ਜਿੰਨੇ ਸਮੇ ਲਈ ਇੰਟਰਨੈਟ ਸੇਵਾਵਾਂ ਬੰਦ ਰਹੀਆ, ਉਪਭੋਗਤਾਵਾ ਨੂੰ ਉਸਦੇ ਭੇਜੇ ਗਏ ਬਿੱਲ ਤੁਰੰਤ ਖਤਮ ਹੋਣ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ, 06 ਮਾਰਚ ( ) “ਬੀਤੇ ਸਮੇ ਵਿਚ ਪਹਿਲਾ ਕਿਸਾਨ ਅੰਦੋਲਨ ਸੁਰੂ ਹੋਣ ਤੋ ਲੈਕੇ ਅੱਜ ਤੱਕ ਸੈਟਰ ਏਜੰਸੀਆ ਤੇ ਹੁਕਮਰਾਨ ਕਿਸਾਨ, ਖੇਤ-ਮਜਦੂਰ ਨਾਲ ਬੇਇਨਸਾਫ਼ੀ ਕਰਦੇ ਆ ਰਹੇ ਹਨ । ਹੁਣ ਜਦੋ ਦੂਜਾ ਕਿਸਾਨ ਅੰਦੋਲਨ ਸੁਰੂ ਹੋਇਆ ਹੈ, ਉਸ ਸਮੇ ਤੋ ਲੈਕੇ ਅੱਜ ਤੱਕ ਆਈ.ਬੀ ਦੀ ਸੈਟਰ ਏਜੰਸੀ ਦੇ ਕਹਿਣ ਉਤੇ ਦੂਰਸੰਚਾਰ ਵਿਭਾਗ ਇੰਡੀਆ ਨੇ 15-20 ਦਿਨਾਂ ਲਈ ਪੰਜਾਬ ਸੂਬੇ ਦੀਆਂ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆ ਸਨ । ਜਿਸ ਨਾਲ ਕੇਵਲ ਪੰਜਾਬ ਸੂਬੇ ਤੇ ਪੰਜਾਬੀਆਂ ਦੇ ਵਪਾਰ, ਆਰਥਿਕਤਾ ਦੇ ਨਾਲ-ਨਾਲ ਸਮਾਜਿਕ ਸੰਬੰਧਾਂ ਉਤੇ ਵੀ ਨਾਂਹਵਾਚਕ ਪ੍ਰਭਾਵ ਹੀ ਨਹੀ ਪਿਆ ਬਲਕਿ ਜਮਹੂਰੀਅਤ ਪਸੰਦ ਮੁਲਕ ਵਿਚ ਜੋ ਇੰਟਰਨੈਟ ਸੇਵਾਵਾਂ ਦੀ ਵਰਤੋ ਕਰਨ ਦਾ ਸਭਨਾਂ ਨੂੰ ਵਿਧਾਨਿਕ ਅਧਿਕਾਰ ਹੈ, ਉਸ ਨੂੰ ਬੰਦ ਕਰਕੇ ਸਰਕਾਰ ਨੇ ਸਾਡੇ ਪੰਜਾਬੀਆਂ ਦੇ ਕਾਨੂੰਨੀ ਨਿੱਜੀ ਹੱਕ ਉਤੇ ਡਾਕਾ ਮਾਰਿਆ ਹੈ । ਇਹ ਵਿਧਾਨ ਦੇ ਆਰਟੀਕਲ 21 ਦੀ ਵੀ ਘੋਰ ਉਲੰਘਣਾ ਹੈ । ਜਿਸ ਸੰਬੰਧੀ ਸਰਕਾਰ ਵੱਲੋ ਇਨ੍ਹਾਂ 15-20 ਦਿਨਾਂ ਦੇ ਉਪਭੋਗਤਾਵਾ ਨੂੰ ਭੇਜੇ ਗਏ ਬਿੱਲ ਗੈਰ ਕਾਨੂੰਨੀ ਅਤੇ ਸਰਕਾਰ ਵੱਲੋ ਜ਼ਬਰ ਢਾਹੁਣ ਨੂੰ ਪ੍ਰਤੱਖ ਦਰਸਾਉਦੇ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਇਨ੍ਹਾਂ ਆਏ ਬਿੱਲਾਂ ਨੂੰ ਤੁਰੰਤ ਖਤਮ ਕਰਨ ਦੀ ਮੰਗ ਕਰਦਾ ਹੈ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਅੱਜ ਸੈਟਰ ਸਰਕਾਰ ਦੇ ਦੂਰਸੰਚਾਰ ਵਿਭਾਗ ਨੂੰ ਡਿਪਟੀ ਕਮਿਸਨਰ ਫਤਹਿਗੜ੍ਹ ਸਾਹਿਬ ਰਾਹੀ ਦਿੱਤੇ ਗਏ ਇਕ ਯਾਦ ਪੱਤਰ ਵਿਚ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਉਪਭੋਗਤਾਵਾ ਨੂੰ ਉਪਰੋਕਤ 15-20 ਦਿਨਾਂ ਤੱਕ ਇਹ ਸੇਵਾਵਾਂ ਪ੍ਰਾਪਤ ਹੀ ਨਹੀ ਹੋਈਆ ਤਾਂ ਉਨ੍ਹਾਂ ਨੂੰ ਬਿੱਲ ਭੇਜਕੇ ਮਾਲੀ ਬੋਝ ਕਿਉਂ ਪਾਇਆ ਜਾ ਰਿਹਾ ਹੈ ? ਇਹ ਤਾਂ ਚਾਹੀਦਾ ਹੈ ਕਿ ਸਰਕਾਰ ਇਸ ਸਮੇ ਦੌਰਾਨ ਦੇ ਬਿੱਲਾਂ ਉਤੇ ਲੀਕ ਮਾਰਕੇ ਉਪਭੋਗਤਾਵਾ ਨਾਲ ਇਨਸਾਫ ਕਰੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਦੂਰਸੰਚਾਰ ਵਿਭਾਗ ਇੰਡੀਆ ਇਸ ਅਤਿ ਸੰਜੀਦਾ ਇਥੋ ਦੇ ਨਾਗਰਿਕਾਂ ਨਾਲ ਸੰਬੰਧਤ ਗੰਭੀਰ ਮੁੱਦੇ ਤੇ ਗੌਰ ਕਰਦੇ ਹੋਏ ਇਨ੍ਹਾਂ ਬਿੱਲਾਂ ਨੂੰ ਮੁਆਫ ਕਰ ਦੇਵੇਗਾ ।