ਖਾਲਸਾ ਪੰਥ ਦੇ ਮੀਰੀ ਪੀਰੀ ਦੇ ਸਿਧਾਂਤ ਅਤੇ ਮਰਿਯਾਦਾਵਾ ਨੂੰ ਕਾਇਮ ਰੱਖਣ ਹਿੱਤ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆ ਤੇ ਸੇਵਾਮੁਕਤੀਆ ਦੀ ਸਰਬਸਾਂਝੀ ਨਿਯਮਾਵਾਲੀ ਤੁਰੰਤ ਹੋਦ ਵਿਚ ਆਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 13 ਮਾਰਚ ( ) “ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ ਖਾਲਸਾ ਪੰਥ ਦੀ ਸਿਰਮੌਰ ਅਤੇ ਹਰ ਸੰਕਟ ਦੀ ਘੜੀ ਵਿਚ ਕੌਮ ਨੂੰ ਸਹੀ ਦਿਸ਼ਾ ਵੱਲ ਕੱਢਣ ਲਈ ਉਹ ਸੰਸਥਾਂ ਹੈ ਜਿਸ ਉਤੇ ਹੋਣ ਵਾਲੇ ਕਿਸੇ ਵੀ ਫੈਸਲੇ ਜਾਂ ਹੁਕਮਨਾਮਿਆ ਦੀ ਕੋਈ ਵੀ ਸਿੱਖ ਅਵੱਗਿਆ ਨਹੀ ਕਰ ਸਕਦਾ । ਜੇਕਰ ਕੋਈ ਸਿਰਫਿਰਾ ਸਿੱਖ ਅਜਿਹੀ ਬਜਰ ਗੁਸਤਾਖੀ ਕਰਦਾ ਹੈ, ਤਾਂ ਉਹ ਖਾਲਸਾ ਪੰਥ ਵਿਚ ਵਿਚਰਣ ਅਤੇ ਸਤਿਕਾਰ ਪ੍ਰਾਪਤ ਕਰਨ ਦੇ ਬਿਲਕੁਲ ਯੋਗ ਨਹੀ ਰਹਿੰਦਾ । ਉਹ ਇਖਲਾਕੀ ਤੇ ਸਮਾਜਿਕ ਤੌਰ ਤੇ ਆਪਣੀ ਮੌਤੇ ਆਪ ਮਰ ਜਾਂਦਾ ਹੈ । ਜੋ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਹੋਏ ਹੁਕਮਨਾਮਿਆ ਉਪਰੰਤ ਸ. ਸੁਖਬੀਰ ਸਿੰਘ ਬਾਦਲ ਤੇ ਉਸਦੇ ਦਿਸ਼ਾਹੀਣ ਗੈਰ ਸਿਧਾਤਿਕ ਜੀ ਹਜੂਰੀਆ ਦੀ ਬਦੌਲਤ ਸਾਡੀ ਮਹਾਨ ਸੰਸਥਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਦੇ ਸੰਸਾਰ ਪੱਧਰ ਦੇ ਮਾਣ ਸਨਮਾਨ ਤੇ ਸਿੱਖੀ ਪੰ੍ਰਪਰਾਵਾਂ ਦਾ ਘਾਣ ਹੋਇਆ ਹੈ, ਉਸ ਲਈ ਸ. ਸੁਖਬੀਰ ਸਿੰਘ ਬਾਦਲ ਦੀ ਚੰਡਾਲ ਚੌਕੜੀ ਅਤੇ ਬਾਗੀ ਤੇ ਦਾਗੀ ਆਗੂ ਸਿੱਖ ਕੌਮ ਦੀ ਨਜਰ ਵਿਚ ਦੋਸ਼ੀ ਬਣਕੇ ਖੜ੍ਹੀ ਹੈ । ਸਿੱਖ ਕੌਮ ਇਸ ਪੈਦਾ ਹੋਈ ਪੰਥਕ ਸਥਿਤੀ ਦੀ ਗੁੰਝਲ ਲਈ ਬਾਦਲ ਪਰਿਵਾਰ ਅਤੇ ਉਨ੍ਹਾਂ ਤੋ ਬਾਗੀ ਹੋਏ ਸਵਾਰਥੀ ਸਿਆਸਤਦਾਨਾਂ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਸਮਝਦੀ ਹੋਈ ਹੁਣ ਇਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਮੁਆਫ ਕਰਨ ਦੇ ਹੱਕ ਵਿਚ ਨਹੀ ਹੈ । ਜਦੋਕਿ ਬਾਦਲ ਦਲੀਏ, ਬਾਗੀ ਅਤੇ ਦਾਗੀ ਦੋਵੇ ਧੜੇ ਜੋ ਇਖਲਾਕੀ ਅਤੇ ਸਮਾਜਿਕ ਤੌਰ ਤੇ ਖਾਲਸਾ ਪੰਥ ਵਿਚੋ ਮਨਫੀ ਹੋ ਚੁੱਕੇ ਹਨ, ਇਹ ਦੋਵੇ ਧੜਿਆ ਦੇ ਆਗੂ ਆਪਣੇ ਆਪ ਨੂੰ ਸਿੱਖ ਕੌਮ ਵਿਚ ਸਿਆਸੀ ਤੌਰ ਤੇ ਜੀਵਤ ਰੱਖਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਮਹਾਨ ਸੰਸਥਾਂ ਅਤੇ ਉਸਦੇ ਜਥੇਦਾਰ ਸਾਹਿਬਾਨ ਦੀ ਦੁਰਵਰਤੋ ਕਰਦੇ ਆ ਰਹੇ ਹਨ । ਸਭ ਪੈਦਾ ਹੋਏ ਸਿਆਸੀ ਸੰਕਟ ਦੀ ਅਸਲ ਜੜ ਇਹ ਦੋਵੇ ਧੜਿਆ ਦੇ 10-10 ਆਗੂ ਹੀ ਜਿੰਮੇਵਾਰ ਹਨ । ਖਾਲਸਾ ਪੰਥ ਦੀਆਂ ਸਖਸ਼ੀਅਤਾਂ ਨੂੰ ਚਾਹੀਦਾ ਹੈ ਕਿ ਉਹ ਸਿਧਾਤਿਕ ਸੋਚ ਉਤੇ ਦ੍ਰਿੜ ਹੋ ਕੇ ਅਮਲ ਕਰਦੇ ਹੋਏ ਇਸ ਸੰਕਟ ਦੀ ਘੜੀ ਵਿਚੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਦੇ ਸਤਿਕਾਰ ਮਾਣ ਨੂੰ ਕਾਇਮ ਰੱਖਦੇ ਹੋਏ ਸਮੂਹਿਕ ਤੌਰ ਤੇ ਅਜਿਹਾ ਉਦਮ ਕਰਨ, ਜਿਸ ਨਾਲ ਕੋਈ ਵੀ ਸਵਾਰਥੀ ਸਿਆਸਤਦਾਨ ਸਾਡੀਆ ਸੰਸਥਾਵਾਂ ਅਤੇ ਉਨ੍ਹਾਂ ਦੀ ਅਸੀਮਤ ਸ਼ਕਤੀ ਦੀ ਆਉਣ ਵਾਲੇ ਸਮੇ ਵਿਚ ਦੁਰਵਰਤੋ ਨਾ ਕਰ ਸਕੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਦੇ ਉੱਚ ਰੁਤਬੇ ਤੇ ਮਾਣ ਮਰਿਯਾਦਾ ਨੂੰ ਪ੍ਰਸਨ ਚਿੰਨ੍ਹ ਲਗਾਉਣ ਦੀ ਗੁਸਤਾਖੀ ਕਰ ਸਕੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਖਾਲਸਾ ਪੰਥ ਵਿਚ ਸਿੱਖ ਕੌਮ ਦੀ ਮੀਰੀ ਪੀਰੀ ਦੀ ਮਹਾਨ ਸੰਸਥਾਂ ਅਤੇ ਉਸਦੇ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆ ਅਤੇ ਸੇਵਾਮੁਕਤੀਆ ਉਤੇ ਉੱਠੇ ਵਿਵਾਦ ਸੰਬੰਧੀ ਆਪਣੇ ਖਿਆਲਾਤ ਪ੍ਰਗਟਾਉਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਜਿਥੋ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਤਖਤ ਸਾਹਿਬਾਨ, ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆ ਤੇ ਸੇਵਾਮੁਕਤੀਆ ਦਾ ਮੁੱਦਾ ਹੈ ਉਸ ਉਤੇ ਕੌਮ ਦੀਆਂ ਭਾਵਨਾਵਾ ਦੀ ਤਰਜਮਾਨੀ ਕਰਦਾ ਵਿਧੀ ਵਿਧਾਨ ਅਵੱਸ ਤਹਿ ਹੋਣਾ ਜਰੂਰੀ ਹੈ ਅਤੇ ਇਹ ਨਿਯੁਕਤੀਆ ਸਿਆਸਤਦਾਨਾਂ ਦੇ ਕੁਝ ਜੀ ਹਜੂਰੀਏ ਕਰਨ ਦੀ ਬਜਾਇ ਕੌਮ ਦੀਆਂ ਭਾਵਨਾਵਾ ਅਨੁਸਾਰ ਹੀ ਹੋਣੀਆ ਚਾਹੀਦੀਆ ਹਨ ਅਤੇ ਸੇਵਾ ਮੁਕਤੀਆ ਵੀ ਇਸੇ ਰੋਸ਼ਨੀ ਵਿਚ ਹੋਣੀਆ ਚਾਹੀਦੀਆ ਹਨ । ਜੋ ਇਸ ਸਮੇ ਐਸ.ਜੀ.ਪੀ.ਸੀ ਕੰਮ ਕਰ ਰਹੀ ਹੈ ਇਸਦੀਆ ਬੀਤੇ 14 ਸਾਲਾਂ ਤੋ ਚੋਣਾਂ ਨਾ ਹੋ ਕੇ ਸਿੱਖ ਕੌਮ ਤੋ ਫਤਵਾ ਨਹੀ ਲਿਆ ਗਿਆ । ਇਸ ਲਈ ਮੌਜੂਦਾ ਐਸ.ਜੀ.ਪੀ.