ਸਰਕਾਰੀ ਦਫਤਰਾਂ ਵਿਚ, ਨਿਰਦੋਸ਼ ਪੁਲਿਸ ਅਧਿਕਾਰੀਆਂ ਨੂੰ ਮਾਰਨ ਵਾਲਿਆ ਦੀਆਂ ਫੋਟੋਆਂ ਲਗਾਉਣ ਦੀ ਬਦੌਲਤ ਹੀ ਪੰਜਾਬ ਵਿਚ ਅਪਰਾਧਿਕ ਕਾਰਵਾਈਆ ਨੂੰ ਬਲ ਮਿਲਿਆ : ਮਾਨ

ਫ਼ਤਹਿਗੜ੍ਹ ਸਾਹਿਬ, 10 ਦਸੰਬਰ ( ) “ਬੀਤੇ ਸਮੇ ਵਿਚ ਜਿਨ੍ਹਾਂ ਨੇ ਨਿਰਦੋਸ਼ ਅੰਗਰੇਜ਼ ਪੁਲਿਸ ਅਫਸਰ ਅਤੇ ਇਕ ਅੰਮ੍ਰਿਤਧਾਰੀ ਗੁਰਸਿੱਖ ਹੌਲਦਾਰ ਨੂੰ ਗੋਲੀ ਦਾ ਨਿਸ਼ਾਨਾਂ ਬਣਾਇਆ, ਉਨ੍ਹਾਂ ਦੀਆਂ ਫੋਟੋਆਂ ਪੰਜਾਬ ਦੇ ਹਰ ਸਰਕਾਰੀ ਦਫਤਰ ਵਿਚ ਲਗਾਉਣ ਦੇ ਅਮਲਾਂ ਦੀ ਬਦੌਲਤ ਹੀ ਅੱਜ ਪੰਜਾਬ ਦੇ ਹਰ ਪਿੰਡ, ਸ਼ਹਿਰ ਵਿਚ ਅਪਰਾਧਿਕ ਕਾਰਵਾਈਆ ਕਰਨ ਵਾਲਿਆ ਨੂੰ ਬਲ ਮਿਲਿਆ ਹੈ ਅਤੇ ਉਹ ਬਿਨ੍ਹਾਂ ਕਿਸੇ ਡਰ-ਭੈ ਜਾਂ ਕਾਨੂੰਨੀ ਸਜ਼ਾ ਦੇ ਭੈ ਤੋ ਰਹਿਤ ਹੋ ਕੇ ਵੱਡੇ ਪੱਧਰ ਤੇ ਦਿਨ ਦਿਹਾੜੇ ਕਤਲੋਗਾਰਤ, ਲੁੱਟਾਂ ਖੋਹਾ, ਫਿਰੋਤੀਆ ਲੈਣ, ਧਮਕੀਆ ਦੇਣ ਆਦਿ ਦੇ ਅਮਲ ਕਰਕੇ ਪੰਜਾਬ ਵਰਗੇ ਸਰਹੱਦੀ ਸੂਬੇ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਵੱਡੀ ਸੱਟ ਮਾਰਦੇ ਨਜਰ ਆ ਰਹੇ ਹਨ । ਜਿਸ ਵਿਚ ਅਜਿਹੀਆ ਫੋਟੋਆਂ ਲਗਾਉਣ ਵਾਲੀ ਸਰਕਾਰ ਅਤੇ ਸਿਆਸਤਦਾਨ ਸਿੱਧੇ ਤੌਰ ਤੇ ਅਪਰਾਧਿਕ ਕਾਰਵਾਈਆ ਨੂੰ ਬੁੜਾਵਾ ਦੇਣ ਲਈ ਜਿੰਮੇਵਾਰ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਸਰਕਾਰੀ ਹੁਕਮਾਂ ਅਧੀਨ ਉਨ੍ਹਾਂ ਲੋਕਾਂ ਦੀਆਂ ਫੋਟੋਆਂ ਲਗਾਉਣ ਜਿਨ੍ਹਾਂ ਨੇ ਬੀਤੇ ਸਮੇ ਵਿਚ ਨਿਰਦੋਸ਼ ਪੁਲਿਸ ਅਧਿਕਾਰੀਆ ਨੂੰ ਗੋਲੀ ਦਾ ਨਿਸ਼ਾਨਾਂ ਬਣਾਇਆ ਅਤੇ ਅਸੈਬਲੀ ਵਿਚ ਬੰਬ ਸੁੱਟਕੇ ਮਨੁੱਖਤਾ ਦਾ ਕਤਲੇਆਮ ਕਰਨ ਦੀ ਸਾਜਿਸ ਰਚੀ ਸੀ, ਉਨ੍ਹਾਂ ਦੀ ਫੋਟੋ ਲਗਾਉਣ ਦੇ ਗਲਤ ਸੰਦੇਸ਼ ਦੇਣ ਵਾਲੇ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਪੰਜਾਬ ਵਿਚ ਵੱਧ ਰਹੇ ਅਪਰਾਧਾ ਲਈ ਮੌਜੂਦਾ ਪੰਜਾਬ ਸਰਕਾਰ ਤੇ ਸਵਾਰਥੀ ਸਿਆਸਤਦਾਨਾਂ ਨੂੰ ਜਿ਼ੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਪੰਜਾਬ ਦੀ ਗੁਰੂਆਂ, ਪੀਰਾਂ, ਫਕੀਰਾਂ ਤੇ ਦਰਵੇਸਾਂ ਦੀ ਪਵਿੱਤਰ ਧਰਤੀ ਉਤੇ ਮਨੁੱਖਤਾ ਤੇ ਇਨਸਾਨੀਅਤ ਪੱਖੀ ਆਵਾਜ ਬੁਲੰਦ ਹੋਣੀ ਚਾਹੀਦੀ ਹੈ ਅਤੇ ਇਸ ਦਿਸ਼ਾ ਵੱਲ ਅਮਲ ਹੋਣੇ ਚਾਹੀਦੇ ਹਨ, ਉਸ ਧਰਤੀ ਉਤੇ ‘ਪੈਰ ਥੱਲ੍ਹੇ ਬੇਟਰਾ’ ਆਉਣ ਵਾਲੀਆ ਤਾਕਤ ਪ੍ਰਾਪਤ ਕਰਨ ਵਾਲੀਆ ਦਿਸ਼ਾਹੀਣ ਪਾਰਟੀਆ ਨੇ ਅਜਿਹੀਆ ਫੋਟੋਆਂ ਲਗਾਉਣ ਦਾ ਸੰਦੇਸ ਦੇ ਕੇ ਬੇਰੁਜਗਾਰ ਹੋਈ ਨੌਜਵਾਨੀ ਨੂੰ ਅੱਛਾ ਸੰਦੇਸ਼ ਨਹੀ ਦਿੱਤਾ । ਜਦੋਕਿ ਚਾਹੀਦਾ ਤਾਂ ਇਹ ਸੀ ਕਿ ਜਿਨ੍ਹਾਂ ਗੁਰੂ ਸਾਹਿਬਾਨ ਨੇ ਹਰ ਤਰ੍ਹਾਂ ਦੇ ਸਮਾਜਿਕ, ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਵਿਤਕਰੇ ਤੋ ਉੱਪਰ ਉੱਠਕੇ ਇਨਸਾਨੀਅਤ ਤੇ ਮਨੁੱਖਤਾ ਲਈ ਆਪਣੇ ਜੀਵਨ ਦੌਰਾਨ ਬਹੁਤ ਹੀ ਮਹੱਤਵਪੂਰਨ ਉਦਮ ਕੀਤੇ ਹਨ ਅਤੇ ਮਹਾਨ ਕੁਰਬਾਨੀਆ ਤੇ ਸਹਾਦਤਾਂ ਦੇ ਕੇ ਸਮੁੱਚੀ ਮਨੁੱਖਤਾ ਨੂੰ ਆਪਸ ਵਿਚ ਪਿਆਰ, ਸਦਭਾਵਨਾ, ਸਹਿਣਸੀਲਤਾਂ ਦੇ ਸੰਦੇਸ਼ ਦਿੱਤੇ ਹਨ । ਸਰਕਾਰਾਂ ਉਨ੍ਹਾਂ ਦੀ ਵੱਡਮੁੱਲੀ ਸੋਚ ਨੂੰ ਅਮਲੀ ਰੂਪ ਦੇ ਕੇ ਪੰਜਾਬ ਵਰਗੇ ਸਰਹੱਦੀ ਸੂਬੇ ਦੇ ਸਮੁੱਚੇ ਮਾਹੌਲ ਨੂੰ ਸਾਜਗਰ ਬਣਾਉਣ ਵਿਚ ਭੂਮਿਕਾ ਨਿਭਾਉਦੇ ਅਤੇ ਇਥੇ ਵੱਡੇ-ਵੱਡੇ ਪ੍ਰੋਜੈਕਟ ਲਗਾਕੇ, ਪੜ੍ਹੀ-ਲਿਖੀ, ਬਗੈਰ ਤਾਲੀਮ ਦੇ 40 ਲੱਖ ਦੇ ਕਰੀਬ ਬੇਰੁਜਗਾਰ ਨੌਜਵਾਨੀ ਨੂੰ ਰੁਜਗਾਰ ਦੇਣ ਦੀ ਜਿੰਮੇਵਾਰੀ ਨਿਭਾਉਦੇ । ਪਰ ਦੁੱਖ ਅਤੇ ਅਫਸੋਸ ਹੈ ਕਿ ਸਰਹੱਦਾਂ ਰਾਹੀ ਵੱਡੇ ਪੱਧਰ ਤੇ ਨਸ਼ੀਲੀਆਂ ਵਸਤਾਂ ਦੇ ਹੁੰਦੇ ਆ ਰਹੇ ਵਪਾਰ ਦੀ ਸਮਾਜ ਵਿਰੋਧੀ ਕਾਰਵਾਈ ਨੂੰ ਰੋਕਣ ਦੀ ਬਜਾਇ ਸਮੱਗਲਰਾਂ, ਗੈਂਗਸਟਰਾਂ, ਅਪਰਾਧੀਆ ਨੂੰ ਉਤਸਾਹਿਤ ਕਰਨ ਦੀਆਂ ਕਾਰਵਾਈਆ ਹੋ ਰਹੀਆ ਹਨ । ਫਿਰ ਕਾਨੂੰਨੀ ਵਿਵਸਥਾਂ ਦੀ ਹਾਲਤ ਤਾਂ ਇਥੋ ਤੱਕ ਨਿਘਰ ਗਈ ਹੈ ਕਿ ਦਿਨ ਦਿਹਾੜੇ ਅਪਰਾਧੀ ਲੋਕ ਨਿਰਦੋਸ਼ ਆਮ ਸ਼ਹਿਰੀਆ ਨੂੰ ਗੋਲੀਆਂ ਦਾ ਨਿਸ਼ਾਨਾਂ ਵੀ ਬਣਾ ਰਹੇ ਹਨ ਅਤੇ ਉਨ੍ਹਾਂ ਤੋ ਵੱਡੀਆਂ-ਵੱਡੀਆਂ ਫਿਰੋਤੀਆ ਵੀ ਪ੍ਰਾਪਤ ਕਰ ਰਹੇ ਹਨ । ਹੁਕਮਰਾਨ ਅਤੇ ਸੰਬੰਧਤ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਵਾਲੀ ਪੁਲਿਸ ਤੇ ਨਿਜਾਮ ‘ਤਰਸ’ ਦਾ ਪਾਤਰ ਬਣਕੇ ਰਹਿ ਗਏ ਹਨ । ਸ. ਮਾਨ ਨੇ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਜਿਨ੍ਹਾਂ ਬੁੱਧੀਜੀਵੀਆਂ, ਲੇਖਕਾਂ ਅਤੇ ਪੱਤਰਕਾਰਾਂ ਨੇ ਸਮਾਜ ਦੇ ਔਖੀ ਘੜੀ ਦੇ ਵਰਤਾਰੇ ਵਿਚ ਸੂਝਵਾਨਤਾ ਤੇ ਸੰਜਮ ਤੋ ਕੰਮ ਲੈਦੇ ਹੋਏ ਕਿਸੇ ਮੁਲਕ ਜਾਂ ਸੂਬੇ ਦੇ ਨਿਵਾਸੀਆ ਨੂੰ ਅਜਿਹੀਆ ਬਿਮਾਰੀਆ ਤੋ ਨਿਜਾਤ ਦਿਵਾਉਣ ਅਤੇ ਅਗਲੇਰੀ ਅਗਵਾਈ ਦੇਣ ਦੀ ਜਿੰਮੇਵਾਰੀ ਨਿਭਾਉਣੀ ਹੁੰਦੀ ਹੈ, ਉਹ ਬੁੱਧੀਜੀਵੀ ਲੇਖਕ ਜਿਨ੍ਹਾਂ ਵਿਚ ਦਾ ਟ੍ਰਿਬਿਊਨ ਦੇ ਮੁੱਖ ਸੰਪਾਦਕ ਸ੍ਰੀ ਰਾਜੇਸ ਰਾਮਾਚੰਦਰਨ ਵਰਗੇ ਹਨ, ਉਹ ਬੀਤੇ ਸਮੇ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲਿਆ ਨੂੰ ਆਪਣੇ ‘ਨਾਇਕ’ ਗਰਦਾਨਕੇ ਉਨ੍ਹਾਂ ਦੀਆਂ ਫੋਟੋਆਂ ਦਫਤਰਾਂ ਵਿਚ ਲਗਾਉਣ ਅਤੇ ਉਨ੍ਹਾਂ ਨੂੰ ਭਾਰਤ ਰਤਨ ਦੇ ਖਿਤਾਬ ਦੇਣ ਦੇ ਦਿਸ਼ਾਹੀਣ ਬੇਨਤੀਜਾ ਮੰਗਾਂ ਕਰਦੇ ਦਿਖਾਈ ਦੇ ਰਹੇ ਹਨ ਜੋ ਕਿ ਕਿਸੇ ਸਮਾਜ, ਮੁਲਕ ਤੇ ਸੂਬੇ ਲਈ ਵੱਡਾ ਕਲੰਕ ਹਨ ।

Leave a Reply

Your email address will not be published. Required fields are marked *