ਜੰਮੂ-ਕਸ਼ਮੀਰ ਸੂਬੇ ਵਿਚ ਸਿੱਖਾਂ ਦੇ ਨਾਮ ਦੀ ਦੁਰਵਰਤੋਂ ਕਰਕੇ, ਸਿੱਖ ਕੌਮ ਪ੍ਰਤੀ ਗੁੰਮਰਾਹਕੁੰਨ ਪ੍ਰਚਾਰ ਜਾਂ ਚੇਤਾਵਨੀਆਂ ਸਹਿਣ ਨਹੀ ਹੋਣਗੀਆ : ਮਾਨ

ਫ਼ਤਹਿਗੜ੍ਹ ਸਾਹਿਬ, 10 ਜਨਵਰੀ ( ) “ਕਸ਼ਮੀਰ ਉਹ ਸੂਬਾ ਹੈ ਜਿਸਨੂੰ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫੌ਼ਜਾਂ ਨੇ 1819 ਵਿਚ ਅਫ਼ਗਾਨੀਸਤਾਨ ਤੋਂ ਫ਼ਤਹਿ ਕਰਕੇ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ । ਸਿੱਖ ਉਸ ਸਮੇਂ ਤੋਂ ਹੀ ਇਸ ਸੂਬੇ ਅਤੇ ਇਲਾਕੇ ਵਿਚ ਆਪਣੀਆ ਸੇਵਾਵਾਂ ਪ੍ਰਦਾਨ ਕਰਦੇ ਹੋਏ ਨਿਰਪੱਖਤਾ ਨਾਲ ਆਪਣੇ ਜੀਵਨ ਬਸਰ ਕਰਦੇ ਆ ਰਹੇ ਹਨ । ਸਿੱਖ ਕੌਮ ਨਾ ਤਾਂ ਕਿਸੇ ਦੂਜੀ ਕੌਮ ਨੂੰ ਕਿਸੇ ਤਰ੍ਹਾਂ ਦਾ ਭੈ ਦਿੰਦੀ ਹੈ ਅਤੇ ਨਾ ਹੀ ਕਿਸੇ ਦੇ ਭੈ ਨੂੰ ਪ੍ਰਵਾਨ ਕਰਦੀ ਹੈ । ਜੋ ਬੀਤੇ ਦਿਨੀ ਜੰਮੂ-ਕਸ਼ਮੀਰ ਨਾਲ ਸੰਬੰਧਤ ਸੰਗਠਨਾਂ ਵਿਸੇਸ ਤੌਰ ਤੇ ਟੀ.ਆਰ.ਐਫ ਨੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਇਹ ਕਿਹਾ ਹੈ ਕਿ ਸਿੱਖ ਨੌਜ਼ਵਾਨ ਪੁਲਿਸ ਦੀ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਤੱਥ ਦੇ ਚੇਤਾਵਨੀ ਦਿੱਤੀ ਹੈ, ਅਜਿਹੀ ਕਾਰਵਾਈ ਜਾਂ ਗੁੰਮਰਾਹਕੁੰਨ ਪ੍ਰਚਾਰ ਨੂੰ ਸਿੱਖ ਕੌਮ ਕਤਈ ਸਹਿਣ ਨਹੀ ਕਰੇਗੀ । ਕਿਉਂਕਿ ਸਾਡਾ ਕੌਮੀ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਅਸੀ ਕਿਸੇ ਜ਼ਬਰ ਜੁਲਮ ਵਿਰੁੱਧ ਤਾਂ ਆਵਾਜ ਜ਼ਰੂਰ ਉਠਾਉਦੇ ਹਾਂ ਪਰ ਕਿਸੇ ਉਤੇ ਜ਼ਬਰ ਜੁਲਮ ਕਤਈ ਨਹੀ ਕਰਦੇ । ਜੇਕਰ ਕੁਝ ਗੁੰਮਰਾਹ ਹੋਏ ਕਸ਼ਮੀਰੀ ਸੰਗਠਨ ਇਸ ਤਰ੍ਹਾਂ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਦੀ ਕਾਰਵਾਈ ਕਰਦੇ ਹਨ, ਤਾਂ ਉਨ੍ਹਾਂ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ‘ਅਸੀ ਆਟੇ ਦੇ ਦੀਵੇ ਨਹੀ ਹਾਂ ਜੋ ਬਾਹਰ ਪਿਆ ਨੂੰ ਕਾਂ ਚੁੱਕ ਲੈਜੇਗਾ ਅਤੇ ਅੰਦਰ ਚੂਹਾ’ । ਇਸ ਲਈ ਕਿਸੇ ਵੀ ਕਸ਼ਮੀਰੀ ਸੰਗਠਨ ਨੂੰ ਬਿਨ੍ਹਾਂ ਕਿਸੇ ਤੱਥਾਂ ਦੇ ਆਧਾਰ ਤੋਂ ਨਾ ਤਾਂ ਸਿੱਖ ਕੌਮ ਉਤੇ ਕਿਸੇ ਤਰ੍ਹਾਂ ਦੀ ਤਹੁਮਤ ਲਗਾਉਣੀ ਚਾਹੀਦੀ ਹੈ ਅਤੇ ਨਾ ਹੀ ਨਿਸ਼ਾਨਾਂ ਬਣਾਉਣਾ ਚਾਹੀਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸ਼ਮੀਰ ਦੀ ਆਜਾਦੀ ਲਈ ਜੂਝ ਰਹੇ ਕੁਝ ਸੰਗਠਨਾਂ ਤੇ ਆਗੂਆਂ ਵੱਲੋਂ ਬਿਨ੍ਹਾਂ ਵਜਹ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਉਨ੍ਹਾਂ ਨੂੰ ਕਸ਼ਮੀਰ ਪੁਲਿਸ ਲਈ ਕੰਮ ਕਰਨ ਦਾ ਦੋਸ਼ ਲਗਾਕੇ ਚੇਤਾਵਨੀ ਦੇਣ ਦੀ ਅਤਿ ਦੁੱਖਦਾਇਕ ਕਾਰਵਾਈ ਵਿਰੁੱਧ ਸਖ਼ਤ ਸਟੈਂਡ ਲੈਦੇ ਹੋਏ ਅਤੇ ਸਿੱਖ ਕੌਮ ਦੇ ਇਤਿਹਾਸ ਦਾ ਹਵਾਲਾ ਦੇ ਕੇ ਸਿੱਖ ਕੌਮ ਦੇ ਮਜਬੂਤ ਇਰਾਦਿਆ ਅਤੇ ਉਨ੍ਹਾਂ ਦੇ ਹਰ ਖੇਤਰ ਵਿਚ ਫਤਹਿ ਕਰਨ ਦੇ ਢੰਗ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਕਸ਼ਮੀਰ ਵਿਚ ਵਿਚਰਣ ਵਾਲੇ ਸੂਝਵਾਨ ਆਗੂਆ ਨੂੰ ਵੀ ਇਹ ਸੰਜ਼ੀਦਾ ਅਪੀਲ ਕੀਤੀ ਕਿ ਜਿਨ੍ਹਾਂ ਵੀ ਸੰਗਠਨਾਂ ਨੇ ਸਿੱਖਾਂ ਦੇ ਕਿਰਦਾਰ ਨੂੰ ਸੱਕੀ ਬਣਾਉਣ ਲਈ ਅਜਿਹੀ ਬੇਤੁੱਕੀ ਬਿਆਨਬਾਜੀ ਕੀਤੀ ਹੈ, ਉਨ੍ਹਾਂ ਨੂੰ ਬਾਦਲੀਲ ਢੰਗ ਰਾਹੀ ਰੋਕਣ ਅਤੇ ਉਨ੍ਹਾਂ ਵਿਰੁੱਧ ਉਹ ਇਨਸਾਨੀਅਤ ਦੇ ਨਾਤੇ ਅਤੇ ਸਿੱਖ ਕੌਮ ਵੱਲੋਂ ਕਸ਼ਮੀਰੀਆਂ ਦੀ ਆਜਾਦੀ ਲਈ ਉਠਾਈ ਜਾ ਰਹੀ ਆਵਾਜ ਨੂੰ ਮੁੱਖ ਰੱਖਕੇ ਕਸ਼ਮੀਰੀ ਸਿੱਖਾਂ ਦੇ ਹੱਕ ਵਿਚ ਤੁਰੰਤ ਬਿਆਨ ਜਾਰੀ ਕਰਨੇ ਚਾਹੀਦੇ ਹਨ ਤਾਂ ਕਿ ਇਸਲਾਮਿਕ ਤੇ ਸਿੱਖ ਕੌਮ ਦੇ ਦਰਮਿਆਨ ਕੋਈ ਤਾਕਤ ਭੰਬਲਭੂਸਾ ਪਾਉਣ ਵਿਚ ਕਾਮਯਾਬ ਨਾ ਹੋ ਸਕੇ ਅਤੇ ਦੋਵੇ ਕੌਮਾਂ ਸਹੀ ਢੰਗ ਨਾਲ ਆਪਣੀ ਆਜਾਦੀ ਦੇ ਮਿਸਨ ਵੱਲ ਵੱਧਦੀਆ ਰਹਿਣ । ਸ. ਮਾਨ ਨੇ ਇਹ ਵੀ ਚੇਤੇ ਕਰਵਾਇਆ ਕਿ ਬੀਤੇ ਸਮੇਂ ਵਿਚ ਕਸ਼ਮੀਰ ਵਿਚ ਇਕ ਨਿਰਦੋਸ਼ ਸਿੱਖ ਪ੍ਰਿੰਸੀਪਲ ਬੀਬੀ ਸੁਪਿੰਦਰ ਕੌਰ ਨੂੰ ਆਈ.ਐਸ.ਆਈ.ਐਸ ਨੇ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਕੇ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਸੀ । ਅਸੀ ਉਸ ਸਮੇ ਵੀ ਆਈ.ਐਸ.ਆਈ.ਐਸ. ਨੂੰ ਅਜਿਹੀਆ ਸਿੱਖ ਵਿਰੋਧੀ ਕਾਰਵਾਈਆ ਲਈ ਅਗਾਹ ਕੀਤਾ ਸੀ ਕਿ ਸਿੱਖ ਕੌਮ ਨੂੰ ਅਜਿਹੀ ਦਿਸ਼ਾ ਵੱਲ ਤੁਰਨ ਲਈ ਮਜਬੂਰ ਨਾ ਕੀਤਾ ਜਾਵੇ, ਜਿਸ ਨਾਲ ਫਿਰ ਸਿੱਖ ਕੌਮ ਨੂੰ ਆਪਣੀਆ ਰਵਾਇਤਾ ਉਤੇ ਪਹਿਰਾ ਦਿੰਦੇ ਹੋਏ ਅਜਿਹੀਆ ਤਾਕਤਾਂ ਨਾਲ ਸਿੰਝਣਾ ਪਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕਸਮੀਰ ਦੇ ਸੂਝਵਾਨ ਆਗੂ ਕਸਮੀਰੀਆ ਅਤੇ ਸਿੱਖਾਂ ਵਿਚਕਾਰ ਅਜਿਹੀ ਬੇਤੁੱਕੀ ਬਿਆਨਬਾਜੀ ਅਤੇ ਨਫਰਤ ਫੈਲਾਉਣ ਦੀ ਆਪਣੇ ਕਸਮੀਰੀਆ ਨੂੰ ਇਜਾਜਤ ਨਹੀ ਦੇਣਗੇ ।

Leave a Reply

Your email address will not be published. Required fields are marked *