ਹਿਸਾਰ ਵਿਖੇ ਵੱਡੇ ਖੇਤਰਫ਼ਲ ਵਿਚ ਬਣਨ ਵਾਲੇ ਹਵਾਈ ਅੱਡੇ ਵਿਚ ਆਉਦੇ ਜਾਨਵਰ ਅਤੇ ਪੰਛੀਆਂ ਨੂੰ ਦੂਸਰੇ ਸਥਾਨ ਤੇ ਸੁਰੱਖਿਅਤ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 09 ਅਪ੍ਰੈਲ ( ) “ਜਦੋ ਵੀ ਵੱਡੇ ਖੇਤਰਫ਼ਲ ਵਿਚ ਕੋਈ ਹਕੂਮਤੀ ਪੱਧਰ ਤੇ ਹਵਾਈ ਅੱਡਾ ਬਣਾਉਣ ਦੀ ਤਿਆਰੀ ਹੁੰਦੀ ਹੈ ਤਾਂ ਉਸ ਖੇਤਰ ਵਿਚ ਲੱਗੇ ਦਰੱਖਤਾਂ ਦੇ ਨਾਲ-ਨਾਲ ਉਸ ਜੰਗਲ ਵਿਚ ਵੱਸਣ ਵਾਲੇ ਪੰਛੀ ਅਤੇ ਜਾਨਵਰਾਂ ਦੇ ਜੀਵਨ ਨਾਲ ਵੀ ਖਿਲਵਾੜ ਕਰਨ ਤੋ ਗੁਰੇਜ ਨਹੀ ਕੀਤਾ ਜਾਂਦਾ । ਜੋ ਕਿ ਗੈਰ ਕਾਨੂੰਨੀ ਅਤੇ ਗੈਰ ਇਨਸਾਨੀ ਹਕੂਮਤੀ ਅਮਲ ਹਨ । ਜੇਕਰ ਸੈਟਰ ਦੀ ਮੋਦੀ ਹਕੂਮਤ ਨੇ ਹਿਸਾਰ ਵਿਚ ਹਵਾਈ ਅੱਡਾ ਬਣਾਉਣ ਦਾ ਫੈਸਲਾ ਕੀਤਾ ਹੈ, ਤਾਂ ਜੰਗਲਾਤ ਮਹਿਕਮਾ, ਵਾਤਾਵਰਣ ਵਿਭਾਗ ਅਤੇ ਸੈਟਰ ਤੇ ਹਰਿਆਣਾ ਦੀਆਂ ਦੋਵੇ ਹਕੂਮਤਾਂ ਦੇ ਅਧਿਕਾਰੀਆ ਵੱਲੋ ਸਭ ਤੋ ਪਹਿਲੇ ਇਹ ਜਿੰਮੇਵਾਰੀ ਨਿਭਾਉਣੀ ਬਣਦੀ ਹੈ ਕਿ ਇਸ ਸਥਾਂਨ ਤੇ ਵੱਸਣ ਵਾਲੇ ਜਾਨਵਰ ਤੇ ਪੰਛੀਆ ਦੀ ਸੁਰੱਖਿਆ ਦਾ ਕੋਈ ਹੋਰ ਹੱਲ ਲੱਭਣ ਅਤੇ ਉਨ੍ਹਾਂ ਦੀ ਜਿੰਦਗੀ ਨਿਰਵਾਹ ਕਰਨ ਲਈ ਕੋਈ ਬਦਲ ਤਿਆਰ ਕੀਤਾ ਜਾਵੇ । ਫਿਰ ਹੀ ਇਸ ਹਰੇ-ਭਰੇ ਜੰਗਲ ਦੀ ਕਟਾਈ ਤੇ ਹੋਰ ਇਮਾਰਤੀ ਪਲਾਨ ਕੀਤਾ ਜਾਵੇ ਤਾਂ ਜੋ ਜਾਨਵਰਾਂ ਅਤੇ ਪੰਛੀਆ ਦੇ ਜੀਵਨ ਵੀ ਪੂਰਨ ਰੂਪ ਵਿਚ ਸੁਰੱਖਿਅਤ ਰਹਿ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੇ ਹਿਸਾਰ ਵਿਖੇ ਬਣਨ ਜਾ ਰਹੇ ਨਵੇ ਹਵਾਈ ਅੱਡੇ ਦੀ ਸੁਰੂਆਤ ਕਰਨ ਤੋ ਪਹਿਲੇ ਇਸ 7200 ਏਕੜ ਦੇ ਖੇਤਰਫਲ ਵਿਚ ਜੋ ਜੰਗਲਾਤੀ ਅਤੇ ਵਾਤਾਵਰਣ ਵਿਭਾਗ ਦੀ ਜਮੀਨ ਹੈ ਅਤੇ ਜਿਸ ਵਿਚ ਵੱਡੀ ਗਿਣਤੀ ਵਿਚ ਜਾਨਵਰ ਤੇ ਪੰਛੀ ਵੱਸਦੇ ਹਨ, ਉਨ੍ਹਾਂ ਦੇ ਜੀਵਨ ਨੂੰ ਸੰਜੀਦਗੀ ਨਾਲ ਸੁਰੱਖਿਅਤ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਸ ਤਰ੍ਹਾਂ ਇਨਸਾਨਾਂ ਨੂੰ ਆਪਣੀ ਜਿੰਦਗੀ ਜਿਊਂਣ ਦਾ ਹੱਕ ਹੈ, ਉਸੇ ਤਰ੍ਹਾਂ ਉਸ ਅਕਾਲ ਪੁਰਖ ਵੱਲੋ ਪੈਦਾ ਕੀਤੇ ਗਏ ਜਾਨਵਰਾਂ ਤੇ ਪੰਛੀਆ ਦਾ ਵੀ ਇਹ ਹੱਕ ਹੈ ਕਿ ਉਹ ਬਿਨ੍ਹਾਂ ਕਿਸੇ ਇਨਸਾਨੀ ਰੋਕ-ਟੋਕ ਤੋ ਇਨ੍ਹਾਂ ਦਰੱਖਤਾਂ ਤੇ ਜੰਗਲਾਂ ਵਿਚ ਆਪਣਾ ਜੀਵਨ ਬਸਰ ਕਰ ਸਕਣ ਅਤੇ ਵੱਧ ਫੁੱਲ ਸਕਣ, ਉਸੇ ਤਰ੍ਹਾਂ ਉਨ੍ਹਾਂ ਲਈ ਵੀ ਹੁਕਮਰਾਨ ਅਜਿਹਾ ਮਾਹੌਲ ਉਤਪੰਨ ਕਰਨਗੇ ਕਿ ਉਹ ਵੀ ਆਜਾਦੀ ਨਾਲ ਜੀ ਤੇ ਵੱਧ ਫੁੱਲ ਸਕਣ ।