ਬਰਗਾੜੀ ਮੋਰਚੇ ਨੂੰ ਚੱਲਦਿਆ 2 ਸਾਲ ਪੂਰੇ ਹੋਣ ਤੇ 04 ਜੁਲਾਈ ਨੂੰ ਬਰਗਾੜੀ ਵਿਖੇ ਅਗਲੀ ਰਣਨੀਤੀ ਲਈ ਰੱਖੇ ਇਕੱਠ ਵਿਚ ਸਮੂਹ ਖ਼ਾਲਸਾ ਪੰਥ ਸਮੂਲੀਅਤ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 03 ਜੁਲਾਈ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਾਜਸੀ ਢੰਗ ਨਾਲ ਹੁੰਦੀਆ ਆ ਰਹੀਆ ਬੇਅਦਬੀਆਂ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜਾਵਾਂ ਦਿਵਾਉਣ ਹਿੱਤ, ਬਹਿਬਲ ਕਲਾਂ ਵਿਖੇ ਪੰਜਾਬ ਪੁਲਿਸ ਵੱਲੋ 2 ਸਿੱਖ ਨੌਜਵਾਨਾਂ ਨੂੰ ਕਤਲੇਆਮ ਕਰਨ, 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਹਿੱਤ ਅਤੇ ਪੰਜਾਬ ਅਤੇ ਇੰਡੀਆ ਦੀਆਂ ਵੱਖ-ਵੱਖ ਜੇਲ੍ਹਾਂ ਵਿਚ 30-30, 35-35 ਸਾਲਾਂ ਤੋਂ ਬੰਦੀ ਬਣਾਏ ਹੋਏ ਸਿੱਖ ਨੌਜਵਾਨਾਂ ਦੀ ਤੁਰੰਤ ਰਿਹਾਈ ਆਦਿ ਪੰਥਕ ਮੁੱਦਿਆ ਨੂੰ ਲੈਕੇ 01 ਜੁਲਾਈ 2021 ਤੋਂ ਦੁਆਰਾ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਨੂੰ ਕਾਮਯਾਬੀ ਨਾਲ ਚੱਲਦੇ ਹੋਏ 2 ਸਾਲ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਜਿਸ ਲਈ 04 ਜੁਲਾਈ ਨੂੰ ਮੋਰਚੇ ਦੇ ਸਥਾਨ ਬਰਗਾੜੀ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੂਹ ਖ਼ਾਲਸਾ ਪੰਥ ਵੱਲੋ ਵੱਡਾ ਇਕੱਠ ਕਰਦੇ ਹੋਏ ਇਸ ਮਿਸਨ ਦੀ ਪ੍ਰਾਪਤੀ ਲਈ ਅਗਲੀ ਰਣਨੀਤੀ ਘੜਨ ਅਤੇ ਉਸ ਅਕਾਲ ਪੁਰਖ ਦਾ ਸੁਕਰਾਨਾ ਕਰਨ ਹਿੱਤ ਅਰਦਾਸ ਕੀਤੀ ਜਾ ਰਹੀ ਹੈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਜਿ਼ਲ੍ਹਾ ਜਥੇਬੰਦੀਆਂ, ਸਰਕਲ ਜਥੇਬੰਦੀਆਂ, ਸਮੁੱਚੇ ਅਹੁਦੇਦਾਰ ਸਾਹਿਬਾਨ ਅਤੇ ਸਭ ਜਰਨਲ ਸਕੱਤਰ, ਪੀ.ਏ.ਸੀ ਮੈਬਰਾਨ, ਅਗਜੈਕਟਿਵ ਮੈਬਰਾਨ ਦੇ ਨਾਲ-ਨਾਲ ਸਮੁੱਚੇ ਖ਼ਾਲਸਾ ਪੰਥ ਨੂੰ 04 ਜੁਲਾਈ ਨੂੰ ਬਰਗਾੜੀ ਵਿਖੇ ਹੋਣ ਵਾਲੀ ਅਰਦਾਸ ਵਿਚ ਸਾਮਿਲ ਹੋਣ ਦੀ ਅਰਜੋਈ ਕੀਤੀ ਜਾਂਦੀ ਹੈ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਅੱਜ ਪਾਰਟੀ ਦੇ ਮੁੱਖ ਦਫਤਰ ਤੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਅਹੁਦੇਦਾਰਾਂ ਤੇ ਸਮੁੱਚੇ ਖ਼ਾਲਸਾ ਪੰਥ ਨੂੰ 04 ਜੁਲਾਈ ਨੂੰ ਬਰਗਾੜੀ ਵਿਖੇ ਪਹੁੰਚਣ ਦੀ ਹਾਰਦਿਕ ਅਪੀਲ ਕਰਦੇ ਹੋਏ ਕੀਤੀ । ਉਨ੍ਹਾਂ ਕਿਹਾ ਕਿ ਇਸ ਸਮੇ ਖ਼ਾਲਸਾ ਪੰਥ ਜੋ ਆਪਣੇ ਜਨਮ ਤੋ ਲੈਕੇ ਅੱਜ ਤੱਕ ‘ਸਰਬੱਤ ਦੇ ਭਲੇ’ ਦੇ ਮਿਸਨ ਅਧੀਨ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਜਿਥੇ ਯਤਨਸ਼ੀਲ ਹੈ, ਉਥੇ ਖ਼ਾਲਸਾ ਪੰਥ ਦੀਆਂ ਉੱਚ ਰਵਾਇਤਾ, ਨਿਯਮਾਂ, ਅਸੂਲਾਂ, ਸਿਧਾਤਾਂ, ਮਰਿਯਾਦਾਵਾ ਨੂੰ ਕਾਇਮ ਰੱਖਣ ਲਈ ਨਿਰੰਤਰ ਜੂਝਦਾ ਆ ਰਿਹਾ ਹੈ । ਇਸ ਪ੍ਰੀਪੇਖ ਵਿਚ ਹੀ ਇਨਸਾਫ ਪ੍ਰਾਪਤੀ ਲਈ ਬਰਗਾੜੀ ਮੋਰਚਾ ਸੁਰੂ ਕੀਤਾ ਹੋਇਆ ਹੈ । ਜਿਸ ਵਿਚ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਰੋਜਾਨਾ ਹੀ 5 ਮੈਬਰਾਂ ਦੇ ਜਥੇ ਦੇ ਰੂਪ ਵਿਚ ਗ੍ਰਿਫਤਾਰੀਆਂ ਦਿੰਦੇ ਆ ਰਹੇ ਹਨ । ਪਰ ਅਜੇ ਤੱਕ ਸੈਟਰ ਅਤੇ ਪੰਜਾਬ ਦੀਆਂ ਹਕੂਮਤਾਂ ਉਤੇ ਸਾਡੇ ਇਸ ਮੋਰਚੇ ਦੇ ਰਾਹੀ ਕੌਮੀ ਪ੍ਰਗਟਾਏ ਜਾ ਰਹੇ ਰੋਸ਼ ਨੂੰ ਮਹਿਸੂਸ ਕਰਦੇ ਹੋਏ ਦੋਵਾਂ ਸਰਕਾਰਾਂ ਵੱਲੋ ਕੋਈ ਵੀ ਅਮਲੀ ਰੂਪ ਵਿਚ ਕਾਰਵਾਈ ਨਹੀ ਹੋਈ । ਜੋ ਹੋਰ ਵੀ ਦੁੱਖਦਾਇਕ ਅਤੇ ਸਿੱਖ ਕੌਮ ਨਾਲ ਵਿਤਕਰੇ ਤੇ ਬੇਇਨਸਾਫ਼ੀ ਵਾਲੀ ਕਾਰਵਾਈ ਹੈ । ਇਸ ਮੋਰਚੇ ਨੂੰ ਅਗਲੀ ਕੀ ਰੂਪ-ਰੇਖਾ ਦੇਣੀ ਹੈ, ਇਨਸਾਫ ਪ੍ਰਾਪਤੀ ਲਈ ਕੌਮ ਵੱਲੋ ਅਗਲੇ ਕੀ ਪ੍ਰੋਗਰਾਮ ਉਲੀਕਣੇ ਹਨ, ਉਸ ਸੰਬੰਧੀ ਖ਼ਾਲਸਾ ਪੰਥ ਨਾਲ ਵਿਚਾਰਾਂ ਕਰਨ ਹਿੱਤ ਇਹ ਇਕੱਠ ਰੱਖਿਆ ਗਿਆ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 24 ਮਹੀਨਿਆ ਦਾ ਸਮਾਂ ਬੀਤ ਜਾਣ ਤੇ 4000 ਤੋ ਉੱਪਰ ਸਿੱਖਾਂ ਵੱਲੋ ਗ੍ਰਿਫਤਾਰੀਆਂ ਦੇਣ ਦੇ ਬਾਵਜੂਦ ਵੀ ਸਿੱਖ ਕੌਮ ਨੂੰ ਬਣਦਾ ਇਨਸਾਫ਼ ਨਹੀ ਦਿੱਤਾ ਜਾ ਰਿਹਾ । ਜਿਸ ਲਈ ਮੋਰਚੇ ਦੀ ਰੂਪ ਰੇਖਾ ਨੂੰ ਪ੍ਰਭਾਵਸਾਲੀ ਬਣਾਉਣ ਅਤੇ ਮੋਰਚੇ ਦੇ ਮਕਸਦ ਦੀ ਪ੍ਰਾਪਤੀ ਲਈ ਇਸ ਵਿਚ ਤੇਜ਼ੀ ਲਿਆਉਣ ਹਿੱਤ ਵਿਚਾਰਾਂ ਹੋਣਗੀਆ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚਾ ਖ਼ਾਲਸਾ ਪੰਥ ਸਾਡੀ ਅਪੀਲ ਨੂੰ ਪ੍ਰਵਾਨ ਕਰਦੇ ਹੋਏ 04 ਜੁਲਾਈ ਨੂੰ ਬਰਗਾੜੀ ਵਿਖੇ ਹੁੰਮ ਹੁੰਮਾਕੇ ਪਹੁੰਚਕੇ ਅਗਲੇ ਹੋਣ ਵਾਲੇ ਕੌਮੀ ਫੈਸਲਿਆ ਵਿਚ ਯੋਗਦਾਨ ਪਾਉਣਗੇ ਅਤੇ ਜੋ ਵੀ ਪ੍ਰੋਗਰਾਮ ਜਾਂ ਫੈਸਲੇ ਹੋਣਗੇ, ਉਨ੍ਹਾਂ ਦੀ ਕਾਮਯਾਬੀ ਲਈ ਹਰ ਗੁਰਸਿੱਖ ਆਪਣਾ ਕੌਮੀ ਫਰਜ ਸਮਝਕੇ ਇਸ ਸੰਘਰਸ਼ ਨੂੰ ਅੱਗੇ ਤੋਰਨਗੇ ।