ਪੰਜਾਬ ਸਰਕਾਰ ਵੱਲੋਂ ਅਸਲੇ ਲਾਈਸੈਸਾਂ ਤੇ ਰੋਕ ਲਗਾਉਣਾ, ਸਰਹੱਦੀ ਸੂਬੇ ਤੇ ਇਥੋ ਦੇ ਨਾਗਰਿਕਾਂ ਦੀ ਰੱਖਿਆ ਲਈ ਚਿੰਤਾ ਦਾ ਵਿਸ਼ਾ : ਮਾਨ
ਫ਼ਤਹਿਗੜ੍ਹ ਸਾਹਿਬ, 15 ਨਵੰਬਰ ( ) “ਇਹ ਠੀਕ ਹੈ ਕਿ ਪੰਜਾਬ ਵਿਚ ਅਪਰਾਧਿਕ ਕਾਰਵਾਈਆ ਨਿਜਾਮੀ ਪ੍ਰਬੰਧ ਠੀਕ ਨਾ ਹੋਣ ਕਾਰਨ ਵੱਧ ਰਹੀਆ ਹਨ । ਜਿਸ ਕਾਰਨ ਕਾਨੂੰਨੀ ਵਿਵਸਥਾਂ ਉਤੇ ਵੀ ਪ੍ਰਸ਼ਨ ਚਿੰਨ੍ਹ ਲੱਗਦਾ ਹੈ । ਪਰ ਇਸਨੂੰ ਆਧਾਰ ਬਣਾਕੇ ਪੰਜਾਬ ਵਰਗੇ ਸਰਹੱਦੀ ਸੂਬੇ ਦੀ ਸਮੁੱਚੀ ਰੱਖਿਆ ਅਤੇ ਇਥੋ ਦੇ ਨਾਗਰਿਕਾਂ ਦੀ ਨਿੱਜੀ ਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੇ ਅਮਲਾਂ ਨੂੰ ਮੁਨਾਸਿਬ ਨਹੀ ਕਿਹਾ ਜਾ ਸਕਦਾ । ਇਸ ਲਈ ਜੋ ਪੰਜਾਬ ਸਰਕਾਰ ਵੱਲੋ ਪੰਜਾਬੀਆਂ, ਸਿੱਖਾਂ ਨੂੰ ਆਪਣੀ ਨਿੱਜੀ ਸੁਰੱਖਿਆ ਲਈ ਲਾਈਸੈਸ ਜਾਰੀ ਕਰਨ ਉਤੇ ਰੋਕ ਲਗਾਈ ਗਈ ਹੈ, ਇਹ ਇਸ ਲਈ ਵੀ ਦਰੁਸਤ ਨਹੀ ਕਿ ਇੰਡੀਆ ਦੇ ਮੁਸਲਿਮ ਪਾਕਿਸਤਾਨ ਅਤੇ ਕਾਮਰੇਡ ਚੀਨ ਗੁਆਢੀ ਮੁਲਕਾਂ ਨਾਲ ਰਿਸਤੇ ਅੱਛੇ ਨਹੀ ਹਨ । ਇਥੇ ਜੰਗ ਦਾ ਮਾਹੌਲ ਬਣਿਆ ਰਹਿੰਦਾ ਹੈ । ਬੀਤੇ ਸਮੇਂ ਵਿਚ 1962, 65 ਅਤੇ 71 ਦੀਆਂ ਜੰਗਾਂ ਸਮੇ ਪੰਜਾਬੀਆਂ ਤੇ ਸਿੱਖਾਂ ਨੇ ਇੰਡੀਅਨ ਫ਼ੌਜਾਂ ਦੀ ਹਰ ਖੇਤਰ ਵਿਚ ਸਹਿਯੋਗ ਹੀ ਨਹੀ ਕੀਤਾ ਬਲਕਿ ਜਦੋਂ 65 ਦੀ ਜੰਗ ਵਿਚ ਇੰਡੀਅਨ ਤੋਪਾ ਦਲਦਲ ਵਿਚ ਫਸ ਗਈਆ ਸਨ ਤਾਂ ਸਾਡੇ ਇਨ੍ਹਾਂ ਪੰਜਾਬੀ ਤੇ ਸਿੱਖਾਂ ਨੇ ਆਪਣੇ ਟਰੈਕਟਰਾਂ ਨਾਲ ਇਨ੍ਹਾਂ ਤੋਪਾ ਨੂੰ ਕੱਢਿਆ ਸੀ । ਜੇਕਰ ਇਨ੍ਹਾਂ ਕੋਲ ਅਸਲਾ ਨਾ ਹੁੰਦਾ ਤਾਂ ਜੰਗਾਂ-ਯੁੱਧਾਂ ਵੇਲੇ ਇਹ ਕਿਵੇ ਮਦਦ ਕਰ ਸਕਦੇ ਸਨ ? ਫਿਰ ਅਸਲਾ ਹੋਣਾ ਤਾਂ ਪੰਜਾਬੀਆਂ ਕੋਲ ਹੋਰ ਵੀ ਵੱਡੀ ਮਹੱਤਵਪੂਰਨ ਗੱਲ ਹੈ । ਇਹ ਅਸਲਾ ਭਗੋੜੇ ਫ਼ੌਜੀਆ ਕੋਲ ਵੀ ਸੀ, ਜਿਨ੍ਹਾਂ ਨੇ ਇਸਦੀ ਜਿ਼ੰਮੇਵਾਰੀ ਨੂੰ ਸਹੀ ਢੰਗ ਨਾਲ ਸਮਝਿਆ । ਇਸ ਲਈ ਸਰਹੱਦੀ ਸੂਬੇ ਦੀ ਰੱਖਿਆ ਅਤੇ ਪੰਜਾਬੀ ਨਾਗਰਿਕਾਂ ਦੀ ਨਿੱਜੀ ਰੱਖਿਆ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋ ਅਸਲਾ ਲਾਈਸੈਸ ਉਤੇ ਰੋਕ ਲਗਾਉਣ ਦੇ ਅਮਲਾਂ ਨੂੰ ਦਰੁਸਤ ਨਹੀ ਕਿਹਾ ਜਾ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ ਵੱਲੋ ਪੰਜਾਬੀਆਂ ਅਤੇ ਸਿੱਖਾਂ ਦੇ ਅਸਲਾ ਲਾਈਸੈਸਾਂ ਉਤੇ ਰੋਕ ਲਗਾ ਦੇਣ ਦੀ ਕਾਰਵਾਈ ਨੂੰ ਸਰਹੱਦੀ ਸੂਬੇ ਪੰਜਾਬ ਅਤੇ ਪੰਜਾਬੀਆਂ ਦੀ ਸੁਰੱਖਿਆ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਦੇਣ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੈਂ ਸਰਕਾਰੀ ਸੁਰੱਖਿਆ ਇਸ ਕਰਕੇ ਨਹੀ ਲਈ ਕਿ ਸਾਨੂੰ ਇਸ ਸੁਰੱਖਿਆ ਉਤੇ ਭਰੋਸਾ ਹੀ ਨਹੀ । ਮੈਨੂੰ ਆਪਣੀ ਕੌਮ ਅਤੇ ਮਜ੍ਹਬ ਉਤੇ ਪੂਰਨ ਭਰੋਸਾ ਹੈ । ਜੋ ਆਪਣੀ ਸੁਰੱਖਿਆ ਦੇ ਨਾਲ-ਨਾਲ ਹਰ ਪੀੜ੍ਹਤ ਤੇ ਲੋੜਵੰਦ ਦੀ ਰੱਖਿਆ ਕਰਨ ਦੀ ਜਿ਼ੰਮੇਵਾਰੀ ਬਾਖੂਬੀ ਨਿਭਾਉਣ ਜਾਣਦੀ ਹੈ ਅਤੇ ਸਮਾਂ ਆਉਣ ਤੇ ਬਾਹਰੀ ਹਮਲਾਵਰਾਂ ਦਾ ਮੂੰਹ ਤੋੜ ਜੁਆਬ ਦਿੰਦੀ ਆਈ ਹੈ । ਕਿਉਂਕਿ ਗੁਰੂ ਸਾਹਿਬਾਨ ਨੇ ਸਾਨੂੰ ਆਦੇਸ਼ ਦਿੱਤੇ ਹਨ ਕਿ ‘ਸ਼ਸਤਰ ਕੇ ਅਧੀਨ ਹੈ ਰਾਜ’ ਅਤੇ ‘ਜਬ ਆਵ ਕੀ ਅਉਧ ਨਿਦਾਨ ਬਨੇ ਅਤਿ ਹੀ ਰਣ ਮੇ ਤਬ ਜੂਝ ਮਰੋ’ ਦੇ ਹੁਕਮਾਂ ਅਨੁਸਾਰ ਇਹ ਸਿੱਖ ਹੀ ਹਨ ਜੋ ਭੀੜ ਪੈਣ ਤੇ, ਦੁਸ਼ਮਣ ਵੱਲੋਂ ਹਮਲਾਵਰ ਹੋਣ ਤੇ ਦ੍ਰਿੜਤਾ ਨਾਲ ਮੈਦਾਨ-ਏ-ਜੰਗ ਵਿਚ ਲੜਦੇ ਹਨ ਜਾਂ ਫ਼ਤਹਿ ਪ੍ਰਾਪਤ ਕਰਦੇ ਹਨ ਜਾਂ ਫਿਰ ਸ਼ਹੀਦੀਆਂ । ਜਿਹੜੇ ਸੁਰੱਖਿਆ ਲਈ ਅਸਲਾ ਮੰਗਦੇ ਹਨ, ਉਹ ਬੁਜਦਿਲ ਹਨ । ਜਿਨ੍ਹਾਂ ਨੇ ਪਾਵਰ ਹੰਢਾਈ ਹੈ, ਉਨ੍ਹਾਂ ਨੂੰ ਅਜਿਹਾ ਕੰਮ ਨਹੀ ਕਰਨਾ ਚਾਹੀਦਾ ਜਿਸ ਨਾਲ ਉਨ੍ਹਾਂ ਨੂੰ ਆਪਣੀ ਸੁਰੱਖਿਆ ਦੀ ਲੋੜ ਹੋਵੇ ਅਤੇ ਉਹ ਨਿਸ਼ਾਨੇ ਤੇ ਹੋਣ । ਜੋ ਮਨੁੱਖਤਾ ਪੱਖੀ ਚੰਗਾਂ ਕੰਮ ਕਰਦੇ ਹਨ ਉਨ੍ਹਾਂ ਨੂੰ ਕਦੇ ਵੀ ਸੁਰੱਖਿਆ ਦੀ ਲੋੜ ਨਹੀ ਹੁੰਦੀ । ਲੇਕਿਨ ਅੱਜ ਸਾਡੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਉਤੇ ਮਸੰਦ ਅਤੇ ਮਹੰਤਾਂ ਨੇ ਕਬਜਾ ਕੀਤਾ ਹੋਇਆ ਹੈ । ਜੋ ਇਸ ਸੰਸਥਾਂ ਦੀ ਲੰਮੇ ਸਮੇ ਤੋ ਜਮਹੂਰੀਅਤ ਢੰਗ ਨਾਲ ਚੋਣ ਹੀ ਨਹੀ ਹੋਣ ਦਿੰਦੇ ਅਤੇ ਇਨ੍ਹਾਂ ਨੇ ਹੀ ਸਾਡੀ ਇਸ ਧਾਰਮਿਕ ਸੰਸਥਾਂ ਵਿਚ ਵੱਡੀਆ ਖਾਮੀਆ ਨੂੰ ਜਨਮ ਦਿੱਤਾ ਹੈ, 328 ਪਾਵਨ ਸਰੂਪਾਂ ਦੀਆਂ ਗੁੰਮਸੁਦਗੀਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਸਾਹਮਣੇ ਨਾ ਆਉਣ ਦੇਣ ਲਈ ਅਜਿਹੇ ਦਾਗੀ ਸਿਆਸਤਦਾਨ ਤੇ ਅਫਸਰਸਾਹੀ ਜਿ਼ੰਮੇਵਾਰ ਹੈ ਅਤੇ ਅਜਿਹੇ ਲੋਕ ਹੀ ਸਿੱਖ ਕੌਮ ਤੇ ਪੰਜਾਬੀਆਂ ਨੂੰ ਸ਼ਸਤਰਹੀਣ ਕਰਨ ਦੇ ਦੁੱਖਦਾਇਕ ਅਮਲਾਂ ਵਿਚ ਲੱਗੇ ਹੋਏ ਹਨ । ਜਦੋਕਿ ਸਿੱਖਾਂ ਕੋਲ ਭਾਵੇ ਇਸ ਸਮੇ ਆਪਣਾ ਰਾਜ ਭਾਗ ਨਹੀ ਪਰ ਉਨ੍ਹਾਂ ਨੂੰ ਆਪਣੇ ਸ਼ਸਤਰਾਂ ਅਤੇ ਆਪਣੇ ਗੁਰੂ ਦੇ ਹੁਕਮਾਂ ਨਾਲ ਅਥਾਂਹ ਪਿਆਰ ਹੈ ।