ਪੰਜਾਬ ਦੀ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਮੁੱਖੀ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਵਾਲੇ ਸਿਰਸੇਵਾਲੇ ਡੇਰੇ ਵਿਰੁੱਧ ਫੌਰੀ ਅਮਲੀ ਕਾਰਵਾਈ ਕਰਨ : ਟਿਵਾਣਾ

ਫ਼ੌਜਾਂ ਸਿੰਘ ਸਰਾਰੀ ਵਜ਼ੀਰ ਪੰਜਾਬ ਵੱਲੋ ਬਲਾਤਕਾਰੀ ਤੇ ਕਾਤਲ ਸਾਧ ਦੇ ਡੇਰੇ ਉਤੇ ਜਾਣ ਵਿਰੁੱਧ ਉਸਦੀ ਵਜ਼ੀਰੀ ਨੂੰ ਫੌਰੀ ਰੱਦ ਕਰਨ 

ਫ਼ਤਹਿਗੜ੍ਹ ਸਾਹਿਬ, 02 ਨਵੰਬਰ ( ) “ਜਦੋਂ 2024 ਵਿਚ ਇੰਡੀਆ ਦੀ ਪਾਰਲੀਮੈਂਟ ਦੀਆਂ ਚੋਣਾਂ ਆ ਰਹੀਆ ਹਨ ਤਾਂ ਇਥੋ ਦੀ ਹਕੂਮਤ ਪਾਰਟੀ ਬੀਜੇਪੀ-ਆਰ.ਐਸ.ਐਸ. ਅਤੇ ਆਮ ਆਦਮੀ ਪਾਰਟੀ ਵੱਲੋਂ ਵੋਟ ਸਿਆਸਤ ਦੀ ਗਿਣਤੀ-ਮਿਣਤੀ ਦੀ ਸੋਚ ਅਧੀਨ ਸਰਹੱਦੀ ਸੂਬੇ ਪੰਜਾਬ ਦੇ ਮਾਹੌਲ ਨੂੰ ਸਵਾਰਥੀ ਹਿੱਤਾ ਦੇ ਗੁਲਾਮ ਬਣਕੇ ਮਾਹੌਲ ਨੂੰ ਗੰਧਲਾ ਕਰਨ ਦੇ ਹੋ ਰਹੇ ਦੁੱਖਦਾਇਕ ਅਮਲਾਂ ਉਤੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਬਾਜ਼ ਨਜ਼ਰ ਰੱਖਦੇ ਹੋਏ ਪੰਜਾਬ ਦੇ ਮਾਹੌਲ ਨੂੰ ਨਫਰਤ ਭਰਿਆ ਤੇ ਮਨੁੱਖਤਾ ਵਿਰੋਧੀ ਬਣਾਉਣ ਦੀ ਇਜਾਜਤ ਕਿਸੇ ਨੂੰ ਨਹੀ ਦੇਣੀ ਚਾਹੀਦੀ । ਤਾਂ ਕਿ ਇਹ ਸਵਾਰਥੀ ਸਿਆਸੀ ਪਾਰਟੀਆ ਅਤੇ ਇਨ੍ਹਾਂ ਦੇ ਆਗੂ ਪੰਜਾਬ ਸੂਬੇ ਦੀ ਫਿਜਾ ਨੂੰ ਲਾਬੂ ਲਗਾਕੇ ਆਪਣੇ ਸਿਆਸੀ ਮਕਸਦਾ ਦੀ ਪੂਰਤੀ ਕਰਨ ਵਿਚ ਕਤਈ ਕਾਮਯਾਬ ਨਾ ਹੋ ਸਕਣ । ਜਿਸ ਫ਼ੌਜਾਂ ਸਿੰਘ ਸਰਾਰੀ ਨਾਮ ਦੇ ਪੰਜਾਬ ਦੇ ਵਜ਼ੀਰ ਨੇ ਕਾਨੂੰਨੀ ਤੌਰ ਤੇ ਬਲਾਤਕਾਰੀ ਤੇ ਕਾਤਲ ਐਲਾਨੇ ਗਏ ਅਤੇ ਸਜ਼ਾ ਭੁਗਤ ਰਹੇ ਸਿਰਸੇਵਾਲੇ ਡੇਰੇ ਦੇ ਸਾਧ ਦੇ ਡੇਰੇ ਉਤੇ ਜਾ ਕੇ ਬਜਰ ਗੁਸਤਾਖੀ ਕੀਤੀ ਹੈ, ਉਸ ਫੌ਼ਜਾਂ ਸਿੰਘ ਸਰਾਰੀ ਨੂੰ ਪੰਜਾਬ ਦੀ ਮਾਨ ਸਰਕਾਰ ਵੱਲੋ ਅਤੇ ਆਮ ਆਦਮੀ ਪਾਰਟੀ ਦੇ ਮੁੱਖੀ ਕੇਜਰੀਵਾਲ ਵੱਲੋ ਕ੍ਰਮਵਾਰ ਪੰਜਾਬ ਦੀ ਵਜ਼ੀਰੀ ਅਤੇ ਪਾਰਟੀ ਦੀ ਮੈਬਰਸਿਪ ਤੋ ਫੌਰੀ ਰੱਦ ਕਰਨ ਦਾ ਅਮਲ ਕਰਨ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਸਰਹੱਦੀ ਸੂਬੇ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀਆ ਸਵਾਰਥੀ ਸਿਆਸੀ ਪਾਰਟੀਆ, ਆਗੂਆ ਦੇ ਖ਼ਤਰਨਾਕ ਅਮਲਾਂ ਤੋ ਪੰਜਾਬੀਆਂ ਤੇ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਅਤੇ ਕਿਸੇ ਵੀ ਸਿਆਸੀ ਜਮਾਤ ਜਾਂ ਆਗੂ ਨੂੰ ਅਜਿਹੇ ਦੁੱਖਦਾਇਕ ਅਮਲ ਕਰਨ ਦੀ ਇਥੇ ਇਜਾਜਤ ਨਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਉਤੇ ਰਾਜ ਕਰ ਚੁੱਕੀਆ ਅਤੇ ਰਾਜ ਕਰ ਰਹੀ ਸਿਆਸੀ ਜਮਾਤਾਂ ਅਤੇ ਕਿਸੇ ਆਗੂ ਨੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਲੰਮੇ ਸਮੇ ਤੋ ਦਰਪੇਸ ਆ ਰਹੇ ਅਤਿ ਗੰਭੀਰ ਮਸਲਿਆ ਨੂੰ ਹੱਲ ਕਰਨ ਦੀ ਜਿ਼ੰਮੇਵਾਰੀ ਨਹੀ ਨਿਭਾਈ । ਲੇਕਿਨ ਹੁਣ ਇਹ ਸੌੜੇ ਹਿੱਤਾ ਦੀ ਪੂਰਤੀ ਵਾਲੇ ਸਿਆਸਤਦਾਨ ਅਤੇ ਆਗੂ ਫਿਰ ਤੋ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸਾਜਸੀ ਢੰਗਾਂ ਰਾਹੀ ਨਿਸ਼ਾਨਾਂ ਬਣਾਕੇ ਇਥੋ ਦੇ ਮਾਹੌਲ ਨੂੰ ਗੰਧਲਾ ਕਰਕੇ ਬਹੁਗਿਣਤੀ ਹਿੰਦੂ ਕੌਮ ਨੂੰ ਪੰਜਾਬੀਆਂ ਤੇ ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਕੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਜਿੱਤਣ ਦੇ ਮਨਸੂਬੇ ਬਣਾ ਰਹੇ ਹਨ । ਅਜਿਹਾ ਮਾਹੌਲ ਇਹ ਪਾਰਟੀਆ ਅਤੇ ਸਿਆਸਤਦਾਨ ਪੰਜਾਬ ਵਿਚ ਕਿਉਂ ਪੈਦਾ ਕਰ ਰਹੇ ਹਨ ਅਤੇ ਪੰਜਾਬੀਆਂ ਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਅਮਲ ਕਿਉਂ ਕੀਤੇ ਜਾ ਰਹੇ ਹਨ ? 

