1947 ਤੋਂ ਪਹਿਲੇ ਆਜ਼ਾਦੀ ਸੰਗਰਾਮ ਵਿਚ ਸਿੱਖ ਕੌਮ ਵੱਲੋਂ ਦਿੱਤੀਆਂ ਸ਼ਹਾਦਤਾਂ, ਕੁਰਬਾਨੀਆਂ ਦਾ ਮਕਸਦ ਕੀ ਸੀ ? : ਮਾਨ

ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ ( ) “ਬੀਤੇ ਸਮੇਂ 1947 ਵਿਚ ਅੰਗਰੇਜ਼ਾਂ ਵਿਰੁੱਧ ਚੱਲ ਰਹੇ ਸੰਘਰਸ਼ ਵਿਚ ਜੋ ਸਿੱਖਾਂ ਨੇ ਵੱਡੀ ਗਿਣਤੀ ਸਭ ਤੋਂ ਵੱਧ 80% ਸ਼ਹੀਦੀਆਂ, ਕੁਰਬਾਨੀਆਂ, ਕਾਲੇਪਾਣੀ ਦੀਆਂ ਸਜਾਵਾਂ ਅਤੇ ਹੋਰ ਤਸੱਦਦ-ਜੁਲਮ ਬਰਦਾਸਤ ਕੀਤੇ ਹਨ, ਉਸ ਪਿੱਛੇ ਮਕਸਦ ਕੀ ਸੀ, ਇਸ ਗੱਲ ਦਾ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਿਆ । ਅੱਜ ਵੀ ਪੰਜਾਬੀਆਂ ਅਤੇ ਸਿੱਖ ਕੌਮ ਦੇ ਮਨਾਂ ਵਿਚ ਇਹ ਪ੍ਰਸ਼ਨ ਉਸੇ ਤਰ੍ਹਾਂ ਖੜ੍ਹਾ ਹੈ । ਜਦੋਕਿ ਆਜ਼ਾਦੀ ਸੰਗਰਾਮ ਵਿਚ ਮੁਸਲਿਮ ਕੌਮ ਨੂੰ ਤਾਂ ਆਪਣਾ ਆਜਾਦ ਮੁਲਕ ਪਾਕਿਸਤਾਨ ਮਿਲ ਗਿਆ ਅਤੇ ਹਿੰਦੂ ਕੌਮ ਨੂੰ ਆਪਣਾ ਆਜਾਦ ਮੁਲਕ ਇੰਡੀਆ ਮਿਲ ਗਿਆ । ਜੋ ਤੀਸਰੀ ਧਿਰ ਸਿੱਖ ਕੌਮ ਸੀ ਜਿਸਨੇ ਸਭ ਤੋਂ ਜਿਆਦਾ ਕੁਰਬਾਨੀਆਂ ਦਿੱਤੀਆਂ, ਉਹ ਇੰਡੀਆ ਵਿਚ ਵੀ ਗੁਲਾਮ ਹਨ ਅਤੇ ਪਾਕਿਸਤਾਨ ਵਿਚ ਵੀ ਗੁਲਾਮ ਹਨ । ਫਿਰ ਇਸ ਕੀਤੀ ਕੁਰਬਾਨੀ ਦਾ ਇਵਜਾਨਾਂ ਸਿੱਖ ਕੌਮ ਨੂੰ ਕੀ ਮਿਲਿਆ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਧਾਮੀ ਐਡਵੋਕੇਟ ਨੂੰ ਲਿਖੇ ਉਸ ਪੱਤਰ ਵਿਚ ਪ੍ਰਗਟਾਏ ਜਿਨ੍ਹਾਂ ਵੱਲੋਂ ਬੀਤੇ ਆਜਾਦੀ ਦੇ ਸੰਗਰਾਮ ਵਿਚ ਸਿੱਖਾਂ ਵੱਲੋਂ ਕੀਤੀਆ ਕੁਰਬਾਨੀਆਂ ਦੀ ਐਸ.ਜੀ.ਪੀ.ਸੀ. ਵੱਲੋ ਸੂਚੀ ਤਿਆਰ ਕਰਨ ਦੀ ਗੱਲ ਕਹੀ ਗਈ ਹੈ ਅਤੇ ਜਿਸਦਾ ਸ. ਮਾਨ ਵੱਲੋਂ ਬੇਸ਼ੱਕ ਸਲਾਘਾ ਕੀਤੀ ਗਈ ਹੈ, ਪਰ ਉਪਰੋਕਤ ਪ੍ਰਸ਼ਨ ਵੀ ਜਨਤਕ ਤੌਰ ਤੇ ਇਸ ਪੱਤਰ ਵਿਚ ਪੁੱਛਿਆ ਗਿਆ । ਉਨ੍ਹਾਂ ਕਿਹਾ ਕਿ ਸੰਤ ਫ਼ਤਹਿ ਸਿੰਘ ਵੱਲੋਂ ਪੰਜਾਬੀ ਸੂਬੇ ਦਾ ਅੰਦੋਲਨ ਸੁਰੂ ਕੀਤਾ ਗਿਆ ਜਿਸ ਵਿਚ 60 ਹਜਾਰ ਸਿੱਖਾਂ ਦੀਆਂ ਜੇਲ੍ਹਾਂ ਵਿਚ ਗ੍ਰਿਫ਼ਤਾਰੀਆਂ ਹੋਈਆ, ਤਸੱਦਦ ਝੱਲੇ ਪਰ ਪੰਜਾਬੀ ਬੋਲਦੇ ਇਲਾਕਿਆ ਨੂੰ ਹਿਮਾਚਲ, ਹਰਿਆਣਾ, ਯੂ.