ਜਲੰਧਰ ਦੇ ਨਿਰਦੋਸ਼ ਵਪਾਰੀ ਟਿੰਮੀ ਚਾਵਲਾ ਅਤੇ ਕਾਂਸਟੇਬਲ ਮਨਦੀਪ ਸਿੰਘ ਦੇ ਹੋਏ ਦੁੱਖਦਾਇਕ ਕਤਲ ਉਤੇ ਗਹਿਰਾ ਅਫਸੋਸ, ਕਾਨੂੰਨੀ ਵਿਵਸਥਾਂ ਡਾਵਾਡੋਲ : ਮਾਨ

ਨਿਰਦੋਸ਼ ਪੁਲਿਸ ਅਧਿਕਾਰੀਆਂ ਨੂੰ ਮਾਰਨ ਵਾਲਿਆ ਨੂੰ ‘ਭਾਰਤ ਰਤਨ’ ਦੇਣ ਵਾਲੇ ਹੀ ਇਥੇ ਅਰਾਜਕਤਾ ਫੈਲਾ ਰਹੇ ਹਨ

ਫ਼ਤਹਿਗੜ੍ਹ ਸਾਹਿਬ, 09 ਦਸੰਬਰ ( ) “ਬੀਤੇ ਦਿਨੀਂ ਜਲੰਧਰ ਦੇ ਇਕ ਵੱਡੇ ਕੱਪੜੇ ਦੇ ਨਿਰਦੋਸ਼ ਵਪਾਰੀ ਨੌਜ਼ਵਾਨ ਟਿੰਮੀ ਚਾਵਲਾ ਜਿਸਨੂੰ 1 ਮਹੀਨੇ ਤੋਂ ਫਿਰੋਤੀ ਦੇਣ ਲਈ ਧਮਕੀਆ ਆ ਰਹੀਆ ਸਨ ਅਤੇ ਜਿਸਨੇ ਇਸ ਸੰਬੰਧੀ ਸਰਕਾਰ ਤੇ ਪ੍ਰਸ਼ਾਸ਼ਨ ਦੇ ਧਿਆਨ ਵਿਚ ਲਿਆਉਦੇ ਹੋਏ ਆਪਣੀ ਜਾਨ ਦੇ ਖ਼ਤਰੇ ਦੀ ਗੁਹਾਰ ਵੀ ਲਗਾਈ ਸੀ । ਪ੍ਰਸ਼ਾਸ਼ਨ ਨੇ ਗੂਗਲੂਆ ਤੋਂ ਮਿੱਟੀ ਝਾੜਦੇ ਹੋਏ ਉਸਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਇਕ ਮਨਦੀਪ ਸਿੰਘ ਨਾਮ ਦੇ ਕਾਂਸਟੇਬਲ ਨੂੰ ਉਸਦੇ ਨਾਲ ਸੁਰੱਖਿਆ ਲਈ ਲਗਾਉਣਾ ਹੀ ਪ੍ਰਸ਼ਾਸ਼ਨ ਤੇ ਸਰਕਾਰ ਦੀਆਂ ਜਿ਼ੰਮੇਵਾਰੀਆ ਨੂੰ ਸੰਜ਼ੀਦਗੀ ਨਾਲ ਨਾ ਲੈਣ ਵਾਲੇ ਅਮਲ ਸਨ । ਫਿਰ 1 ਮਹੀਨੇ ਤੋਂ ਜੋ ਪੰਜਾਬ ਦੀ ਪੁਲਿਸ, ਖੂਫੀਆ ਏਜੰਸੀਆਂ, ਫੋਨ ਕਰਨ ਵਾਲੇ ਤੇ ਧਮਕੀ ਦੇਣ ਵਾਲੇ ਅਨਸਰ ਦਾ ਪਤਾ ਨਹੀ ਲਗਾ ਸਕੀਆ ਅਤੇ ਨਾ ਹੀ ਟਿੰਮੀ ਚਾਵਲਾ ਨੂੰ ਲੋੜੀਦੀ ਸੁਰੱਖਿਆ ਪ੍ਰਦਾਨ ਕਰ ਸਕੀਆ ਹਨ । ਅਜਿਹੇ ਹਾਲਾਤ ਪੰਜਾਬ ਦੀ ਕਾਨੂੰਨੀ ਵਿਵਸਥਾਂ ਦੇ ਪੂਰਨ ਰੂਪ ਵਿਚ ਡਾਵਾਡੋਲ ਹੋਣ ਨੂੰ ਜਿਥੇ ਪ੍ਰਤੱਖ ਕਰਦੇ ਹਨ, ਉਥੇ 2 ਨਿਰਦੋਸ਼ ਜਾਨਾਂ ਦੇ ਚਲੇ ਜਾਣ ਉਤੇ ਹਰ ਇਨਸਾਨ ਦੀ ਅੱਖ ਨਮ ਹੈ ਅਤੇ ਇਹ ਵਰਤਾਰਾ ਅਤਿ ਅਫਸੋਸਨਾਕ ਹੈ । ਜਿਸਨੇ 2 ਨਿਰਦੋਸ਼ਾਂ ਦੀ ਜਾਨ ਲੈ ਲਈ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੋਵੇ ਮ੍ਰਿਤਕ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀਆ ਆਤਮਾਵਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦਾ ਹੈ, ਉਥੇ ਨਿਜਾਮੀ ਅਤੇ ਕਾਨੂੰਨੀ ਵਿਵਸਥਾਂ ਨੂੰ ਕਾਬੂ ਵਿਚ ਰੱਖਣ ਦੀਆਂ ਜਿ਼ੰਮੇਵਾਰੀਆਂ ਵਿਚ ਵਰਤੀ ਜਾ ਰਹੀ ਅਣਗਹਿਲੀ ਅਤੇ ਆਪਣੇ ਨਾਗਰਿਕਾਂ ਦੇ ਜੀਵਨ ਨੂੰ ਸੁਰੱਖਿਅਤ ਰੱਖਣ ਵਿਚ ਹੋਏ ਅਸਫਲ ਪ੍ਰਬੰਧ ਨੂੰ ਜਿ਼ੰਮੇਵਾਰ ਠਹਿਰਾਉਦਾ ਹੋਇਆ, ਗੈਂਗਸਟਰ, ਫਿਰੋਤੀਆ ਲੈਣ ਵਾਲੇ ਬਦਮਾਸ਼ਾਂ ਤੇ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀਆ ਤਾਕਤਾਂ ਨੂੰ ਹਰ ਕੀਮਤ ਤੇ ਕਾਬੂ ਵਿਚ ਰੱਖਣ ਦੀ ਮੰਗ ਕਰਦਾ ਹੈ ਤਾਂ ਕਿ ਪੰਜਾਬ ਦੇ ਆਮ ਪਰਿਵਾਰਾਂ, ਕਾਰੋਬਾਰੀ ਪਰਿਵਾਰਾਂ ਦੇ ਮੈਬਰ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਮਹਿਸੂਸ ਕਰ ਸਕਣ ਤੇ ਬਿਨ੍ਹਾਂ ਕਿਸੇ ਡਰ-ਭੈ ਦੇ ਆਪਣੀ ਜਿੰਦਗੀ ਜੀ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਜਲੰਧਰ ਵਿਖੇ ਇਕ ਨਿਰਦੋਸ਼ ਕੱਪੜੇ ਦੇ ਵਪਾਰੀ ਟਿੰਮੀ ਚਾਵਲਾ ਅਤੇ ਇਕ ਨੌਜ਼ਵਾਨ ਕਾਂਸਟੇਬਲ ਦੇ ਹੋਏ ਕਤਲ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਪੁਲਿਸ ਵੱਲੋ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਵਿਚ ਅਸਫਲਤਾਂ ਉਤੇ ਗਹਿਰੀ ਚੋਟ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਦੀ ਤਸੱਲੀ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇਸ ਘਟਨਾ ਵਿਚ ਡਿਊਟੀ ਕਰ ਰਹੇ ਕਾਂਸਟੇਬਲ ਦੀ ਹੱਤਿਆ ਹੋ ਜਾਣ ਤੇ ਉਸਦੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਰਾਸੀ ਦੇਣ ਦਾ ਐਲਾਨ ਕੀਤਾ ਹੈ । ਉਨ੍ਹਾਂ ਮੰਗ ਕੀਤੀ ਕਿ ਇਸ ਮ੍ਰਿਤਕ ਕਾਂਸਟੇਬਲ ਦੇ ਪਰਿਵਾਰ ਵਿਚੋ ਉਸਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਜਾਵੇ ਤਾਂ ਕਿ ਉਹ ਵਿਧਵਾ ਬੀਬੀ ਆਪਣੀ ਜਿੰਦਗੀ ਅਤੇ ਬੱਚਿਆਂ ਦੀ ਸਹੀ ਢੰਗ ਨਾਲ ਪ੍ਰਵਰਿਸ ਕਰ ਸਕੇ । ਸ. ਮਾਨ ਨੇ ਇਸ ਹੋਏ ਵਰਤਾਰੇ ਲਈ ਉਨ੍ਹਾਂ ਆਗੂਆਂ ਅਤੇ ਦਾ ਟ੍ਰਿਬਿਊਨ ਅਦਾਰੇ ਦੇ ਸੰਪਾਦਕ ਰਾਜੇਸ ਰਾਮਾਚੰਦਰਨ ਜਿਨ੍ਹਾਂ ਨੇ 18 ਨਵੰਬਰ 2022 ਦੇ ਸੰਪਾਦਕੀ ਨੋਟ ਵਿਚ ਨਿਰਦੋਸ਼ ਪੁਲਿਸ ਅਧਿਕਾਰੀਆਂ ਨੂੰ ਮਾਰਨ ਵਾਲਿਆ ਨੂੰ ‘ਭਾਰਤ ਰਤਨ’ ਵਰਗੇ ਖਿਤਾਬ ਦੇਣ ਦੀ ਵਕਾਲਤ ਕੀਤੀ ਹੈ, ਇਹ ਦੁਖਾਂਤ ਅਜਿਹੇ ਸੰਪਾਦਕੀ ਨੋਟਾਂ ਅਤੇ ਮੁੱਖ ਮੰਤਰੀ ਵੱਲੋ ਬੀਤੇ ਸਮੇ ਦੇ ਨਿਰਦੋਸ਼ਾਂ ਦੇ ਕਾਤਲਾਂ ਨੂੰ ਸਨਮਾਨ ਦੇਣ ਨੂੰ ਜਿ਼ੰਮੇਵਾਰ ਠਹਿਰਾਉਦੇ ਹੋਏ ਅਤੇ ਅਜਿਹੇ ਗੈਰ ਕਾਨੂੰਨੀ ਕਾਰਵਾਈਆ ਨੂੰ ਉਤਸਾਹਿਤ ਕਰਨ ਦਾ ਸਾਧਨ ਜਾਹਰ ਕਰਦੇ ਹੋਏ ਕਿਹਾ ਕਿ ਨਿਜਾਮਾਂ ਅਤੇ ਸਰਕਾਰਾਂ ਦੀਆਂ ਅਜਿਹੀਆ ਦਿਸ਼ਾਹੀਣ ਨੀਤੀਆਂ ਤੇ ਅਮਲਾਂ ਦੀ ਬਦੌਲਤ ਹੀ ਅੱਜ ਪੰਜਾਬ ਦਾ ਮਾਹੌਲ ਗੈਰ ਕਾਨੂੰਨੀ ਕਾਰਵਾਈਆ ਵੱਲ ਵੱਧ ਰਿਹਾ ਹੈ । ਸਰਕਾਰ ਤੇ ਪ੍ਰਸ਼ਾਸ਼ਨ ਇਥੋ ਦੇ ਨਿਵਾਸੀਆ ਨੂੰ ਸਹੀ ਪ੍ਰਬੰਧ ਦੇਣ ਵਿਚ ਅਸਫਲ ਸਾਬਤ ਹੋ ਚੁੱਕੀ ਹੈ । ਅਜਿਹੀ ਵਕਾਲਤ ਕਰਨ ਵਾਲਿਆ ਨੂੰ ਚਾਹੀਦਾ ਹੈ ਕਿ ਹੁਣ ਟਿੰਮੀ ਚਾਵਲਾ ਤੇ ਨਿਰਦੋਸ਼ ਕਾਂਸਟੇਬਲ ਦਾ ਕਤਲ ਕਰਨ ਵਾਲੇ ਨੂੰ ਵੀ ਭਾਰਤ ਰਤਨ ਦੇਣ ਦੀ ਗੱਲ ਕਰਨ । ਫਿਰ ਹੀ ਇਨ੍ਹਾਂ ਦੇ ਗੁੱਝੇ ਅਤੇ ਮੰਦਭਾਵਨਾ ਭਰੇ ਮਕਸਦ ਪੂਰੇ ਹੋ ਸਕਣਗੇ ।

Leave a Reply

Your email address will not be published. Required fields are marked *