ਜਦੋ ਵੀ ਕੋਈ ਦੁਖਾਂਤ ਵਾਪਰਦਾ ਹੈ, ਤਾਂ ਇਨ੍ਹਾਂ ਦੀਆਂ ਏਜੰਸੀਆਂ ਰਾਅ, ਆਈ.ਬੀ, ਐਨ.ਆਈ.ਏ, ਮਿਲਟਰੀ ਇੰਨਟੈਲੀਜੈਸ ਆਦਿ ਪਹਿਲੋ ਹੀ ਸਰਕਾਰ ਨੂੰ ਸੁਚੇਤ ਕਿਉਂ ਨਹੀਂ ਕਰਦੇ ? : ਮਾਨ
ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ ( ) “ਮੁਲਕ ਵਿਚ ਜਦੋ ਵੀ ਕੋਈ ਅਣਮਨੁੱਖੀ ਗੈਰ ਇਨਸਾਨੀਅਤ ਦੁਖਾਂਤ ਵਾਪਰ ਜਾਂਦਾ ਹੈ, ਤਾਂ ਹੁਕਮਰਾਨ, ਇਨ੍ਹਾਂ ਦੇ ਪ੍ਰਚਾਰ ਤੇ ਪ੍ਰਸਾਰ ਸਾਧਨ ਬਿਨ੍ਹਾਂ ਕਿਸੇ ਤੱਥਾਂ ਅਤੇ ਜਾਂਚ ਤੋ ਇਹ ਰੌਲਾ ਪਾਉਣਾ ਸੁਰੂ ਕਰ ਦਿੰਦੇ ਹਨ ਕਿ ਇਹ ਕਾਰਵਾਈ ਪਾਕਿਸਤਾਨ-ਕਸਮੀਰੀ ਮੁਸਲਮਾਨਾਂ ਦੀ ਹੈ । ਸਾਨੂੰ ਇਸ ਗੱਲ ਦੀ ਸਮਝ ਨਹੀ ਆਉਦੀ ਕਿ ਜਦੋ ਇਨ੍ਹਾਂ ਕੋਲ ਖੂਫੀਆ ਏਜੰਸੀਆ ਰਾਅ, ਆਈ.ਬੀ, ਮਿਲਟਰੀ ਇੰਨਟੈਲੀਜੈਸ, ਐਨ.ਆਈ.ਏ, ਸੀ.ਆਈ.ਡੀ ਪੰਜਾਬ ਤੇ ਜੰਮੂ-ਕਸਮੀਰ ਸਭ ਖੂਫੀਆ ਵਿੰਗ ਹਨ, ਉਹ ਅਜਿਹਾ ਦੁਖਾਂਤ ਵਾਪਰਣ ਤੋ ਪਹਿਲੇ ਸਰਕਾਰ ਨੂੰ ਸੁਚੇਤ ਕਿਉਂ ਨਹੀ ਕਰਦੀਆ ਅਤੇ ਦੁਖਾਂਤ ਵਾਪਰਣ ਉਪਰੰਤ ਇਨ੍ਹਾਂ ਕੋਲ ਕਿਹੜਾ ਪੈਰਾਮੀਟਰ ਹੈ ਜੋ ਝੱਟ ਪਾਕਿਸਤਾਨ-ਕਸਮੀਰੀਆਂ ਜਾਂ ਹੋਰ ਘੱਟ ਗਿਣਤੀਆ ਨੂੰ ਦੋਸ਼ੀ ਗਰਦਾਨਕੇ ਸਮੁੱਚੇ ਮੁਲਕ ਵਿਚ ਬਹੁਗਿਣਤੀ ਵੱਲੋ ਦੰਗੇ ਫਸਾਦ ਕਰਨ ਲਈ ਮਾਹੌਲ ਪੈਦਾ ਕਰ ਦਿੰਦੀਆ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਪਹਿਲਗਾਮ ਜੰਮੂ-ਕਸਮੀਰ ਵਿਚ ਵਾਪਰੇ ਦੁਖਾਂਤ ਉਪਰੰਤ ਹੁਕਮਰਾਨ ਤੇ ਖੂਫੀਆ ਏਜੰਸੀਆ ਵੱਲੋ ਪਾਕਿਸਤਾਨ ਜਾਂ ਸਮੁੱਚੀ ਮੁਸਲਿਮ ਕੌਮ ਨੂੰ ਦੋਸ਼ੀ ਠਹਿਰਾਉਣ ਲਈ ਲਗਾਏ ਗਏ ਦੋਸ਼ਾਂ ਅਤੇ ਪ੍ਰਚਾਰ ਉਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਦੁਖਾਂਤ ਨੂੰ ਲੈਕੇ ਜੋ ਹੁਕਮਰਾਨਾਂ ਨੇ ਸਾਡੀਆ ਪਾਕਿਸਤਾਨ ਦੇ ਗੁਰਧਾਮਾਂ ਦੀ ਜਾਣ ਵਾਲੀ ਯਾਤਰਾ ਨੂੰ ਬੰਦ ਕਰ ਦਿੱਤਾ ਹੈ ਅਤੇ ਪਾਕਿਸਤਾਨ ਤੋ ਯਾਤਰਾ ਲਈ ਇੰਡੀਆ ਆਏ ਪਾਕਿਸਤਾਨੀਆ ਨੂੰ 24 ਘੰਟੇ ਵਿਚ ਵਾਪਸ ਆਪਣੇ ਮੁਲਕ ਜਾਣ ਲਈ ਹੁਕਮ ਕਰ ਦਿੱਤੇ ਹਨ, ਇਹ ਤਾਂ ਤਾਨਾਸਾਹੀ ਗੈਰ ਇਨਸਾਨੀ ਅਮਲ ਇਸ ਲਈ ਹਨ, ਕਿ ਜਦੋ ਪਾਕਿਸਤਾਨ ਤੋ ਆਏ ਯਾਤਰੀਆ ਦੀ ਹਿਫਾਜਤ ਲਈ ਕੋਈ ਹਕੂਮਤੀ ਪ੍ਰਬੰਧ ਨਹੀ ਕੀਤਾ ਗਿਆ, ਉਨ੍ਹਾਂ ਉਤੇ ਫਿਰਕੂ ਸੋਚ ਅਧੀਨ ਹੋਣ ਵਾਲੇ ਹਮਲਿਆ ਨੂੰ ਰੋਕਣ ਲਈ ਕੋਈ ਯੋਜਨਾ ਨਹੀ ਬਣਾਈ ਗਈ ਅਤੇ ਉਨ੍ਹਾਂ ਦੇ ਜਾਨ ਦੇ ਸਹੀ ਪ੍ਰਬੰਧ ਨਹੀ ਕੀਤੇ ਗਏ, ਤਾਂ ਅਜਿਹਾ ਹੁਕਮ ਕਰਨਾ ਤਾਂ ਗੁਆਢੀ ਮੁਲਕਾਂ ਵਿਚੋ ਆਏ ਨਾਗਰਿਕਾਂ ਉਤੇ ਮਾਨਸਿਕ ਜ਼ਬਰ ਢਾਹੁਣ ਵਾਲੀ ਗੱਲ ਹੈ । ਫਿਰ ਇੰਡੀਆ ਦਾ ਜੋ ਇਸਲਾਮਾਬਾਦ ਵਿਚ ਸਫਾਰਤਖਾਨਾ ਸਥਿਤ ਹੈ, ਜਿਥੇ ਇੰਡੀਆ ਦੇ ਸਫੀਰ ਅਤੇ ਹੋਰ ਅਧਿਕਾਰੀ ਹਨ, ਜੇਕਰ ਇਹ ਹਮਲਾ ਪਾਕਿਸਤਾਨ ਨੇ ਕੀਤਾ ਹੈ, ਤਾਂ ਇੰਡੀਅਨ ਸਫਾਰਤਖਾਨੇ ਦੇ ਅਧਿਕਾਰੀਆ ਨੇ ਇੰਡੀਆ ਦੇ ਹੁਕਮਰਾਨਾਂ ਨੂੰ ਇਸ ਬਾਰੇ ਪਹਿਲਾ ਸੂਚਿਤ ਕਿਉ ਨਹੀ ਕੀਤਾ ? ਇਹ ਅਹਿਮ ਸਵਾਲ ਹਨ । ਦੂਸਰਾ ਜਦੋ ਸਿੱਖਾਂ ਦੇ ਵੱਡੀ ਗਿਣਤੀ ਵਿਚ ਪਾਕਿਸਤਾਨ ਵਿਚ ਗੁਰਧਾਮ ਹਨ, ਜਿਨ੍ਹਾਂ ਦੇ ਉਹ ਅਕਸਰ ਹੀ ਦਰਸਨ ਕਰਨ ਲਈ ਜਾਂਦੇ ਰਹਿੰਦੇ ਹਨ, ਉਨ੍ਹਾਂ ਉਤੇ ਇਹ ਯਾਤਰਾ ਤੇ ਪਾਬੰਦੀਆ ਲਗਾ ਦੇਣੀਆ ਤਾਨਾਸਾਹੀ ਅਤੇ ਗੈਰ ਧਾਰਮਿਕ ਕਾਰਵਾਈਆ ਨਹੀ ਹਨ ਤਾਂ ਹੋਰ ਕੀ ਹੈ ?
ਉਨ੍ਹਾਂ ਕਿਹਾ ਕਿ ਜਦੋ ਇਸ ਦੁਖਾਂਤ ਵਿਚ ਸਿੱਖਾਂ ਦਾ ਕਿਸੇ ਤਰ੍ਹਾਂ ਦਾ ਰਤੀਭਰ ਵੀ ਕੋਈ ਕਸੂਰ ਨਹੀ ਹੈ, ਤਾਂ ਉਨ੍ਹਾਂ ਨੂੰ ਇਹ ਯਾਤਰਾਵਾ ਬੰਦ ਕਰਕੇ ਜਾਂ ਤਾਨਾਸਾਹੀ ਹੁਕਮ ਕਰਕੇ ਸਜ਼ਾ ਕਿਸ ਗੱਲ ਦੀ ਦਿੱਤੀ ਜਾ ਰਹੀ ਹੈ ? ਫਿਰ ਜਦੋ ਪਾਕਿਸਤਾਨ ਵਿਚ ਕਣਕ ਦੀ ਕੀਮਤ 3400 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਇੰਡੀਆ ਵਿਚ 2400 ਰੁਪਏ ਪ੍ਰਤੀ ਕੁਇੰਟਲ ਹੈ ਤਾਂ ਜਿੰਮੀਦਾਰਾਂ ਤੇ ਸਿੱਖਾਂ ਨੂੰ ਆਪਣੀ ਫਸਲ ਪਾਕਿਸਤਾਨ ਤੇ ਹੋਰ ਅਰਬ ਮੁਲਕਾਂ ਵਿਚ ਖੁੱਲ੍ਹੀ ਮੰਡੀ ਵਿਚ ਭੇਜਣ ਦੀ ਇਜਾਜਤ ਕਿਉਂ ਨਹੀ ਦਿੱਤੀ ਜਾ ਰਹੀ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਜਦੋ ਇੰਡਸ ਵਾਟਰ ਸੰਧੀ ਬਣਾਈ ਗਈ ਹੈ, ਤਾਂ ਉਸ ਸਮੇ ਪੰਜਾਬ ਦੇ ਪੰਜੇ ਦਰਿਆਵਾ ਉਤੇ ਪੰਜਾਬੀਆਂ ਦਾ ਰੀਪੇਰੀਅਨ ਕਾਨੂੰਨ ਅਨੁਸਾਰ ਪੂਰਾ ਅਧਿਕਾਰ ਤੇ ਹੱਕ ਸੀ । ਪਰ ਇਹ ਸੰਧੀ ਕਰਦੇ ਸਮੇ ਇਸ ਵਫਦ ਵਿਚ ਕਿਸੇ ਵੀ ਪੰਜਾਬ ਦੇ ਨੁਮਾਇੰਦੇ ਨੂੰ ਤਾਂ ਸਾਮਿਲ ਨਹੀ ਕੀਤਾ ਗਿਆ । ਫਿਰ ਇਹ ਸੰਧੀ ਪੰਜਾਬੀਆ ਤੇ ਕਿਵੇ ਲਾਗੂ ਹੋ ਸਕਦੀ ਹੈ । ਫਿਰ 1834 ਵਿਚ ਜਦੋ ਲਾਹੌਰ ਖਾਲਸਾ ਰਾਜ ਦਰਬਾਰ ਦੀਆਂ ਸਾਡੀਆ ਫ਼ੌਜਾਂ ਨੇ ਲਦਾਖ ਨੂੰ ਪੂਰਨ ਤੌਰ ਤੇ ਜਿੱਤਕੇ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ, ਤਾਂ ਉਸ ਸੰਬੰਧੀ ਇੰਡੀਆ ਤੇ ਚੀਨ ਦੀ ਗੱਲਬਾਤ ਵਿਚ ਜਦੋ ਤੱਕ ਸਿੱਖ ਨੁਮਾਇੰਦੇ ਸਾਮਿਲ ਨਹੀ ਕੀਤੇ ਜਾਂਦੇ ਤਾਂ ਇਹ ਲਦਾਖ ਦਾ ਗੰਭੀਰ ਮਸਲਾ ਕਿਵੇ ਹੱਲ ਹੋ ਸਕੇਗਾ ? ਇਸ ਲਈ ਚੀਨ-ਇੰਡੀਆ ਦੇ ਖੇਤਰਾਂ ਦੇ ਮਸਲੇ ਦੇ ਸੰਬੰਧ ਵਿਚ ਹੋਣ ਵਾਲੀ ਗੱਲ ਵਿਚ ਹਰ ਕੀਮਤ ਤੇ ਸਿੱਖਾਂ ਦੇ ਨੁਮਾਇੰਦੇ ਨੂੰ ਸਾਮਿਲ ਕਰਨਾ ਅਤਿ ਜਰੂਰੀ ਹੈ । 2000 ਵਿਚ ਜਦੋ ਅਮਰੀਕਨ ਪ੍ਰੈਜੀਡੈਟ ਮਿਸਟਰ ਬਿਲ ਕਲਿਟਨ ਇੰਡੀਆ ਦੌਰੇ ਤੇ ਆਏ ਸਨ ਤਾਂ ਉਸ ਸਮੇ ਦੀ ਬੀਜੇਪੀ ਸਰਕਾਰ ਵਿਚ ਗ੍ਰਹਿ ਵਜੀਰ ਸ੍ਰੀ ਅਡਵਾਨੀ ਦੇ ਗੁਪਤ ਆਦੇਸ਼ਾਂ ਉਤੇ ਫ਼ੌਜ ਵੱਲੋ ਜੰਮੂ-ਕਸਮੀਰ ਦੇ ਚਿੱਠੀਸਿੰਘਪੁਰਾ ਵਿਖੇ 43 ਨਿਹੱਥੇ ਅਤੇ ਨਿਰਦੋਸ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਗੋਲੀਆ ਨਾਲ ਖਤਮ ਕਰ ਦਿੱਤਾ ਗਿਆ ਸੀ । ਇਸ ਸੱਚ ਨੂੰ ਉਸ ਸਮੇ ਦੀ ਸੈਕਟਰੀ ਆਫ ਸਟੇਟ ਬੀਬੀ ਮੈਡੇਲਿਨ ਅਲਬ੍ਰਾਈਟ ਨੇ ਆਪਣੇ ਵੱਲੋ ਲਿਖੀ ਕਿਤਾਬ ਵਿਚ ਪ੍ਰਤੱਖ ਕਰ ਦਿੱਤਾ ਸੀ । ਇਸਦੇ ਸੱਚ ਨੂੰ ਸਾਹਮਣੇ ਲਿਆਕੇ ਸਾਨੂੰ ਅੱਜ ਤੱਕ ਕੋਈ ਇਨਸਾਫ ਨਹੀ ਦਿੱਤਾ ਗਿਆ ।
ਉਨ੍ਹਾਂ ਕਿਹਾ ਕਿ ਮੌਜੂਦਾ ਇੰਡੀਅਨ ਹੁਕਮਰਾਨ ਪੰਜਾਬੀਆਂ ਅਤੇ ਸਿੱਖਾਂ ਨਾਲ ਸੰਜ਼ੀਦਾ ਮਸਲਿਆ ਉਤੇ ਗੱਲਬਾਤ ਨਾ ਕਰਕੇ, ਤਾਨਾਸਾਹੀ ਅਮਲ ਕਰਕੇ ਹੋਰ ਵੀ ਜ਼ਬਰ ਕਰ ਰਹੇ ਹਨ । ਜਦੋਕਿ ਚਾਹੀਦਾ ਇਹ ਹੈ ਕਿ ਮੁਸਲਿਮ ਜਾਂ ਸਿੱਖ ਕੌਮ ਘੱਟ ਗਿਣਤੀਆ ਦੇ ਜੋ ਗੰਭੀਰ ਮਸਲੇ ਹਨ, ਉਨ੍ਹਾਂ ਤੇ ਟੇਬਲਟਾਕ ਕਰਕੇ ਸਹੀ ਪਹੁੰਚ ਅਪਣਾਕੇ ਸਹੀ ਸਮੇ ਹੱਲ ਕੀਤਾ ਜਾਵੇ ਤਾਂ ਕਿ ਵੱਖ ਵੱਖ ਕੌਮਾਂ ਜਾਂ ਵੱਖ ਵੱਖ ਮੁਲਕਾਂ ਵਿਚ ਕਿਸੇ ਤਰ੍ਹਾਂ ਦੀ ਨਫਰਤ ਉਤਪੰਨ ਹੀ ਨਾ ਹੋ ਸਕੇ । ਇਸ ਸੰਬੰਧੀ ਅਸੀ ਅਕਸਰ ਲਿਖਦੇ ਤੇ ਬਿਆਨਬਾਜੀ ਕਰਦੇ ਰਹਿੰਦੇ ਹਾਂ ਪਰ ਤਾਨਾਸਾਹ ਹੁਕਮਰਾਨ ਸਹੀ ਦਿਸ਼ਾ ਵੱਲ ਅਮਲ ਕਰਨ ਦੀ ਬਜਾਇ ਇਥੋ ਦੇ ਅਮਨ ਚੈਨ ਨੂੰ ਖਤਰਾ ਪਹੁੰਚਾਉਣ ਵਾਲੇ ਅਤੇ ਸਥਿਤੀ ਵਿਸਫੋਟਕ ਬਣਾਉਣ ਵਾਲੇ ਅਮਲ ਕਰਦਾ ਆ ਰਿਹਾ ਹੈ ਜਿਸ ਲਈ ਸਿੱਖ ਜਾਂ ਮੁਸਲਮਾਨ ਕੌਮ ਜਿੰਮੇਵਾਰ ਨਹੀ ਹੁਕਮਰਾਨਾਂ ਦੀ ਸੌੜੀ ਅਤੇ ਫਿਰਕੂ ਸੋਚ ਜਿੰਮੇਵਾਰ ਹੈ । ਉਨ੍ਹਾਂ ਕਿਹਾ ਕਿ ਜਦੋ ਕੈਨੇਡਾ ਤੇ ਅਮਰੀਕਾ ਵਰਗੇ ਵੱਡੇ ਮੁਲਕਾਂ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਕੈਨੇਡਾ ਵਿਚ ਮਾਰੇ ਗਏ ਸਿੱਖਾਂ ਲਈ ਇੰਡੀਅਨ ਹੁਕਮਰਾਨ ਤੇ ਉਨ੍ਹਾਂ ਦੀਆਂ ਖੂਫੀਆ ਏਜੰਸੀਆ ਜਿੰਮੇਵਾਰ ਹਨ, ਅਮਰੀਕਾ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਸ. ਗੁਰਪਤਵੰਤ ਸਿੰਘ ਪੰਨੂ ਉਤੇ ਜਾਨਲੇਵਾ ਹਮਲਾ ਕਰਨ ਵਾਲੀਆ ਇੰਡੀਅਨ ਏਜੰਸੀਆ ਹਨ । ਪਾਕਿਸਤਾਨ ਵਿਚ, ਬਰਤਾਨੀਆ ਵਿਚ, ਹਰਿਆਣੇ ਵਿਚ ਅਤੇ ਪੰਜਾਬ ਵਿਚ ਬੀਤੇ ਸਮੇ ਵਿਚ ਹੋਏ ਸਿੱਖਾਂ ਦੇ ਕਤਲਾਂ ਲਈ ਜਦੋ ਹੁਕਮਰਾਨ ਜਿੰਮੇਵਾਰ ਸਾਬਤ ਹੋ ਚੁੱਕੇ ਹਨ ਤਾਂ ਫਿਰ ਇਹ ਹਿੰਦੂਤਵ ਹੁਕਮਰਾਨ ਬਿਨ੍ਹਾਂ ਤੱਥਾਂ ਤੋ ਵੱਖ ਵੱਖ ਸਮਿਆ ਤੇ ਸਿੱਖਾਂ ਤੇ ਮੁਸਲਮਾਨਾਂ ਨੂੰ ਕਿਵੇ ਦੋਸੀ ਠਹਿਰਾ ਸਕਦੇ ਹਨ ? ਸਿੱਖਾਂ ਦੇ ਹੋਏ ਕਤਲਾਂ ਵਿਚ ਅਜੀਤ ਡੋਵਾਲ, ਨਿਖਿਲ ਗੁਪਤਾ, ਰਾਅ ਅਧਿਕਾਰੀ ਵਿਕਾਸ ਯਾਦਵ ਜਦੋ ਦੋਸ਼ੀਆ ਦੇ ਨਾਵਾਂ ਵਿਚ ਆ ਚੁੱਕੇ ਹਨ ਫਿਰ ਇੰਡੀਅਨ ਹੁਕਮਰਾਨ ਆਪਣੇ ਆਪ ਨੂੰ ਨਿਰਦੋਸ ਕਿਵੇ ਸਾਬਤ ਕਰ ਰਹੇ ਹਨ ? ਅਸੀ ਜਨਤਕ ਤੌਰ ਤੇ ਇੰਡੀਅਨ ਹੁਕਮਰਾਨਾਂ ਨੂੰ ਇਹ ਵੀ ਪੁੱਛਣਾ ਚਾਹਵਾਂਗੇ ਕਿ ਜਦੋ ਵੀ ਕੋਈ ਅਮਰੀਕਾ ਦੀ ਵੱਡੀ ਸਖਸ਼ੀਅਤ ਇੰਡੀਆ ਦੌਰੇ ਤੇ ਆਉਦੀ ਹੈ ਤਾਂ ਉਸ ਸਮੇ ਹੀ ਅਜਿਹਾ ਕਤਲੇਆਮ ਕਿਉਂ ਹੁੰਦਾ ਹੈ ? ਜਦੋ ਪਹਿਲਗਾਮ ਵਿਚ ਵਾਪਰੇ ਦੁਖਾਂਤ ਲਈ ਪਾਕਿਸਤਾਨ ਦਾ ਹੱਥ ਹੈ ਜਾਂ ਨਹੀ ਹੈ, ਕੋਈ ਸਬੂਤ ਹੀ ਨਹੀ ਤਾਂ ਇਹ ਕਿਵੇ ਕਹਿ ਰਹੇ ਹਨ ਕਿ ਪਾਕਿਸਤਾਨ ਨੇ ਇਹ ਕਾਰਵਾਈ ਕੀਤੀ ਹੈ । ਕਿਉਂਕਿ ਖੂਫੀਆ ਏਜੰਸੀਆ ਰਾਅ, ਆਈ.ਬੀ, ਮਿਲਟਰੀ ਇੰਨਟੈਲੀਜੈਸ ਨੇ ਤਾਂ ਇਸ ਸੰਬੰਧੀ ਨਾ ਕੋਈ ਪਹਿਲਾ ਜਾਣਕਾਰੀ ਦਿੱਤੀ ਹੈ ਅਤੇ ਨਾ ਹੀ ਹੁਣ ਕੋਈ ਸਬੂਤ ਦਿੱਤਾ ਹੈ । ਜਦੋ ਐਨੇ ਵੱਡੇ ਦੁਖਾਂਤ ਦਾ ਨਾ ਪਹਿਲੋ ਅਤੇ ਨਾ ਹੁਣ ਇਨ੍ਹਾਂ ਨੂੰ ਕੋਈ ਜਾਣਕਾਰੀ ਹੀ ਨਹੀ ਤਾਂ ਇਖਲਾਕੀ ਫਰਜ ਬਣਦਾ ਹੈ ਕਿ ਇੰਡੀਆ ਮੁਲਕ ਵਿਚ ਹੋ ਰਹੇ ਗੈਰ ਜਿੰਮੇਵਰਾਨਾ ਪ੍ਰਬੰਧ ਨੂੰ ਮੁੱਖ ਰੱਖਕੇ ਮੋਦੀ ਹਕੂਮਤ ਨੂੰ ਅਸਤੀਫਾ ਦੇਣਾ ਚਾਹੀਦਾ ਹੈ । ਨਾ ਕਿ ਆਪਣੀ ਚਮੜੀ ਬਚਾਉਣ ਲਈ ਇੱਧਰ-ਉੱਧਰ ਦੀ ਬਹਾਨੇਬਾਜੀ ਅਤੇ ਗੈਰ ਤੱਥਾਂ ਤੋ ਦੋਸ਼ ਲਗਾਕੇ ਆਪਣੇ ਆਪ ਨੂੰ ਸਰੂਖਰ ਕਰਨਾ ਬਣਦਾ ਹੈ ।