ਪਹਿਲਗਾਮ ਦੁਖਾਂਤ ਵਾਪਰਣ ਲਈ ਮੋਦੀ ਹਕੂਮਤ ਦੀ ਘੱਟ ਗਿਣਤੀ ਕੌਮਾਂ ਪ੍ਰਤੀ ਮੰਦਭਾਵਨਾ ਅਤੇ ਦੋਸ਼ਪੂਰਨ ਰਾਜ ਪ੍ਰਬੰਧ ਜਿੰਮੇਵਾਰ : ਮਾਨ
ਇਕ ਅਸਫਲ ਮਿਸਤਰੀ ਆਪਣੇ ਔਜਾਰਾਂ ਨੂੰ ਅਕਸਰ ਦੋਸ਼ੀ ਠਹਿਰਾਉਦਾ ਹੈ
ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ ( ) “ਜਦੋ ਇੰਡੀਆ ਕੋਲ ਕੈਬਨਿਟ ਸਕੱਤਰ, ਰਾਅ, ਆਈ.ਬੀ, ਮਿਲਟਰੀ ਇੰਨਟੈਲੀਜੈਸ, ਐਨ.ਆਈ.ਏ. ਕੌਮੀ ਸੁਰੱਖਿਆ ਸਲਾਹਕਾਰ, ਬੀ.ਐਸ.ਐਫ, ਸੀ.ਆਰ.ਪੀ.ਐਫ, ਆਈ.ਟੀ.ਬੀ.ਪੀ, ਸੀ.ਆਈ.ਐਸ.ਐਫ, ਜੰਮੂ ਕਸਮੀਰ ਤੇ ਪੰਜਾਬ ਦੇ ਖੂਫੀਆ ਵਿੰਗ ਹਨ ਫਿਰ ਪਹਿਲਗਾਮ ਦੁਖਾਂਤ ਵਾਪਰਣ ਦੀ ਇਨ੍ਹਾਂ ਉਪਰੋਕਤ ਸਭ ਫੋਰਸਾਂ ਤੇ ਏਜੰਸੀਆ ਨੇ ਜਾਣਕਾਰੀ ਕਿਉਂ ਨਹੀ ਪ੍ਰਾਪਤ ਕੀਤੀ ? ਜਦੋ ਮੋਦੀ ਦਾ ਪ੍ਰਬੰਧ ਤੇ ਖੂਫੀਆ ਏਜੰਸੀਆ ਹੀ ਸਹੀ ਸਮੇ ਸਹੀ ਜਾਣਕਾਰੀ ਪ੍ਰਾਪਤ ਕਰਨ ਵਿਚ ਅਸਫਲ ਸਾਬਤ ਹੋਈਆ ਹਨ, ਤਾਂ ਹੁਣ ਬਿਨ੍ਹਾਂ ਕਿਸੇ ਤੱਥਾਂ ਅਤੇ ਜਾਂਚ ਤੋ ਗੁਆਂਢੀ ਮੁਲਕ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਦਾ ਤਾਂ ਉਸੇ ਤਰ੍ਹਾਂ ਦੇ ਅਮਲ ਹਨ ਜਿਵੇ ਇਕ ਅਸਫਲ ਮਿਸਤਰੀ ਆਪਣੇ ਹੀ ਔਜਾਰਾਂ ਨੂੰ ਦੋਸ਼ੀ ਠਹਿਰਾ ਰਿਹਾ ਹੋਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਪਹਿਲਗਾਮ ਵਿਖੇ ਹੋਏ ਦੁਖਾਂਤ ਉਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਦੁਖਾਂਤ ਲਈ ਅਸਲੀਅਤ ਵਿਚ ਮੋਦੀ-ਸ਼ਾਹ ਹਕੂਮਤ ਦੀ ਘੱਟ ਗਿਣਤੀ ਕੌਮਾਂ ਪ੍ਰਤੀ ਮੰਦਭਾਵਨਾ ਅਤੇ ਇੰਡੀਆ ਦੇ ਦੋਸਪੂਰਨ ਪ੍ਰਬੰਧ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਅਤੇ ਫਿਰ ਰਾਜੀਵ ਗਾਂਧੀ ਨੇ ਸਿੱਖ ਕੌਮ ਦਾ ਅਣਮਨੁੱਖੀ ਢੰਗ ਨਾਲ ਕਤਲੇਆਮ ਕਰਵਾਕੇ ਇਹ ਸਾਬਤ ਕਰ ਦਿੱਤਾ ਸੀ ਕਿ ਇਹ ਹਿੰਦੂਤਵ ਹੁਕਮਰਾਨ ਸਿੱਖ ਕੌਮ ਦੇ ਦੁਸਮਣ ਹਨ । ਅਜਿਹੀ ਕਾਰਵਾਈ ਕਰਕੇ ਇਹ ਹੁਕਮਰਾਨ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਦੀ ਅਣਖ ਗੈਰਤ ਨੂੰ ਖਤਮ ਕਰਨਾ ਲੋਚਦੇ ਹਨ ਜੋ ਕਿ ਕਤਈ ਨਹੀ ਹੋ ਸਕਦੀ । 2000 ਵਿਚ ਜਦੋ ਅਮਰੀਕਨ ਪ੍ਰੈਜੀਡੈਟ ਮਿਸਟਰ ਬਿਲ ਕਲਿਟਨ ਇੰਡੀਆ ਦੌਰੇ ਤੇ ਆਏ ਸਨ ਤਾਂ ਉਸ ਸਮੇ ਦੀ ਬੀਜੇਪੀ ਸਰਕਾਰ ਵਿਚ ਗ੍ਰਹਿ ਵਜੀਰ ਸ੍ਰੀ ਅਡਵਾਨੀ ਦੇ ਗੁਪਤ ਆਦੇਸ਼ਾਂ ਉਤੇ ਫ਼ੌਜ ਵੱਲੋ ਜੰਮੂ-ਕਸਮੀਰ ਦੇ ਚਿੱਠੀਸਿੰਘਪੁਰਾ ਵਿਖੇ 43 ਨਿਹੱਥੇ ਅਤੇ ਨਿਰਦੋਸ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਗੋਲੀਆ ਨਾਲ ਖਤਮ ਕਰ ਦਿੱਤਾ ਗਿਆ ਸੀ । ਇਸ ਸੱਚ ਨੂੰ ਉਸ ਸਮੇ ਦੀ ਸੈਕਟਰੀ ਆਫ ਸਟੇਟ ਬੀਬੀ ਮੈਡੇਲਿਨ ਅਲਬ੍ਰਾਈਟ ਨੇ ਆਪਣੇ ਵੱਲੋ ਲਿਖੀ ਕਿਤਾਬ ਵਿਚ ਪ੍ਰਤੱਖ ਕਰ ਦਿੱਤਾ ਸੀ । ਇਸਦੇ ਸੱਚ ਨੂੰ ਸਾਹਮਣੇ ਲਿਆਕੇ ਸਾਨੂੰ ਅੱਜ ਤੱਕ ਕੋਈ ਇਨਸਾਫ ਨਹੀ ਦਿੱਤਾ ਗਿਆ । ਫਿਰ 2020 ਵਿਚ ਜਦੋਂ ਸ੍ਰੀ ਟਰੰਪ ਇੰਡੀਆ ਦੌਰੇ ਤੇ ਆਏ ਸਨ ਤਾਂ ਦਿੱਲੀ ਹਿੰਦੂ-ਮੁਸਲਿਮ ਦੰਗੇ ਕਰਵਾਏ ਗਏ । ਫਿਰ ਜਦੋ ਹੁਣ ਬੀਤੇ ਦਿਨੀਂ ਅਮਰੀਕਾ ਦੇ ਵਾਈਸ ਪ੍ਰੈਜੀਡੈਟ ਸ੍ਰੀ ਜੇ.ਡੀ ਬੈਨਸ ਆਏ ਹਨ, ਤਾਂ ਜੰਮੂ ਕਸਮੀਰ ਦੇ ਪਹਿਲਗਾਮ ਵਿਖੇ ਇਹ ਦੁਖਾਂਤ ਵਾਪਰਿਆ । ਜਿਸ ਲਈ ਮੋਦੀ-ਸ਼ਾਹ, ਭਗਵਤ ਦੀ ਤਿਕੜੀ ਸਿੱਧੇ ਤੌਰ ਤੇ ਜਿੰਮੇਵਾਰ ਹੈ । ਕੋਈ ਵੱਡੀ ਅਮਰੀਕਨ ਸਖਸੀਅਤ ਇੰਡੀਆ ਆਉਣ ਤੇ ਹੀ ਅਜਿਹੇ ਦੁਖਾਂਤ ਕਿਉਂ ਵਾਪਰਦੇ ਹਨ ? ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹੇ ਦੁਖਾਂਤ ਵਾਪਰਣ ਤੇ ਹਕੂਮਤੀ ਸਾਜਿਸਾਂ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ । ਇਨ੍ਹਾਂ ਕਤਲਾਂ ਲਈ ਸ੍ਰੀ ਮੋਦੀ ਤੋ ਇਲਾਵਾ ਗ੍ਰਹਿ ਵਜੀਰ ਅਮਿਤ ਸ਼ਾਹ, ਰੱਖਿਆ ਵਜੀਰ ਰਾਜਨਾਥ ਸਿੰਘ, ਵਿਦੇਸ਼ ਵਜੀਰ ਜੈਸੰਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਜੂੰਡਲੀ ਸਿੱਧੇ ਤੌਰ ਤੇ ਜਿੰਮੇਵਾਰ ਹੈ । ਜਿਨ੍ਹਾਂ ਨੂੰ ਅਮਰੀਕਾ ਤੇ ਕੈਨੇਡਾ ਦੀਆਂ ਹਕੂਮਤਾਂ ਨੇ ਆਪੋ ਆਪਣੇ ਮੁਲਕਾਂ ਤੇ ਪਾਰਲੀਮੈਟ ਵਿਚ ਸਿੱਖਾਂ ਦੇ ਕਤਲ ਕਰਨ ਲਈ ਜਿੰਮੇਵਾਰ ਠਹਿਰਾਇਆ ਹੈ । ਗੁਰਪੰਤਵੰਤ ਸਿੰਘ ਪੰਨੂ ਤੇ ਹਮਲਾ ਕਰਨ ਵਾਲੇ ਸਾਜਿਸਕਾਰ ਅੱਜ ਅਮਰੀਕਾ ਦੀਆਂ ਜੇਲ੍ਹਾਂ ਵਿਚ ਸਜ਼ਾ ਭੁਗਤ ਰਹੇ ਹਨ । ਜਿਨ੍ਹਾਂ ਵਿਚ ਨਿਖਿਲ ਗੁਪਤਾ ਅਤੇ ਵਿਕਾਸ ਯਾਦਵ ਮੁੱਖ ਹਨ । ਹੁਣ ਇਹ ਹੁਕਮਰਾਨ ਇਨ੍ਹਾਂ ਕਤਲਾਂ ਲਈ ਆਪਣੇ ਆਪ ਨੂੰ ਬੇਕਸੂਰ ਕਿਵੇ ਸਾਬਤ ਕਰ ਸਕਦੇ ਹਨ ?
