ਅਸੀ ਪੰਜਾਬੀਆਂ ਤੇ ਸਿੱਖਾਂ ਉਤੇ ਥੋਪੀ ਜਾ ਰਹੀ ਜੰਗ ਰਾਹੀ ਲੋਕਾਂ ਨੂੰ ਮਾਰਨ ਦੀ ਇਜਾਜਤ ਨਹੀ ਦੇਵਾਂਗੇ : ਮਾਨ
ਫ਼ਤਹਿਗੜ੍ਹ ਸਾਹਿਬ, 28 ਅਪ੍ਰੈਲ ( ) “ਸ੍ਰੀ ਮੋਦੀ ਇਹ ਪ੍ਰਚਾਰ ਕਰ ਰਹੇ ਹਨ ਕਿ ਅਸੀਂ ਅਮਨ ਪੈਦਾ ਕਰ ਦਿੱਤਾ ਸੀ, ਜਦੋਕਿ ਨੀਅਤ ਅਤੇ ਨੀਤੀ ਹੀ ਸਹੀ ਨਾ ਹੋਵੇ ਤਾਂ ਉਸ ਨਾਲ ਕਤਈ ਵੀ ਅਮਨ ਚੈਨ ਤੇ ਜਮਹੂਰੀਅਤ ਕਾਇਮ ਨਹੀ ਰਹਿ ਸਕਦੇ । ਜਦੋ ਸਮੁੱਚੇ ਸੰਸਾਰ ਨਿਵਾਸੀਆ ਤੇ ਇੰਡੀਆ ਨਿਵਾਸੀਆ ਨੂੰ ਇਹ ਭਰਪੂਰ ਜਾਣਕਾਰੀ ਹੈ ਕਿ 1948 ਵਿਚ ਉਸ ਸਮੇ ਦੇ ਇੰਡੀਆ ਦੇ ਵਜੀਰ ਏ ਆਜਮ ਜਵਾਹਰ ਲਾਲ ਨਹਿਰੂ ਨੇ ਖੁਦ ਯੂਐਨਓ ਵਿਚ ਪਹੁੰਚ ਕਰਕੇ ਕਸ਼ਮੀਰੀਆਂ ਦੀ ਰਾਏ ਅਨੁਸਾਰ ਰਾਏਸੁਮਾਰੀ ਕਰਵਾਉਣ ਦੇ ਮਤੇ ਨੂੰ ਪਾਸ ਕਰਕੇ ਯੂਐਨਓ ਵਿਚ ਦਾਖਲ ਕੀਤਾ ਸੀ ਫਿਰ ਸ੍ਰੀ ਮੋਦੀ ਅਤੇ ਫਿਰਕੂ ਬੀਜੇਪੀ-ਆਰ.ਐਸ.ਐਸ ਵੱਲੋ ਕਸ਼ਮੀਰੀਆਂ ਨੂੰ ਲੰਮੇ ਸਮੇ ਤੋ ਵਿਧਾਨ ਦੀ ਧਾਰਾ 370 ਤੇ 35ਏ ਰਾਹੀ ਮਿਲੀ ਵਿਸੇਸ ਖੁਦਮੁਖਤਿਆਰੀ ਨੂੰ ਕਸ਼ਮੀਰੀ ਭਾਵਨਾਵਾ ਦੇ ਉਲਟ ਜ਼ਬਰੀ ਰੱਦ ਕਰਕੇ ਕਸ਼ਮੀਰੀਆਂ ਦੇ ਮਨ-ਆਤਮਾਵਾ ਨੂੰ ਠੇਸ ਪਹੁੰਚਾਉਣ ਉਪਰੰਤ ਕਿਸ ਤਰ੍ਹਾਂ ਅਮਨ ਤੇ ਚੈਨ ਕਾਇਮ ਹੋ ਸਕਦਾ ਹੈ ? ਫਿਰ ਇਨ੍ਹਾਂ ਨੇ ਜ਼ਬਰੀ ਕਸ਼ਮੀਰ ਵਿਚ ਕਾਲਾ ਕਾਨੂੰਨ ਅਫਸਪਾ ਲਾਗੂ ਕੀਤਾ ਹੋਇਆ ਹੈ ਜਿਸ ਅਧੀਨ ਕਿਸੇ ਵੀ ਨਿਰਦੋਸ ਨਾਗਰਿਕ ਨੂੰ ਜਦੋ ਚਾਹੁੰਣ ਫ਼ੌਜ, ਪੁਲਿਸ, ਅਰਧ ਸੈਨਿਕ ਬਲ ਚੁੱਕ ਕੇ ਲਿਜਾ ਸਕਦੇ ਹਨ, ਜ਼ਬਰ-ਜਨਾਹ ਕਰ ਸਕਦੇ ਹਨ, ਲੱਤ ਬਾਹ ਤੋੜ ਸਕਦੇ ਹਨ ਤਸੱਦਦ ਕਰਕੇ ਮਾਰ ਸਕਦੇ ਹਨ । ਇਹ ਤਾਂ ਇਕ ਮੋਦੀ-ਗੋਦੀ ਮੀਡੀਏ ਦਾ ਗੁੰਮਰਾਹਕੁੰਨ ਪ੍ਰਚਾਰ ਹੈ ਕਿ ਅਸੀ ਕਸਮੀਰ ਵਿਚ ਅਮਨ ਚੈਨ ਤੇ ਸ਼ਾਂਤੀ ਕਾਇਮ ਕਰ ਦਿੱਤੀ ਹੈ । ਜਦੋਕਿ ਉਥੇ ਤਾਂ ਨਿਰੰਤਰ ਕਸਮੀਰੀਆ ਦੇ ਮਨ ਆਤਮਾ ਅੱਜ ਵੀ ਡੂੰਘੇ ਜਖਮੀ ਹੋਏ ਪਏ ਹਨ । ਕਿਉਂਕਿ ਪਹਿਲਗਾਮ ਵਿਖੇ ਹੋਏ ਦੁਖਾਂਤ ਦਾ ਜਦੋ ਮੋਦੀ ਹਕੂਮਤ ਅਤੇ ਉਸਦੀਆਂ ਖੂਫੀਆ ਏਜੰਸੀਆ ਕੋਲ ਕੋਈ ਸਬੂਤ ਹੀ ਨਹੀ ਫਿਰ ਇਹ ਹੁਕਮਰਾਨ ਪਾਕਿਸਤਾਨ ਜਾਂ ਕਸਮੀਰੀਆਂ ਨੂੰ ਨਿਸ਼ਾਨਾਂ ਬਣਾਕੇ ਨਫਰਤ ਪੈਦਾ ਕਰਨ ਦੇ ਅਮਲ ਕਿਸ ਬਿਨ੍ਹਾਂ ਤੇ ਕਰ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸ਼ਮੀਰ ਵਿਚ ਪਹਿਲਗਾਮ ਵਿਖੇ ਵਾਪਰੇ ਸਾਜਸੀ ਦੁਖਾਂਤ ਉਪਰੰਤ ਸ੍ਰੀ ਮੋਦੀ ਅਤੇ ਹਿੰਦੂਤਵ ਹੁਕਮਰਾਨਾਂ ਵੱਲੋ ਇਕ ਵਿਸੇਸ ਪ੍ਰੋਗਰਾਮ ਅਧੀਨ ਪਾਕਿਸਤਾਨ ਤੇ ਮੁਸਲਿਮ ਕੌਮ ਵਿਰੁੱਧ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅਤੇ ਸ੍ਰੀ ਮੋਦੀ ਵੱਲੋ ਕਸਮੀਰ ਵਿਚ ਅਮਨ ਚੈਨ ਕਾਇਮ ਕਰਨ ਦੇ ਦਾਅਵੇ ਨੂੰ ਖੋਖਲਾ ਸਾਬਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਖੂਫੀਆ ਏਜੰਸੀਆਂ ਕੈਬਨਿਟ ਸਕੱਤਰੇਤ, ਐਨ.ਆਈ.ਏ. ਰਾਅ, ਆਈ.ਬੀ, ਮਿਲਟਰੀ ਇੰਨਟੈਲੀਜੈਸ, ਬੀ.ਐਸ.ਐਫ. ਸੀ.ਆਈ.ਐਸ.ਐਫ, ਆਈ.ਟੀ.ਬੀ.ਪੀ, ਸੀ.ਆਰ.ਪੀ.ਐਫ, ਸੀ.ਬੀ.ਆਈ ਪੰਜਾਬ ਅਤੇ ਜੰਮੂ ਕਸਮੀਰ ਦੀ ਸੀ.