ਜਿਹੜੇ ਹੁਕਮਰਾਨ ਜਾਂ ਲੋਕ ਸਿੱਖਾਂ ਦੇ ਖਿਲਾਫ਼ ਅਮਲ ਕਰਦੇ ਹਨ, ਉਨ੍ਹਾਂ ਨੂੰ ਹੀ ਕਾਂਗਰਸ, ਬੀਜੇਪੀ ਮੁਤੱਸਵੀ ਪਾਰਟੀਆ ਕਿਉਂ ਅਪਣਾ ਰਹੀਆ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ, 09 ਅਪ੍ਰੈਲ ( ) “ਇਹ ਸਮੁੱਚੇ ਇੰਡੀਅਨ ਨਿਵਾਸੀਆ ਅਤੇ ਦੁਨੀਆ ਨੂੰ ਪਤਾ ਹੈ ਕਿ ਜੋ ਬੀਤੇ ਸਮੇ ਵਿਚ ਨਹਿਰੂ, ਗਾਂਧੀ ਨਾਲ ਤੀਜਾ ਆਗੂ ਪਟੇਲ ਹੋਇਆ ਹੈ, ਉਸਨੇ ਸਰਬੱਤ ਦਾ ਭਲਾ ਲੋੜਨ ਵਾਲੀ ਅਤੇ ਹਰ ਇਨਸਾਨ ਦੇ ਦੁੱਖ-ਸੁੱਖ ਵਿਚ ਭਾਗੀਦਾਰ ਬਣਨ ਵਾਲੀ, ਇਨਸਾਨੀਅਤ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੀ ਸਿੱਖ ਕੌਮ ਨੂੰ ਲਿਖਤੀ ਰੂਪ ਵਿਚ ‘ਜਰਾਇਮ ਪੇਸਾ’ ਕਰਾਰ ਦੇ ਕੇ ਸਿੱਖ ਕੌਮ ਦੇ ਕੌਮਾਂਤਰੀ ਅਕਸ ਨੂੰ ਵਿਗਾੜਨ ਦੀ ਵੱਡੀ ਗੁਸਤਾਖੀ ਕੀਤੀ ਸੀ । ਜਦੋਕਿ ਇੰਡੀਆ ਨੂੰ ਆਜਾਦ ਕਰਵਾਉਣ, ਫਾਸੀ ਦੀਆਂ ਸਜਾਵਾਂ, ਕਾਲੇਪਾਣੀ ਦੀਆਂ ਸਜਾਵਾਂ, ਸ਼ਹਾਦਤਾਂ ਵਿਚ 80% ਯੋਗਦਾਨ ਸਿੱਖ ਕੌਮ ਦਾ ਹੈ । ਸਾਨੂੰ ਇਹ ਸਮਝ ਨਹੀ ਆਉਦੀ ਕਿ ਭਾਵੇ ਉਹ ਕਾਂਗਰਸ ਹੋਵੇ, ਭਾਵੇ ਬੀਜੇਪੀ-ਆਰ.ਐਸ.ਐਸ, ਭਾਵੇ ਆਮ ਆਦਮੀ ਪਾਰਟੀ ਜਾਂ ਪੰਜਾਬ ਵਿਰੋਧੀ ਜਮਾਤਾਂ । ਇਹ ਸਭ ਉਨ੍ਹਾਂ ਲੋਕਾਂ ਤੇ ਬੀਤੇ ਸਮੇ ਦੇ ਆਗੂਆ ਨੂੰ ਅਪਣਾਉਣ ਲਈ ਇਕ ਦੂਜੇ ਤੋ ਅੱਗੇ ਵੱਧਕੇ ਦਾਅਵੇ ਕਰਦੀਆ ਹਨ ਜੋ ਹਮੇਸ਼ਾਂ ਪੰਜਾਬ ਸੂਬੇ, ਪੰਜਾਬੀਆਂ ਅਤੇ ਵਿਸੇਸ ਤੌਰ ਤੇ ਸਿੱਖ ਕੌਮ ਦੀ ਗੈਰ ਦਲੀਲ ਢੰਗ ਨਾਲ ਵਿਰੋਧਤਾ ਕਰਦੇ ਰਹੇ ਹਨ । ਅੱਜ ਬੀਜੇਪੀ, ਕਾਂਗਰਸ ਦੋਵੇ ਜਮਾਤਾਂ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਪਟੇਲ ਨੂੰ ਆਪਣਾ ਕਹਿਕੇ ਇਸ ਗੱਲ ਨੂੰ ਖੁਦ ਹੀ ਸਾਬਤ ਕਰ ਰਹੀਆ ਹਨ । ਪਰ ਅਜਿਹਾ ਸਿੱਖ ਕੌਮ ਨਾਲ ਇਹ ਹੁਕਮਰਾਨ ਗੈਰ ਇਨਸਾਨੀ ਵਿਵਹਾਰ ਕਿਉਂ ਕਰ ਰਹੇ ਹਨ ਕੀ ਸਿੱਖ ਇੰਡੀਅਨ ਨਾਗਰਿਕ ਜਾਂ ਨਿਵਾਸੀ ਨਹੀ ਹਨ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਤੱਸਵੀ ਬੀਜੇਪੀ-ਆਰ.ਐਸ.ਐਸ, ਕਾਂਗਰਸ ਤੇ ਹੋਰ ਹਿੰਦੂਤਵ ਪਾਰਟੀਆ ਵੱਲੋ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਬੀਤੇ ਸਮੇ ਦੇ ਅਤੇ ਅਜੋਕੇ ਸਮੇ ਦੇ ਆਗੂਆ ਨੂੰ ਅਪਣਾਉਣ ਦੇ ਦਾਅਵੇ ਕਰਨ ਵਾਲੀਆ ਇਨ੍ਹਾਂ ਫਿਰਕੂ ਪਾਰਟੀਆ ਨੂੰ ਦੁਨੀਆ ਦੇ ਚੌਰਾਹੇ ਵਿਚ ਖੜ੍ਹਾ ਕਰਦੇ ਹੋਏ ਇਹ ਪ੍ਰਸਨ ਪੁੱਛਿਆ ਕਿ ਸਿੱਖ ਕੌਮ ਨਾਲ ਇਹ ਲੋਕ ਅਜਿਹਾ ਵਿਵਹਾਰ ਕਿਉਂ ਕਰ ਰਹੇ ਹਨ, ਦੇ ਵਿਚਾਰ ਪ੍ਰਗਟ ਕੀਤੇ । ਉਨ੍ਹਾਂ ਇਕ ਹੋਰ ਵੱਖਰੇ ਬਿਆਨ ਵਿਚ ਇਸ ਗੱਲ ਤੇ ਗਹਿਰਾ ਦੁੱਖ ਤੇ ਹੈਰਾਨੀ ਪ੍ਰਗਟ ਕੀਤੀ ਕਿ ਬੀਜੇਪੀ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਹੈਡਗ੍ਰਨੇਡ ਰਾਹੀ ਹਮਲਾ ਕਰਨ ਵਾਲੇ ਤਾਂ ਹਿੰਦੂ ਹੀ ਸਨ, ਫਿਰ ਸ. ਸੁਖਬੀਰ ਸਿੰਘ ਬਾਦਲ ਬਿਨ੍ਹਾਂ ਵਜਹ ਇਸ ਘਟਨਾ ਨੂੰ ਸਿੱਖਾਂ ਨਾਲ ਜੋੜਕੇ ਹਿੰਦੂ-ਸਿੱਖ ਇਕ ਹਨ ਦਾ ਪ੍ਰਚਾਰ ਕਿਸ ਮੰਦਭਾਵਨਾ ਅਧੀਨ ਕਰ ਰਹੇ ਹਨ ? ਸਿੱਖ ਕੌਮ ਨੂੰ ਬਿਨ੍ਹਾਂ ਵਜਹ ਦੋਸ਼ੀ ਕਿਉਂ ਬਣਾ ਰਹੇ ਹਨ ? ਉਨ੍ਹਾਂ ਅਜਿਹੇ ਪੱਗੜੀਧਾਰੀ ਸਿੱਖ ਆਗੂਆ ਵੱਲੋ ਆਪਣੇ ਸਵਾਰਥੀ ਤੇ ਨਿੱਜੀ ਹਿੱਤਾ ਦੀ ਪੂਰਤੀ ਅਧੀਨ ਸਮੁੱਚੇ ਮੁਲਕ ਵਿਚ ਸਰਬੱਤ ਦਾ ਭਲਾ ਲੋੜਨ ਵਾਲੀ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਰੱਖਿਆ ਕਰਨ ਵਾਲੀ ਸਿੱਖ ਕੌਮ ਨੂੰ ਹਰ ਖੇਤਰ ਵਿਚ ਸੱਕੀ ਬਣਾਉਣ ਪਿੱਛੇ ਇਨ੍ਹਾਂ ਦਾ ਕੀ ਸਵਾਰਥ ਹੈ ? ਉਨ੍ਹਾਂ ਕਿਹਾ ਕਿ ਜਿਸ ਸਿੱਖ ਲੀਡਰਸਿਪ ਨੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੇ ਅਕਸ ਨੂੰ ਹਰ ਖੇਤਰ ਵਿਚ ਅੱਗੇ ਵਧਾਉਣਾ ਹੈ, ਉਹ ਸਿੱਖ ਲੀਡਰਸਿਪ ਹੀ ਪੰਜਾਬ ਸੂਬੇ ਤੇ ਗੁਆਢੀ ਸੂਬਿਆਂ ਵਿਚ ਸਿੱਖ ਕੌਮ ਦੀ ਸਾਖ ਨੂੰ ਖੋਰਾ ਕਿਉਂ ਲਗਾ ਰਹੀ ਹੈ ਅਤੇ ਹਿੰਦੂਤਵ ਜਮਾਤਾਂ ਦੇ ਗੁਲਾਮ ਬਣਕੇ ਆਪਣੀਆ ਕੁਰਸੀਆ ਪ੍ਰਾਪਤ ਕਰਨ, ਸਿਆਸਤ ਨੂੰ ਚੱਲਦਾ ਰੱਖਣ ਲਈ ਐਨਾ ਨਿਘਾਰ ਵੱਲ ਕਿਉ ਜਾ ਰਹੇ ਹਨ ? ਜਦੋਕਿ ਸਿੱਖ ਕੌਮ ਦਾ ਇਤਿਹਾਸ ਤਾਂ ਸਿੱਖੀ ਰਵਾਇਤਾ, ਪੰ੍ਰਪਰਾਵਾਂ ਅਤੇ ਸੋਚ ਨੂੰ ਹਰ ਕੀਮਤ ਤੇ ਜਿਊਦਾ ਰੱਖਣ ਅਤੇ ਸਿੱਖੀ ਦੇ ਬੂਟੇ ਨੂੰ ਕੌਮਾਂਤਰੀ ਪੱਧਰ ਤੇ ਪ੍ਰਫੁੱਲਿਤ ਕਰਨ ਦੇ ਨਾਲ-ਨਾਲ ਇਨਸਾਨੀ ਤੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲਾ ਰਿਹਾ ਹੈ । ਇਹ ਸਵਾਰਥੀ ਲੀਡਰਸਿਪ ਕਿੱਧਰ ਨੂੰ ਜਾ ਰਹੀ ਹੈ ਇਸ ਉਤੇ ਸਿੱਖ ਕੌਮ ਸੰਜੀਦਗੀ ਨਾਲ ਗੌਰ ਵੀ ਕਰੇ ਅਤੇ ਆਉਣ ਵਾਲੇ ਸਮੇ ਵਿਚ ਸਿੱਖੀ ਸੋਚ ਅਤੇ ਸਿੱਖੀ ਰਵਾਇਤਾ ਪ੍ਰਫੁੱਲਿਤ ਹੋਣ ਉਸ ਲਈ ਸੁਚੇਤ ਰਹਿੰਦੇ ਹੋਏ ਸਮੂਹਿਕ ਉਦਮ ਵੀ ਕਰੇ ।