ਸੀ ਦੀ ਸੰਸਥਾਂ ਅਤੇ ਇਸ ਉਤੇ ਕੰਮ ਕਰਨ ਵਾਲੇ ਮੈਬਰ ਲੇਮ ਡੱਕ (ਲੰਗੜੀ ਪਾਰਲੀਮੈਟ) ਦੇ ਮੈਬਰ ਹਨ । ਜਿਨ੍ਹਾਂ ਨੂੰ ਸਿੱਖ ਕੌਮ ਦੇ ਵੱਡੇ ਮਹੱਤਵਪੂਰਨ ਫੈਸਲੇ ਕਰਨ ਦਾ ਕੋਈ ਇਖਲਾਕੀ, ਸਮਾਜਿਕ ਤੇ ਧਾਰਮਿਕ ਅਧਿਕਾਰ ਨਹੀ ਹੈ । ਇਹ ਕੇਵਲ ਅਗਲੀਆ ਜਰਨਲ ਚੋਣਾਂ ਹੋਣ ਤੱਕ ਕੇਵਲ ਪ੍ਰਬੰਧ ਕਰ ਸਕਦੇ ਹਨ । ਉਨ੍ਹਾਂ ਹੋ ਰਹੇ ਪੰਥ ਵਿਰੋਧੀ ਵਰਤਾਰੇ ਉਤੇ ਆਪਹੁਦਰੇ ਅਮਲ ਕਰਨ ਦੀਆਂ ਸਿੱਖ ਵਿਰੋਧੀ ਅਮਲ ਕਰਨ ਦੀ ਇਜਾਜਤ ਨਹੀ ਦਿੰਦੀਆ । ਜੋ ਬਾਦਲ ਪਰਿਵਾਰ ਅਤੇ ਬਾਗੀ ਧੜਾ ਇਸ ਸਮੇ ਸਭ ਤੋ ਵੱਧ ਚੀਕ ਚਿਹਾੜਾ ਪਾ ਰਿਹਾ ਹੈ, ਇਹ 2 ਦਸੰਬਰ ਨੂੰ ਹੋਏ ਹੁਕਮਨਾਮਿਆ ਰਾਹੀ ਸ੍ਰੀ ਅਕਾਲ ਤਖਤ ਦੀ ਫਸੀਲ ਤੋ ਆਦੇਸ ਹੋ ਚੁੱਕੇ ਹਨ ਕਿ ਇਹ ਦੋਵੇ ਧੜੇ ਦੇ ਆਗੂਆ ਨੂੰ ਅੱਜ ਤੋ ਬਾਅਦ ਕਿਸੇ ਤਰ੍ਹਾਂ ਦੀ ਅਗਵਾਈ ਕਰਨ ਦਾ ਕੋਈ ਇਖਲਾਕੀ ਹੱਕ ਬਾਕੀ ਨਹੀ ਰਹਿ ਗਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਜਨਤਕ ਤੌਰ ਤੇ ਪੜ੍ਹਕੇ ਇਨ੍ਹਾਂ ਵੱਲੋ ਕੀਤੇ ਗਏ ਬਜਰ ਅਪਰਾਧਾਂ ਨੂੰ ਉਥੇ ਹਾਜਰ ਹੋ ਕੇ ਪ੍ਰਵਾਨ ਕਰ ਚੁੱਕੇ ਹਨ । ਇਸ ਆਦੇਸ ਵਿਚ ਇਨ੍ਹਾਂ ਦੋਵਾਂ ਧੜਿਆ ਦੇ 15-20 ਦੇ ਕਰੀਬ ਆਗੂਆ ਨੂੰ ਇਹ ਹੁਕਮ ਹੋਇਆ ਸੀ ਕਿ ਉਹ ਆਪੋ ਆਪਣੇ ਚੁੱਲੇ ਬੰਦ ਕਰਕੇ ਅਤੇ ਆਪਣੇ ਅਹੁਦਿਆ ਤੋ ਅਸਤੀਫੇ ਦੇਣ । ਪਰ ਇਸਦੇ ਬਾਵਜੂਦ ਵੀ ਦੋਵੇ ਧੜਿਆ ਦੇ ਆਗੂ ਆਪਣੇ ਆਪ ਨੂੰ ਸਿਆਸੀ ਤੌਰ ਤੇ ਜਿਊਦਾ ਰੱਖਣ ਹਿੱਤ ਸ੍ਰੀ ਅਕਾਲ ਤਖਤ ਸਾਹਿਬ ਦੀ ਨਿਰੰਤਰ ਦੁਰਵਰਤੋ ਕਰਦੇ ਨਜਰ ਆ ਰਹੇ ਹਨ । ਜੇਕਰ ਬਾਦਲ ਧੜਾ ਆਪਣੇ ਆਪ ਨੂੰ ਜੀਵਤ ਰੱਖਣ ਹਿੱਤ ਸਿੱਖੀ ਸੰਸਥਾਵਾਂ ਅਤੇ ਉਸ ਜਥੇਦਾਰ ਦੀ ਆਪਣੀ ਇੱਛਾ ਅਨੁਸਾਰ ਦੁਰਵਰਤੋ ਕਰਨ ਦੇ ਅਮਲ ਕਰਦਾ ਆ ਰਿਹਾ ਹੈ ਤਾਂ ਦੂਜੇ ਬਾਗੀ ਧੜੇ ਦੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਸਾਹਿਬ ਦੀ ਸਰਪ੍ਰਸਤੀ ਪ੍ਰਾਪਤ ਕਰਕੇ ਵੀ ਦੁਰਵਰਤੋ ਕਰਦੇ ਹੀ ਨਜਰ ਆ ਰਹੇ ਹਨ । ਮੌਜੂਦਾ ਸੰਕਟ ਦੋਵੇ ਧੜਿਆ ਦਾ ਹੈ ਨਾ ਕਿ ਸਿੱਖ ਕੌਮ ਦਾ । ਪਰ ਇਨ੍ਹਾਂ ਸਵਾਰਥੀ ਆਗੂਆ ਨੇ ਸਮੁੱਚੀ ਕੌਮ ਨੂੰ ਸੰਕਟ ਵਿਚ ਪਾ ਕੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਸਾਰ ਪੱਧਰ ਦੇ ਮਾਣ ਸਨਮਾਨ ਨੂੰ ਕੁਠਾਲੀ ਵਿਚ ਪਾ ਕੇ ਉਸ ਅਕਾਲ ਪੁਰਖ ਦੀ ਕਚਹਿਰੀ ਵਿਚ ਦੋਸੀ ਬਣਾ ਲਿਆ ਹੈ ।
ਹੁਣ ਖਾਲਸਾ ਪੰਥ ਨਾਲ ਸੰਬੰਧਤ ਸਭ ਧਿਰਾਂ ਭਾਵੇ ਉਹ ਧਾਰਮਿਕ, ਸਮਾਜਿਕ, ਰਾਜਨੀਤਿਕ ਕਿਉਂ ਨਾ ਹੋਣ ਉਨ੍ਹਾਂ ਨੂੰ ਕੌਮ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਚਾਹੀਦਾ ਹੈ ਕਿ ਉਹ ਪੂਰਨ ਵਿਚ ਇਨ੍ਹਾਂ ਦੋਵਾਂ ਧੜਿਆ ਦੀ ਅਸਫਲ ਸਾਬਤ ਹੋ ਚੁੱਕੀ ਅਤੇ ਅਪਰਾਧੀ ਲੀਡਰਸਿਪ ਨੂੰ ਖਾਲਸਾ ਪੰਥ ਦੇ ਵੇਹੜੇ ਵਿਚੋ ਪਾਸੇ ਕਰਕੇ ਸਰਬੱਤ ਖਾਲਸਾ ਦੇ ਵਿਧੀ ਵਿਧਾਨ ਜਾਂ ਸਮੁੱਚੇ ਸੰਸਾਰ ਦੀਆਂ ਪੰਥਦਰਦੀ ਸਖਸੀਅਤਾਂ ਦਾ ਇਕੱਠ ਕਰਕੇ ਵਿਚਾਰਾਂ ਰਾਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਦੂਸਰੇ ਤਖਤਾਂ ਦੇ ਜਥੇਦਾਰ ਸਾਹਿਬਾਨ ਦੀਆਂ ਸਰਬਪ੍ਰਵਾਨਿਤ ਨਿਯੁਕਤੀਆ ਤੇ ਸੇਵਾਮੁਕਤੀਆ ਦੀ ਪ੍ਰਣਾਲੀ ਕਾਇਮ ਕਰਨ ਲਈ ਅਜਿਹੇ ਨਿਯਮਾਵਾਲੀ ਤਹਿ ਕਰੇ ਜਿਸ ਨਾਲ ਆਉਣ ਵਾਲੇ ਸਮੇ ਵਿਚ ਕੋਈ ਵੀ ਸਿਆਸਤਦਾਨ ਸਾਡੀਆ ਇਨ੍ਹਾਂ ਸੰਸਥਾਵਾਂ ਅਤੇ ਉਨ੍ਹਾਂ ਦੇ ਜਥੇਦਾਰ ਸਾਹਿਬਾਨ ਦੀਆਂ ਪਦਵੀਆ ਦੀ ਦੁਰਵਰਤੋ ਨਾ ਕਰ ਸਕੇ । ਅਜਿਹਾ ਅਮਲ ਕਰਕੇ ਹੀ ਇਸ ਸੰਸਥਾਂ ਤੇ ਜਥੇਦਾਰ ਸਾਹਿਬਾਨ ਦੇ ਮਾਣ ਸਨਮਾਨ ਨੂੰ ਕਾਇਮ ਰੱਖਿਆ ਜਾ ਸਕੇਗਾ । ਦੂਸਰਾ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਤੁਰੰਤ ਕਰਵਾਉਣ ਲਈ ਸਮੁੱਚੇ ਧੜੇ ਦੇ ਆਗੂ ਇਕ ਰੂਪ ਹੋ ਕੇ ਸੈਟਰ ਦੀ ਹਕੂਮਤ ਉਤੇ ਦਬਾਅ ਪਾਉਣ ਤਾਂ ਕਿ ਖਾਲਸਾ ਪੰਥ ਦੀ ਭਾਵਨਾਵਾ ਅਨੁਸਾਰ ਨਵੇ ਜਰਨਲ ਹਾਊਸ ਤੇ ਮੈਬਰਾਂ ਦੀ ਚੋਣ ਹੋ ਸਕੇ । ਉਪਰੰਤ ਅਜਿਹੇ ਅਮਲ ਕਰਦੇ ਹੋਏ ਕੋਈ ਵੀ ਸੰਗਠਨ ਜਾਂ ਸਕਤੀ ਆਪਣੇ ਤੌਰ ਤੇ ਅਜਿਹਾ ਅਮਲ ਨਾ ਕਰੇ ਜਿਸ ਨਾਲ ਕੇਵਲ ਉਪਰੋਕਤ ਦੋਵੇ ਬਾਗੀ ਦਾਗੀ ਅਪਰਾਧੀ ਧੜਿਆ ਦੇ ਆਗੂ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਲਈ ਭਰਤੀ ਕਰਨ ਦਾ ਪ੍ਰਬੰਧ ਕਰਨ ਬਲਕਿ ਅਜਿਹੀ ਨਿਯਮਾਵਾਲੀ ਸਾਂਝੇ ਤੌਰ ਤੇ ਤਿਆਰ ਕੀਤੀ ਜਾਵੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਰਪਿਤ ਹੋ ਕੇ ਇਕ ਸਭ ਧੜਿਆ ਦੀ ਸਾਂਝੀ ਕਮੇਟੀ ਕਾਇਮ ਹੋ ਕੇ ਸਮੁੱਚੇ ਖਾਲਸਾ ਪੰਥ ਵਿਚੋ ਸਿੱਖਾਂ ਦੀਆਂ ਭਾਵਨਾਵਾ ਅਨੁਸਾਰ ਇਹ ਭਰਤੀ ਹੋਵੇ ਅਤੇ 1920 ਵਾਲੇ ਸ੍ਰੀ ਅਕਾਲ ਤਖਤ ਸਾਹਿਬ ਤੋ ਹੋਦ ਵਿਚ ਆਏ ਅਕਾਲੀ ਦਲ ਨੂੰ ਫਿਰ ਜੀਵਤ ਕੀਤਾ ਜਾ ਸਕੇ ਅਤੇ ਜਿਨ੍ਹਾਂ ਸਿਧਾਤਾਂ ਤੇ ਸੋਚ ਉਤੇ ਅਕਾਲੀ ਦਲ ਨੂੰ ਹੋਦ ਵਿਚ ਲਿਆਦਾ ਗਿਆ ਸੀ ਸਮੁੱਚੀ ਕੌਮ ਉਸ ਤੇ ਕੇਦਰਿਤ ਹੋ ਕੇ ਸਮੁੱਚੇ ਸੰਸਾਰ ਵਿਚ ਸਿੱਖੀ ਦਾ ਬੋਲਬਾਲਾ ਕਰਨ ਵਿਚ ਯੋਗਦਾਨ ਪਾ ਸਕੇ।