ਬਰਗਾੜੀ ਦੇ ਅਰਥ ਭਰਪੂਰ ਮਕਸਦ ਵਾਲੇ ਮੋਰਚੇ ਨੂੰ ਮਜ਼ਬੂਤੀ ਨਾਲ ਜਾਰੀ ਰੱਖਣ ਲਈ ਪਾਰਟੀ ਅਤੇ ਖ਼ਾਲਸਾ ਪੰਥ ਦੀ ਇਖਲਾਕੀ ਜਿੰਮੇਵਾਰੀ : ਮਾਨ
ਫ਼ਤਹਿਗੜ੍ਹ ਸਾਹਿਬ, 03 ਜੁਲਾਈ ( ) “ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੇ ਦੋਸ਼ੀਆਂ ਨੂੰ, ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਹਿੱਤ ਹੀ ਸਰਬੱਤ ਖ਼ਾਲਸਾ ਰਾਹੀ ਨਿਯੁਕਤ ਕੀਤੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਬਰਗਾੜੀ ਮੋਰਚਾ ਕਾਮਯਾਬੀ ਨਾਲ ਚੱਲਿਆ । ਪਰ ਉਨ੍ਹਾਂ ਵੱਲੋਂ ਇਹ ਜਿੰਮੇਵਾਰੀ ਵਿਚ ਹੀ ਛੱਡ ਜਾਣ ਦੀ ਬਦੌਲਤ ਫਿਰ ਇਸ ਮੋਰਚੇ ਦੀ ਅਗਵਾਈ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬਾਖੂਬੀ ਮਜਬੂਤੀ ਤੇ ਕਾਮਯਾਬੀ ਨਾਲ ਨਿਭਾਉਦੇ ਰਹੇ । ਲੇਕਿਨ ਉਨ੍ਹਾਂ ਵੱਲੋ ਵੀ ਇਹ ਜਿੰਮੇਵਾਰੀ ਅੱਧਵਾਟੇ ਛੱਡਕੇ ਆਪਣੀਆ ਸੇਵਾਵਾਂ ਤੋ ਲਾਭੇ ਹੋ ਗਏ । ਪਰ ਬਰਗਾੜੀ ਦੇ ਚੱਲ ਰਹੇ ਕੌਮੀ ਮੋਰਚੇ ਨੂੰ ਦ੍ਰਿੜਤਾ ਅਤੇ ਮਕਸਦ ਦੀ ਪ੍ਰਾਪਤੀ ਤੱਕ ਚੱਲਦਾ ਰੱਖਣਾ ਸਾਡਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਅਤੇ ਖ਼ਾਲਸਾ ਪੰਥ ਦੀ ਸਾਂਝੀ ਅਤੇ ਵੱਡੀ ਜਿੰਮੇਵਾਰੀ ਹੈ । ਆਉਣ ਵਾਲੇ ਕੱਲ੍ਹ ਮਿਤੀ 04 ਜੁਲਾਈ ਨੂੰ ਇਸ ਦੁਬਾਰਾ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਨੂੰ 2 ਸਾਲ ਦਾ ਸਮਾਂ ਪੂਰਨ ਹੋ ਰਿਹਾ ਹੈ, ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬਰਗਾੜੀ ਵਿਖੇ ਇਕੱਠ ਕਰਕੇ ਅਗਲੀ ਰਣਨੀਤੀ ਵਿਚ ਤੇਜ਼ੀ ਲਿਆਉਣ ਅਤੇ ਮਕਸਦ ਦੀ ਮੰਜਿਲ ਵੱਲ ਵੱਧਣ ਲਈ ਸਮੂਹਿਕ ਅਰਦਾਸ ਕੀਤੀ ਜਾ ਰਹੀ ਹੈ । ਹੁਣ ਸਾਡੀ ਸਭ ਦੀ ਇਹ ਕੌਮੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਜਦੋ ਤੱਕ ਅਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕਰਨ ਵਾਲੇ ਦੋਸ਼ੀਆਂ ਅਤੇ ਸਿੱਖ ਨੌਜਵਾਨੀ ਦੇ ਕਾਤਲਾਂ ਜਿਨ੍ਹਾਂ ਵਿਚ ਸ. ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ ਅਤੇ ਸਿਰਸੇਵਾਲਾ ਰਾਮ ਰਹੀਮ ਸਾਧ ਆਦਿ ਸਭਨਾਂ ਨੂੰ ਕਾਨੂੰਨ ਅਨੁਸਾਰ ਬਣਦੀਆਂ ਸਜਾਵਾਂ ਨਾ ਦਿਵਾ ਦੇਈਏ ਅਤੇ ਸੈਟਰ-ਪੰਜਾਬ ਦੀਆਂ ਸਰਕਾਰਾਂ ਨੂੰ ਇਹ ਜਿੰਮੇਵਾਰੀ ਪੂਰਨ ਕਰਨ ਲਈ ਮਜਬੂਰ ਨਾ ਕਰ ਦੇਈਏ, ਉਸ ਸਮੇ ਤੱਕ ਸਾਨੂੰ ਸਭਨਾਂ ਨੂੰ ਬਰਗਾੜੀ ਮੋਰਚੇ ਨੂੰ ਸਹੀ ਦਿਸ਼ਾ ਵੱਲ ਚਲਾਉਣ ਲਈ ਆਪਣਾ ਹਰ ਪੱਖੋ ਯੋਗਦਾਨ ਪਾਉਣਾ ਫਰਜ ਬਣਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 04 ਜੁਲਾਈ ਨੂੰ ਬਰਗਾੜੀ ਮੋਰਚੇ ਦੇ ਚੱਲਦਿਆ ਨੂੰ 2 ਸਾਲ ਪੂਰੇ ਹੋਣ ਉਤੇ ਬਰਗਾੜੀ ਦੇ ਸਥਾਂਨ ਤੇ ਕੀਤੇ ਜਾਣ ਵਾਲੇ ਅਰਦਾਸ ਸਮਾਗਮ ਅਤੇ ਕੌਮ ਦੀ ਅਗਲੀ ਰਣਨੀਤੀ ਘੜਨ ਲਈ ਹੋਣ ਵਾਲੇ ਫਸਲਿਆ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਅਤੇ ਸਮੁੱਚੇ ਖ਼ਾਲਸਾ ਪੰਥ ਨੂੰ ਆਪੋ ਆਪਣੇ ਸਾਧਨਾਂ ਰਾਹੀ ਸਵੇਰੇ 11 ਵਜੇ ਗੁਰਦੁਆਰਾ ਬਰਗਾੜੀ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਕੌਮਾਂ ਦੇ ਸੰਘਰਸ਼ ਚੱਲਦੇ ਹਨ, ਉਸ ਵਿਚ ਕਈ ਤਰ੍ਹਾਂ ਦੇ ਉਤਰਾਅ-ਚੜਾਅ ਆਉਣੇ ਸੁਭਾਵਿਕ ਹਨ । ਲੇਕਿਨ ਕੌਮ ਨੂੰ ਪਿਆਰ ਕਰਨ ਵਾਲੀਆ ਅਤੇ ਦਰਦ ਰੱਖਣ ਵਾਲੀਆ ਆਤਮਾਵਾ ਕਦੀ ਵੀ ਉਸ ਸਮੇ ਤੱਕ ਚੈਨ ਨਾਲ ਨਹੀ ਬੈਠਦੀਆਂ ਜਦੋ ਤੱਕ ਕੌਮੀ ਮਿਸਨ ਦੀ ਸਮੂਹਿਕ ਰੂਪ ਵਿਚ ਪ੍ਰਾਪਤੀ ਨਹੀ ਹੋ ਜਾਂਦੀ । ਜਿਸ ਮਕਸਦ ਲਈ ਕੋਈ ਮੋਰਚਾ ਜਾਂ ਸੰਘਰਸ਼ ਸੁਰੂ ਕੀਤਾ ਹੋਵੇ ਉਸਦੀ ਮੰਜਿਲ ਨਹੀ ਮਿਲ ਜਾਂਦੀ । ਇਸ ਲਈ ਸਭ ਸਿੱਖਾਂ ਨੂੰ ਸ. ਮਾਨ ਨੇ ਸੰਜੀਦਾ ਅਪੀਲ ਕੀਤੀ ਕਿ ਉਹ ਆਉਣ ਵਾਲੇ ਕੱਲ੍ਹ ਅਤੇ ਹੋਰ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਵਿਚ ਵੱਧ ਚੜ੍ਹਕੇ ਯੋਗਦਾਨ ਪਾਉਦੇ ਰਹਿਣ । ਮੰਜਿਲ ਸਾਨੂੰ ਅਵੱਸ ਮਿਲੇਗੀ ।