ਜਿਵੇਂ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਸੰਬੰਧੀ ਮੁਆਵਜਾ ਦੇਣ ਦਾ ਪ੍ਰਬੰਧ ਹੈ, ਉਸੇ ਤਰ੍ਹਾਂ ਛੋਟੇ ਦੁਕਾਨਦਾਰਾਂ ਦਾ ਮਾਲੀ ਨੁਕਸਾਨ ਹੋਣ ਤੇ ਉਨ੍ਹਾਂ ਨੂੰ ਵੀ ਮੁਆਵਜਾ ਦਿੱਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 06 ਮਾਰਚ ( ) “ਜਦੋਂ ਗੜ੍ਹੇਮਾਰੀ, ਤੂਫਾਨ, ਮੀਹ, ਹਨ੍ਹੇਰੀ, ਹੜਾਂ ਅਤੇ ਹੋਰ ਮੌਸਮੀ ਤਬਦੀਲੀ ਦੀ ਬਦੌਲਤ ਕਿਸਾਨਾਂ ਦੀਆਂ ਖੇਤਾਂ ਵਿਚ ਖੜ੍ਹੀਆਂ ਫਸਲਾਂ ਦਾ ਬਹੁਤ ਭਾਰੀ ਨੁਕਸਾਨ ਹੋ ਜਾਂਦਾ ਹੈ ਤਾਂ ਜਿਵੇ ਸਰਕਾਰ ਵੱਲੋ ਉਨ੍ਹਾਂ ਨੁਕਸਾਨੀਆ ਫ਼ਸਲਾਂ ਦੀਆਂ ਜਮੀਨਾਂ ਦੀ ਗਿਰਦਾਵਰੀ ਕਰਕੇ ਸਰਕਾਰੀ ਖਜਾਨੇ ਵਿਚੋ ਕਿਸਾਨਾਂ ਨੂੰ ਮਾਲੀ ਮਦਦ ਦੇਣ ਦਾ ਪ੍ਰਬੰਧ ਹੈ, ਉਸੇ ਤਰ੍ਹਾਂ ਜਦੋਂ ਛੋਟੇ ਦੁਕਾਨਦਾਰ ਜੋ ਵੱਡੇ-ਵੱਡੇ ਮੌਲਾ ਅਤੇ ਕਾਰਪੋਰੇਟ ਘਰਾਣਿਆ ਦੀਆਂ ਮਾਰੂ ਨੀਤੀਆਂ ਹੇਠ ਛੋਟੇ ਦੁਕਾਨਦਾਰਾਂ ਦਾ ਨੁਕਸਾਨ ਹੋ ਜਾਂਦਾ ਹੈ ਜਾਂ ਉਨ੍ਹਾਂ ਦੀਆਂ ਦੁਕਾਨਾਂ ਕਿਸੇ ਵਜਹ ਕਾਰਨ ਸੜ ਜਾਂਦੀਆਂ ਹਨ, ਤਾਂ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਸਰਕਾਰੀ ਤੌਰ ਤੇ ਮੁਆਵਜਾ ਦੇਣ ਦਾ ਉਚਿੱਤ ਪ੍ਰਬੰਧ ਹੋਣਾ ਚਾਹੀਦਾ ਹੈ । ਜਿਵੇ ਫਸਲਾਂ ਦੇ ਨੁਕਸਾਨ ਸਮੇ ਦਿੱਤਾ ਜਾਂਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਚੇਚੇ ਤੌਰ ਤੇ ਛੋਟੇ ਦੁਕਾਨਦਾਰਾਂ, ਕਾਰੋਬਾਰੀਆਂ ਆਦਿ ਦਾ ਵੱਡੇ ਘਰਾਣਿਆ ਅਤੇ ਵੱਡੇ-ਵੱਡੇ ਮੌਲਾਂ ਦੀ ਬਦੌਲਤ ਜੋ ਨੁਕਸਾਨ ਝੱਲਣਾ ਪੈ ਰਿਹਾ ਹੈ ਜਾਂ ਅੱਗ ਲੱਗਣ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਵਿਚ ਪਿਆ ਸਮਾਨ ਸੜ ਜਾਂਦਾ ਹੈ, ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਮੁਆਵਜਾ ਮਿਲਣ ਦੀ ਬਾਦਲੀਲ ਢੰਗ ਨਾਲ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਕਸਰ ਹੀ ਇਹ ਦੇਖਣ ਵਿਚ ਆਇਆ ਹੈ ਕਿ ਵੱਡੇ-ਵੱਡੇ ਕਾਰਪੋਰੇਟ ਘਰਾਣੇ, ਜਖੀਰੇਬਾਜ, ਛੋਟੇ ਦੁਕਾਨਦਾਰਾਂ ਵੱਲੋ ਵੇਚੀਆ ਜਾਣ ਵਾਲੀਆ ਵਸਤਾਂ ਦੇ ਵੱਡੇ-ਵੱਡੇ ਭੰਡਾਰ ਜਮ੍ਹਾ ਕਰ ਲੈਦੇ ਹਨ । ਜਦੋਕਿ ਛੋਟੇ ਦੁਕਾਨਦਾਰਾਂ ਕੋਲ ਅਜਿਹਾ ਕਰਨ ਦੀ ਵਿਵਸਥਾਂ ਨਹੀ ਹੁੰਦੀ । ਫਿਰ ਕਈ ਵਾਰੀ ਛੋਟੀਆ ਦੁਕਾਨਾਂ ਵਾਲਿਆ ਜਾਂ ਕਾਰੋਬਾਰੀਆਂ ਦੇ ਕਾਰੋਬਾਰਾਂ ਵਿਚ ਅੱਗ ਲੱਗ ਜਾਂਦੀ ਹੈ ਅਤੇ ਸਮਾਨ ਸੜਕੇ ਸੁਆਹ ਹੋ ਜਾਂਦਾ ਹੈ ਜਿਸ ਨਾਲ ਉਨ੍ਹਾਂ ਪਰਿਵਾਰਾਂ ਨੂੰ ਮਾਲੀ ਤੌਰ ਤੇ ਬਹੁਤ ਵੱਡਾ ਸੰਕਟ ਖੜ੍ਹਾ ਹੋ ਜਾਂਦਾ ਹੈ । ਅਜਿਹੇ ਸਮੇ ਉਨ੍ਹਾਂ ਲਈ ਕੋਈ ਰਾਹ ਨਹੀ ਹੁੰਦਾ ਕਿ ਉਹ ਆਪਣੇ ਪਰਿਵਾਰ ਦਾ ਖਰਚਾ ਚਲਾਉਣ ਲਈ ਜਾਂ ਆਪਣੇ ਕਾਰੋਬਾਰ ਨੂੰ ਫਿਰ ਤੋ ਖੜ੍ਹਾ ਕਰਨ ਲਈ ਕੋਈ ਸਹਾਇਤਾ ਪ੍ਰਾਪਤ ਕਰ ਸਕਣ । ਇਸ ਲਈ ਇਹ ਸਰਕਾਰ ਵੱਲੋ ਜਰੂਰੀ ਹੋਣਾ ਚਾਹੀਦਾ ਹੈ ਕਿ ਅਜਿਹੇ ਛੋਟੇ ਦੁਕਾਨਦਾਰਾਂ ਦੇ ਹੋਣ ਵਾਲੇ ਨੁਕਸਾਨ ਦੀ ਪੂਰਤੀ ਵੀ ਸਰਕਾਰੀ ਖਜਾਨੇ ਵਿਚੋ ਕਰਨ ਦਾ ਪ੍ਰਬੰਧ ਹੋਵੇ । ਉਨ੍ਹਾਂ ਉਮੀਦ ਕੀਤੀ ਕਿ ਸਰਕਾਰ ਪਹਿਲ ਦੇ ਆਧਾਰ ਤੇ ਅਜਿਹਾ ਪ੍ਰਬੰਧ ਕਰ ਦੇਵੇਗੀ ।