ਸੰਗਰੂਰ ਦੇ ਲਹਿਰਾਗਾਗਾ ਦੇ ਨਜਦੀਕ ਇਕ ਕਾਰ ਚਾਲਕ ਵੱਲੋਂ ਮਨਰੇਗਾ ਮਜਦੂਰਾਂ ਨੂੰ ਹਾਲਾਕ ਕਰਨਾ ਅਫਸੋਸਨਾਕ, ਸਰਕਾਰ 20-20 ਲੱਖ ਰੁ ਦਾ ਮੁਆਵਜਾ ਦੇਵੇ : ਮਾਨ
ਫ਼ਤਹਿਗੜ੍ਹ ਸਾਹਿਬ, 19 ਅਕਤੂਬਰ ( ) “ਸੰਗਰੂਰ ਜਿ਼ਲ੍ਹੇ ਦੇ ਲਹਿਰਾਗਾਗਾ ਵਿਧਾਨ ਸਭਾ ਹਲਕੇ ਦੇ ਜਾਖਲ ਰੋਡ ਉਤੇ ਮਨਰੇਗਾ ਸਕੀਮ ਅਧੀਨ ਕੰਮ ਕਰ ਰਹੀਆ ਗਰੀਬ ਮਜਦੂਰ ਬੀਬੀਆਂ ਅਤੇ ਮਜਦੂਰਾਂ ਨੂੰ ਇਕ ਕਾਰ ਚਾਲਕ ਵੱਲੋ ਹਾਲਾਕ ਕਰਨ ਤੇ ਜਖਮੀ ਕਰਨ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਜਿਥੇ ਮ੍ਰਿਤਕ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ, ਉਥੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ । ਉਨ੍ਹਾਂ ਕਿਹਾ ਕਿ ਇਹ ਮਜਦੂਰ ਬੀਬੀਆਂ ਤੇ ਮਜਦੂਰ ਮਿਹਨਤ ਕਰਕੇ ਆਪਣੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪਾਲ-ਪੋਸ ਰਹੇ ਸਨ ਜਿਨ੍ਹਾਂ ਪਰਿਵਾਰਾਂ ਦੀਆਂ ਬੀਬੀਆਂ ਅਤੇ ਮਜਦੂਰ ਇਥੋ ਚੱਲੇ ਗਏ ਹਨ, ਉਨ੍ਹਾਂ ਲਈ ਇਕ ਬਹੁਤ ਵੱਡਾ ਦੁੱਖਦਾਇਕ ਮਾਹੌਲ ਅਤੇ ਭਵਿੱਖ ਲਈ ਇਕ ਵੱਡੀ ਮੁਸਕਿਲ ਖੜ੍ਹੀ ਹੋ ਗਈ ਹੈ । ਕਿਉਂਕਿ ਇਨ੍ਹਾਂ ਪਰਿਵਾਰਾਂ ਕੋਲ ਕੋਈ ਹੋਰ ਆਮਦਨ ਦੇ ਸਾਧਨ ਨਹੀ ਹਨ । ਇਸ ਲਈ ਪੰਜਾਬ ਸਰਕਾਰ ਨੂੰ ਤੁਰੰਤ ਇਨ੍ਹਾਂ ਮ੍ਰਿਤਕ ਪਰਿਵਾਰਾਂ ਦੇ ਲਈ ਆਪਣੇ ਰਾਹਤ ਫੰਡ ਵਿਚੋਂ 20-20 ਲੱਖ ਰੁਪਏ ਸਹਾਇਤਾ ਅਤੇ ਇਨ੍ਹਾਂ ਦੇ ਪਰਿਵਾਰਾਂ ਵਿਚੋ ਇਕ-ਇਕ ਮੈਬਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਹੋਣਾ ਚਾਹੀਦਾ ਹੈ । ਤਾਂ ਕਿ ਇਹ ਪਰਿਵਾਰ ਆਪਣੀ ਜਿੰਦਗੀ ਸਹੀ ਤਰੀਕੇ ਨਾਲ ਬਸਰ ਕਰ ਸਕਣ।”