ਟੀ. ਚੰਡੀਗੜ੍ਹ ਨੂੰ ਦੇ ਦਿੱਤੇ ਗਏ । ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ, ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਵਰਗੇ ਸਿੱਖ ਲੀਡਰ ਵੀ ਇਸ ਮੋਰਚੇ ਵਿਚ ਸਾਮਿਲ ਸਨ । ਫਿਰ ਇਨ੍ਹਾਂ ਗ੍ਰਿਫ਼ਤਾਰੀਆਂ ਅਤੇ ਹੋਰ ਹੋਏ ਤਸੱਦਦ ਜੁਲਮ ਦਾ ਮਕਸਦ ਕੀ ਸੀ ? ਪੰਜਾਬੀ ਸੂਬੇ ਦੇ ਲਈ ਸ. ਦਰਸ਼ਨ ਸਿੰਘ ਫੇਰੂਮਾਨ ਨੇ ਸ਼ਹਾਦਤ ਦਿੱਤੀ, ਜਿਨ੍ਹਾਂ ਨੂੰ ਆਪਣੀ ਸ਼ਹਾਦਤ ਦੇਣ ਤੇ ਮਕਸਦ ਬਾਰੇ ਪਤਾ ਸੀ । ਫਿਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਸੰਘਰਸ਼ ਲੜਿਆ ਅਤੇ ਸ਼ਹਾਦਤ ਦਿੱਤੀ, ਉਨ੍ਹਾਂ ਨੂੰ ਵੀ ਸਿੱਖ ਕੌਮ ਦੀ ਆਜਾਦੀ ਖ਼ਾਲਿਸਤਾਨ ਕਾਇਮ ਕਰਨ ਦੇ ਆਪਣੇ ਮਕਸਦ ਬਾਰੇ ਪਤਾ ਸੀ । ਫਿਰ ਸਿੱਖ ਨੌਜ਼ਵਾਨੀ ਨੇ ਸ਼ਹਾਦਤਾਂ ਦਿੱਤੀਆ ਉਨ੍ਹਾਂ ਨੂੰ ਵੀ ਆਪਣੇ ਮਕਸਦ ਬਾਰੇ ਪਤਾ ਸੀ । ਫਿਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬੈਨਰ ਹੇਠ ਦਾਸ ਨੇ ਸੰਘਰਸ਼ ਕੀਤਾ, ਜਿਸ ਅਧੀਨ ਮੇਰੇ ਉਤੇ ਦੇਸ਼ਧ੍ਰੋਹੀ ਦੇ 80 ਕੇਸ ਦਰਜ ਹੋਏ ਅਤੇ ਮੇਰੇ ਉਤੇ ਇੰਦਰਾ ਗਾਂਧੀ ਨੂੰ ਮਾਰਨ ਦਾ ਕੇਸ ਵੀ ਚੱਲਿਆ। ਇਸ ਸਭ ਲਈ ਮੇਰਾ ਮਕਸਦ ਸੀ ਆਜਾਦ ਸਟੇਟ ਖ਼ਾਲਿਸਤਾਨ ਕਾਇਮ ਕਰਨਾ । ਪਰ ਉਪਰੋਕਤ ਅੰਡੇਮਾਨ ਟਾਪੂ ਵਿਖੇ ਜਿਥੇ ਵੱਡੀ ਗਿਣਤੀ ਵਿਚ ਸਿੱਖਾਂ ਤੇ ਹਿੰਦੂਸਤਾਨੀਆ ਨੂੰ ਕਾਲੇਪਾਣੀ ਦੀ ਸਜ਼ਾ ਹੋਈ ਸੀ ਅਤੇ ਸਿੱਖਾਂ ਤੇ ਸ਼ਹਾਦਤਾਂ ਤੇ ਕੁਰਬਾਨੀਆਂ ਦਿੱਤੀਆ, ਉਹ ਕਿਸ ਮਕਸਦ ਦੀ ਪ੍ਰਾਪਤੀ ਲਈ ਦਿੱਤੀਆ ਗਈਆ ? 

ਉਨ੍ਹਾਂ ਇਸੇ ਪੱਤਰ ਵਿਚ ਇਸ ਗੱਲ ਦਾ ਵੀ ਵਰਨਣ ਕੀਤਾ ਕਿ 1909 ਵਿਚ ਅੰਗਰੇਜ਼ਾਂ ਨੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਪ੍ਰਵਾਨ ਕਰਦੇ ਹੋਏ ਉਨ੍ਹਾਂ ਦੀਆਂ ਸ਼ਾਂਦੀਆ ਲਈ ਸਿੱਖ ਮੈਰਿਜ ਐਕਟ ਹੋਦ ਵਿਚ ਲਿਆਂਦਾ ਸੀ । ਜਿਸ ਨੂੰ 1947 ਤੋਂ ਬਾਅਦ ਵਾਲੇ ਹਿੰਦੂਤਵ ਹੁਕਮਰਾਨਾਂ ਨੇ ਖ਼ਤਮ ਕਰ ਦਿੱਤਾ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਗਈ ਉਸ ਵਿਚ ਨਹਿਰੂ-ਗਾਂਧੀ ਨੇ ਸੁਭਾਸ ਚੰਦਰ ਬੋਸ ਨੂੰ ਜਪਾਨ ਭੇਜਿਆ ਸੀ ਜਿਸ ਜਪਾਨ ਨੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਸੀ । ਪਰ ਇਕ ਹੋਰ ਵੱਡਾ ਪ੍ਰਸ਼ਨ ਉੱਠਦਾ ਹੈ ਕਿ ਜਦੋ ਜਪਾਨ ਨੇ ਅੰਡੇਮਾਨ ਟਾਪੂ ਨੂੰ ਫਤਹਿ ਕਰ ਲਿਆ ਸੀ, ਤਾਂ ਸੁਭਾਸ ਚੰਦਰ ਬੋਸ ਖੁਦ ਤਾਂ ਆਜਾਦ ਹੋ ਗਏ ਲੇਕਿਨ ਵੱਡੀ ਗਿਣਤੀ ਵਿਚ ਅੰਡੇਮਾਨ ਵਿਖੇ ਕਾਲੇਪਾਣੀ ਦੀ ਸਜ਼ਾ ਭੁਗਤ ਰਹੇ ਸਿੱਖਾਂ ਤੇ ਪੰਜਾਬੀਆਂ ਨੂੰ ਨਾ ਤਾਂ ਨਹਿਰੂ-ਗਾਂਧੀ ਨੇ, ਨਾ ਸੁਭਾਸ ਚੰਦਰ ਬੋਸ ਨੇ ਆਜਾਦ ਕਰਵਾਇਆ ਅਤੇ ਨਾ ਹੀ ਜਪਾਨ ਨੇ ਇਨ੍ਹਾਂ ਨੂੰ ਰਿਹਾਅ ਕੀਤਾ, ਕਿਉ ? ਇਸ ਪੱਤਰ ਵਿਚ ਉਨ੍ਹਾਂ ਡਾ. ਧਾਮੀ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜਿਥੇ ਤੁਸੀ ਉਨ੍ਹਾਂ ਸਿੱਖਾਂ ਦੀ ਸੂਚੀ ਤਿਆਰ ਕਰਨ ਜਾ ਰਹੇ ਹੋ ਉਥੇ ਇਸ ਗੱਲ ਦੀ ਵੀ ਘੋਖ ਕੀਤੀ ਜਾਵੇ ਕਿ ਉਸ ਸਮੇ ਇਹ ਸਹਾਦਤਾਂ, ਕੁਰਬਾਨੀਆਂ, ਜ਼ਬਰ ਜੁਲਮ ਸਿੱਖ ਕੌਮ ਨੇ ਕਿਸ ਮਕਸਦ ਲਈ ਸਹਿਣ ਕੀਤੀਆ ? ਉਨ੍ਹਾਂ ਇਸ ਗੱਲ ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਜਿਨ੍ਹਾਂ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਗਈ ਅੱਜ ਵੱਡੀ ਗਿਣਤੀ ਵਿਚ ਸਿੱਖ ਉਨ੍ਹਾਂ ਅੰਗਰੇਜ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਹੋਰ ਯੂਰਪਿੰਨ ਮੁਲਕਾਂ ਵਿਚ ਵੱਸਣ ਲਈ ਜਾ ਰਹੇ ਹਨ, ਫਿਰ ਅੰਗਰੇਜ਼ਾਂ ਵਿਰੁੱਧ ਲੜਾਈ ਕਿਉਂ ਲੜੀ ਗਈ ? ਇਸ ਤੋ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਸਾਡੀ ਰਵਾਇੱਤੀ ਲੀਡਰਸਿ਼ਪ ਲੰਮੇ ਸਮੇ ਤੋ ਬਿਨ੍ਹਾਂ ਕਿਸੇ ਮਕਸਦ ਤੋ ਸਿੱਖ ਕੌਮ ਨੂੰ ਕੁਰਬਾਨੀਆਂ, ਸ਼ਹਾਦਤਾਂ ਵਿਚ ਧਕੇਲਕੇ ਕੌਮੀ ਨੁਕਸਾਨ ਕਰਦੀ ਆ ਰਹੀ ਹੈ ਅਤੇ ਕਿਸੇ ਵੀ ਨਿਸ਼ਾਨੇ ਦੀ ਪ੍ਰਾਪਤੀ ਨਹੀਂ ਹੋਈ । ਜੋ ਸਮੁੱਚੀ ਸਿੱਖ ਕੌਮ ਅਤੇ ਵਿਚਰ ਰਹੀ ਸਿੱਖ ਲੀਡਰਸਿ਼ਪ ਲਈ ਸੰਜ਼ੀਦਾ ਵਿਚਾਰ ਕਰਨ ਅਤੇ ਘੋਖ ਕਰਨ ਦੀ ਮੰਗ ਕਰਦੀ ਹੈ । ਉਨ੍ਹਾਂ ਇਸ ਪੱਤਰ ਦੇ ਅਖੀਰ ਵਿਚ ਡਾ. ਧਾਮੀ ਤੋ ਇਹ ਵੀ ਮੰਗ ਕੀਤੀ ਕਿ ਜੋ ਇੰਡੀਆ ਦੇ ਗ੍ਰਹਿ ਵਿਭਾਗ ਨੇ ਸਾਡੀ 1925 ਤੋਂ ਹੋਦ ਵਿਚ ਆਈ ਐਸ.ਜੀ.ਪੀ.ਸੀ. ਦੀ 12 ਸਾਲਾਂ ਤੋ ਜਮਹੂਰੀਅਤ ਭੰਗ ਕੀਤੀ ਹੋਈ ਹੈ ਉਹ ਤੁਰੰਤ ਪਹੁੰਚ ਕਰਕੇ ਬਹਾਲ ਕਰਵਾਈ ਜਾਵੇ ਅਤੇ ਜਰਨਲ ਚੋਣਾਂ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਿੱਖ ਕੌਮ ਦੇ ਲੰਮੇ ਸਮੇ ਤੋਂ ਲਟਕਦੇ ਆ ਰਹੇ ਗੰਭੀਰ ਮਸਲਿਆ ਨੂੰ ਸਮੂਹਿਕ ਸਹਿਯੋਗ ਨਾਲ ਹੱਲ ਕਰਵਾਇਆ ਜਾਵੇ ।

Leave a Reply

Your email address will not be published. Required fields are marked *