ਆਈ.ਡੀ ਇਹ ਦੁਖਾਂਤ ਵਾਪਰਨ ਤੋ ਪਹਿਲੇ ਕਿਉਂ ਨਾ ਸਰਕਾਰ ਨੂੰ ਸੂਚਿਤ ਕਰ ਸਕੀਆ ਅਤੇ ਇਸ ਹੋਣ ਵਾਲੇ ਦੁਖਾਂਤ ਨੂੰ ਰੋਕਣ ਵਿਚ ਆਪਣੀ ਜਿੰਮੇਵਾਰੀ ਕਿਉਂ ਨਹੀਂ ਨਿਭਾਅ ਸਕੀ ? ਉਨ੍ਹਾਂ ਕਿਹਾ ਕਿ ਜਦੋ ਬਰਤਾਨੀਆ ਤੇ ਅਮਰੀਕਾ ਦੀਆਂ ਖੂਫੀਆ ਏਜੰਸੀਆ ਆਪੋ ਆਪਣੇ ਪਾਰਲੀਮੈਟ ਤੇ ਸੈਨੇਟਰ ਨੂੰ ਹਰ ਅਮਲ ਤੇ ਜੁਆਬਦੇਹ ਤੇ ਜਿੰਮੇਵਾਰ ਹਨ, ਤਾਂ ਆਈ.ਬੀ ਤੇ ਰਾਅ ਜਿਨ੍ਹਾਂ ਕੋਲ ਕਰੋੜਾਂ ਅਰਬਾਂ ਰੁਪਏ ਦੇ ਬਿਨ੍ਹਾਂ ਆਡਿਟ ਕੀਤੇ ਗੁਪਤ ਫੰਡ ਹਨ ਅਤੇ ਜਿਨ੍ਹਾਂ ਨੂੰ ਉਹ ਸਰਕਾਰ ਦੀਆਂ ਸਾਜਿਸਾਂ ਨੂੰ ਪੂਰਨ ਕਰਨ ਅਤੇ ਕਿਸੇ ਇਕ ਵਿਸੇਸ ਕੌਮ ਨੂੰ ਨਿਸ਼ਾਨਾਂ ਬਣਾਕੇ ਆਪਣੇ ਸਿਆਸੀ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਵਿਚ ਨਿਰੰਤਰ ਵਰਤਦੀਆ ਆ ਰਹੀਆ ਹਨ ਉਹ ਇੰਡੀਅਨ ਪਾਰਲੀਮੈਟ ਅਤੇ ਜੁਆਬਦੇਹ ਅਤੇ ਜਿੰਮੇਵਾਰ ਕਿਉਂ ਨਹੀਂ ?
ਉਨ੍ਹਾਂ ਕਿਹਾ ਕਿ ਹੁਕਮਰਾਨ ਕਦੀ ਪਾਕਿਸਤਾਨ, ਕਦੀ ਕਸਮੀਰੀਆਂ, ਕਦੀ ਸਿੱਖਾਂ, ਕਦੀ ਘੱਟ ਗਿਣਤੀ ਕੌਮਾਂ, ਕਬੀਲਿਆ ਤੇ ਦੋਸ ਲਗਾਕੇ ਬਹੁਗਿਣਤੀ ਨੂੰ ਘੱਟ ਗਿਣਤੀ ਕੌਮਾਂ ਵਿਰੁੱਧ ਨਫਰਤ ਪੈਦਾ ਕਰਨ ਲਈ ਮਾਹੌਲ ਤਿਆਰ ਕਰ ਰਹੇ ਹਨ, ਪਰ ਜਦੋ ਸਮੁੱਚੇ ਮੁਲਕ ਵਿਚ ਫਿਰਕੂ ਸੰਗਠਨ ਸਿਵ ਸੈਨਾ, ਵਿਸਵ ਹਿੰਦੂ ਪ੍ਰੀਸਦ, ਆਰ.ਐਸ.