ਭਾਈ ਅੰਮ੍ਰਿਤਪਾਲ ਸਿੰਘ ਨੂੰ ਖਾਂਣੇ ਵਿਚ ਵਰਜਿਤ ਵਸਤਾਂ ਦੇਣਾ ਅਸਹਿ, ਉਨ੍ਹਾਂ ਨੂੰ ਤੁਰੰਤ ਪੰਜਾਬ ਵਿਚ ਤਬਦੀਲ ਕੀਤਾ ਜਾਵੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 01 ਜੁਲਾਈ ( ) “ਇਸ ਵਿਚ ਕੋਈ ਸੱਕ-ਸੁਬਹਾ ਬਾਕੀ ਨਹੀ ਕਿ ਸੈਂਟਰ ਦੀ ਮੋਦੀ ਹਕੂਮਤ, ਗ੍ਰਹਿ ਵਜ਼ੀਰ ਅੰਮਿਤ ਸ਼ਾਹ ਦੀ ਮੰਦਭਾਵਨਾ ਭਰੀ ਸਿੱਖ ਕੌਮ ਵਿਰੋਧੀ ਸੋਚ ਉਤੇ ਅਮਲ ਕਰਦੇ ਹੋਏ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੇ, ਪੰਜਾਬ ਵਿਚ ਨੌਜਵਾਨੀ ਨੂੰ ਗੁਰੂ ਦੇ ਲੜ ਲਗਾਉਣ ਵਾਲੇ ਅਤੇ ਉਨ੍ਹਾਂ ਨੂੰ ਨਸਿ਼ਆਂ ਤੋ ਦੂਰ ਰੱਖਣ ਦੀ ਪ੍ਰੇਰਣਾ ਦੇਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਕ ਸਾਜਿਸ ਤਹਿਤ ਝੂਠਾਂ ਵੱਡਾ ਡਰਾਮਾ ਕਰਕੇ ਪਹਿਲੇ ਗ੍ਰਿਫਤਾਰ ਕਰਵਾਉਣ ਵਿਚ ਸੈਟਰ ਦੀ ਮਦਦ ਕੀਤੀ । ਫਿਰ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤਸੱਦਦ ਢਾਹੁਣ ਹਿੱਤ ਪੰਜਾਬ ਦੀਆਂ ਜੇਲ੍ਹਾਂ ਵਿਚ ਰੱਖਣ ਦੀ ਬਜਾਇ ਅਤਿ ਸੰਗੀਨ ਕੇਸ ਐਨ.ਐਸ.ਏ ਝੂਠਾਂ ਦਰਜ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਰੱਖਿਆ ਗਿਆ, ਜਿਥੇ ਉਨ੍ਹਾਂ ਨੂੰ ਖਾਂਣਾ ਦੇਣ ਵਾਲਿਆ ਨੂੰ ਅੰਮ੍ਰਿਤ ਬਾਰੇ ਕੋਈ ਜਿਆਦਾ ਜਾਣਕਾਰੀ ਹੀ ਨਹੀ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆ ਦੇ ਅੰਮ੍ਰਿਤ ਨੂੰ ਭੰਗ ਕਰਨ ਦੀ ਹੁਕਮਰਾਨਾਂ ਦੀ ਸਾਜਿਸ ਹੀ ਨਹੀ ਬਲਕਿ ਉਨ੍ਹਾਂ ਨੂੰ ਭਾਈ ਅਵਤਾਰ ਸਿੰਘ ਖੰਡਾ ਦੀ ਤਰ੍ਹਾਂ ਖਾਂਣੇ ਵਿਚ ਜਾਂ ਦਵਾਈਆ ਵਿਚ ਮੰਦਭਾਵਨਾ ਅਧੀਨ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਵੀ ਵਸਤੂ ਸਾਮਿਲ ਕਰਕੇ ਆਉਣ ਵਾਲੇ ਸਮੇ ਵਿਚ ਦੇ ਸਕਦੇ ਹਨ । ਜਿਸ ਨਾਲ ਸਿੱਖ ਕੌਮ ਵਿਚ ਇਕ ਵਾਰੀ ਫਿਰ ਵੱਡੇ ਰੋਸ ਨੂੰ ਉਤਪੰਨ ਕਰਕੇ ਜ਼ਬਰ ਢਾਹੁਣ ਦੇ ਮਨਸੂਬੇ ਘੜੇ ਜਾ ਸਕਦੇ ਹਨ । ਇਸ ਲਈ ਜਿਸ ਪੰਜਾਬ ਸਰਕਾਰ ਨੇ ਇਸ ਸਾਜਿਸ ਨੂੰ ਪੂਰਨ ਕਰਕੇ ਸਿੱਖ ਕੌਮ ਵਿਚ ਆਪਣੀ ਛਬੀ ਨੂੰ ਸੱਕੀ ਬਣਾਇਆ ਹੈ, ਉਸਨੂੰ ਚਾਹੀਦਾ ਹੈ ਕਿ ਆਪਣੇ ਵਿਸਵਾਸ ਨੂੰ ਬਹਾਲ ਕਰਨ ਲਈ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆ ਨੂੰ ਤੁਰੰਤ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕਰਨ ਦੇ ਅਮਲ ਕਰੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਦੀ ਸਾਂਝੀ ਰਣਨੀਤੀ ਅਧੀਨ ਐਨ.