ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਨੌਵੀ ਪਾਤਸਾਹੀ ਮੁਕਾਰੋਪੁਰ ਦੇ ਗੈਰ ਕਾਨੂੰਨੀ ਪ੍ਰਬੰਧ ਨੂੰ ਖ਼ਤਮ ਕਰਕੇ ਕਮੇਟੀ ਮੈਬਰਾਂ ਦੀ ਰਾਏ ਅਨੁਸਾਰ ਜ਼ਮਹੂਰੀਅਤ ਪ੍ਰਬੰਧ ਕਾਇਮ ਕੀਤਾ ਜਾਵੇ : ਇਮਾਨ ਸਿੰਘ ਮਾਨ
ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਦਾ ਹੁਕਮਰਾਨ ਤੁਰੰਤ ਐਲਾਨ ਕਰਨ
ਬਡਾਲੀ ਆਲਾ ਸਿੰਘ/ਫਤਹਿਗੜ੍ਹ ਸਾਹਿਬ 15 ਨਵੰਬਰ ( ) “ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੀ ਪਾਤਸਾਹੀ ਮੁਕਾਰੋਪੁਰ ਵਿਖੇ ਐਸ.ਜੀ.ਪੀ.ਸੀ. ਦੇ ਮੌਜੂਦਾ ਅਧਿਕਾਰੀਆਂ ਅਤੇ ਆਪਣੀ ਮਿਆਦ ਪੁਗਾ ਚੁੱਕੇ ਮੈਬਰਾਂ ਵੱਲੋ ਜੋ ਮਨਮਾਨੀਆ ਕਰਦੇ ਹੋਏ ਇਸ ਗੁਰੂਘਰ ਦੀ ਪ੍ਰਬੰਧਕ ਕਮੇਟੀ ਦਾ ਗੈਰ ਜਮਹੂਰੀਅਤ ਢੰਗ ਨਾਲ ਮੌਜੂਦਾ 5 ਮੈਬਰਾਂ ਵਿਚੋਂ 4 ਮੈਬਰਾਂ ਨੂੰ ਨਜ਼ਰ ਅੰਦਾਜ ਕਰਕੇ ਇਕੋ ਇਕ ਮੈਬਰ ਨੂੰ ਜ਼ਬਰੀ ਪ੍ਰਧਾਨ ਥੋਪ ਦਿੱਤਾ ਗਿਆ ਹੈ । ਇਹ ਗੁਰਦੁਆਰਾ ਐਕਟ 87 ਅਧੀਨ ਆਉਦੇ ਗੁਰੂਘਰਾਂ ਦੀ ਜਮਹੂਰੀਅਤ ਢੰਗ ਨਾਲ ਚੋਣ ਹੋਣ ਦੇ ਅਮਲਾਂ ਵਿਚ ਵੱਡੀ ਰੁਕਾਵਟ ਖੜ੍ਹੀ ਕੀਤੀ ਗਈ ਹੈ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਪ੍ਰਵਾਨ ਨਹੀ ਕਰਦਾ । ਕਿਉਂਕਿ ਇਹ ਚੋਣ ਚੁਣੇ ਹੋਏ 5 ਮੈਬਰਾਂ ਦੀ ਬਹੁਸੰਮਤੀ ਨਾਲ ਹੋਣੀ ਚਾਹੀਦੀ ਹੈ ਨਾ ਕਿ ਐਸ.ਜੀ.ਪੀ.ਸੀ. ਦੇ ਅਧਿਕਾਰੀਆ ਵੱਲੋ ਤਾਨਾਸਾਹੀ ਹੁਕਮਾਂ ਨੂੰ ਲਾਗੂ ਕਰਕੇ । ਇਸ ਲਈ ਅਸੀ ਅੱਜ ਦੇ ਇਸ ਰੋਸ ਦਿਹਾੜੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆ ਅਤੇ ਸਾਡੇ ਇਲਾਕੇ ਦੇ ਆਪਣੇ ਕਾਨੂੰਨੀ ਸਮਾਂ ਗੁਆ ਚੁੱਕੇ ਆਪੇ ਬਣੇ ਮੈਬਰਾਂ ਦੇ ਕਹਿਣ ਉਤੇ ਜ਼ਬਰੀ ਬਣਾਏ ਗਏ ਪ੍ਰਧਾਨ ਦੀ ਗੈਰ ਜਮਹੂਰੀਅਤ ਵਿਧੀ ਨੂੰ ਜਿਥੇ ਅਪ੍ਰਵਾਨ ਕਰਦੇ ਹਾਂ, ਉਥੇ ਇਸਨੂੰ ਇਲਾਕਾ ਨਿਵਾਸੀਆ ਦੀਆਂ ਭਾਵਨਾਵਾ ਅਤੇ 5 ਮੈਬਰਾਂ ਦੀ ਬਹੁਸੰਮਤੀ ਨਾਲ ਕਰਵਾਕੇ ਇਨਸਾਫ ਦੇਣ ਦੀ ਮੰਗ ਕਰਦੇ ਹਾਂ । ਧਾਰਾ 87 ਅਧੀਨ ਆਉਦੇ ਗੁਰੂਘਰਾਂ ਦੀ ਚੋਣ ਪੰਜਾਬ ਸਰਕਾਰ ਵੱਲ ਕਰਵਾਉਣ ਦੀ ਜਿੰਮੇਵਾਰੀ ਹੈ । ਗੁਰਦੁਆਰਾ ਐਕਟ ਦੀ ਧਾਰਾ 89 ਇਸ ਗੱਲ ਨੂੰ ਪ੍ਰਤੱਖ ਕਰਦੀ ਹੈ ਕਿ ਇਨ੍ਹਾਂ ਗੁਰੂਘਰਾਂ ਦੀਆਂ ਚੋਣਾਂ ਕਰਵਾਉਣਾ ਪੰਜਾਬ ਸਰਕਾਰ ਦੀ ਜਿ਼ੰਮੇਵਾਰੀ ਹੈ ਅਤੇ ਧਾਰਾ 94 ਪ੍ਰਤੱਖ ਕਰਦੀ ਹੈ ਕਿ ਇਨ੍ਹਾਂ ਲੋਕ ਕਮੇਟੀ ਤੇ ਗੁਰੂਘਰਾਂ ਦੀ ਚੋਣ ਦਾ ਸਮਾਂ 5 ਸਾਲ ਹੁੰਦਾ ਹੈ । ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੀ ਬਾਦਲ ਦਲੀਆ ਨਾਲ ਮਿਲੀਭੁਗਤ ਕਰਕੇ ਇਹ ਚੋਣਾਂ ਕਰਵਾਉਣ ਤੋ ਭੱਜ ਰਹੀ ਹੈ । ਜਿਸ ਤੋ ਸਪੱਸਟ ਹੁੰਦਾ ਹੈ ਕਿ ਸੈਟਰ ਦੀ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਗੁਰੂਘਰਾਂ ਦੀਆਂ ਚੋਣਾਂ ਕਰਵਾਉਣ ਵਿਚ ਬੇਈਮਾਨ ਹੈ ।”
ਇਹ ਵਿਚਾਰ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰੂਘਰਾਂ ਵਿਚਲੇ ਦੋਸ਼ਪੂਰਨ ਪ੍ਰਬੰਧ ਨੂੰ ਲੈਕੇ, ਗੁਰਦੁਆਰਾ ਐਕਟ ਦੀ ਧਾਰਾ 85 ਤੇ 87 ਅਧੀਨ ਆਉਦੇ ਗੁਰੂਘਰਾਂ ਦੀਆਂ ਕ੍ਰਮਵਾਰ ਬੀਤੇ 11 ਸਾਲਾਂ ਤੋ ਅਤੇ 17 ਸਾਲਾਂ ਤੋ ਚੋਣਾਂ ਨਾ ਕਰਵਾਉਣ ਅਤੇ 87 ਗੁਰਦੁਆਰਾ ਅਧੀਨ ਆਉਦੀਆ ਜਮੀਨਾਂ ਦੀ ਵੱਡੇ ਪੱਧਰ ਤੇ ਹੋ ਰਹੀ ਲੁੱਟ-ਖਸੁੱਟ ਅਤੇ ਮਰਿਯਾਦਾਵਾ ਦਾ ਹੋ ਰਿਹਾ ਘਾਣ ਵਿਰੁੱਧ ਗੁਰਦੁਆਰਾ ਮੁਕਾਰੋਪੁਰ ਸਾਹਿਬ ਵਿਖੇ ਕੀਤੇ ਗਏ ਵੱਡੇ ਰੋਸ ਵਿਖਾਵੇ ਦੀ ਅਗਵਾਈ ਕਰਦੇ ਹੋਏ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਅਤਿ ਭਰੋਸੇਯੋਗ ਵਸੀਲਿਆ ਤੋ ਇਤਲਾਹ ਪ੍ਰਾਪਤ ਹੋਈ ਹੈ ਕਿ ਉਪਰੋਕਤ ਮੁਕਾਰੋਪੁਰ ਸਾਹਿਬ ਦੇ ਗੁਰਦੁਆਰਾ ਦੀ 13 ਕਿੱਲੇ ਜਮੀਨ ਸ. ਦਿਲਬਾਗ ਸਿੰਘ ਸਪੁੱਤਰ ਹਾਕਮ ਸਿੰਘ ਮਕਾਰੋਪੁਰ ਨੂੰ ਮਾਰਕਿਟ ਕੀਮਤ ਦੇ 45 ਹਜਾਰ ਰੁਪਏ ਦੇ ਠੇਕੇ ਤੋ ਘੱਟ 35 ਹਜਾਰ ਰੁਪਏ ਪ੍ਰਤੀ ਕਿੱਲਾ ਹਿਸਾਬ ਨਾਲ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੌਜੂਦਾ ਇਲਾਕੇ ਬਸੀ ਪਠਾਣਾ, ਫਤਹਿਗੜ੍ਹ ਸਾਹਿਬ ਦੇ ਐਸ.ਜੀ.ਪੀ.ਸੀ ਮੈਬਰਾਂ ਅਤੇ ਇਥੇ ਪ੍ਰਬੰਧ ਵਿਚ ਤਾਨਾਸਾਹੀ ਸੋਚ ਅਧੀਨ ਦਖਲ ਦੇਣ ਵਾਲੇ ਚੀਮਾ ਅਤੇ ਅਗਜੈਕਟਿਵ ਦੇ ਰਹਿ ਚੁੱਕੇ ਮੈਬਰ ਸ. ਕਰਨੈਲ ਸਿੰਘ ਪੰਜੋਲੀ ਤੋ ਜਨਤਕ ਤੌਰ ਤੇ ਪੁੱਛਣਾ ਚਾਹਵਾਂਗੇ ਕਿ ਅਜਿਹਾ ਕੀ ਹੋ ਰਿਹਾ ਹੈ ? ਦੂਸਰਾ ਇਸੇ ਗੁਰਦੁਆਰਾ ਸਾਹਿਬ ਦੀਆਂ ਪੰਥਕ ਮਰਿਯਾਦਾਵਾ ਦਾ ਉਲੰਘਣ ਕਰਕੇ ਫਿਲਮਾ ਅਤੇ ਸੀਰੀਅਲ ਵਾਲਿਆ ਨੂੰ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿਚ ਨਕਲੀ ਵਿਆਹ ਕਰਨ ਦੀਆਂ ਇਜਾਜਤਾਂ ਦੇਕੇ ਕੇਵਲ ਵੱਡੀਆ ਰਕਮਾ ਹੀ ਨਹੀ ਪ੍ਰਾਪਤ ਕੀਤੀਆ ਜਾ ਰਹੀਆ ਬਲਕਿ ਗੁਰ ਮਰਿਯਾਦਾ ਦਾ ਘਾਣ ਵੀ ਕੀਤਾ ਜਾਂਦਾ ਆ ਰਿਹਾ ਹੈ । ਇਸ ਬਾਰੇ ਵੀ ਉਪਰੋਕਤ ਮੈਬਰ ਜਨਤਾ ਨੂੰ ਜੁਆਬ ਦੇਣ । ਤੀਸਰਾ ਜਦੋ ਉਪਰੋਕਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇਲਾਕਾ ਨਿਵਾਸੀਆ ਵੱਲੋ 5 ਮੈਬਰ ਚੁਣਕੇ ਭੇਜੇ ਹੋਏ ਹਨ, ਫਿਰ ਉਨ੍ਹਾਂ ਵਿਚੋ ਜੋ 4 ਮੈਬਰ ਇਕ ਥਾਂ ਹਨ, ਉਨ੍ਹਾਂ ਦੀ ਰਾਏ ਤੇ ਉਨ੍ਹਾਂ ਦੀ ਜਮਹੂਰੀਅਤ ਵੋਟ ਨੂੰ ਨਜਰ ਅੰਦਾਜ ਕਰਕੇ ਕਿਸ ਸੋਚ ਅਤੇ ਮਕਸਦ ਅਧੀਨ ਇਕ ਵੋਟ ਵਾਲੇ ਮੈਬਰ ਨੂੰ ਇਸ ਗੁਰੂਘਰ ਦਾ ਪ੍ਰਧਾਨ ਬਣਾਇਆ ਹੋਇਆ ਹੈ ?
ਅੱਜ ਦਾ ਇਹ ਰੋਸ ਇਕੱਠ ਪੁਰਜੋਰ ਆਵਾਜ ਬੁਲੰਦ ਕਰਦੇ ਹੋਏ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੈਰ ਕਾਨੂੰਨੀ ਤਰੀਕੇ ਕਾਬਜ ਚੱਲੇ ਆ ਰਹੇ ਪ੍ਰਬੰਧਕਾਂ ਅਤੇ ਮੈਬਰਾਂ ਤੋ ਇਹ ਮੰਗ ਕਰਦਾ ਹੈ ਕਿ ਇਸ ਤਾਨਸਾਹੀ ਪ੍ਰਣਾਲੀ ਦਾ ਅੰਤ ਕਰਕੇ ਉਹ ਤੁਰੰਤ ਸੈਟਰ ਹਕੂਮਤ ਦੇ ਗ੍ਰਹਿ ਵਿਭਾਗ ਨੂੰ ਜਰਨਲ ਚੋਣਾਂ ਕਰਵਾਉਣ ਦਾ ਮਤਾ ਪਾਸ ਕਰਕੇ ਭੇਜਣ, ਉਥੇ ਸੈਟਰ ਦੀ ਫਿਰਕੂ ਮੋਦੀ ਹਕੂਮਤ ਅਤੇ ਗ੍ਰਹਿ ਵਿਭਾਗ ਸਿੱਖ ਕੌਮ ਦੇ ਬੀਤੇ 11 ਸਾਲਾਂ ਤੋ ਕੁੱਚਲੇ ਜਾਂਦੇ ਆ ਰਹੇ ਜਮਹੂਰੀ ਹੱਕ ਨੂੰ ਬਹਾਲ ਕਰਨ ਦੇ ਨਾਲ-ਨਾਲ ਜੋ ਗੁਰਦੁਆਰਾ ਐਕਟ ਦੀ ਧਾਰਾ 87 ਅਧੀਨ ਗੁਰੂਘਰ ਆਉਦੇ ਹਨ, ਉਨ੍ਹਾਂ ਦੀਆਂ ਵੀ ਜੋ 17 ਸਾਲਾਂ ਤੋ ਚੋਣਾਂ ਨਹੀ ਕਰਵਾਈਆ ਜਾ ਰਹੀਆ ਉਨ੍ਹਾਂ ਦਾ ਵੀ ਜਮਹੂਰੀਅਤ ਢੰਗ ਨਾਲ ਇਹ ਪ੍ਰਕਿਰਿਆ ਬਹਾਲ ਕਰਵਾਉਣ ਵਿਚ ਜਿ਼ੰਮੇਵਾਰੀ ਨਿਭਾਉਣ ਤਾਂ ਕਿ ਸਿੱਖ ਕੌਮ ਵਿਚ ਸੈਟਰ ਸਰਕਾਰ ਅਤੇ ਮੌਜੂਦਾ ਆਪਣੀ ਮਿਆਦ ਪੁਗਾ ਚੁੱਕੇ ਐਸ.ਜੀ.ਪੀ.ਸੀ. ਮੈਬਰਾਂ ਅਤੇ ਅਗਜੈਕਟਿਵ ਕਮੇਟੀ ਵਿਰੁੱਧ ਉਠੇ ਰੋਹ ਨੂੰ ਸ਼ਾਂਤ ਕਰਕੇ ਜਮਹੂਰੀਅਤ ਦੀ ਬਹਾਲੀ ਹੋ ਸਕੇ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਨਵੀਆ ਚੋਣਾਂ ਰਾਹੀ ਉੱਚੇ-ਸੁੱਚੇ ਇਖਲਾਕ ਵਾਲੇ ਅਤੇ ਅਮਲੀ ਜੀਵਨ ਵਾਲੇ ਸਿੱਖਾਂ ਨੂੰ ਗੁਰੂਘਰਾਂ ਦੇ ਪ੍ਰਬੰਧ ਦੀ ਸਿੱਖ ਕੌਮ ਜਿ਼ੰਮੇਵਾਰੀ ਸੌਪ ਸਕੇ । ਇਸ ਇਕੱਠ ਵਿਚ ਹਾਜਰੀਨ ਆਗੂਆ ਨੇ ਉਮੀਦ ਪ੍ਰਗਟ ਕੀਤੀ ਕਿ ਗੁਰਦੁਆਰਾ ਮੁਕਾਰੋਪੁਰ ਸਾਹਿਬ ਦੇ ਪ੍ਰਬੰਧ ਵਿਚ ਪੈਦਾ ਕੀਤੀਆ ਗਈਆ ਤਾਨਾਸਾਹੀ ਨੀਤੀਆ ਦਾ ਖਾਤਮਾ ਕਰਕੇ ਜਮਹੂਰੀਅਤ ਢੰਗ ਨਾਲ ਨਵੇ ਪ੍ਰਧਾਨ ਦੀ ਚੋਣ ਕਰਨ ਅਤੇ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਕਰਵਾਉਣ ਦਾ ਹੁਕਮਰਾਨ ਜਲਦੀ ਪ੍ਰਬੰਧ ਕਰ ਦੇਣਗੇ ।