ਉਨ੍ਹਾਂ ਕਿਹਾ ਕਿ ਜਦੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਪੰਜਾਬ ਦੀ ਨੌਜ਼ਵਾਨੀ ਵਿਚ ਉੱਚੇ-ਸੁੱਚੇ ਇਖਲਾਕ ਤੇ ਗੁਣਾਂ ਨੂੰ ਮਜ਼ਬੂਤ ਕਰਨ ਲਈ ਮਨੁੱਖਤਾ ਪੱਖੀ ਸਮਾਜਿਕ ਲੀਹਾਂ ਉਤੇ ਅਮਲ ਕੀਤਾ ਜਾ ਰਿਹਾ ਹੈ, ਉਸ ਸਮਾਜ ਤੇ ਮਨੁੱਖਤਾ ਪੱਖੀ ਸੋਚ ਦੇ ਮਾਲਕ ਵਿਰੁੱਧ ਬੀਜੇਪੀ-ਆਰ.ਐਸ.ਐਸ, ਕਾਂਗਰਸ ਅਤੇ ਨਕਲੀ ਪਾਸਟਰਾਂ ਨੇ ਵੀ ਇਕ ਸਾਜਿਸ ਅਧੀਨ ਮਾਹੌਲ ਉਸਾਰਨ ਦੀ ਅਸਫਲ ਕੋਸਿ਼ਸ਼ ਕੀਤੀ ਸੀ । ਜਿਸ ਵਿਚ ਉਹ ਕਾਮਯਾਬ ਨਹੀ ਹੋ ਸਕੇ । ਹੁਣ ਉਸੇ ਸਾਜਿਸ ਨੂੰ ਨੇਪਰੇ ਚਾੜਨ ਲਈ ਹਰਿਆਣਾ ਦੀ ਖੱਟਰ ਸਰਕਾਰ ਵੱਲੋ ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ ਨੂੰ ਇਕ ਸਾਲ ਵਿਚ ਤੀਜੀ ਵਾਰ ਲੰਮੀ ਪੈਰੋਲ ਦਿੱਤੀ ਗਈ ਹੈ । ਇਹ ਕਿਥੋ ਦਾ ਕਾਨੂੰਨ ਤੇ ਇਨਸਾਫ਼ ਹੈ ਕਿ ਕਾਨੂੰਨ ਵੱਲੋ ਐਲਾਨੇ ਗਏ ਅਪਰਾਧੀ ਸਿਰਸੇਵਾਲੇ ਸਾਧ ਨੂੰ ਹਰਿਆਣਾ, ਪੰਜਾਬ ਆਦਿ ਵਿਚ ਪ੍ਰਵਚਨ ਕਰਨ ਅਤੇ ਪੰਜਾਬ ਵਿਚ ਇਕ ਹੋਰ ਡੇਰਾ ਕਾਇਮ ਕਰਨ ਦੀ ਸਰਪ੍ਰਸਤੀ ਤੇ ਇਜਾਜਤ ਦਿੱਤੀ ਜਾਵੇ ? ਉਨ੍ਹਾਂ ਕਿਹਾ ਕਿ ਕੋਈ ਵੀ ਪੰਜਾਬੀ ਜਾਂ ਸਿੱਖ ਪੰਜਾਬ ਦੇ ਅਮਨਮਈ ਮਾਹੌਲ ਨੂੰ ਨਾ ਤਾਂ ਠੇਸ ਪਹੁੰਚਾਉਣਾ ਚਾਹੁੰਦਾ ਹੈ ਅਤੇ ਨਾ ਹੀ ਪੰਜਾਬ ਵਿਰੋਧੀ ਕਿਸੇ ਸਾਜਿਸ ਵਿਚ ਗਲਤਾਨ ਹੋ ਕੇ ਇਥੇ ਨਫਰਤ ਜਾਂ ਕਿਸੇ ਤਰ੍ਹਾਂ ਦਾ ਖੂਨ-ਖਰਾਬਾ ਕਰਨ ਦੇ ਪੱਖ ਵਿਚ ਹੈ । ਫਿਰ ਇਹ ਸਿਆਸਤਦਾਨ ਤੇ ਆਗੂ ਮੀਡੀਏ, ਪ੍ਰੈਸ ਵਿਚ ਜਾ ਕੇ ਸਿਰਸੇਵਾਲੇ ਕਾਤਲ ਤੇ ਬਲਾਤਕਾਰੀ ਸਾਧ ਦੀ ਹਰ ਪੱਖੋ ਸਰਪ੍ਰਸਤੀ ਕਰਕੇ ਅਤੇ ਦੁਰਵਰਤੋ ਕਰਕੇ ਇਥੋ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਲਈ ਕਿਉਂ ਬਾਜਿੱਦ ਹਨ । 

ਸ. ਟਿਵਾਣਾ ਨੇ ਕੌਮਾਂਤਰੀ ਮੁਲਕਾਂ ਦੀ ਸਾਂਝੀ ਜਥੇਬੰਦੀ ਯੂ.ਐਨ, ਜਮਹੂਰੀਅਤ ਪਸ਼ੰਦ ਮੁਲਕ ਅਮਰੀਕਾ, ਕੈਨੇਡਾ, ਜਰਮਨ, ਫਰਾਂਸ, ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਜਥੇਬੰਦੀਆਂ ਅਤੇ ਆਗੂਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇੰਡੀਆ ਦੀ ਹੁਕਮਰਾਨ ਜਮਾਤ ਬੀਜੇਪੀ, ਆਰ.ਐਸ.ਐਸ, ਦੂਸਰੀਆ ਹਿੰਦੂਤਵ ਕਾਂਗਰਸ, ਆਮ ਆਦਮੀ ਪਾਰਟੀ ਆਦਿ ਵੱਲੋ ਪੰਜਾਬ ਵਿਚ 2024 ਦੀਆਂ ਚੋਣਾਂ ਨੂੰ ਮੁੱਖ ਰੱਖਕੇ ਦਿੱਤੀਆ ਜਾ ਰਹੀਆ ਸਾਜਿਸਾਂ ਨੂੰ ਅਮਲੀ ਰੂਪ ਦੇਣ ਵਿਰੁੱਧ ਤੁਰੰਤ ਸਖਤ ਨੋਟਿਸ ਲੈਣ ਅਤੇ ਇਨ੍ਹਾਂ ਨੂੰ ਪੰਜਾਬ ਵਰਗੀ ਪਵਿੱਤਰ ਧਰਤੀ ਉਤੇ ਫਿਰ ਤੋ ਖੂਨ-ਖਰਾਬਾਂ ਅਤੇ ਨਫਰਤ ਪੈਦਾ ਕਰਨ ਦੀ ਇਜਾਜਤ ਬਿਲਕੁਲ ਨਾ ਦੇਣ । ਬਲਕਿ ਇਨ੍ਹਾਂ ਦੇ ਮਨੁੱਖਤਾ ਵਿਰੋਧੀ ਖੂੰਖਾਰ ਚਿਹਰੇ ਨੂੰ ਕੌਮਾਂਤਰੀ ਚੌਰਾਹੇ ਵਿਚ ਨੰਗਾਂ ਕਰਕੇ ਇਨ੍ਹਾਂ ਦੇ ਮਦਭਾਵਨਾ ਭਰੇ ਮਨਸੂਬਿਆ ਤੋ ਸਮੁੱਚੇ ਮੁਲਕਾਂ ਦੇ ਨਿਵਾਸੀਆ ਨੂੰ ਜਾਣੂ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਉਣ ਤਾਂ ਕਿ ਇਹ ਹਿੰਦੂਤਵ ਫਿਰਕੂ ਸੋਚ ਵਾਲੀਆ ਪਾਰਟੀਆ ਤੇ ਜਮਾਤਾਂ ਇਕ ਵਾਰੀ ਫਿਰ ਤੋ ਪੰਜਾਬ ਸੂਬੇ ਵਿਚ ਨਵੇ ਦੁਖਾਂਤ ਨੂੰ ਜਨਮ ਦੇਣ, ਪੰਜਾਬੀਆਂ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਵਿਚ ਕਾਮਯਾਬ ਨਾ ਹੋ ਸਕਣ ਅਤੇ ਨਾ ਹੀ ਅਜਿਹੀਆ ਜਮਾਤਾਂ ਇੰਡੀਆ ਜਾਂ ਕਿਸੇ ਸੂਬੇ ਦੀ ਹਕੂਮਤ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਕਾਬਜ ਹੋ ਸਕਣ ।

Leave a Reply

Your email address will not be published. Required fields are marked *