ਜਨਾਬ ਇਮਰਾਨ ਖਾਨ ਉਤੇ ਹੋਇਆ ਜਾਨਲੇਵਾ ਹਮਲਾ ਨਿੰਦਣਯੋਗ, ਇਸਦੀ ਨਿਰਪੱਖਤਾ ਨਾਲ ਉੱਚ ਪੱਧਰੀ ਜਾਂਚ ਹੋਵੇ : ਮਾਨ

ਉਨ੍ਹਾਂ ਦੀ ਅੱਛੀ ਸਿਹਤਯਾਬੀ ਲਈ ਸਮੁੱਚੀ ਸਿੱਖ ਕੌਮ ਅਰਦਾਸ ਕਰਦੀ ਹੈ 

ਫ਼ਤਹਿਗੜ੍ਹ ਸਾਹਿਬ, 04 ਨਵੰਬਰ ( ) “ਜਨਾਬ ਇਮਰਾਨ ਖਾਨ ਸਾਬਕਾ ਵਜ਼ੀਰ-ਏ-ਆਜਮ ਪਾਕਿਸਤਾਨ ਜਿਨ੍ਹਾਂ ਨੇ ਬਹੁਤ ਵੱਡਾ ਨੇਕ ਉਦਮ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਕੇ ਸਿੱਖ ਕੌਮ ਨੂੰ ਆਪਣੇ ਗੁਰੂ ਸਾਹਿਬ ਦੇ ਮਹਾਨ ਅਸਥਾਂਨ ਦੇ ਦਰਸ਼ਨ ਦੀਦਾਰੇ ਕਰਨ ਦਾ ਪ੍ਰਬੰਧ ਕੀਤਾ ਅਤੇ ਜਿਨ੍ਹਾਂ ਦਾ ਪੰਜਾਬੀਆਂ ਤੇ ਸਿੱਖ ਕੌਮ ਨਾਲ ਬੀਤੇ ਸਮੇਂ ਅਤੇ ਅਜੋਕੇ ਸਮੇਂ ਬਹੁਤ ਡੂੰਘਾਂ ਪਿਆਰ ਅਤੇ ਸਦਭਾਵਨਾ ਵਾਲਾ ਸਤਿਕਾਰ ਕਾਇਮ ਰਿਹਾ ਹੈ ਅਤੇ ਜਿਨ੍ਹਾਂ ਦੀ ਪਾਕਿਸਤਾਨ ਦਾ ਅਵਾਮ ਵੀ ਵੱਡਾ ਸਤਿਕਾਰ ਤੇ ਪਿਆਰ ਕਰਦਾ ਹੈ, ਉਨ੍ਹਾਂ ਉਤੇ ਬੀਤੇ ਕੱਲ੍ਹ ਅੱਲ੍ਹਾਵਾਲਾ ਚੌਕ, ਗੁੱਜਰਾਵਾਲਾ ਵਿਖੇ ਲੱਖਾਂ ਦੀ ਗਿਣਤੀ ਵਿਚ ਹੋਏ ਇਕੱਠ ਨੂੰ ਸੁਬੋਧਿਤ ਕਰਦੇ ਹੋਏ ਜੋ ਗੋਲੀ ਨਾਲ ਹਮਲਾ ਕੀਤਾ ਗਿਆ ਹੈ, ਇਸ ਤੋਂ ਉਨ੍ਹਾਂ ਵਿਰੁੱਧ ਡੂੰਘੀ ਸਾਜਿਸ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਉਸ ਅਕਾਲ ਪੁਰਖ ਦਾ ਸੁਕਰਾਨਾ ਹੈ ਕਿ ਜਨਾਬ ਇਮਰਾਨ ਖਾਨ ਨੂੰ ਉਸ ਵਾਹਿਗੁਰੂ, ਅੱਲ੍ਹਾ-ਤਾਲਾ, ਖੁਦਾ ਨੇ ਖੁਦ ਬਚਾਅ ਕੀਤਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਜਿਥੇ ਇਸ ਹੋਏ ਹਮਲੇ ਦੀ ਨਿਰਪੱਖਤਾ ਨਾਲ ਜਨਾਬ ਸਹਿਬਾਜ ਸਰੀਫ਼ ਵਜ਼ੀਰ-ਏ-ਆਜਮ ਪਾਕਿਸਤਾਨ ਤੋਂ ਜਾਂਚ ਕਰਵਾਉਣ ਦੀ ਮੰਗ ਕਰਦਾ ਹੈ, ਉਥੇ ਉਨ੍ਹਾਂ ਦੀ ਜਲਦੀ ਅੱਛੀ ਸਿਹਤਯਾਬੀ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਵੀ ਕਰਦਾ ਹੈ ਤਾਂ ਕਿ ਉਹ ਨੋ-ਬਰ-ਨੋ ਹੋ ਕੇ ਪਹਿਲੇ ਦੀ ਤਰ੍ਹਾਂ ਪਾਕਿਸਤਾਨ ਦੇ ਅਵਾਮ ਅਤੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਤੇ ਸਿੱਖਾਂ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਉਦਮ ਕਰਦੇ ਰਹਿਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਨਾਬ ਇਮਰਾਨ ਖਾਨ ਸਾਬਕਾ ਵਜ਼ੀਰ-ਏ-ਆਜਮ ਪਾਕਿਸਤਾਨ ਉਤੇ ਬੀਤੇ ਕੱਲ੍ਹ ਗੁੱਜਰਾਵਾਲਾ ਵਿਖੇ ਹੋਏ ਸਾਜਸੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਉਨ੍ਹਾਂ ਦੇ ਹੋਏ ਬਚਾਅ ਲਈ ਉਸ ਅਕਾਲ ਪੁਰਖ ਦਾ ਸੁਕਰਾਨਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੀ ਮਨੁੱਖਤਾ ਤੇ ਅਵਾਮ ਦੀ ਸੇਵਾ ਕਰਨ ਵਾਲੀ ਸਖਸ਼ੀਅਤ ਨਾਲ ਕਿਸੇ ਜਥੇਬੰਦੀ ਜਾਂ ਕਿਸੇ ਨਿੱਜੀ ਇਨਸਾਨ ਦੇ ਵਿਚਾਰਾਂ ਦਾ ਵੱਖਰੇਵਾ ਹੋ ਸਕਦਾ ਹੈ, ਪਰ ਇਸਦੇ ਹੁੰਦੇ ਹੋਏ ਟੇਬਲਟਾਕ ਜਾਂ ਆਪਸੀ ਵਿਚਾਰ ਗੋਸਟੀ ਰਾਹੀ ਕਿਸੇ ਮਸਲੇ ਦਾ ਹੱਲ ਕਰਨ ਦੀ ਬਜਾਇ ਇਸ ਤਰ੍ਹਾਂ ਜਾਨਲੇਵਾ ਹਮਲਾ ਕਰ ਦੇਣਾ ਹਮਲਾਵਰਾਂ ਨੂੰ ਸੋਭਾ ਨਹੀ ਦਿੰਦਾ । ਅਜਿਹੇ ਮਸਲੇ ਤਾਂ ਭਾਵੇ ਉਹ ਕਿਸੇ ਸੂਬੇ, ਮੁਲਕ ਦੇ ਹੋਣ ਜਾਂ ਕੌਮਾਂਤਰੀ ਪੱਧਰ ਦੇ ਹੋਣ, ਇਨਸਾਨੀਅਤ ਕਦਰਾਂ-ਕੀਮਤਾਂ ਟੇਬਲ ਉਤੇ ਬੈਠਕੇ ਹੀ ਆਪਸੀ ਵਿਚਾਰਾਂ ਦੇ ਵੱਖਰੇਵਿਆ ਨੂੰ ਖਤਮ ਕਰਨ ਜਾਂ ਹਾਂਵਾਚਕ ਨਤੀਜੇ ਉਤੇ ਪਹੁੰਚਣ ਦੀ ਗੱਲ ਕਰਦੇ ਹਨ । ਨਾ ਕਿ ਕਿਸੇ ਇਨਸਾਨ ਦੀ ਜਾਨ ਲੈਣ ਦੀ ਇਜਾਜਤ ਦਿੰਦੇ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੌਜੂਦਾ ਵਜ਼ੀਰ-ਏ-ਆਜਮ ਪਾਕਿਸਤਾਨ ਜਨਾਬ ਸਹਿਬਾਜ ਸਰੀਫ਼ ਦੀ ਸਰਕਾਰ ਇਸ ਅਤਿ ਗੰਭੀਰ ਮੁੱਦੇ ਉਤੇ ਫੌਰੀ ਤਫਤੀਸ ਕਰਦੀ ਹੋਈ ਜਨਾਬ ਇਮਰਾਨ ਖਾਨ ਉਤੇ ਕੀਤੇ ਜਾਣ ਵਾਲੇ ਹਮਲੇ ਦੇ ਦੋਸ਼ੀਆਂ ਜਾਂ ਉਸ ਪਿੱਛੇ ਮੰਦਭਾਵਨਾ ਭਰੇ ਕੰਮ ਕਰ ਰਹੇ ਦਿਮਾਗਾਂ ਨੂੰ ਸਾਹਮਣੇ ਲਿਆਕੇ ਕੇਵਲ ਕਾਨੂੰਨ ਅਨੁਸਾਰ ਬਣਦੀ ਸਜ਼ਾ ਹੀ ਦੇਣ ਦਾ ਪ੍ਰਬੰਧ ਨਹੀ ਕਰਨਗੇ, ਬਲਕਿ ਪਾਕਿਸਤਾਨ, ਚੜ੍ਹਦੇ ਪੰਜਾਬ ਤੇ ਹੋਰ ਮੁਲਕਾਂ ਵਿਚ ਜਨਾਬ ਇਮਰਾਨ ਖਾਨ ਨੂੰ ਪਿਆਰ-ਮੁਹੱਬਤ ਕਰਨ ਵਾਲੀਆ ਲੱਖਾਂ, ਕਰੋੜਾਂ ਆਤਮਾਵਾ ਦੀਆਂ ਭਾਵਨਾਵਾ ਦੀ ਕਦਰ ਕਰਦੇ ਹੋਏ ਉਨ੍ਹਾਂ ਦੀ ਸੁਰੱਖਿਆ ਲਈ ਪਹਿਲੇ ਨਾਲੋ ਵੀ ਵਧੇਰੇ ਉਚੇਚੇ ਪ੍ਰਬੰਧ ਕਰਨ ਦੀ ਜਿ਼ੰਮੇਵਾਰੀ ਨਿਭਾਉਣਗੇ । ਤਾਂ ਕਿ ਅਜਿਹੀ ਸਖਸ਼ੀਅਤ ਆਪਣੇ ਰਹਿੰਦੇ ਸਵਾਸਾਂ ਨੂੰ ਪੁਰਾਤਨ ਪੰਜਾਬ, ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਨਿਵਾਸੀਆ ਦੀ ਚਹੁਪੱਖੀ ਤਰੱਕੀ ਵਿਚ ਯੋਗਦਾਨ ਪਾਉਦੇ ਹੋਏ ਉਹ ਸਮੁੱਚੀ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਅਤੇ ਦੋਵਾਂ ਮੁਲਕ ਨਿਵਾਸੀਆ ਦੇ ਪਿਆਰ ਵਿਚ ਵਾਧਾ ਕਰਨ ਦੀ ਜਿ਼ੰਮੇਵਾਰੀ ਨਿਭਾਅ ਸਕਣ ।

Leave a Reply

Your email address will not be published. Required fields are marked *