ਬੀਜੇਪੀ-ਬਾਦਲ ਦਲੀਆ ਤੇ ਸਿਆਸੀ ਸਮਝੌਤੇ ਦੇ ਹੋ ਰਹੇ ਅਮਲ ਹੀ ਤਾਂ ਪੰਜਾਬ ਸੂਬੇ ਵਿਚ ਨਸਿ਼ਆਂ ਦੇ ਵਪਾਰ ਨੂੰ ਪ੍ਰਫੁੱਲਿਤ ਕਰਦੇ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 24 ਅਕਤੂਬਰ ( ) “ਅੱਜ ਅਖਬਾਰਾਂ ਤੇ ਨੈਟਵਰਕ ਦੀਆਂ ਖ਼ਬਰਾਂ ਅਨੁਸਾਰ ਮੁਤੱਸਵੀ ਜਮਾਤ ਬੀਜੇਪੀ ਅਤੇ ਬਾਦਲ ਦਲੀਆ ਦੇ ਪੰਜਾਬ ਵਿਚ ਸਿਆਸੀ ਸਮਝੌਤੇ ਦੀਆਂ ਕੰਨਸੋਆ ਚੱਲ ਰਹੀਆ ਹਨ ਅਤੇ ਬੀਜੇਪੀ ਦੇ ਆਗੂ ਕਹਿ ਰਹੇ ਹਨ ਕਿ ਅਸੀਂ ਪੰਜਾਬ ਵਿਚੋਂ ਨਸ਼ੀਲੀਆਂ ਵਸਤਾਂ ਦੇ ਵਪਾਰ ਅਤੇ ਨੌਜਵਾਨੀ ਵਿਚ ਵੱਧ ਰਹੇ ਇਸਦੇ ਸੇਵਨ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ । ਜਦੋਕਿ ਬੀਤੇ ਸਮੇ ਵਿਚ ਜਿੰਨਾਂ ਸਮਾਂ ਪੰਜਾਬ ਵਿਚ ਬੀਜੇਪੀ ਤੇ ਬਾਦਲ ਦਲੀਆ ਦੀ ਸਾਂਝੀ ਸਰਕਾਰ ਰਹੀ, ਉਸ ਸਮੇ ਹੀ ਤਾਂ ਇਹ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ, ਸਮੱਗਲਰਾਂ ਨਾਲ ਸਾਂਝ ਅਤੇ ਇਥੋ ਦੀ ਨੌਜਵਾਨੀ ਨੂੰ ਇਕ ਸਾਜਿਸ ਅਧੀਨ ਨਸਿਆ ਵੱਲ ਧਕੇਲਣ ਦੇ ਅਮਲ ਹੁੰਦੇ ਰਹੇ ਹਨ । ਜਿਸਦੀ ਪ੍ਰਤੱਖ ਪ੍ਰਮਾਣ ਇਹ ਹੈ ਕਿ ਇਨ੍ਹਾਂ ਦੀ ਸਰਕਾਰ ਸਮੇ ਜਦੋ ਫਿਰੋਜ਼ਪੁਰ ਵਿਖੇ ਸ. ਹਰਦਿਆਲ ਸਿੰਘ ਮਾਨ ਐਸ.ਐਸ.ਪੀ ਸਨ, ਤਾਂ ਉਥੇ ਪੰਜਾਬ ਦੇ ਬੀਜੇਪੀ ਦੇ ਉਸ ਸਮੇ ਦੇ ਪ੍ਰਧਾਨ ਸ੍ਰੀ ਕਮਲ ਸਰਮਾਂ, ਉਨ੍ਹਾਂ ਦਾ ਪੀ.ਏ ਅਤੇ ਹੋਰ ਸਾਥੀ ਇਹ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਵਿਚ ਨਾਮ ਸਾਹਮਣੇ ਆਏ ਸਨ । ਪਰ ਦੋਵਾਂ ਸੈਟਰ ਦੇ ਬੀਜੇਪੀ ਆਗੂਆਂ ਅਤੇ ਬਾਦਲ ਦਲੀਆ ਨੇ ਇਸ ਵੱਡੇ ਪੰਜਾਬ ਮਾਰੂ ਸਾਜਿਸ ਦੇ ਕਾਰੋਬਾਰ ਤੇ ਇਸ ਸਾਹਮਣੇ ਆਏ ਸੱਚ ਨੂੰ ਖੁਰਦ-ਬੁਰਦ ਕਰਨ ਵਿਚ ਹੀ ਭੂਮਿਕਾ ਨਿਭਾਈ ਜਦੋਕਿ ਈ.