ਸ੍ਰੀ ਪਰਚੰਦਾ ਵਜ਼ੀਰ-ਏ-ਆਜਮ ਨੇਪਾਲ, ਇੰਡੀਆ ਅਤੇ ਚੀਨ ਦਰਮਿਆਨ ਬਰਾਬਰ ਦੀ ਦੂਰੀ ਰੱਖਕੇ ਹੀ ਆਪਣੀ ਕਾਮਯਾਬੀ ਨੂੰ ਕਾਇਮ ਰੱਖ ਸਕਣਗੇ : ਮਾਨ

ਫ਼ਤਹਿਗੜ੍ਹ ਸਾਹਿਬ, 11 ਜਨਵਰੀ ( ) “ਜਿਸ ਤਰ੍ਹਾਂ ਨੇਪਾਲ ਦੇ ਵਜ਼ੀਰ-ਏ-ਆਜਮ ਸ੍ਰੀ ਪੀ.ਕੇ.ਡੀ ਪਰਚੰਦਾ ਨੇ ਹਾਊਸ ਆਫ ਰੀਪ੍ਰੈਜੈਟਿਟਵ ਵਿਚ ਪੂਰਨ ਬਹੁਮੱਤ ਤੇ ਭਰੋਸੇ ਦਾ ਵੋਟ ਹਾਸਿਲ ਕਰ ਲਿਆ ਹੈ ਤਾ ਉਹ ਫਿਲਹਾਲ ਆਪਣੇ ਵਜ਼ੀਰ-ਏ-ਆਜਮ ਦੇ ਅਹੁਦੇ ਨੂੰ ਬਰਕਰਾਰ ਰੱਖਣ ਵਿਚ ਕਾਮਯਾਬੀ ਵੱਲ ਵੱਧੇ ਹਨ । ਅਸੀ ਇਸ ਮੌਕੇ ਉਤੇ ਜਿਥੇ ਉਨ੍ਹਾਂ ਨੂੰ ਆਪਣੇ ਹੱਕ ਵਿਚ ਤਹਿਸੁਦਾ ਵੋਟ ਹਾਸਿਲ ਕਰਨ ਉਤੇ ਮੁਬਾਰਕਬਾਦ ਭੇਜਦੇ ਹਾਂ, ਉਥੇ ਉਨ੍ਹਾਂ ਨੂੰ ਏਸੀਆ ਖਿੱਤੇ ਦੇ ਮੁਲਕਾਂ ਦੇ ਚੰਗੇਰੇ ਭਵਿੱਖ ਲਈ ਇਹ ਨੇਕ ਸਲਾਹ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਉਹ ਨੇਪਾਲ ਅਤੇ ਉਥੋ ਦੇ ਨਿਵਾਸੀਆ ਦੀ ਚਹੁਪੱਖੀ ਬਿਹਤਰੀ ਨੂੰ ਮੁੱਖ ਰੱਖਕੇ ਆਪਣੀਆ ਬਾਹਰੀ ਨੀਤੀਆ ਨੂੰ ਲਾਗੂ ਕਰਦੇ ਹੋਏ ਜੇਕਰ ਚੀਨ ਅਤੇ ਇੰਡੀਆ ਜੋ ਪੁਰਾਤਨ ਦੁਸ਼ਮਣੀ ਰੱਖਦੇ ਹਨ, ਇਨ੍ਹਾਂ ਦੋਵਾਂ ਨਾਲ ਬਰਾਬਰ ਦੀ ਦੂਰੀ ਰੱਖਕੇ ਆਪਣੇ ਨੇਪਾਲ ਮੁਲਕ ਲਈ ਉਦਮ ਕਰਨਗੇ, ਫਿਰ ਤਾਂ ਉਹ ਕੌਮਾਂਤਰੀ ਪੱਧਰ ਉਤੇ ਆਪਣੇ ਅਹੁਦੇ ਦੇ ਸਤਿਕਾਰ ਵਿਚ ਵਾਧਾ ਕਰ ਸਕਣਗੇ । ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨੇਪਾਲ ਮੁਲਕ ਦੀਆਂ ਸੜਕਾਂ, ਰੇਲਵੇ ਲਾਇਨਾਂ ਅਤੇ ਹੋਰ ਵਿਕਾਸ ਲਈ ਨਾ ਤਾਂ ਚੀਨ ਤੋ ਅਤੇ ਨਾ ਹੀ ਇੰਡੀਆ ਤੋ ਕਿਸੇ ਤਰ੍ਹਾਂ ਦੀ ਮਾਲੀ ਮਦਦ ਲੈਕੇ ਗੁਲਾਮੀਅਤ ਦੇ ਪਿੜ ਦਾ ਸਿਕਾਰ ਹੋਣ । ਬਲਕਿ ਆਪਣੇ ਬਲਬੂਤੇ ਉਤੇ ਅਤੇ ਇਖਲਾਕੀ ਤਾਕਤ ਨਾਲ ਆਪਣੇ ਮੁਲਕ ਨੂੰ ਨਿਰਪੱਖ ਰੱਖਦੇ ਹੋਏ ਅੱਗੇ ਵੱਧਣ । ਅਜਿਹੇ ਅਮਲਾਂ ਦੀ ਬਦੌਲਤ ਹੀ ਏਸੀਆ ਖਿੱਤੇ ਦਾ ਅਮਨ-ਚੈਨ ਕਾਇਮ ਰਹਿ ਸਕੇਗਾ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨੇਪਾਲ ਦੇ ਵਜ਼ੀਰ-ਏ-ਆਜਮ ਸ੍ਰੀ ਪਰਚੰਦਾ ਵੱਲੋਂ ਪਾਰਲੀਮੈਂਟ ਵਿਚ ਆਪਣਾ ਬਹੁਮੱਤ ਪ੍ਰਾਪਤ ਕਰ ਲੈਣ ਅਤੇ ਆਪਣੇ ਵਜ਼ੀਰ-ਏ-ਆਜਮ ਦੇ ਅਹੁਦੇ ਨੂੰ ਫਿਲਹਾਲ ਕਾਇਮ ਰੱਖਣ ਉਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ, ਸ੍ਰੀ ਪਰਚੰਦਾ ਨੂੰ ਮੁਬਾਰਕਬਾਦ ਦਿੰਦੇ ਹੋਏ ਇੰਡੀਆ ਅਤੇ ਚੀਨ ਨਾਲ ਬਰਾਬਰ ਦੀ ਦੂਰੀ ਬਣਾਕੇ ਰੱਖਣ ਦੀ ਨੇਕ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਏਸੀਆ ਖਿੱਤੇ ਦੇ ਤਿੰਨ ਪ੍ਰਮਾਣੂ ਤਾਕਤ ਵਾਲੇ ਮੁਲਕਾਂ ਇੰਡੀਆ, ਚੀਨ ਅਤੇ ਪਾਕਿਸਤਾਨ ਦੀ ਆਪਸੀ ਪੁਰਾਤਨ ਦੁਸ਼ਮਣੀ ਹੈ । ਇਨ੍ਹਾਂ ਦੀ ਇਸ ਸੋਚ ਦੀ ਬਦੌਲਤ ਸਮੁੱਚੇ ਏਸੀਆ ਖਿੱਤੇ ਦੇ ਮੁਲਕਾਂ ਦੇ ਅਮਨ-ਚੈਨ ਨੂੰ ਕਾਇਮ ਰੱਖਣ ਵਿਚ ਇਹ ਦੁਸ਼ਮਣੀ ਵੱਡੀ ਰੁਕਾਵਟ ਪੈਦਾ ਕਰਦੀ ਹੈ । ਇਸ ਲਈ ਏਸੀਆ ਖਿੱਤੇ ਦੇ ਅਮਨ ਚੈਨ ਤੇ ਜਮਹੂਰੀਅਤ ਰੱਖਣ ਹਿੱਤ ਤਿੰਨੇ ਪ੍ਰਮਾਣੂ ਤਾਕਤ ਵਾਲੇ ਮੁਲਕਾਂ ਵਿਚਕਾਰ ਜਿਥੇ ਸਿੱਖ ਵਸੋ ਵਾਲਾ ਇਲਾਕਾ ਹੈ, ਉਸਨੂੰ ਆਧਾਰ ਮੰਨਕੇ ਜੇਕਰ ਚੀਨ, ਪਾਕਿਸਤਾਨ, ਇੰਡੀਆ ਦੀ ਤ੍ਰਿਕੋਣ ਦੇ ਵਿਚਕਾਰ ਬਫਰ ਸਟੇਟ ਕਾਇਮ ਕਰਨ ਵਿਚ ਨੇਪਾਲ ਅਤੇ ਹੋਰ ਏਸੀਆ ਖਿੱਤੇ ਦੇ ਮੁਲਕ ਸਹੀ ਦਿਸ਼ਾ ਵੱਲ ਭੂਮਿਕਾ ਨਿਭਾਅ ਸਕਣ ਤਾਂ ਇਹ ਉਦਮ ਹੀ ਏਸੀਆ ਮੁਲਕਾਂ ਦੇ ਹਰ ਖੇਤਰ ਵਿਚ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਲਈ ਵਰਦਾਨ ਸਾਬਤ ਹੋ ਸਕਦਾ ਹੈ। ਇਸ ਲਈ ਨੇਪਾਲ ਨੂੰ ਚਾਹੀਦਾ ਹੈ ਕਿ ਉਹ ਆਪਣੀ ਬੌਧਿਕ ਅਤੇ ਫ਼ੌਜੀ ਸ਼ਕਤੀ ਨੂੰ ਉਪਰੋਕਤ ਤਿੰਨਾ ਮੁਲਕਾਂ ਵਿਚਕਾਰ ਬਫ਼ਰ ਸਟੇਟ ਕਾਇਮ ਕਰਨ ਵਿਚ ਵਰਤੇ ਤਾਂ ਕਿ ਸਥਾਈ ਤੌਰ ਤੇ ਇਸ ਖਿੱਤੇ ਵਿਚ ਅਮਨ-ਚੈਨ ਕਾਇਮ ਹੋ ਸਕੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਪਰਚੰਦਾ ਆਪਣੇ ਮੁਲਕ ਦੀਆਂ ਸੜਕਾਂ, ਰੇਲਾਂ ਆਦਿ ਲਈ ਉਪਰੋਕਤ ਦੋਵਾਂ ਮੁਲਕਾਂ ਤੋ ਕਿਸੇ ਤਰ੍ਹਾਂ ਦੀ ਸਹਾਇਤਾ ਦਾ ਅਹਿਸਾਨ ਨਾ ਲੈਕੇ ਆਪਣੇ ਆਪ ਨੂੰ ਇਨ੍ਹਾਂ ਮੁਲਕਾਂ ਦੀ ਫ਼ੌਜੀ ਤਾਕਤ ਤੋ ਅਤੇ ਦੂਸਰੇ ਸਾਧਨਾਂ ਤੋ ਦੂਰੀ ਬਣਾਈ ਰੱਖਣਗੇ ।

Leave a Reply

Your email address will not be published. Required fields are marked *