ਸੁਪਰੀਮ ਕੋਰਟ ਦੇ ਕਾਲੇਜੀਅਮ ਵੱਲੋਂ ਨਵੇ ਜੱਜਾਂ ਦੀਆਂ ਕੀਤੀਆ ਨਿਯੁਕਤੀ ਵਿਚ ਸੀਨੀਅਰ ਸਿੱਖ ਜੱਜਾਂ ਨੂੰ ਨਜਰਅੰਦਾਜ ਕਰਨਾ ਸਿੱਖ ਕੌਮ ਨਾਲ ਵੱਡਾ ਵਿਤਕਰਾ : ਮਾਨ
ਫ਼ਤਹਿਗੜ੍ਹ ਸਾਹਿਬ, 04 ਜੂਨ ( ) “ਹਾਥੀ ਦੇ ਦੰਦ ਖਾਣ ਵਾਲੇ ਹੋਰ ਅਤੇ ਦਿਖਾਉਣ ਵਾਲੇ ਹੋਰ ਦੀ ਕਹਾਵਤ ਮੌਜੂਦਾ ਮੋਦੀ ਹਕੂਮਤ ਉਤੇ ਪੂਰਨ ਰੂਪ ਵਿਚ ਢੁੱਕਦੀ ਹੈ ਕਿ ਜਦੋ ਮੁਲਕ ਦੀਆਂ ਸਰਹੱਦਾਂ ਉਤੇ ਜਾਂ ਅੰਦਰੂਨੀ ਸਥਿਤੀ ਸਮੇ ਕੁਦਰਤੀ ਆਫਤਾ, ਕੋਵਿਡ ਵਰਗੀਆ ਭਿਆਨਕ ਬਿਮਾਰੀਆ, ਹੜ੍ਹਾ-ਭੂਚਾਲਾਂ ਆਦਿ ਸੰਕਟ ਸਮੇ ਗੁਜਰ ਰਿਹਾ ਹੋਵੇ, ਤਾਂ ਇਥੋ ਦੇ ਹਿੰਦੂਤਵ ਹੁਕਮਰਾਨ ਸਿੱਖ ਕੌਮ ਦੀਆਂ ਬਹਾਦਰੀਆਂ, ਕੁਰਬਾਨੀਆ, ਤਿਆਗ, ਸੇਵਾ ਭਾਵ, ਇਨਸਾਨੀ ਮਨੁੱਖੀ ਕਦਰਾਂ-ਕੀਮਤਾਂ ਆਦਿ ਦੇ ਖੂਬ ਸੋਹਲੇ ਗਾ ਕੇ ਮੀਡੀਏ ਤੇ ਪ੍ਰਚਾਰ ਸਾਧਨਾਂ ਰਾਹੀ ਪ੍ਰਚਾਰ ਕਰਕੇ ਅਜਿਹੇ ਸਮਿਆ ਉਤੇ ਸਿੱਖ ਕੌਮ ਨੂੰ ਚੰਦ ਕੁ ਦਿਨਾਂ ਜਾਂ ਹਫਤਿਆ ਲਈ ਉਤਸਾਹ ਕਰਨ ਦੇ ਅਮਲ ਜਰੂਰ ਕਰਦੀ ਹੈ, ਪਰ ਜਦੋ ਅਜਿਹੀ ਸੰਕਟ ਦੀ ਘੜੀ ਖਤਮ ਹੋ ਜਾਂਦੀ ਹੈ ਫਿਰ ਸਰਬੱਤ ਦਾ ਭਲਾ ਲੋੜਨ ਵਾਲੀ ਉਸ ਸਿੱਖ ਕੌਮ ਨਾਲ ਭਾਰੀ ਵਿਤਕਰੇ, ਬੇਇਨਸਾਫੀਆਂ ਅਤੇ ਜ਼ਬਰ ਜੁਲਮ ਕਰਨਾ ਸੁਰੂ ਕਰ ਦਿੰਦੇ ਹਨ । ਇਸ ਜ਼ਬਰ ਤੇ ਵਿਤਕਰੇ ਦੀ ਪ੍ਰਤੱਖ ਮਿਸਾਲ ਹੈ ਕਿ ਜਸਟਿਸ ਸੁਰਜੀਤ ਸਿੰਘ ਸੰਧਾਵਾਲੀਆ ਜੋ ਹਾਈਕੋਰਟ ਦੇ ਮੁੱਖ ਜੱਜ ਰਹਿ ਚੁੱਕੇ ਹਨ ਅਤੇ ਸਭ ਤੋ ਸੀਨੀਅਰ ਜੱਜਾਂ ਵਿਚੋ ਸਨ, ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਬਣਨ ਵਾਲੇ ਜੱਜਾਂ ਵਿਚ ਪਹਿਲੀ ਕਤਾਰ ਵਿਚ ਰੱਖਣਾ ਬਣਦਾ ਸੀ, ਉਨ੍ਹਾਂ ਨੂੰ ਵੀ ਸੁਪਰੀਮ ਕੋਰਟ ਦੀ ਕਾਲੇਜੀਅਮ ਅਤੇ ਹੁਕਮਰਾਨਾਂ ਨੇ ਸਿੱਖ ਹੋਣ ਦੀ ਬਦੌਲਤ ਨਜਰਅੰਦਾਜ ਕੀਤਾ । ਲੇਕਿਨ ਹੁਣ ਜਦੋ ਨਵੇ 5 ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਉਨ੍ਹਾਂ ਦੇ ਪੁੱਤਰ ਜਸਟਿਸ ਜੀ.ਐਸ. ਸੰਧਾਵਾਲੀਆ ਵੀ ਸਭ ਤੋ ਸੀਨੀਅਰ ਜੱਜਾਂ ਵਿਚੋ ਆਉਦੇ ਹਨ । ਹੁਣ ਵੀ ਸਰਦਾਰ ਹੋਣ ਦੀ ਬਦੌਲਤ ਉਨ੍ਹਾਂ ਦੀ ਸਨਿਆਰਤਾ ਨੂੰ ਨਜਰਅੰਦਾਜ ਕਰਕੇ ਸਿੱਖ ਕੌਮ ਨਾਲ ਭਾਰੀ ਵਿਤਕਰਾ ਅਤੇ ਬੇਇਨਸਾਫ਼ੀ ਕੀਤੀ ਹੈ। ਹੁਕਮਰਾਨਾਂ ਤੇ ਸੁਪਰੀਮ ਕੋਰਟ ਦੀ ਕਾਲੇਜੀਅਮ ਵੱਲੋ ਸਿੱਖ ਜੱਜਾਂ ਨਾਲ ਕੀਤੇ ਜਾ ਰਹੇ ਇਸ ਦੁੱਖਦਾਇਕ ਵਰਤਾਰੇ ਦੀ ਜਿਥੇ ਅਸੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ, ਉਥੇ ਅਜਿਹਾ ਅਮਲ ਕਰਕੇ ਹੁਕਮਰਾਨ ਤੇ ਕਾਲੇਜੀਅਮ ਵਿਧਾਨ ਦੀ ਧਾਰਾ 14 ਜੋ ਇਥੇ ਬਰਾਬਰਤਾ ਦੇ ਹੱਕ ਤੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸਦਾ ਵੀ ਅਜਿਹੀਆ ਜੂਨੀਅਰ ਨਿਯੁਕਤੀਆ ਕਰਕੇ ਉਲੰਘਣ ਕੀਤਾ ਹੈ । ਜੋ ਸਿੱਖ ਕੌਮ ਲਈ ਅਸਹਿ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇ ਦੇ ਇੰਡੀਆ ਦੇ ਹੁਕਮਰਾਨਾਂ ਤੇ ਮੌਜੂਦਾ ਮੋਦੀ ਹਕੂਮਤ ਵੱਲੋ ਮੌਕਾਪ੍ਰਸਤੀ ਦੀ ਸੋਚ ਅਧੀਨ ਲੋੜ ਸਮੇ ਸਿੱਖ ਕੌਮ ਦੀ ਬਹਾਦਰੀ ਤੇ ਕੁਰਬਾਨੀਆ ਦੇ ਸੋਹਲੇ ਗਾਉਣ ਅਤੇ ਸੰਕਟ ਸਮਾਂ ਲੰਘ ਜਾਣ ਤੇ ਸਿੱਖ ਨੌਜਵਾਨੀ, ਸਿੱਖ ਸੱਭਿਆਚਾਰ, ਸਿੱਖੀ ਇਖ਼ਲਾਕ ਅਤੇ ਸੋਚ ਦਾ ਕਤਲ ਕਰਦੇ ਰਹਿਣ ਦੀ ਦੋਗਲੀ ਨੀਤੀ ਦੀ ਕਰੜੇ ਸ਼ਬਦਾਂ ਵਿਚ ਅਤੇ ਜੱਜਾਂ ਦੀਆਂ ਹੋਣ ਵਾਲੀਆ ਨਿਯੁਕਤੀਆਂ ਵਿਚ ਵੱਡਾ ਵਿਤਕਰਾ ਅਤੇ ਬੇਇਨਸਾਫ਼ੀ ਕਰਨ ਦੇ ਅਮਲਾਂ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਨੀਤੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਹਰ ਤਰ੍ਹਾਂ ਦੇ ਸਮਾਜਿਕ, ਦੁਨਿਆਵੀ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਆਦਿ ਦੇ ਵਖਰੇਵਿਆ ਤੇ ਵਿਤਕਰਿਆ ਦੀ ਸੋਚ ਤੋ ਉਪਰ ਉੱਠਕੇ ਹਰ ਖੇਤਰ ਵਿਚ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਅਤੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਤੇ ਬੇਇਨਸਾਫੀਆਂ ਵਿਰੁੱਧ ਦ੍ਰਿੜਤਾ ਨਾਲ ਜੂਝਦੀ ਵੀ ਆਈ ਹੈ ਅਤੇ ਆਪਣੀਆ ਸ਼ਹਾਦਤਾਂ ਵੀ ਦਿੰਦੀਆ ਆ ਰਹੀ ਹੈ । ਪਰ ਜਦੋ ਹੁਕਮਰਾਨ ਘੱਟ ਗਿਣਤੀ ਸਿੱਖ ਕੌਮ ਦੇ ਕਾਬਲ ਜੱਜਾਂ, ਅਫਸਰਾਨ ਅਤੇ ਹੋਰ ਵੱਡੇ ਅਹੁਦਿਆ ਵਿਚ ਤਰੱਕੀਆ ਦਿੰਦੇ ਹੋਏ ਸਿੱਖ ਕੌਮ ਦੀ ਸਨਿਆਰਤਾ ਅਤੇ ਲਿਆਕਤ ਨੂੰ ਜਾਣਬੁੱਝ ਕੇ ਨਜਰਅੰਦਾਜ ਕਰਨ ਦੇ ਦੁੱਖਦਾਇਕ ਅਮਲ ਕਰਦੀ ਹੈ ਤਾਂ ਅਜਿਹੇ ਅਮਲਾਂ ਨਾਲ ਪੰਜਾਬ, ਇੰਡੀਆ ਤੇ ਵਿਦੇਸ਼ਾਂ ਵਿਚ ਵਿਚਰਣ ਵਾਲੇ ਸਿੱਖਾਂ ਦੇ ਮਨ-ਆਤਮਾ ਤੜਫ ਉੱਠ ਜਾਂਦੇ ਹਨ । ਇਹ ਵਿਤਕਰਾ ਨਿਰੰਤਰ ਹੁਕਮਰਾਨਾਂ ਵੱਲੋ ਚੱਲਦਾ ਆ ਰਿਹਾ ਹੈ । ਜਿਸ ਨਾਲ ਸਿੱਖ ਕੌਮ ਵਿਚ ਹੁਕਮਰਾਨਾਂ ਪ੍ਰਤੀ ਅਤੇ ਸੁਪਰੀਮ ਕੋਰਟ ਦੀ ਕਾਲੇਜੀਅਮ ਪ੍ਰਤੀ ਭਰੀ ਰੋਹ ਉੱਠ ਰਿਹਾ ਹੈ । ਇਸ ਲਈ ਕਾਲੇਜੀਅਮ ਦਾ ਨਿਰੀਖਣ ਕਰਨ ਵਾਲੇ ਅਤੇ ਹੁਕਮਰਾਨਾਂ ਨੂੰ ਇਥੋ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਹਿੱਤ ਚਾਹੀਦਾ ਹੈ ਕਿ ਕਿਸੇ ਵੀ ਖੇਤਰ ਵਿਚ ਸਿੱਖ ਕੌਮ ਨਾਲ ਰਤੀਭਰ ਵੀ ਵਿਤਕਰਾ, ਬੇਇਨਸਾਫੀ ਨਾ ਕੀਤੀ ਜਾਵੇ। ਤਾਂ ਕਿ ਇਥੋ ਦਾ ਮਾਹੌਲ ਸਮਾਜ ਪੱਖੀ ਅਤੇ ਜਮਹੂਰੀਅਤ ਪੱਖੀ ਬਣਿਆ ਰਹੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜੋ ਸਾਡੇ ਸਿੱਖ ਜੱਜਾਂ ਦੀ ਸਨਿਆਰਤਾ ਨੂੰ ਨਜਰਅੰਦਾਜ ਕੀਤਾ ਗਿਆ ਹੈ, ਉਸ ਨੂੰ ਸੁਪਰੀਮ ਕੋਰਟ ਦੀ ਕਾਲੇਜੀਅਮ ਅਤੇ ਹੁਕਮਰਾਨ ਫਿਰ ਤੋ ਮੁੜ ਵਿਚਾਰ ਕਰਕੇ ਸਿੱਖਾਂ ਨਾਲ ਇਹ ਹੋ ਰਹੇ ਇਸ ਜਬਰ ਨੂੰ ਬੰਦ ਕਰਕੇ ਸਿੱਖਾਂ ਵਿਚ ਉੱਠੇ ਰੋਹ ਨੂੰ ਖਤਮ ਕਰਨਗੇ ।