ਕਿਰਤ ਕਰੋ, ਨਾਮ ਜਪੋ ਅਤੇ ਵੰਡ ਛੱਕਣ ਦੇ ਸਿਧਾਂਤ ਉਤੇ ਪਹਿਰਾ ਦੇ ਕੇ ਹੀ ਅਸੀਂ ਸਹੀ ਮਾਇਨਿਆ ਵਿਚ ਗੁਰੂ ਸਾਹਿਬ ਦੀ ਸੋਚ ਨੂੰ ਪ੍ਰਫੁੱਲਿਤ ਕਰ ਸਕਦੇ ਹਾਂ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 07 ਨਵੰਬਰ ( ) “ਅੱਜ ਜਦੋ ਸਮੁੱਚੇ ਸੰਸਾਰ ਵਿਚ ਦੁਨਿਆਵੀ ਲਾਲਸਾਵਾਂ ਅਤੇ ਸਵਾਰਥੀ ਸੋਚ ਦੇ ਬੋਲਬਾਲੇ ਵਿਚ ਵਾਧਾ ਹੋ ਰਿਹਾ ਹੈ, ਇਖਲਾਕੀ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਘਾਣ ਹੁੰਦਾ ਆ ਰਿਹਾ ਹੈ, ਸਿੱਖੀ ਪ੍ਰਚਾਰ ਤੇ ਪ੍ਰਸਾਰ ਦੀਆਂ ਕੌਮੀ ਜਿ਼ੰਮੇਵਾਰੀਆ ਤੋ ਸਾਡੀ ਧਾਰਮਿਕ ਤੇ ਸਿਆਸੀ ਲੀਡਰਸਿਪ ਪੂਰਨ ਕਰਨ ਵਿਚ ਅਵੇਸਲੀ ਹੈ, ਬਹੁਗਿਣਤੀ ਆਪਣੇ ਨਿੱਜੀ ਮੁਫਾਦਾ ਅਤੇ ਹਊਮੈ ਵਿਚ ਗ੍ਰਸਤ ਹੋ ਕੇ ਆਪਸੀ ਈਖਰਾ ਦਵੈਤ ਵਿਚ ਲੱਗੀ ਹੋਈ ਹੈ ਅਤੇ ਜਿਸ ਸਮੇ ਸੈਟਰ ਅਤੇ ਪੰਜਾਬ ਦੇ ਹੁਕਮਰਾਨ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਕਿਸੇ ਵੀ ਖੇਤਰ ਵਿਚ ਇਨਸਾਫ਼ ਦੇਣ ਲਈ ਸੁਹਿਰਦ ਨਹੀ ਹਨ ਬਲਕਿ ਵੱਡੀਆ ਸਾਜਿਸਾਂ ਵਿਚ ਮਸਰੂਫ ਹੋ ਕੇ ਪੰਜਾਬ ਦੀ ਅਮਨਮਈ ਫਿਜਾ ਨੂੰ ਗੰਧਲਾ ਕਰਕੇ ਆਪਣੇ ਮੰਦਭਾਵਨਾ ਭਰੇ ਮਕਸਦਾ ਵਿਚ ਲੱਗੇ ਹੋਏ ਹਨ, ਤਾਂ ਅਜਿਹੇ ਸਮੇ ਸਮੁੱਚੀ ਸਿੱਖ ਕੌਮ ਦਾ ਇਹ ਕੌਮੀ ਤੇ ਇਨਸਾਨੀ ਫਰਜ ਬਣ ਜਾਂਦਾ ਹੈ ਕਿ ਉਹ ਗੁਰੂ ਨਾਨਕ ਸਾਹਿਬ ਜੀ 553ਵੇਂ ਅਵਤਾਰ ਪੁਰਬ ਦੇ ਮਹਾਨ ਮੌਕੇ ਉਤੇ ਗੁਰੂ ਸਾਹਿਬਾਨ ਨੂੰ ਹਾਜਰ-ਨਾਜਰ ਸਮਝਕੇ ਆਪੋ ਆਪਣੀ ਆਤਮਾ ਨਾਲ ਪ੍ਰਣ ਕਰਨ ਕਿ ਗੁਰੂ ਸਾਹਿਬ ਵੱਲੋ ਬਖਸਿ਼ਸ਼ ਕੀਤੇ ਗਏ ਮਨੁੱਖਤਾ ਪੱਖੀ ਸਿਧਾਂਤ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਉਤੇ ਪਹਿਰਾ ਦੇ ਕੇ ਇਸ ਵੱਡਮੁੱਲੀ ਸੋਚ ਨੂੰ ਪੰਜਾਬ ਜਾਂ ਇੰਡੀਆ ਪੱਧਰ ਤੇ ਹੀ ਨਹੀ ਬਲਕਿ ਸੰਸਾਰ ਪੱਧਰ ਤੇ ਪ੍ਰਫੁੱਲਿਤ ਕਰਨ ਦੀ ਜਿ਼ੰਮੇਵਾਰੀ ਨਿਭਾਉਣਗੇ । ਅਜਿਹਾ ਅਮਲ ਕਰਕੇ ਹੀ ਸਿੱਖ ਕੌਮ ਸਹੀ ਮਾਇਨਿਆ ਵਿਚ ਇਸ ਮਹਾਨ ਦਿਹਾੜੇ ਦੀ ਸਮੁੱਚੀ ਮਨੁੱਖਤਾ ਨੂੰ ਮੁਬਾਰਕਬਾਦ ਦੇਣ ਅਤੇ ਪ੍ਰਾਪਤ ਕਰਨ ਦਾ ਹੱਕ ਰੱਖ ਸਕੇਗੀ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ ਬਿਨ੍ਹਾਂ ਤੇ ਸਮੁੱਚੀ ਮਨੁੱਖਤਾ ਨੂੰ ਗੁਰੂ ਨਾਨਕ ਸਾਹਿਬ ਜੀ ਦੇ 553ਵੇਂ ਅਵਤਾਰ ਦਿਹਾੜੇ ਉਤੇ ਹਾਰਦਿਕ ਵਧਾਈ ਦਿੰਦੇ ਹੋਏ ਤੇ ਸਮੁੱਚੀ ਸਿੱਖ ਕੌਮ ਵੱਲੋਂ ਗੁਰੂ ਸਾਹਿਬ ਜੀ ਦੇ ਉਪਰੋਕਤ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਨੂੰ ਅਪਣਾਉਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਤੱਕ ਅਸੀ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਸਿਧਾਂਤ ਨੂੰ ਅਮਲੀ ਰੂਪ ਵਿਚ ਆਪਣੇ ਜੀਵਨ ਦਾ ਹਿੱਸਾ ਬਣਾਕੇ ਨਹੀ ਵਿਚਰਦੇ, ਉਸ ਸਮੇ ਤੱਕ ਉਤਪੰਨ ਹੋ ਚੁੱਕੀਆ ਸਮਾਜਿਕ ਬੁਰਾਈਆ, ਹਕੂਮਤੀ ਵਿਤਕਰਿਆ ਤੇ ਹੋਣ ਵਾਲੇ ਜ਼ਬਰ ਜੁਲਮਾਂ ਦਾ ਅੰਤ ਨਹੀ ਕਰ ਸਕਾਂਗੇ । ਇਸ ਲਈ ਅੱਜ ਦੇ ਇਸ ਮਹਾਨ ਦਿਹਾੜੇ ਉਤੇ ਸਿੱਖ ਕੌਮ ਨੂੰ ਸਮੂਹਿਕ ਤੌਰ ਤੇ ਇਸ ਮਹਾਨ ਦਿਹਾੜੇ ਦੀ ਅਰਦਾਸ ਕਰਦੇ ਹੋਏ ਜਾਂ ਨਿੱਜੀ ਤੌਰ ਤੇ ਆਪੋ-ਆਪਣੀ ਆਤਮਾ ਨਾਲ ਪ੍ਰਣ ਕਰਨਾ ਪਵੇਗਾ ਕਿ ਅਸੀ ਬਿਨ੍ਹਾਂ ਕਿਸੇ ਪੱਖਪਾਤ ਦੇ, ਇਨਸਾਨੀਅਤ ਤੇ ਮਨੁੱਖਤਾ ਦੀ ਬਿਹਤਰੀ ਲਈ ਯਤਨਸ਼ੀਲ ਵੀ ਰਹਾਂਗੇ ਅਤੇ ਇਥੇ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਇਨਸਾਨ ਨਾਲ ਵਿਤਕਰਾ ਹੋਵੇ, ਉਥੇ ਬੇਖੌਫ ਹੋ ਕੇ ਉਸ ਜ਼ਬਰ ਜੁਲਮ ਵਿਰੁੱਧ ਆਵਾਜ ਬੁਲੰਦ ਕਰਨ ਦੇ ਨਾਲ-ਨਾਲ, ਹਰ ਦੀਨ ਦੁੱਖੀ, ਲੋੜਵੰਦ, ਮਜਲੂਮ, ਬੇਸਹਾਰਾ, ਯਤੀਮਾ ਅਤੇ ਸਮਾਜ ਦੇ ਲਤਾੜੇ ਹੋਏ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਉਨ੍ਹਾਂ ਦੀਆਂ ਮੁਸਕਿਲਾਂ ਨੂੰ ਦੂਰ ਕਰਨ ਲਈ ਆਪਣੀਆ ਇਨਸਾਨੀ ਜਿ਼ੰਮੇਵਾਰੀਆ ਪੂਰਨ ਕਰਕੇ ਖੁਸ਼ੀ ਮਨਾਵਾਂਗੇ । ਅਜਿਹੇ ਅਮਲ ਕਰਕੇ ਹੀ ਸਿੱਖ ਕੌਮ ਆਪਣੇ ਕੌਮੀ ਸੰਦੇਸ਼ ਨੂੰ ਪ੍ਰਚਾਰਨ ਤੇ ਪ੍ਰਸਾਰਨ ਦੇ ਸਮਰੱਥ ਹੋ ਸਕੇਗੀ ਅਤੇ ਆਪਣੇ ਉੱਚੇ-ਸੁੱਚੇ ਉਸ ਇਖਲਾਕ ‘ਆ ਗਏ ਨਿਹੰਗ, ਬੂਹੇ ਖੋਲ੍ਹਦੋ ਨਿਸੰਗ’ ਨੂੰ ਕਾਇਮ ਰੱਖ ਸਕੇਗੀ ।

Leave a Reply

Your email address will not be published. Required fields are marked *