ਡਾ. ਬੀ.ਆਰ. ਅੰਬੇਦਕਰ ਦੇ 135ਵੇਂ ਜਨਮ ਦਿਹਾੜੇ ਦੀ ਸਮੁੱਚੀ ਮਨੁੱਖਤਾ ਨੂੰ ਮੁਬਾਰਕਬਾਦ : ਮਾਨ
ਖਾਲਸਾ ਪੰਥ ਵਿਚ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਲਈ ਕੋਈ ਥਾਂ ਨਹੀ
ਫ਼ਤਹਿਗੜ੍ਹ ਸਾਹਿਬ, 14 ਅਪ੍ਰੈਲ ( ) “ਡਾ. ਬੀ.ਆਰ. ਅੰਬੇਦਕਰ ਜੋ ਇੰਡੀਅਨ ਵਿਧਾਨ ਦੀ ਰਚਿਤਾ ਕਮੇਟੀ ਦੇ ਚੇਅਰਮੈਨ ਸਨ, ਉਨ੍ਹਾਂ ਨੇ ਵਿਧਾਨ ਬਣਾਉਦੇ ਹੋਏ ਜਿਥੇ ਬਰਾਬਰਤਾ ਦੀ ਸੋਚ ਨੂੰ ਉਜਾਗਰ ਕਰਨ ਲਈ ਆਪਣੇ ਉਦਮ ਕੀਤੇ, ਉਥੇ ਉਨ੍ਹਾਂ ਨੇ ਇਸ ਵਿਧਾਨ ਵਿਚ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੀ ਵਖਰੇਵੇ ਭਰੀ ਸੋਚ ਨੂੰ ਖਤਮ ਕਰਨ ਲਈ ਵਿਧਾਨ ਦੀ ਧਾਰਾ 14 ਅਨੁਸਾਰ ਇੰਡੀਆ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕੀਤੇ ਅਤੇ ਸਭਨਾਂ ਨੂੰ ਬਿਨ੍ਹਾਂ ਕਿਸੇ ਡਰ ਭੈ ਤੋ ਆਜਾਦੀ ਨਾਲ ਜਿੰਦਗੀ ਜਿਊਂਣ ਅਤੇ ਇਥੇ ਵਿਚਰਣ ਦੇ ਅਧਿਕਾਰਾਂ ਨੂੰ ਵੀ ਸੁਰੱਖਿਅਤ ਕੀਤਾ । ਬੇਸੱਕ ਮੰਦਭਾਵਨਾ ਦੀ ਸੋਚ ਰੱਖਣ ਵਾਲੇ ਹੁਣ ਤੱਕ ਦੇ ਹੁਕਮਰਾਨਾਂ ਨੇ ਇਸ ਬਣਾਏ ਗਏ ਵਿਧਾਨ ਵਿਚ ਅਨੇਕਾ ਵਾਰ ਤਬਦੀਲੀਆ ਕਰਕੇ ਇਸ ਵਿਧਾਨ ਦੀ ਅਸਲ ਸੋਚ ਦਾ ਰੰਗ ਰੂਪ ਹੀ ਵਿਗਾੜ ਦਿੱਤਾ ਹੈ ਅਤੇ ਅੱਜ ਹੁਕਮਰਾਨ ਜਾਤ-ਪਾਤ ਦੇ ਵਖਰੇਵੇ ਨੂੰ ਖੜਾ ਕਰਕੇ ਹਿੰਦੂ-ਮੁਸਲਮਾਨਾਂ, ਹਿੰਦੂ-ਸਿੱਖਾਂ ਅਤੇ ਘੱਟ ਗਿਣਤੀ ਕੌਮਾਂ ਵਿਚ ਨਫਰਤ ਪੈਦਾ ਕਰਕੇ ਗੰਧਲੀ ਸਿਆਸਤ ਕਰ ਰਹੇ ਹਨ । ਪਰ ਇੰਡੀਅਨ ਵਿਧਾਨ ਤੇ ਉਪਰੋਕਤ ਰਚਿਤਾ ਦਾ ਮਕਸਦ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਹਰ ਕੀਮਤ ਤੇ ਕਾਇਮ ਰੱਖਣਾ, ਬਰਾਬਰਤਾ ਦੇ ਆਧਾਰ ਤੇ ਇਨਸਾਫ ਹੋਣਾ ਅਤੇ ਸਮਾਜਿਕ ਬੁਰਾਈਆ ਦਾ ਅੰਤ ਕਰਨਾ ਸੀ । ਅੱਜ ਉਨ੍ਹਾਂ ਦਾ 135ਵਾਂ ਜਨਮ ਦਿਹਾੜਾ ਮਨਾਉਣ ਦੀ ਅਸੀ ਸਭ ਖੁਸੀ ਪ੍ਰਾਪਤ ਕਰ ਰਹੇ ਹਾਂ । ਇਸ ਮਹਾਨ ਮੌਕੇ ਤੇ ਮੈਂ ਸਮੁੱਚੀ ਮਨੁੱਖਤਾ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਜਿਥੇ ਮੁਬਾਰਕਬਾਦ ਦਿੰਦਾ ਹਾਂ, ਉਥੇ ਵੱਸਣ ਵਾਲੇ ਸਭ ਵਰਗਾਂ ਨੂੰ ਉਨ੍ਹਾਂ ਦੀ ਬਰਾਬਰਤਾ ਵਾਲੀ ਸੋਚ ਨੂੰ ਅਪਣਾਉਣ ਅਤੇ ਵੱਖ-ਵੱਖ ਵਰਗਾਂ ਵਿਚ ਇਸ ਨੂੰ ਲਾਗੂ ਕਰਨ ਦੀ ਜੋਰਦਾਰ ਅਪੀਲ ਕਰਦਾ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡਾ. ਬੀ.ਆਰ. ਅੰਬੇਦਕਰ ਦੇ ਜਨਮ ਦਿਹਾੜੇ ਉਤੇ ਸਮੁੱਚੀ ਮਨੁੱਖਤਾ ਨੂੰ, ਵਿਸੇਸ ਤੌਰ ਤੇ ਲਤਾੜੇ, ਕੰਮਜੋਰ ਤੇ ਮਜਲੂਮ ਵਰਗਾਂ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਜਾਹਰ ਕੀਤੇ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਦੀਆ ਪਹਿਲੇ ਇਸ ਨਫਰਤ ਭਰੀ ਸੋਚ ਦਾ ਅੰਤ ਕਰਕੇ ਸਮੁੱਚੀ ਮਨੁੱਖਤਾ ਦੇ ਹੱਕ-ਹਕੂਕਾ ਦੀ ਉਸ ਸਮੇ ਰਾਖੀ ਕੀਤੀ ਜਦੋ ਹੁਕਮਰਾਨ ਹਿੰਦੂ ਕੌਮ ਉਤੇ ਜ਼ਬਰ ਜੁਲਮ ਢਾਹ ਰਿਹਾ ਸੀ ਅਤੇ ਉਸ ਸਮੇ ਉਨ੍ਹਾਂ ਨੇ ਖਾਲਸਾ ਪੰਥ ਦਾ ਇਕ ਵੱਖਰਾ ਸਿੱਖ ਧਰਮ ਦੀ ਨੀਹ ਰੱਖੀ, ਉਪਰੰਤ ਗੁਰੂ ਸਾਹਿਬਾਨ ਨੇ ਜਬਰ ਜੁਲਮ ਦਾ ਅੰਤ ਕਰਨ ਲਈ ਆਪਣੀਆ ਸ਼ਹਾਦਤਾਂ ਦਿੰਦੇ ਹੋਏ ਦਸਵੇ ਜਾਮੇ ਵਿਚ ਸ੍ਰੀ ਆਨੰਦਪੁਰ ਸਾਹਿਬ ਦੇ ਮਹਾਨ ਅਸਥਾਂਨ ਤੇ ਖਾਲਸੇ ਦੀ ਖੰਡੇ ਬਾਟੇ ਤੋ ਤਿਆਰ ਅੰਮ੍ਰਿਤ ਰਾਹੀ ਸਿੰਘ ਸਜਾਏ ਅਤੇ ਹਰ ਤਰ੍ਹਾਂ ਜ਼ਬਰ ਜੁਲਮ ਤੇ ਬੇਇਨਸਾਫ਼ੀ ਵਿਰੁੱਧ ਖਾਲਸੇ ਨੂੰ ਜੂਝਣ ਅਤੇ ਫਤਹਿ ਪ੍ਰਾਪਤ ਕਰਨ ਦੀ ਅਗਵਾਈ ਦਿੱਤੀ । ਅੱਜ ਵੀ ਉਸ ਬਰਾਬਰਤਾ ਅਤੇ ਇਨਸਾਫ ਵਾਲੀਆ ਸਮਾਜ ਪੱਖੀ ਮਕਸਦਾਂ ਨੂੰ ਨਜਰਅੰਦਾਜ ਕਰਕੇ ਅਜੋਕਾ ਸਿਆਸਤਦਾਨ ਇੰਡੀਆ ਦੇ ਨਿਵਾਸੀਆ ਨੂੰ ਵੱਖ-ਵੱਖ ਕੌਮਾਂ, ਜਾਤਾਂ, ਧਰਮਾਂ ਦੀ ਵਲਗਣ ਵਿਚ ਫਸਾਕੇ, ਦੰਗੇ ਫਸਾਦ ਕਰਵਾਕੇ ਆਪਣੇ ਸਿਆਸੀ ਮਨੋਰਥਾਂ ਨੂੰ ਪੂਰਨ ਕਰਨ ਵਿਚ ਉਲਝਿਆ ਹੋਇਆ ਹੈ । ਇਸ ਸਮੇ ਸਮੁੱਚੀ ਮਨੁੱਖਤਾ ਦਾ ਇਹ ਫਰਜ ਬਣਦਾ ਹੈ ਕਿ ਉਹ ਇਨ੍ਹਾਂ ਜਾਤ-ਪਾਤ, ਊਚ-ਨੀਚ ਦੇ ਸਮਾਜ ਵਿਰੋਧੀ ਵਲਗਣਾ ਤੋ ਉਪਰ ਉੱਠਕੇ ਸਮੁੱਚੀਆ ਕੌਮਾਂ, ਧਰਮਾਂ, ਵਰਗਾਂ, ਕਬੀਲਿਆ, ਫਿਰਕਿਆ ਨਾਲ ਸਮਾਜਿਕ ਰਿਸਤੇ ਨੂੰ ਮਜਬੂਤ ਕਰਦੇ ਹੋਏ ਇਕ ਦੂਸਰੇ ਦੇ ਦੁੱਖ-ਸੁੱਖ ਵਿਚ ਸਾਂਝੀ ਬਣਦੇ ਹੋਏ ਇਕ ਅੱਛੇ ਸਮਾਜ ਦੀ ਸਿਰਜਣਾ ਕਰਨ ਵਿਚ ਯੋਗਦਾਨ ਪਾਈਏ ਅਤੇ ਜੋ ਹੁਕਮਰਾਨਾਂ ਵੱਲੋ ਪਾੜੋ ਅਤੇ ਰਾਜ ਕਰੋ ਦੀ ਨੀਤੀ ਤੇ ਚੱਲਕੇ ਨਫਰਤ ਪੈਦਾ ਕੀਤੀ ਜਾ ਰਹੀ ਹੈ ਉਸ ਨੂੰ ਸਮਝੀਏ ਅਤੇ ਜੋ ਜਮਾਤਾਂ ਤੇ ਸੂਝਵਾਨ ਸਿਆਸਤਦਾਨ ਇਸ ਸੋਚ ਉਤੇ ਪਹਿਰਾ ਦੇ ਰਹੇ ਹਨ ਉਨ੍ਹਾਂ ਸਿਆਸਤਦਾਨਾਂ ਅਤੇ ਸੋਚ ਨੂੰ ਮਜਬੂਤ ਕਰਨ ਵਿਚ ਯੋਗਦਾਨ ਪਾਈਏ । ਜੇਕਰ ਅਸੀ ਅਜਿਹਾ ਸਮਾਜ ਪੱਖੀ ਅਮਲ ਕਰ ਸਕਾਂਗੇ ਤਾਂ ਅੱਜ ਡਾ. ਅੰਬੇਦਕਰ ਦੇ ਜਨਮ ਦਿਹਾੜੇ ਨੂੰ ਸਹੀ ਮਕਸਦ ਵਿਚ ਮਨਾਉਣ ਅਤੇ ਆਪਣੇ ਭਵਿੱਖ ਨੂੰ ਚੰਗੇਰਾ ਬਣਾਉਣ ਵਿਚ ਯੋਗਦਾਨ ਪਾ ਰਹੇ ਹੋਵਾਂਗੇ ।