ਐਸ.ਏ. ਦੇ ਝੂਠੇ ਕੇਸ ਦਰਜ ਕਰਕੇ ਬੰਦੀ ਬਣਾਉਣ ਅਤੇ ਉਨ੍ਹਾਂ ਨੂੰ ਖਾਂਣੇ ਵਿਚ ਅੰਮ੍ਰਿਤਪਾਨ ਤੋ ਵਰਜਿਤ ਵਸਤਾਂ ਮਿਲਾਕੇ ਦੇਣ ਜਾਂ ਉਨ੍ਹਾਂ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀਆਂ ਮਨੁੱਖਤਾ ਵਿਰੋਧੀ ਸਾਜਿਸਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਉਨ੍ਹਾਂ ਨੂੰ ਤੁਰੰਤ ਪੰਜਾਬ ਦੀ ਜਾਂ ਚੰਡੀਗੜ੍ਹ ਦੀ ਜੇਲ੍ਹ ਵਿਚ ਤਬਦੀਲ ਕਰਨ ਦੀ ਕੌਮ ਦੇ ਬਿਨ੍ਹਾਂ ਤੇ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜਦੋ ਸੈਟਰ ਦੀਆਂ ਖੂਫੀਆ ਏਜੰਸੀਆ ਦੇ ਪੱਧਰ ਤੇ ਸਾਡੇ ਸਿਰਕੱਢ ਅਗਾਹਵਾਧੂ ਮਨੁੱਖਤਾ ਪੱਖੀ ਕੌਮੀ ਵਿਚਾਰਾਂ ਵਾਲੀਆ ਸਖਸ਼ੀਅਤਾਂ ਤੇ ਆਤਮਾਵਾ ਨੂੰ ਨਿਰੰਤਰ ਨਿਸ਼ਾਨਾਂ ਬਣਾਕੇ ਸ਼ਹੀਦ ਕੀਤਾ ਜਾ ਰਿਹਾ ਹੈ, ਤਾਂ ਭਾਈ ਅੰਮ੍ਰਿਤਪਾਲ ਸਿੰਘ ਵਰਗੀ ਕੌਮ ਪੱਖੀ ਆਤਮਾ ਦੀ ਹਿਫਾਜਤ ਲਈ ਜ਼ਰੂਰੀ ਹੈ ਕਿ ਸਭ ਕੌਮੀ ਆਗੂ ਸਮੂਹਿਕ ਤੌਰ ਤੇ ਕੋਈ ਅਸਰਦਾਰ ਪ੍ਰੋਗਰਾਮ ਉਲੀਕ ਕੇ ਉਨ੍ਹਾਂ ਨੂੰ ਫੌਰੀ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਵੀ ਕਰਵਾਇਆ ਜਾਵੇ ਅਤੇ ਉਨ੍ਹਾਂ ਉਤੇ ਬਣੇ ਝੂਠੇ ਐਨ.ਐਸ.ਏ. ਦੇ ਕੇਸ ਤੋ ਨਿਜਾਤ ਦਿਵਾਉਣ ਲਈ ਐਸ.ਜੀ.ਪੀ.ਸੀ ਚੰਗੇ ਵਕੀਲਾਂ ਦਾ ਪੈਨਲ ਬਣਾਕੇ ਪਹਿਲ ਦੇ ਆਧਾਰ ਤੇ ਇਹ ਕੌਮੀ ਜਿੰਮੇਵਾਰੀ ਪੂਰਨ ਕਰੇ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆ ਦੀਆਂ ਜਾਨਾਂ ਦੇ ਬਣਦੇ ਜਾ ਰਹੇ ਵੱਡੇ ਖ਼ਤਰੇ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਪੰਜਾਬ ਲਿਆਉਣ ਦੀ ਇਖਲਾਕੀ ਜਿੰਮੇਵਾਰੀ ਪੂਰਨ ਕਰਨਗੇ । ਜੇਕਰ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਸਾਹਮਣੇ ਆਈ ਤਾਂ ਉਸ ਲਈ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ, ਸੈਟਰ ਦੀ ਮੋਦੀ ਹਕੂਮਤ ਤੇ ਗ੍ਰਹਿ ਵਿਭਾਗ ਇੰਡੀਆ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ ।

Leave a Reply

Your email address will not be published. Required fields are marked *