ਫ਼ੌਜ ਦੇ ਮੁੱਖੀ ਜਰਨੈਲ ਵੱਲੋਂ ਸਿੱਖ ਰੈਜਮੈਟ ਅਤੇ ਸਿੱਖ ਐਲ.ਆਈ. ਨੂੰ ਰੱਦ ਕਰਨ ਦੀ ਗੱਲ ਕਰਨਾ ਸਿੱਖ ਕੌਮ ਦੇ ਨਿਸ਼ਾਨ ਮਿਟਾਉਣ ਦੀ ਨਿੰਦਣਯੋਗ ਕਾਰਵਾਈ : ਮਾਨ

ਚੰਡੀਗੜ੍ਹ, 15 ਨਵੰਬਰ ( ) “ਜੋ ਇੰਡੀਅਨ ਆਰਮੀ ਦੇ ਮੁੱਖ ਜਰਨੈਲ ਮਨੋਜ ਪਾਂਡੇ ਵੱਲੋ ਇਹ ਬਿਆਨਬਾਜੀ ਕੀਤੀ ਜਾ ਰਹੀ ਹੈ ਕਿ ਫ਼ੌਜ ਵਿਚ ਬੀਤੇ ਢਾਈ ਸਦੀਆਂ ਤੋ ਸਥਾਪਿਤ ਸਿੱਖ ਰੈਜਮੈਟ, ਸਿੱਖ ਐਲ.ਆਈ. ਹਨ, ਉਨ੍ਹਾਂ ਨੂੰ ਰੱਦ ਕਰਨ ਦੇ ਅਮਲ ਕੀਤੇ ਜਾ ਰਹੇ ਹਨ, ਇਹ ਕਾਰਵਾਈ ਤਾਂ ਸਿੱਖ ਫ਼ੌਜਾਂ ਤੇ ਸਿੱਖ ਕੌਮ ਨੂੰ ਸ਼ਸਤਰਹੀਣ ਕਰਨ ਦੀ ਡੂੰਘੀ ਸਾਜਿਸ ਦਾ ਹਿੱਸਾ ਜਾਪਦੀ ਹੈ । ਜਿਸ ਨਾਲ ਹੁਕਮਰਾਨ ਅਤੇ ਫ਼ੌਜੀ ਜਰਨੈਲ ਸਿੱਖ ਕੌਮ ਨਾਲ ਬਿਨ੍ਹਾਂ ਵਜਹ ਨਵੀ ਭਾਜੀ ਪਾਉਣ ਦੀ ਗੁਸਤਾਖੀ ਕਰ ਰਹੇ ਹਨ । ਕਿਉਂਕਿ ਅੰਗਰੇਜ਼ਾਂ ਦੇ ਸਮੇਂ ਤੋਂ ਲੈਕੇ ਅੱਜ ਤੱਕ ਫ਼ੌਜ ਵਿਚ ਸਿੱਖ ਰੈਜਮੈਟ, ਸਿੱਖ ਐਲ.ਆਈ, ਸਿੱਖ-9 ਆਦਿ ਰੈਜਮੈਟਾਂ ਦਾ ਬਹੁਤ ਹੀ ਫਖ਼ਰ ਵਾਲਾ ਕੌਮਾਂਤਰੀ ਪੱਧਰ ਦਾ ਇਤਿਹਾਸ ਰਿਹਾ ਹੈ । ਜਿਸ ਨੂੰ ਮੰਦਭਾਵਨਾ ਅਧੀਨ ਹੁਕਮਰਾਨ ਤੇ ਮੁਤੱਸਵੀ ਸੋਚ ਵਾਲੇ ਜਰਨੈਲ ਖਤਮ ਕਰਨ ਵਿਚ ਲੱਗੇ ਹੋਏ ਹਨ । ਇਸ ਕਾਰਵਾਈ ਨਾਲ ਫ਼ੌਜ ਵਿਚ ਵੀ ਹੁਕਮਰਾਨ ਇਕ ਨਵੀ ਲਾਇਨ ਖਿੱਚਣ ਜਾ ਰਹੇ ਹਨ । ਜਿਸਦੇ ਨਤੀਜੇ ਕਦਾਚਿਤ ਲਾਹੇਵੰਦ ਨਹੀ ਹੋ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਆਰਮੀ ਦੇ ਮੁੱਖ ਜਰਨੈਲ ਮਨੋਜ ਪਾਂਡੇ ਵੱਲੋ ਇੰਡੀਅਨ ਫ਼ੌਜ ਵਿਚ ਸਿੱਖ ਰੈਜਮੈਟ, ਸਿੱਖ ਐਲ.ਆਈ. ਆਦਿ ਰੈਜਮੈਟਾਂ ਨੂੰ ਖਤਮ ਕਰਨ ਦੀ ਆਈ ਅਖਬਾਰੀ ਬਿਆਨਬਾਜੀ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਇਸ ਨੂੰ ਮਨੁੱਖਤਾ ਵਿਰੋਧੀ ਦਿਸ਼ਾਹੀਣ ਬਚਕਾਨਾ ਕਾਰਵਾਈ ਕਰਾਰ ਦਿੰਦੇ ਹੋਏ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੇ ਅੱਜ ਤੱਕ ਸਾਡੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੀ ਲੰਮੇ ਸਮੇ ਤੋ ਜਮਹੂਰੀਅਤ ਬਹਾਲ ਕਰਨ ਦੀ ਜਿ਼ੰਮੇਵਾਰੀ ਹੀ ਨਹੀ ਨਿਭਾਈ ਜਾ ਰਹੀ । ਬਲਕਿ ਇਸ ਸੰਸਥਾਂ ਵਿਚ ‘ਮਹੰਤਾਂ ਅਤੇ ਮਸੰਦ’ ਪ੍ਰਣਾਲੀ ਨੂੰ ਸਰਪ੍ਰਸਤੀ ਕਰਕੇ ਸਾਡੀ ਸਿੱਖ ਧਰਮ ਤੇ ਸਿੱਖ ਕੌਮ ਦੇ ਉੱਚੇ-ਸੁੱਚੇ ਇਖਲਾਕ ਨੂੰ ਦਾਗੀ ਕਰਨ ਦੀ ਮੰਦਭਾਵਨਾ ਅਧੀਨ ਦੁੱਖਦਾਇਕ ਅਮਲ ਕੀਤੇ ਜਾ ਰਹੇ ਹਨ । ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਕਰਨ ਵਾਲੇ ਦੋਸ਼ੀਆ ਨੂੰ ਇਥੋ ਦਾ ਕਾਨੂੰਨ ਅਤੇ ਅਦਾਲਤਾਂ ਗ੍ਰਿਫ਼ਤਾਰ ਹੀ ਨਹੀ ਕਰ ਸਕੀਆ, ਸਜਾਵਾਂ ਦੇਣ ਦੀ ਗੱਲ ਤਾਂ ਅਜੇ ਦੂਰ ਹੈ । ਫਿਰ 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਐਸ.ਜੀ.ਪੀ.ਸੀ. ਦੇ ਅਧਿਕਾਰੀਆ ਵੱਲੋ ਕਿਸੇ ਤਰ੍ਹਾਂ ਦੀ ਐਫ.ਆਈ.ਆਰ. ਹੀ ਦਰਜ ਨਹੀ ਕਰਵਾਈ ਗਈ ਅਤੇ ਨਾ ਹੀ ਸਿੱਖ ਕੌਮ ਦੇ ਕਾਤਲਾਂ, ਸਿਰਸੇਵਾਲੇ ਸਾਧ, ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸੁਮੇਧ ਸੈਣੀ ਵਰਗੇ ਦੋਸ਼ੀਆਂ ਨੂੰ ਇਥੋ ਦੀਆਂ ਅਦਾਲਤਾਂ ਤੇ ਕਾਨੂੰਨ ਸਜ਼ਾਵਾਂ ਦੇ ਰਹੀਆ ਹਨ । ਇਨ੍ਹਾਂ ਅਦਾਲਤਾਂ ਦੇ ਹਿੰਦੂਤਵ ਸੋਚ ਦੇ ਮਾਲਕ ਜੱਜ ਅਨਿਲ ਬਜਾਜ, ਰਾਜਵੀਰ ਸੇਰਾਵਤ, ਅਰਵਿੰਦ ਸਾਂਗਵਾਨ ਨੇ ਹਮੇਸ਼ਾਂ ਉਪਰੋਕਤ ਪੰਜਾਬੀਆਂ ਅਤੇ ਸਿੱਖ ਕੌਮ ਉਤੇ ਜ਼ਬਰ-ਜੁਲਮ ਕਰਨ ਵਾਲੀ ਪੁਲਿਸ, ਸਿਵਲ ਅਫਸਰਸਾਹੀ ਅਤੇ ਸੌਦੇ ਸਾਧ ਨਾਲ ਗੰਢਤੁਪ ਕਰਨ ਵਾਲੇ ਸਿਆਸਤਦਾਨਾਂ ਤੇ ਜਾਲਮ ਸੈਣੀ ਵਰਗੇ ਅਫਸਰਾਂ ਨੂੰ ਸਜਾਵਾਂ ਦੇਣ ਦੀ ਬਜਾਇ ਉਨ੍ਹਾਂ ਨੂੰ ਕਾਨੂੰਨੀ ਸਿਕੰਜੇ ਵਿਚੋ ਦੂਰ ਕਰਨ ਦੀ ਦੁੱਖਦਾਇਕ ਭੂਮਿਕਾ ਨਿਭਾਉਦੇ ਆ ਰਹੇ ਹਨ । ਇਹ ਸਭ ਅਮਲ ਸਿੱਖ ਕੌਮ ਨੂੰ ਸ਼ਸਤਰਹੀਣ ਕਰਨ ਅਤੇ ਉਨ੍ਹਾਂ ਦੇ ਕੌਮਾਂਤਰੀ ਪੱਧਰ ਦੇ ਉੱਚੇ-ਸੁੱਚੇ ਇਖਲਾਕ ਦੀ ਵੱਧਦੀ ਜਾ ਰਹੀ ਲੋਕਪ੍ਰਿਯਤਾ ਨੂੰ ਰੋਕਣ ਲਈ ਕੀਤੇ ਜਾ ਰਹੇ ਹਨ ਜਿਸ ਵਿਚ ਹੁਕਮਰਾਨ, ਜੱਜ, ਅਦਾਲਤਾਂ, ਕਾਨੂੰਨ ਅਤੇ ਇਨ੍ਹਾਂ ਦੀਆਂ ਸਾਜਿ਼ਸਾਂ ਕਤਈ ਕਾਮਯਾਬ ਨਹੀ ਹੋ ਸਕਣਗੀਆ ।

Leave a Reply

Your email address will not be published. Required fields are marked *