ਜੋ ਚੰਡੀਗੜ੍ਹ ਵਿਚ ਕਸ਼ਮੀਰੀਆਂ ਉਤੇ ਬਹੁਗਿਣਤੀ ਵੱਲੋ ਸਾਜਸੀ ਢੰਗਾਂ ਰਾਹੀ ਹਮਲੇ ਕਰਕੇ ਹਾਲਾਤ ਵਿਸਫੋਟਕ ਬਣਾਏ ਜਾ ਰਹੇ ਹਨ, ਉਸ ਨੂੰ ਗ੍ਰਹਿ ਸਕੱਤਰ ਤੇ ਐਸ.ਐਸ.ਪੀ ਚੰਡੀਗੜ੍ਹ ਫੌਰੀ ਕਾਬੂ ਕਰਨ : ਮਾਨ
ਚੰਡੀਗੜ੍ਹ, 24 ਅਪ੍ਰੈਲ ( ) “ਇਹ ਬਹੁਤ ਦੁੱਖ ਦੀ ਗੱਲ ਹੈ ਕਿ ਬੀਤੇ ਦਿਨੀਂ ਪਹਿਲਗਾਮ (ਜੰਮੂ-ਕਸਮੀਰ) ਵਿਚ ਬਹੁਗਿਣਤੀ ਨਾਲ ਸੰਬੰਧਤ ਯਾਤਰਾ ਤੇ ਗਏ ਹੋਏ ਇੰਡੀਅਨ ਨਿਵਾਸੀਆ ਉਤੇ ਹਮਲੇ ਕਰਕੇ 28 ਇਨਸਾਨੀ ਜਾਨਾਂ ਖਤਮ ਕਰ ਦਿੱਤੀਆ ਗਈਆ ਹਨ, ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਨੂੰ ਜਿਥੇ ਡੂੰਘਾਂ ਦੁੱਖ ਹੋਇਆ ਹੈ, ਉਥੇ ਅਸੀ ਉਨ੍ਹਾਂ ਮ੍ਰਿਤਕ ਅਤੇ ਜਖਮੀ ਪੀੜ੍ਹਤ ਪਰਿਵਾਰਾਂ ਨਾਲ ਪੂਰਨ ਹਮਦਰਦੀ ਕਰਦੇ ਹੋਏ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ । ਪਰ ਇਹ ਹੋਰ ਵੀ ਵੱਡੇ ਦੁੱਖ ਤੇ ਅਫਸੋਸ ਵਾਲੇ ਅਮਲ ਹਨ ਕਿ ਪਹਿਲਗਾਮ ਦੁਖਾਂਤ ਨੂੰ ਲੈਕੇ ਬਹੁਗਿਣਤੀ ਦੇ ਲੋਕਾਂ ਵੱਲੋ ਚੰਡੀਗੜ੍ਹ ਵਿਚ ਜੰਮੂ ਕਸਮੀਰ ਤੋ ਤਾਲੀਮ ਹਾਸਲ ਕਰਨ ਲਈ ਆਏ ਯੂਨੀਵਰਸਿਟੀਆ, ਕਾਲਜਾਂ, ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਅਤੇ ਹੋਰ ਕੰਮ ਕਰਨ ਵਾਲੇ ਕਸਮੀਰੀਆ ਉਤੇ ਹਮਲੇ ਸੁਰੂ ਕਰ ਦਿੱਤੇ ਗਏ ਹਨ । ਜੋ ਅਤਿ ਦੁੱਖਦਾਇਕ ਮਨੁੱਖਤਾ ਤੇ ਇਨਸਾਨੀਅਤ ਵਿਰੋਧੀ ਫਿਰਕੂ ਕਾਰਵਾਈ ਹੈ । ਜੋ ਬੇਕਸੂਰ ਤੇ ਨਿਰਦੋਸ ਕਸਮੀਰੀ ਵਿਦਿਆਰਥੀਆ ਨੂੰ ਨਿਸ਼ਾਨਾਂ ਬਣਾਕੇ ਇਸ ਮੁਲਕ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੀ ਕੋਸਿਸ ਹੋ ਰਹੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਨੋਟਿਸ ਲੈਦਾ ਹੋਇਆ ਗ੍ਰਹਿ ਸਕੱਤਰ ਚੰਡੀਗੜ੍ਹ ਅਤੇ ਐਸ.ਐਸ.ਪੀ ਚੰਡੀਗੜ੍ਹ ਨੂੰ ਜੋਰਦਾਰ ਗੁਜਾਰਿਸ ਕਰਦਾ ਹੈ ਕਿ ਉਹ ਕਿਸੇ ਵੀ ਕਸਮੀਰੀ ਉਤੇ ਇਸ ਗੱਲ ਦੀ ਗੈਰ ਕਾਨੂੰਨੀ ਦੁਖਾਂਤ ਨਾ ਵਾਪਰੇ ਉਸਦਾ ਪ੍ਰਬੰਧ ਫੌਰੀ ਕਰਨ ਅਤੇ ਇਨ੍ਹਾਂ ਬੱਚਿਆਂ ਦੀ ਹਿਫਾਜਤ ਦੀ ਜਿੰਮੇਵਾਰੀ ਨੂੰ ਸੰਜੀਦਗੀ ਨਾਲ ਪੂਰਾ ਕੀਤਾ ਜਾਵੇ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੇ ਦਸਤਖਤਾਂ ਹੇਠ ਆਪਣੇ ਮੁੱਖ ਦਫਤਰ ਤੋ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਸ. ਮਨਦੀਪ ਸਿੰਘ ਬਰਾੜ ਅਤੇ ਐਸ.ਐਸ.ਪੀ ਬੀਬੀ ਕੰਵਰਦੀਪ ਕੌਰ ਨੂੰ ਉਚੇਚੇ ਤੌਰ ਤੇ ਅਤਿ ਸੰਜੀਦਗੀ ਭਰੇ ਪੱਤਰ ਲਿਖਦੇ ਹੋਏ ਚੰਡੀਗੜ੍ਹ ਵਿਚ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਵਾਪਰੇ, ਮਾਹੌਲ ਨੂੰ ਸ਼ਾਂਤ ਰੱਖਣ ਲਈ ਆਪਣੀਆ ਜਿੰਮੇਵਾਰੀਆ ਪੂਰਨ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਵੀ ਮੁਲਕ ਵਿਚ ਇਸ ਤਰ੍ਹਾਂ ਦੀ ਕੋਈ ਘਟਨਾ ਜਾਂ ਦੁਖਾਂਤ ਵਾਪਰਦਾ ਹੈ ਤਾਂ ਉਹ ਕੋਈ ਡੂੰਘੀ ਸਾਜਿਸ ਜਾਂ ਸਰਾਰਤੀ ਅਨਸਰ ਜਾਂ ਹਕੂਮਤੀ ਪੱਧਰ ਉਤੇ ਰਚੀਆ ਜਾਣ ਵਾਲੀਆ ਸਾਜਿਸਾਂ ਦਾ ਹਿੱਸਾ ਵੀ ਹੋ ਸਕਦਾ ਹੈ । ਜਿਸ ਵਿਚ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਆਦਿ ਦਾ ਕੋਈ ਦੋਸ ਨਹੀ ਹੁੰਦਾ । ਇਸ ਲਈ ਅਜਿਹਾ ਕੋਈ ਦੁਖਾਂਤ ਵਾਪਰਣ ਉਪਰੰਤ ਬਿਨ੍ਹਾਂ ਕਿਸੇ ਤੱਥਾਂ ਅਤੇ ਜਾਂਚ ਤੋ ਕਿਸੇ ਇਕ ਵਿਸੇਸ ਫਿਰਕੇ ਨੂੰ ਦੋਸ਼ੀ ਠਹਿਰਾਕੇ ਉਸ ਕੌਮ ਉਤੇ ਬਹੁਗਿਣਤੀ ਵੱਲੋ ਹਮਲੇ ਸੁਰੂ ਕਰ ਦੇਣਾ ਮਨੁੱਖੀ ਅਧਿਕਾਰਾਂ ਦਾ ਕੇਵਲ ਉਲੰਘਣ ਹੀ ਨਹੀ ਬਲਕਿ ਪੂਰੇ ਮੁਲਕ ਦੇ ਮਾਹੌਲ ਨੂੰ ਅਤਿ ਵਿਸਫੋਟਕ ਬਣਾਉਣ ਵਾਲੇ ਦੁਖਦਾਇਕ ਅਮਲ ਹੁੰਦੇ ਹਨ । ਅਜਿਹੇ ਸਮੇ ਪ੍ਰਸਾਸਨ ਅਤੇ ਪੁਲਿਸ ਦੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪੋ ਆਪਣੇ ਇਲਾਕਿਆ ਵਿਚ ਅਜਿਹੀ ਕੋਈ ਘਟਨਾ ਜਾਂ ਦੁਖਾਂਤ ਨਾ ਹੋਣ ਦੇਣ ਜਿਸ ਨਾਲ ਬੇਕਸੂਰ ਅਤੇ ਨਿਹੱਥੇ ਮਾਸੂਮ ਲੋਕਾਂ ਨੂੰ ਨਿਸ਼ਾਨਾਂ ਬਣਾਕੇ ਪੂਰੇ ਮੁਲਕ ਵਿਚ ਇਕ ਫਿਰਕੇ ਵਿਰੁੱਧ ਨਫਰਤ ਖੜ੍ਹੀ ਕਰ ਦਿੱਤੀ ਜਾਵੇ ਅਤੇ ਹੋਰ ਵੀ ਵੱਡਾ ਨੁਕਸਾਨ ਹੋ ਜਾਵੇ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਚੰਡੀਗੜ੍ਹ ਦੇ ਸਮੁੱਚੇ ਪ੍ਰਸਾਸਨ, ਅਧਿਕਾਰੀਆ, ਪੁਲਿਸ ਨੂੰ ਇਹ ਗੰਭੀਰਤਾ ਭਰੀ ਅਪੀਲ ਕਰਦਾ ਹੈ ਕਿ ਉਹ ਫੌਰੀ ਆਪੋ ਆਪਣੀਆ ਜਿੰਮੇਵਾਰੀਆ ਨੂੰ ਪੂਰਨ ਕਰਦੇ ਹੋਏ ਚੰਡੀਗੜ੍ਹ ਵਿਚ ਪੜ੍ਹਨ ਵਾਲੇ ਕਸਮੀਰੀ ਤੇ ਕੰਮ ਕਰਨ ਵਾਲੇ ਕਸਮੀਰੀਆ ਦੀ ਹਰ ਪੱਖੋ ਹਿਫਾਜਤ ਦਾ ਉਚੇਚਾ ਪ੍ਰਬੰਧ ਕਰਨ ਅਤੇ ਜੋ ਸਰਾਰਤੀ ਅਨਸਰ ਬਿਨ੍ਹਾਂ ਵਜਹ ਮਾਹੌਲ ਨੂੰ ਗੰਧਲਾ ਕਰਨ ਦੀ ਕੋਸਿਸ ਕਰ ਰਿਹਾ ਹੈ ਉਸ ਵਿਰੁੱਧ ਸਖਤੀ ਨਾਲ ਪੇਸ ਆਉਦੇ ਹੋਏ ਅਮਲੀ ਕਾਰਵਾਈ ਕਰਨ ਤਾਂ ਕਿ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲੈ ਸਕੇ ਅਤੇ ਮਾਹੌਲ ਸਾਜਗਰ ਬਣਿਆ ਰਹੇ ।
ਸ. ਮਾਨ ਨੇ ਉਚੇਚੇ ਤੌਰ ਤੇ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਖਰੜ, ਕੁਰਾਲੀ ਦੇ ਨਾਲ ਲੱਗਦੇ ਇਲਾਕਿਆ ਦੇ ਗੁਰੂਘਰਾਂ ਦੇ ਪ੍ਰਬੰਧਕਾਂ ਅਤੇ ਸਿੱਖ ਸਖਸ਼ੀਅਤਾਂ ਤੇ ਸਿੱਖਾਂ ਨੂੰ ਇਹ ਅਪੀਲ ਕਰਦੇ ਹੋਏ ਕਿਹਾ ਕਿ ਜਦੋ ਘੱਟ ਗਿਣਤੀ ਮੁਸਲਿਮ ਕੌਮ ਦੇ ਵਿਦਿਆਰਥੀ, ਚੰਡੀਗੜ੍ਹ ਵਿਚ ਕੰਮ ਕਰਨ ਵਾਲੇ ਕਸਮੀਰੀਆ ਦੀ ਜਾਨ ਫਿਰਕੂ ਸੋਚ ਅਧੀਨ ਖਤਰੇ ਵਿਚ ਹੈ, ਤਾਂ ਉਹ ਇਨ੍ਹਾਂ ਕਸਮੀਰੀ ਵਿਦਿਆਰਥੀਆ ਤੇ ਕਾਮਿਆ ਨੂੰ ਆਪਣੇ ਗੁਰੂਘਰਾਂ ਵਿਚ ਸਾਂਭਣ ਅਤੇ ਉਨ੍ਹਾਂ ਦੇ ਲੰਗਰ ਆਦਿ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਨਿਭਾਉਣ । ਕਿਉਂਕਿ ਸਿੱਖ ਕੌਮ ਦੇ ਬੀਤੇ ਇਤਿਹਾਸ ਵਿਚ ਹਿੰਦੂਆ ਦੀਆਂ ਧੀਆਂ ਭੈਣਾਂ ਅਤੇ ਹਿੰਦੂਆ ਦੀ ਇਨਸਾਨੀਅਤ ਬਿਨ੍ਹਾਂ ਤੇ ਰੱਖਿਆ ਕਰਦੀ ਰਹੀ ਹੈ । ਤਾਂ ਜਦੋ ਅੱਜ ਮੁਸਲਿਮ ਕੌਮ ਤੇ ਭੀੜ ਬਣੀ ਹੈ ਅਤੇ ਬਹੁਗਿਣਤੀ ਫਿਰਕੂ ਲੋਕ ਮੁਸਲਿਮ ਕੌਮ ਨੂੰ ਨਿਸ਼ਾਨਾਂ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਹਿਫਾਜਤ ਕਰਨਾ ਵੀ ਸਾਡਾ ਫਰਜ ਹੈ ।