ਡੀ. ਅੱਜ ਵੀ ਉਸ ਮਾਮਲੇ ਉਤੇ ਕਾਰਵਾਈ ਕਰ ਰਹੀ ਹੈ । ਫਿਰ ਇਹ ਸਿਆਸਤਦਾਨ ਪੰਜਾਬ ਵਿਚੋ ਨਸਿਆ ਦੇ ਵਪਾਰ ਨੂੰ ਖਤਮ ਕਰਨ ਦੀ ਗੱਲ ਕਿਸ ਦਲੀਲ ਨਾਲ ਕਰ ਰਹੇ ਹਨ ? ਜਦੋਕਿ ਇਸ ਹਮਾਮ ਵਿਚ ਇਹ ਸਾਰੇ ਸਿਆਸਤਦਾਨ ਅਲਫ ਨੰਗੇ ਖੜ੍ਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ ਦੇ ਵੱਡੇ ਆਗੂਆਂ ਵੱਲੋ ਪੰਜਾਬ ਵਿਚੋ ਨਸਿਆ ਦੇ ਕਾਰੋਬਾਰ ਅਤੇ ਨੌਜਵਾਨੀ ਵਿਚ ਨਸਿਆ ਦੇ ਵੱਧ ਰਹੇ ਸੇਵਨ ਦੀ ਕਾਰਵਾਈ ਨੂੰ ਖਤਮ ਕਰਨ ਦੇ ਦਿੱਤੇ ਗਏ ਬਿਆਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ, ਪੰਜਾਬੀਆਂ ਤੇ ਸਿੱਖ ਕੌਮ ਨੂੰ ਇਨ੍ਹਾਂ ਦੇ ਫਿਰ ਤੋ ਹੋਣ ਜਾ ਰਹੇ ਸਿਆਸੀ ਸਮਝੌਤਿਆ ਉਤੇ ਸੁਚੇਤ ਰਹਿਣ ਅਤੇ ਪੰਜਾਬ ਵਿਚ ਇਨ੍ਹਾਂ ਲੋਕਾਂ ਨੂੰ ਹਕੂਮਤ ਤੋ ਦੂਰ ਰੱਖਣ ਦੀ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਸਮੇ ਨਸਿਆ ਦੇ ਵਪਾਰ ਦੇ ਇਸ ਰੈਕਟ ਦੀ ਸੱਚਾਈ ਸਾਹਮਣੇ ਆਈ ਸੀ, ਤਾਂ ਸਰਹੱਦੀ ਜਿਲ੍ਹਿਆਂ ਫਿਰੋਜ਼ਪੁਰ, ਫਾਜਿਲਕਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਜਿਲ੍ਹਿਆ ਦੇ ਬਾਦਲ ਦਲੀਆ ਦੇ ਅਤੇ ਬੀਜੇਪੀ ਦੇ ਐਮ.ਐਲ.ਏ ਇਸ ਨਸਿਆ ਦੇ ਵਪਾਰ ਵਿਚੋ ਮੋਟੀਆ ਕਮਾਈਆ ਕਰਕੇ ਆਪਣੀਆ ਵੱਡੀਆ ਜਾਇਦਾਦਾ ਬਣਾਉਦੇ ਰਹੇ ਹਨ । ਜਿਸਦੀ ਉੱਚ ਪੱਧਰੀ ਸੀ.ਬੀ.ਆਈ ਤੋ ਜਾਂਚ ਵੀ ਹੋਣੀ ਚਾਹੀਦੀ ਹੈ ਅਤੇ ਇਸ ਗੱਲ ਦਾ ਵੀ ਨਿਰੀਖਣ ਹੋਣਾ ਚਾਹੀਦਾ ਹੈ ਕਿ ਇਹ ਲੋਕ ਅੱਜ ਵੀ ਉਸ ਪੰਜਾਬ ਦੀ ਨੌਜਵਾਨੀ ਨੂੰ ਨਸਿਆ ਰਾਹੀ ਮੌਤ ਦੇ ਮੂੰਹ ਵਿਚ ਧਕੇਲਣ ਦੇ ਵਪਾਰ ਵਿਚ ਮਸਰੂਫ ਹਨ ।