ਐਸ ਆਦਿ ਘੱਟ ਗਿਣਤੀ ਮੁਸਲਿਮ, ਸਿੱਖਾਂ, ਇਸਾਈਆ, ਆਦਿਵਾਸੀਆ ਵਿਰੁੱਧ ਬਿਨ੍ਹਾਂ ਕਿਸੇ ਆਧਾਰ ਤੇ ਤੱਥਾਂ ਤੋ ਪ੍ਰਚਾਰ ਕਰਦੇ ਹਨ ਅਤੇ ਉਨ੍ਹਾਂ ਤੇ ਜ਼ਬਰ ਢਾਹੁੰਦੇ ਹਨ ਤਾਂ ਮੌਜੂਦਾ ਹਿੰਦੂਤਵ ਮੋਦੀ ਹਕੂਮਤ ਉਨ੍ਹਾਂ ਨੂੰ ਕਿਉ ਨਹੀ ਤੁਰੰਤ ਰੋਕਦੀ? ਜਿਥੋ ਤੱਕ ਸ੍ਰੀ ਮੋਦੀ ਵੱਲੋ ਹਿੰਦੂ ਕੌਮ ਦੇ ਜਜਬਾਤਾਂ ਨੂੰ ਭੜਕਾ ਕੇ ਮਾਹੌਲ ਨੂੰ ਜੰਗ ਵਾਲਾ ਬਣਾਉਣ ਦੇ ਅਮਲ ਕੀਤੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਅਸੀ ਆਪਣੇ ਨਾਲ ਬੰਬ ਬੰਨਕੇ ਸਰਹੱਦਾਂ ਤੇ ਜਾਵਾਂਗੇ, ਇਨ੍ਹਾਂ ਨੂੰ ਕੌਮਾਂਤਰੀ ਅਤੇ ਇਥੋ ਦੇ ਰਾਜ ਭਾਗ ਦੀ ਨਾ ਤਾਂ ਸਮਝ ਹੈ ਅਤੇ ਨਾ ਹੀ ਕਿਸੇ ਬੁਰਾਈ ਨੂੰ ਰੋਕਣ ਲਈ ਇਨ੍ਹਾਂ ਕੋਲ ਕੋਈ ਯੋਜਨਾ ਜਾਂ ਇਰਾਦਾ ਹੈ । ਜੋ ਬੰਬ ਬੰਨਣ ਦੀ ਗੱਲ ਕਰਦੇ ਹਨ ਇਹ ਕੋਈ ਮਜਾਕ ਦਾ ਵਿਸਾ ਨਹੀ ਬਲਕਿ ਸੰਜ਼ੀਦਗੀ ਭਰੀ ਜਿੰਮੇਵਾਰੀ ਹੁੰਦੀ ਹੈ । ਇਹ ਕੇਵਲ ਅਖਬਾਰਾਂ ਅਤੇ ਮੀਡੀਏ ਵਿਚ ਭੜਕਾਊ ਬਿਆਨਬਾਜੀ ਕਰਕੇ ਵੱਖ ਵੱਖ ਕੌਮਾਂ, ਧਰਮਾਂ ਵਿਚ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਤਾਂ ਕਰ ਸਕਦੇ ਹਨ ਲੇਕਿਨ ਜੰਗਾਂ ਯੁੱਧਾ ਨੂੰ ਰੋਕਣਾ ਜਾਂ ਵੱਖ ਵੱਖ ਕੌਮਾਂ ਤੇ ਧਰਮਾਂ ਵਿਚ ਹਰ ਖੇਤਰ ਵਿਚ ਸਹਿਚਾਰ ਬਣਾਕੇ ਰੱਖਣ ਦੀ ਇਨ੍ਹਾਂ ਦੀ ਨਾ ਤਾਂ ਸਮਰੱਥਾਂ ਹੈ ਅਤੇ ਨਾ ਹੀ ਦ੍ਰਿੜ ਇਰਾਦਾ ਹੈ । ਜੋ ਇਹ ਬਿਨ੍ਹਾਂ ਪਾਣੀ ਆਉਣ ਤੋ ਮੌਜੇ ਖੋਲ੍ਹਕੇ ਪਾਕਿਸਤਾਨ ਨਾਲ ਜੰਗਾਂ ਯੁੱਧਾਂ ਦਾ ਰੌਲਾ ਪਾ ਰਹੇ ਹਨ, ਇਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਜੰਗ ਨਾਲ ਹਰ ਵਾਰ ਪੰਜਾਬੀਆਂ, ਸਿੱਖਾਂ ਦਾ ਕੇਵਲ ਵੱਡਾ ਮਾਲੀ ਨੁਕਸਾਨ ਹੀ ਨਹੀ ਹੁੰਦਾ ਬਲਕਿ ਵੱਡੀ ਗਿਣਤੀ ਵਿਚ ਜਾਨੀ ਨੁਕਸਾਨ ਵੀ ਹੁੰਦਾ ਹੈ । ਅਸੀ ਕਿਸੇ ਵੀ ਕੀਮਤ ਤੇ ਚੜਦੇ ਤੇ ਲਹਿੰਦੇ ਪੰਜਾਬ ਜੋ ਗੁਰੂਆਂ, ਪੀਰਾਂ, ਫਕੀਰਾਂ ਦੀ ਪਵਿੱਤਰ ਧਰਤੀ ਹੈ, ਇਸ ਉਤੇ ਮਨੁੱਖਤਾ ਦਾ ਅਜਾਈ ਖੂਨ ਵਹਾਉਣ ਦੀ ਹੁਕਮਰਾਨਾਂ ਨੂੰ ਕਤਈ ਇਜਾਜਤ ਨਹੀ ਦੇਵਾਂਗੇ । ਜੇਕਰ ਇਨ੍ਹਾਂ ਨੂੰ ਜੰਗਾਂ ਯੁੱਧਾਂ ਦਾ ਐਨਾ ਹੀ ਸੌਕ ਹੈ ਤਾਂ ਪੰਜਾਬ ਨਾਲੋ ਵੀ ਲੰਮੀ ਸਰਹੱਦ ਗੁਜਰਾਤ ਤੇ ਪੈਦੀ ਹੈ ਉਥੇ ਉਹ ਆਪਣੇ ਇਹ ਮਨੁੱਖਤਾ ਵਿਰੋਧੀ ਸੌਕ ਪੂਰੇ ਕਰਨ ਨਾ ਕਿ ਪੰਜਾਬੀਆਂ ਤੇ ਸਿੱਖਾਂ ਨੂੰ ਜੰਗ ਵਿਚ ਧਕੇਲ ਕੇ ਉਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਕਰਨ ਦੀਆਂ ਵਿਊਤਾ ਬਣਾਉਣ । ਸ. ਮਾਨ ਨੇ ਕੌਮਾਂਤਰੀ ਪੱਧਰ ਤੇ ਇਹ ਜੋਰਦਾਰ ਮੰਗ ਕੀਤੀ ਕਿ ਜਦੋ ਪਹਿਲਗਾਮ ਦੁਖਾਂਤ ਦਾ ਕੋਈ ਵੀ ਤੱਥ ਪਾਕਿਸਤਾਨੀਆਂ, ਮੁਸਲਮਾਨਾਂ ਦੇ ਸਾਮਿਲ ਹੋਣ ਦਾ ਸਾਹਮਣੇ ਨਹੀ ਆਇਆ, ਤਾਂ ਇਸਦੀ ਉੱਚ ਪੱਧਰੀ ਸੀਮਤ ਸਮੇ ਵਿਚ ਜਾਂਚ ਹੋਣੀ ਚਾਹੀਦੀ ਹੈ । ਤਾਂ ਕਿ ਇਸ ਪਿੱਛੇ ਜਿਸ ਕਿਸੇ ਵੀ ਤਾਕਤ ਦੀ ਕੋਈ ਸੌੜੀ ਸੋਚ ਵਾਲੀ ਸਾਜਿਸ ਹੈ, ਉਸਦਾ ਸੱਚ ਸਾਹਮਣੇ ਆ ਸਕੇ ਅਤੇ ਕੋਈ ਵੀ ਹੁਕਮਰਾਨ ਨਫਰਤ ਭਰਿਆ ਤੇ ਜੰਗ ਵਾਲਾ ਮਾਹੌਲ ਬਣਾਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਵਿਚ ਕਾਮਯਾਬ ਨਾ ਹੋ ਸਕੇ।