ਉਨ੍ਹਾਂ ਕਿਹਾ ਕਿ ਫਿਰ 1819 ਵਿਚ ਖਾਲਸਾ ਰਾਜ ਦਰਬਾਰ ਦੀਆਂ ਸਾਡੀਆ ਫ਼ੌਜਾਂ ਨੇ ਅਫਗਾਨੀਸਤਾਨ ਦੇ ਸੂਬੇ ਕਸਮੀਰ ਨੂੰ ਫਤਹਿ ਕਰਕੇ ਆਪਣੇ ਰਾਜ ਭਾਗ ਵਿਚ ਸਾਮਿਲ ਕੀਤਾ ਸੀ । ਫਿਰ ਇਹ ਕਸਮੀਰ ਦਾ ਗੰਭੀਰ ਮਸਲਾ ਸਿੱਖਾਂ ਦੀ ਰਾਏ ਤੋ ਬਿਨ੍ਹਾਂ ਕਿਵੇ ਹੱਲ ਹੋ ਸਕੇਗਾ ? 1948 ਵਿਚ ਯੂਐਨਓ ਵਿਚ ਜਦੋ ਇਹ ਮਤਾ ਪਾਸ ਹੋ ਚੁੱਕਾ ਹੈ ਕਿ ਕਸਮੀਰੀਆ ਦੀ ਰਾਏਸੁਮਾਰੀ ਕਰਵਾਈ ਜਾਵੇ ਫਿਰ ਇੰਡੀਆ ਦੇ ਮੁਤੱਸਵੀ ਹੁਕਮਰਾਨ ਉਸ ਮਤੇ ਤੋ ਮੂੰਹ ਮੋੜਕੇ ਵਾਰ-ਵਾਰ ਕਸਮੀਰ ਤੇ ਮਕਬੂਜਾ ਕਸਮੀਰ ਦੇ ਮੁੱਦੇ ਨੂੰ ਉਠਾਕੇ ਖੁਦ ਹੀ ਕਿਉਂ ਇਸ ਮਸਲੇ ਨੂੰ ਪੇਚੀਦਾ ਬਣਾ ਰਹੇ ਹਨ ? ਅਮਰੀਕਾ ਦੇ ਸਾਬਕਾ ਪ੍ਰੈਜੀਡੈਟ ਵਿਲਸਨ ਨੇ ਬਹੁਤ ਪਹਿਲੇ ਕਿਹਾ ਸੀ ਕਿ ਏਸੀਆ ਖਿੱਤੇ ਦਾ ਅਮਨ ਚੈਨ ਕਾਮਰੇਡ ਚੀਨ, ਹਿੰਦੂ ਇੰਡੀਆ ਅਤੇ ਮੁਸਲਿਮ ਪਾਕਿਸਤਾਨ ਵਿਚਕਾਰ ਬਫਰ ਸਟੇਟ ਕਾਇਮ ਕਰਕੇ ਹੀ ਇਸ ਨੂੰ ਸਥਾਈ ਤੌਰ ਤੇ ਕਾਇਮ ਰੱਖਿਆ ਜਾ ਸਕਦਾ ਹੈ । ਜਦੋ ਮੈਂ ਪਾਰਲੀਮੈਟ ਮੈਬਰ ਸੀ ਤਾਂ ਮੈਂ ਪਾਰਲੀਮੈਟ ਵਿਚ ਬਾਦਲੀਲ ਢੰਗ ਨਾਲ ਇਹ ਕਿਹਾ ਸੀ ਕਿ ਜੋ ਇੰਡੀਆ ਦੀਆਂ ਖੂਫੀਆ ਏਜੰਸੀਆ ਵੱਡੇ ਪੱਧਰ ਤੇ ਬਿਨ੍ਹਾਂ ਆਡਿਟ ਕੀਤਿਆ ਗੁਪਤ ਫੰਡ ਖਰਚ ਕਰਦੇ ਹਨ ਉਸ ਲਈ ਇਹ ਏਜੰਸੀਆ ਪਾਰਲੀਮੈਟ ਨੂੰ ਜੁਆਬਦੇਹ ਹੋਣੀਆ ਚਾਹੀਦੀਆ ਹਨ ਜਿਸ ਤੇ ਕੋਈ ਅਮਲ ਨਹੀ ਕੀਤਾ ਗਿਆ । ਇਹੀ ਵਜਹ ਹੈ ਕਿ ਇਨ੍ਹਾਂ ਫੰਡਾਂ ਦੀ ਦੁਰਵਰਤੋ ਕਰਕੇ ਹੀ ਕਦੀ ਕਸਮੀਰ ਦੇ ਮਸਲੇ ਨੂੰ, ਕਦੀ ਸਿੱਖਾਂ ਦੇ ਮਸਲੇ ਨੂੰ, ਕਦੀ ਘੱਟ ਗਿਣਤੀਆ ਦੇ ਮਸਲਿਆ ਨੂੰ ਹਊਆ ਬਣਾਕੇ ਇਹ ਹੁਕਮਰਾਨ ਬਹੁਗਿਣਤੀ ਨੂੰ ਗੁੰਮਰਾਹ ਕਰਕੇ ਆਪਣੇ ਸਿਆਸੀ ਹਿੱਤਾ ਲਈ ਵਰਤਨ ਦੀ ਜੋ ਕੋਸਿਸ ਕਰਦੇ ਹਨ ਉਸ ਨਾਲ ਮਸਲੇ ਪਹਿਲੇ ਨਾਲੋ ਵੀ ਪੇਚੀਦਾ ਬਣਦੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਬਰਤਾਨੀਆ ਦੀ ਐਮ.