ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦਾ ਜਨਮ ਦਿਹਾੜਾ 21 ਅਪ੍ਰੈਲ ਨੂੰ ਨੰਦਪੁਰ-ਕਲੌੜ ਦੇ ਗੁਰੂਘਰ ਵਿਖੇ ਮਨਾਇਆ ਜਾਵੇਗਾ : ਮਾਨ

ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ ( ) “ਗਿਆਨੀ ਦਿੱਤ ਸਿੰਘ ਜੀ ਸਿੱਖ ਕੌਮ ਦੇ ਉਹ ਮਹਾਨ ਵਿਦਵਾਨ ਹੋਏ ਹਨ, ਜਿਨ੍ਹਾਂ ਨੇ ਆਰੀਆ ਸਮਾਜੀਆ ਦੇ ਖ਼ਾਲਸਾ ਪੰਥ ਵਿਰੋਧੀ ਪ੍ਰਚਾਰ ਦਾ ਆਪਣੀ ਵਿਦਵਤਾ ਭਰਪੂਰ ਦਲੀਲਾਂ ਰਾਹੀ ਦਿੰਦੇ ਹੋਏ ਉਸ ਸਮੇਂ ਸਿੰਘ ਸਭਾ ਲਹਿਰ ਦੀ ਸੁਰੂਆਤ ਕਰਕੇ ਖ਼ਾਲਸਾ ਪੰਥ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਅਤੇ ਅਮਲਾਂ ਨੂੰ ਔਖੇ ਸਮੇਂ ਵਿਚ ਵੀ ਪ੍ਰਚਾਰਨ ਅਤੇ ਬਾਦਲੀਲ ਢੰਗ ਨਾਲ ਪ੍ਰਸਾਰਨ ਦੀਆਂ ਜਿ਼ੰਮੇਵਾਰੀਆ ਨਿਭਾਈਆ ਅਤੇ ਸਿੱਖਾਂ ਨੂੰ ਵਿਰੋਧੀ ਪ੍ਰਚਾਰ ਤੋਂ ਨਿਰਲੇਪ ਰਹਿਣ ਲਈ ਸੁਚੇਤ ਕਰਦੇ ਹੋਏ ਸਿੱਖ ਸੋਚ ਨੂੰ ਆਪਣੀ ਵਿਦਵਤਾ ਰਾਹੀ ਮਜਬੂਤੀ ਬਖਸੀ । ਉਨ੍ਹਾਂ ਨੇ ਵੱਡੀ ਗਿਣਤੀ ਵਿਚ ਗੁਰੂ ਸਾਹਿਬਾਨ ਦੀ ਗੁਰਬਾਣੀ, ਸਿੱਖ ਧਰਮ, ਸਿੱਖ ਸੋਚ ਉਤੇ ਵਾਕਫੀਅਤ ਭਰਪੂਰ ਕਿਤਾਬਾਂ ਲਿਖਕੇ ਸਿੱਖ ਕੌਮ ਨੂੰ ਸਹਾਤਿਕ, ਇਖਲਾਕੀ, ਧਰਮੀ ਅਤੇ ਸਮਾਜਿਕ ਤੌਰ ਤੇ ਵੱਡੀ ਅਗਵਾਈ ਦਿੱਤੀ । ਉਨ੍ਹਾਂ ਦਾ ਜਨਮ ਦਿਹਾੜਾ 21 ਅਪ੍ਰੈਲ ਨੂੰ ਆ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਕੌਮੀ ਜਿ਼ੰਮੇਵਾਰੀ ਸਮਝਦੇ ਹੋਏ ਇਹ ਫੈਸਲਾ ਕੀਤਾ ਹੈ ਕਿ ਗਿਆਨੀ ਜੀ ਦੇ ਜਨਮ ਦਿਹਾੜੇ ਨੂੰ ਪੂਰੀ ਸਰਧਾ, ਸਾਨੋ-ਸੌਕਤ ਨਾਲ ਉਨ੍ਹਾਂ ਦੇ ਜਨਮ ਅਸਥਾਂਨ ਨੰਦਪੁਰ-ਕਲੌੜ ਵਿਖੇ ਮਨਾਇਆ ਜਾਵੇਗਾ । ਸਮੁੱਚੇ ਖ਼ਾਲਸਾ ਪੰਥ ਤੇ ਪੰਥਦਰਦੀਆਂ, ਵਿਦਵਾਨਾਂ ਸਭਨਾਂ ਨੂੰ 21 ਅਪ੍ਰੈਲ ਨੂੰ ਨੰਦਪੁਰ-ਕਲੌੜ ਵਿਖੇ ਗੁਰੂਘਰ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੇ 21 ਅਪ੍ਰੈਲ ਨੂੰ ਆ ਰਹੇ ਜਨਮ ਦਿਹਾੜੇ ਦੇ ਮੌਕੇ ਉਤੇ ਸਮੁੱਚੇ ਖ਼ਾਲਸਾ ਪੰਥ, ਵਿਦਵਾਨਾਂ, ਨੌਜ਼ਵਾਨਾਂ, ਪੰਥਦਰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਨੂੰ ਨੰਦਪੁਰ ਕਲੌੜ (ਫ਼ਤਹਿਗੜ੍ਹ ਸਾਹਿਬ) ਵਿਖੇ ਪਹੁੰਚਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਮੌਕੇ ਤੇ ਬਾਬਾ ਸੁਜਾਨ ਸਿੰਘ ਕਾਰ ਸੇਵਾ ਵਾਲੇ ਕਲੌੜ ਵਿਖੇ ਗਿਆਨੀ ਦਿੱਤ ਸਿੰਘ ਜੀ ਦੀ ਯਾਦਗਰ ਬਣਾਉਣ ਦੀ ਨੀਹ ਆਪਣੇ ਕਰਕਮਲਾ ਨਾਲ ਰੱਖਣਗੇ । ਇਸ ਮੌਕੇ ਉਤੇ ਸਭ ਪੰਥਦਰਦੀਆਂ ਨੂੰ ਪਹੁੰਚਕੇ ਆਪਣੇ ਮਹਾਨ ਕ੍ਰਾਂਤੀਕਾਰੀ ਵਿਦਵਾਨ ਵੱਲੋ ਕੀਤੇ ਮਹਾਨ ਉਦਮਾਂ ਨੂੰ ਯਾਦ ਕਰਦੇ ਹੋਏ ਜਿਥੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਨਾ ਚਾਹੀਦਾ ਹੈ, ਉਥੇ ਉਨ੍ਹਾਂ ਵੱਲੋ ਖ਼ਾਲਸਾ ਪੰਥ ਦੀ ਸੋਚ ਨੂੰ ਦ੍ਰਿੜਤਾ ਨਾਲ ਪ੍ਰਚਾਰਨ ਤੇ ਪ੍ਰਸਾਰਨ ਦੀਆਂ ਬੀਤੇ ਸਮੇ ਵਿਚ ਨਿਭਾਈਆ ਗਈਆ ਜਿ਼ੰਮੇਵਾਰੀਆ ਤੋ ਅਗਵਾਈ ਲੈਕੇ ਆਪਣੇ ਕੌਮੀ ਫਰਜਾਂ ਦੀ ਪੂਰਤੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ।

Leave a Reply

Your email address will not be published. Required fields are marked *