰਕਾਰ ਵੱਲੋ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ । ਜਿਸ ਨੂੰ ਅਮਰੀਕਨ ਏਜੰਸੀਆ ਨੇ ਸਫ਼ਲ ਨਹੀ ਹੋਣ ਦਿੱਤਾ ਅਤੇ ਉਪਰੋਕਤ ਸਿੱਖਾਂ ਨੂੰ ਸਾਜਸੀ ਢੰਗ ਨਾਲ ਏਜੰਸੀਆ ਦੁਆਰਾ ਮਾਰ ਦਿੱਤਾ ਗਿਆ ਹੈ, ਇਸ ਵਿਰੁੱਧ ਆਪਾ ਬਤੌਰ ਵਿਰੋਧੀ ਪਾਰਟੀ ਦੇ ਆਗੂ ਹੋਣ ਦੇ ਨਾਤੇ ਇਕੱਤਰ ਹੋ ਕੇ ਇਸ ਹੋ ਰਹੇ ਅਣਮਨੁੱਖੀ ਅਤੇ ਗੈਰ ਇਨਸਾਨੀਅਤ ਕਤਲਾਂ ਨੂੰ ਰੋਕੀਏ ਅਤੇ ਬੀਜੇਪੀ-ਆਰ.ਐਸ.ਐਸ ਮੋਦੀ ਹਕੂਮਤ ਦੇ ਕਾਤਲ ਚੇਹਰੇ ਨੂੰ ਨੰਗਾਂ ਕਰਨ ਦੀ ਜਿੰਮੇਵਾਰੀ ਨਿਭਾਈਏ । ਪਰ ਇਨ੍ਹਾਂ ਵਿਚੋ ਕਿਸੇ ਨੇ ਵੀ ਆਪਣੀ ਇਖਲਾਕੀ ਅਤੇ ਵਿਧਾਨਿਕ ਜਿੰਮੇਵਾਰੀ ਨੂੰ ਪੂਰਨ ਕਰਨ ਦਾ ਯਤਨ ਨਾ ਕੀਤਾ । ਬਲਕਿ ਮੇਰੇ ਵੱਲੋ ਕੀਤੀ ਗੁਜਾਰਿਸ ਤੋ ਆਨੇ ਬਹਾਨੇ ਭੱਜਦੇ ਨਜਰ ਆਏ । ਇਹੀ ਵਜਹ ਹੈ ਕਿ ਜੇਕਰ ਅੱਜ ਈ.ਡੀ. ਵੱਲੋ ਬੀਬੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਸਾਧਨਾਂ ਤੋ ਵੱਧ ਧਨ-ਦੌਲਤ ਦੇ ਭੰਡਾਰ ਇਕੱਤਰ ਕਰਨ ਦੇ ਦੋਸ ਅਧੀਨ ਨਿਸਾਨਾਂ ਬਣਾਇਆ ਗਿਆ ਹੈ । ਤਾਂ ਇਸ ਤੋ ਇਹ ਬਚ ਸਕਦੇ ਸਨ । ਪਰ ਇਨ੍ਹਾਂ ਨੇ ਆਪਣੀ ਇਨਸਾਨੀ ਤੇ ਮਨੁੱਖਤਾ ਪੱਖੀ ਜਿੰਮੇਵਾਰੀ ਤੋ ਭੱਜਕੇ ਅੱਜ ਆਪ ਹੀ ਆਪਣੇ ਕੁਕਰਮਾ ਦੇ ਭਾਗੀ ਬਣੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਸੋਨੀਆ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਨੂੰ ਇੰਡੀਆ ਦੀ ਈ.ਡੀ ਵੱਲੋ ਗੈਰ ਕਾਨੂੰਨੀ ਢੰਗਾਂ ਰਾਹੀ ਧਨ ਦੌਲਤ ਇਕੱਤਰ ਕਰਨ ਦੇ ਦੋਸ਼ਾਂ ਅਧੀਨ ਨਿਸ਼ਾਨਾਂ ਬਣਾਉਣ ਦੇ ਮਸਲੇ ਉਤੇ ਅਤੇ ਪਾਰਲੀਮੈਟ ਵਿਚ ਮੇਰੀ ਗੁਜਾਰਿਸ ਨੂੰ ਜਾਣਬੁੱਝ ਕੇ ਨਜਰ ਅੰਦਾਜ ਕਰਨ ਦੇ ਆਏ ਨਤੀਜਿਆ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਇਹ ਆਗੂ ਜਿਨ੍ਹਾਂ ਨੂੰ ਜਨਤਾ ਨੇ ਜਿਤਾਕੇ ਪਾਰਲੀਮੈਟ ਵਿਚ ਭੇਜਿਆ ਸੀ, ਉਹ ਆਪਣੀ ਜਨਤਾ ਪ੍ਰਤੀ ਇਮਾਨਦਾਰੀ ਨਾਲ ਫਰਜਾਂ ਦੀ ਪੂਰਤੀ ਨਾ ਕਰਕੇ ਅਸਲੀਅਤ ਵਿਚ ਬੁਰਾਈ ਨੂੰ ਜਨਮ ਦੇਣ ਵਾਲੀ ਮਾਂ ਨੂੰ ਹੋਰ ਬੱਚੇ ਪੈਦਾ ਕਰਨ ਲਈ ਹੀ ਉਤਸਾਹਿਤ ਕਰਦੇ ਰਹੇ ਹਨ ਨਾ ਕਿ ਬੁਰਾਈ ਦਾ ਅੰਤ ਕਰਨ ਲਈ ਆਪਣੀਆ ਜਿੰਮੇਵਾਰੀਆ ਪੂਰੀਆ ਕਰ ਸਕੇ । ਇਨ੍ਹਾਂ ਨਾਲ ਤਾਂ ਉਹੀ ਕਹਾਵਤ ਸੱਚੀ ਸਾਬਤ ਹੋਈ ਕਿ ਜਦੋ ਦੂਸਿਆ ਉਤੇ ਮੁਸਕਿਲ ਭਾਰੀ ਪਈ ਤਾਂ ਇਹ ਆਗੂ ਖਾਮੋਸ ਰਹੇ ਹੁਣ ਜਦੋ ਇਹ ਮੁਸਕਿਲ ਇਨ੍ਹਾਂ ਤੇ ਆਣ ਡਿੱਗੀ ਤਾਂ ਜਨਤਾ ਵੀ ਖਾਮੋਸ ਹੈ । ਕਹਿਣ ਤੋ ਭਾਵ ਹੈ ਕਿ ਜੇਕਰ ਇਨਸਾਨ ਇਮਾਨਦਾਰੀ ਨਾਲ ਆਪਣੇ ਫਰਜਾਂ ਦੀ ਸਹੀ ਸਮੇ ਤੇ ਪੂਰਤੀ ਨਾ ਕਰੇ ਅਤੇ ਆਪਣੇ ਲੋਕਾਂ ਦੇ ਹੱਕ ਹਕੂਕਾ ਦੀ ਰੱਖਿਆ ਕਰਨ ਤੋ ਭੱਜੇ ਤਾਂ ਉਸ ਨੂੰ ਵੀ ਅਜਿਹੇ ਹਾਲਾਤਾਂ ਦਾ ਸਾਹਮਣਾ ਅਵੱਸ ਕਰਨਾ ਪੈਦਾ ਹੈ । ਪਰ ਅਜਿਹੇ ਸਮੇ ਫਿਰ ਜਨਤਾ ਵੀ ਮੂੰਹ ਮੋੜ ਜਾਂਦੀ ਹੈ । ਇਸ ਲਈ ਜਦੋ ਵੀ ਕਿਸੇ ਵੀ ਸਥਾਂਨ ਤੇ ਕਿਸੇ ਵੀ ਵਰਗ ਨਾਲ ਹੁਕਮਰਾਨਾਂ ਵੱਲੋ ਕਿਸੇ ਤਰ੍ਹਾਂ ਦਾ ਜਬਰ ਜੁਲਮ ਜਾਂ ਜਿਆਦਤੀ ਹੁੰਦੀ ਹੋਵੇ ਤਾਂ ਹਰ ਪਾਰਲੀਮੈਟ ਮੈਬਰ ਤੇ ਸਿਆਸਤਦਾਨ ਦਾ ਇਹ ਅਨੈਤਿਕ ਫਰਜ ਬਣ ਜਾਂਦਾ ਹੈ ਕਿ ਉਹ ਉਸ ਵਿਰੁੱਧ ਲੋਕ ਰਾਏ ਲਾਮਬੰਦ ਕਰਦੇ ਹੋਏ ਹੁਕਮਰਾਨਾਂ ਵਿਰੁੱਧ ਡੱਟਕੇ ਖਲੋ ਜਾਏ । ਜੇਕਰ ਅਜਿਹੇ ਸਮੇ ਸਿਆਸਤਦਾਨ ਖਾਮੋਸੀ ਕਰ ਦੇਣ ਤਾਂ ਬੀਬੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਤਰ੍ਹਾਂ ਉਨ੍ਹਾਂ ਨੂੰ ਖੁਦ ਵੀ ਅਜਿਹੇ ਹਾਲਾਤਾਂ ਵਿਚ ਘਿਰਦੇ ਹੋਏ ਸਾਹਮਣਾ ਵੀ ਕਰਨਾ ਪੈਦਾ ਹੈ ਅਤੇ ਨਮੋਸੀ ਵੀ ਝੱਲਣੀ ਪੈਦੀ ਹੈ ।