ਆਈ.6 ਜੋ ਖੂਫੀਆ ਏਜੰਸੀ ਹੈ, ਉਹ ਵਿਦੇਸ਼ੀ ਮਾਮਲਿਆ ਲਈ ਸਿੱਧੇ ਤੌਰ ਤੇ ਜਿੰਮੇਵਾਰ ਹੈ । ਇਸੇ ਵਿਸੇ ਤੇ ਮੈਂ ਪਾਰਲੀਮੈਟ ਵਿਚ ਸੁਝਾਅ ਦਿੱਤਾ ਸੀ ਕਿ ਰਾਅ ਦੀ ਏਜੰਸੀ ਬਰਤਾਨੀਆ ਦੇ ਵਿਦੇਸ਼ੀ ਵਿਭਾਗ ਦੀ ਤਰ੍ਹਾਂ ਜਿਵੇ ਐਮ.ਆਈ 6 ਜੁਆਬਦੇਹ ਹੈ ਉਸੇ ਤਰ੍ਹਾਂ ਰਾਅ ਵੀ ਜੁਆਬਦੇਹ ਹੋਵੇ ।
ਜੋ ਅਜਿਹੇ ਦੁਖਾਤਾਂ ਦੇ ਸੱਚ ਨੂੰ ਸਾਹਮਣੇ ਲਿਆਉਣ ਅਤੇ ਅਜਿਹੇ ਦੁਖਾਤਾਂ ਲਈ ਜਿੰਮੇਵਾਰ ਸਕਤੀਆ ਤੇ ਸਾਜਿਸਾਂ ਲਈ ਜੋ ਜਿੰਮੇਵਾਰ ਹਨ, ਉਨ੍ਹਾਂ ਨੂੰ ਸਹੀ ਸਮੇ ਤੇ ਸਹੀ ਜਾਂਚ ਨਾ ਹੋਣ ਲਈ ਮੋਦੀ ਦੀ ਮੌਜੂਦਾ ਫਿਰਕੂ ਹਕੂਮਤ ਜਿੰਮੇਵਾਰ ਹੈ ਅਤੇ ਜੋ ਦੁਖਾਂਤ ਪਹਿਲਗਾਮ ਵਿਖੇ ਵਾਪਰਿਆ ਹੈ, ਉਸ ਲਈ ਵੀ ਕੋਈ ਕੌਮ, ਧਰਮ ਜਾਂ ਪਾਕਿਸਤਾਨ ਜਿੰਮੇਵਾਰ ਨਾ ਹੋ ਕੇ ਇਨ੍ਹਾਂ ਦੇ ਸੌੜੀ ਸਿਆਸੀ ਸਵਾਰਥਾਂ ਭਰੀ ਸੋਚ ਜਿੰਮੇਵਾਰ ਹੈ ਅਤੇ ਇਹ ਸਹੀ ਰਾਜ ਪ੍ਰਬੰਧ ਦੇਣ ਅਤੇ ਆਪਣੇ ਨਾਗਰਿਕਾਂ ਦੀ ਰੱਖਿਆ ਕਰਨ ਵਿਚ ਅਸਫਲ ਸਾਬਤ ਹੋ ਚੁੱਕੇ ਹਨ । ਇਸਦਾ ਇਕੋ ਇਕ ਹੱਲ ਹੈ ਕਿ ਮੋਦੀ ਹਕੂਮਤ ਫੋਰੀ ਆਪਣੀ ਸਰਕਾਰ ਤੋ ਅਸਤੀਫਾ ਦੇਵੇ ਅਤੇ ਪਾਰਲੀਮੈਟ ਦੀਆਂ ਨਵੀਆ ਚੋਣਾਂ ਕਰਵਾਉਣ ਦਾ ਐਲਾਨ ਕਰੇ ਤਾਂ ਕਿ ਹੋਰ ਤੁਜਰਬੇਕਾਰ ਅਤੇ ਸੂਝਵਾਨ ਆਗੂਆ ਨੂੰ ਇਸ ਪ੍ਰਬੰਧ ਲਈ ਅੱਗੇ ਲਿਆਂਦਾ ਜਾ ਸਕੇ ।