ਨਵਾਬ ਰਾਏ ਬੁਲਾਰ ਭੱਟੀ ਦੇ ਪਰਿਵਾਰ ਨੂੰ ਇੰਡੀਆਂ ਵੱਲੋ ਵੀਜਾ ਨਾ ਦੇਣਾ ਅਤਿ ਦੁੱਖਦਾਇਕ : ਮਾਨ
ਭੱਟੀ ਪਰਿਵਾਰ ਅਤਿ ਸਤਿਕਾਰਿਤ, ਜਦੋਂ ਵੀ ਉਹ ਚਾਹੁੰਣ ਵੀਜਾ ਜਾਰੀ ਹੋਵੇ
ਫ਼ਤਹਿਗੜ੍ਹ ਸਾਹਿਬ, 01 ਨਵੰਬਰ ( ) “ਸਿੱਖ ਕੌਮ ਦੇ ਇਤਿਹਾਸ ਵਿਚ ਨਵਾਬ ਰਾਏ ਬੁਲਾਰ ਭੱਟੀ ਦਾ ਬਹੁਤ ਹੀ ਨਿੱਘਾ, ਡੂੰਘਾਂ ਸਤਿਕਾਰਿਤ ਯੋਗਦਾਨ ਰਿਹਾ ਹੈ ਅਤੇ ਇਹ ਨਵਾਬ ਪਰਿਵਾਰ ਸਾਡੀ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਨਮਭੂਮੀ ਨਾਲ ਸੰਬੰਧਤ ਉਹ ਪਰਿਵਾਰ ਹੈ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੀ ਵੱਡੀ ਸੇਵਾ ਕੀਤੀ ਹੈ ਅਤੇ ਇਸ ਪਰਿਵਾਰ ਨੂੰ ਸਾਡੇ ਗੁਰੂ ਸਾਹਿਬਾਨ ਨਾਲ ਵਿਚਰਣ ਦਾ ਸੁਭਾਗ ਪ੍ਰਾਪਤ ਹੋਇਆ ਹੈ । ਇਹ ਪਰਿਵਾਰ ਸ਼ਹੀਦੀ ਸਾਕਾ ਪੰਜਾ ਸਾਹਿਬ ਦੀ ਜੋ ਸਤਾਬਦੀ ਬੀਤੇ ਕੁਝ ਦਿਨ ਪਹਿਲੇ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਈ ਗਈ ਹੈ, ਉਸ ਵਿਚ ਸਮੂਲੀਅਤ ਕਰਕੇ ਆਪਣੀ ਸਰਧਾ ਭੇਟ ਕਰਨਾ ਚਾਹੁੰਦੇ ਸਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਆ ਦੀ ਮੌਜੂਦਾ ਮੋਦੀ ਹਕੂਮਤ ਦੇ ਵਿਦੇਸ਼ ਵਿਭਾਗ ਨੇ ਇਸ ਸਿੱਖ ਕੌਮ ਦੇ ਅਤਿ ਸਤਿਕਾਰਿਤ ਪਰਿਵਾਰ ਨੂੰ ਵੀਜਾ ਨਾ ਦੇ ਕੇ ਕੇਵਲ ਨਵਾਬ ਰਾਏ ਬੁਲਾਰ ਭੱਟੀ ਦੇ ਪਰਿਵਾਰ ਨੂੰ ਹੀ ਡੂੰਘਾਂ ਦੁੱਖ ਨਹੀ ਪਹੁੰਚਾਇਆ, ਬਲਕਿ ਸਿੱਖ ਕੌਮ ਦੀਆਂ ਭਾਵਨਾਵਾ ਨਾਲ ਵੀ ਖਿਲਵਾੜ ਕੀਤਾ ਹੈ । ਜੋ ਇੰਡੀਅਨ ਸਰਕਾਰ ਵੱਲੋ ਨਹੀ ਹੋਣਾ ਚਾਹੀਦਾ । ਜਦੋ ਵੀ ਇਹ ਭੱਟੀ ਪਰਿਵਾਰ ਇੰਡੀਆ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਂ ਵੱਡੇ ਕੌਮੀ ਪ੍ਰੋਗਰਾਮਾਂ ਵਿਚ ਸਮੂਲੀਅਤ ਕਰਨ ਲਈ ਇੰਡੀਆ ਆਉਣ ਦੀ ਇੱਛਾ ਪ੍ਰਗਟਾਵੇ ਤਾਂ ਇਨ੍ਹਾਂ ਨੂੰ ਉਸੇ ਸਮੇ ਵੀਜੇ ਦਾ ਪ੍ਰਬੰਧ ਹੋਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਵਿਦੇਸ਼ ਵਜ਼ੀਰ ਸ੍ਰੀ ਜੈਸੰਕਰ ਨੂੰ ਅੱਜ ਆਪਣੇ ਮੈਬਰ ਆਫ ਪਾਰਲੀਮੈਂਟ ਦੇ ਲੈਟਰਹੈੱਡ ਤੇ ਰਾਏ ਬੁਲਾਰ ਭੱਟੀ ਦੇ ਪਰਿਵਾਰ ਨੂੰ ਵੀਜਾ ਨਾ ਦੇਣ ਦੇ ਅਮਲਾਂ ਨੂੰ ਅਤਿ ਦੁੱਖਦਾਇਕ ਕਰਾਰ ਦਿੰਦੇ ਹੋਏ ਅਤੇ ਇੰਡੀਆ ਸਰਕਾਰ ਨੂੰ ਇਸ ਪਰਿਵਾਰ ਨੂੰ ਜਦੋ ਚਾਹੁੰਣ ਵੀਜਾ ਦੇਣ ਦਾ ਪ੍ਰਬੰਧ ਕਰਨ ਦੀ ਗੁਜਾਰਿਸ ਕਰਦੇ ਹੋਏ ਲਿਖੇ ਗਏ ਇਕ ਪੱਤਰ ਵਿਚ ਪ੍ਰਗਟ ਕੀਤੇ । ਉਨ੍ਹਾਂ ਇਸ ਪੱਤਰ ਵਿਚ ਅੱਗੇ ਚੱਲਕੇ ਕਿਹਾ ਕਿ ਜਿਸ ਖਾਨਦਾਨ ਤੇ ਪਰਿਵਾਰ ਨੇ ਗੁਰੂ ਨਾਨਕ ਸਾਹਿਬ ਦੇ ਕਾਰਜਕਾਲ ਸਮੇ ਆਤਮਿਕ ਅਤੇ ਸਰੀਰਕ ਪੱਖੋ ਗੁਰੂ ਸਾਹਿਬਾਨ ਅਤੇ ਸਿੱਖਾਂ ਦੀ ਤਨਦੇਹੀ ਨਾਲ ਸੇਵਾ ਕੀਤੀ ਹੋਵੇ ਅਤੇ ਜਿਨ੍ਹਾਂ ਦਾ ਸਿੱਖ ਕੌਮ ਨਾਲ ਸਦੀਵੀ ਪਿਆਰ, ਮਿਲਵਰਤਨ ਅਤੇ ਸਾਂਝ ਕਾਇਮ ਹੈ, ਉਸ ਪਰਿਵਾਰ ਨੂੰ ਸਿੱਖ ਕੌਮ ਦੇ ਵੱਡੇ ਸਮਾਗਮਾਂ ਉਤੇ ਜਾਂ ਇੰਡੀਆ ਵਿਚ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਖੁੱਲ੍ਹ ਨਾ ਦੇਣ ਦੀ ਕਾਰਵਾਈ ਧਰਮ ਨਿਰਪੱਖ ਕਹਾਉਣ ਵਾਲੇ ਇੰਡੀਆ ਦੇ ਵਿਧਾਨ ਦੀ ਵੱਡੀ ਤੋਹੀਨ ਕਰਨ ਵਾਲੀ ਮਨੁੱਖਤਾ ਵਿਰੋਧੀ ਕਾਰਵਾਈ ਹੈ । ਅਜਿਹੇ ਸਮਿਆ ਤੇ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਅਜਿਹੀਆ ਸਖਸ਼ੀਅਤਾਂ ਦੇ ਵੀਜੇ ਪ੍ਰਦਾਨ ਕਰਨ ਸਮੇ ਕਦੀ ਵੀ ਸੌੜੀ ਜਾਂ ਸਵਾਰਥੀ ਸੋਚ ਤੋ ਕੰਮ ਨਹੀ ਲੈਣਾ ਚਾਹੀਦਾ । ਬਲਕਿ ਬਿਨ੍ਹਾਂ ਕਿਸੇ ਭੇਦਭਾਵ ਜਾਂ ਵਿਤਕਰੇ ਤੋ ਕੌਮੀ ਸਿੱਖੀ ਸਮਾਗਮਾਂ ਵਿਚ ਸਮੂਲੀਅਤ ਕਰਨ ਲਈ ਇਜਾਜਤ ਦੇਣ ਦੇ ਨਾਲ-ਨਾਲ ਇਥੇ ਪਹੁੰਚਣ ਤੇ ਉਨ੍ਹਾਂ ਦਾ ਹਕੂਮਤੀ ਪੱਧਰ ਤੇ ਸਵਾਗਤ ਵੀ ਹੋਣਾ ਚਾਹੀਦਾ ਹੈ । ਤਾਂ ਕਿ ਅਸਲੀਅਤ ਵਿਚ ਹੁਕਮਰਾਨਾਂ ਦੇ ਧਰਮ ਨਿਰਪੱਖ ਦੀ ਤਸਵੀਰ ਪ੍ਰਤੱਖ ਰੂਪ ਵਿਚ ਸਾਹਮਣੇ ਆ ਸਕੇ ਅਤੇ ਸਿੱਖ ਕੌਮ ਦੀਆਂ ਸਾਂਝ ਵਾਲੀਆ ਸਖਸ਼ੀਅਤਾਂ ਅਤੇ ਪਰਿਵਾਰਾਂ ਨੂੰ ਇੰਡੀਆ ਤੇ ਪੰਜਾਬ ਆਉਣ ਤੇ ਉਨ੍ਹਾਂ ਨੂੰ ਬਣਦਾ ਸਤਿਕਾਰ ਅਤੇ ਪਿਆਰ ਪ੍ਰਦਾਨ ਹੁੰਦਾ ਰਹੇ । ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਦਾ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ ਨਾ ਤਾਂ ਕੋਈ ਵੈਰ ਵਿਰੋਧ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਨਫਰਤ । ਅਸੀ ਇਨਸਾਨੀਅਤ ਕਦਰਾਂ-ਕੀਮਤਾਂ ਅਤੇ ਸੱਚ-ਹੱਕ ਉਤੇ ਪਹਿਰਾ ਦੇਣ ਵਾਲੀ ਕੌਮ ਹਾਂ । ਜੋ ਵੀ ਪੁਰਾਤਨ ਇਤਿਹਾਸਿਕ ਸਖਸ਼ੀਅਤ ਤੇ ਪਰਿਵਾਰ ਸਿੱਖ ਕੌਮ ਨਾਲ ਆਪਣੇ ਸਦਾ ਲਈ ਸਦਭਾਵਨਾ ਭਰੇ ਸੰਬੰਧ ਕਾਇਮ ਰੱਖਣ ਦੇ ਇਛੁੱਕ ਹਨ ਉਨ੍ਹਾਂ ਪਰਿਵਾਰਾਂ ਨੂੰ ਇੰਡੀਆ ਸਰਕਾਰ ਵੱਲੋ ਵੀਜਾ ਨਾ ਦੇਣ ਦੀ ਕਾਰਵਾਈ ਕਰਕੇ ਇਨ੍ਹਾਂ ਸੰਬੰਧਾਂ ਵਿਚ ਕਿਸੇ ਤਰ੍ਹਾਂ ਦੀ ਲਕੀਰ ਨਹੀ ਖਿੱਚਣੀ ਚਾਹੀਦੀ ਬਲਕਿ ਇਨ੍ਹਾਂ ਦੀ ਮਜਬੂਤੀ ਲਈ ਆਪਣੇ ਹਕੂਮਤੀ ਅਤੇ ਇਨਸਾਨੀ ਫਰਜਾਂ ਨੂੰ ਪਹਿਲ ਦੇ ਆਧਾਰ ਤੇ ਪੂਰਨ ਕਰਨ ਦੀ ਜਿ਼ੰਮੇਵਾਰੀ ਨਿਭਾਉਣੀ ਚਾਹੀਦੀ ਹੈ । ਸ. ਮਾਨ ਨੇ ਪਾਕਿਸਤਾਨ ਗਏ ਐਸ.ਜੀ.ਪੀ.ਸੀ. ਦੇ ਪ੍ਰਧਾਨ ਵੱਲੋ ਨਵਾਬ ਰਾਏ ਬੁਲਾਰ ਦੇ ਪਰਿਵਾਰ ਦੇ ਮੈਬਰ ਐਡਵੋਕੇਟ ਰਾਏ ਸਲੀਮ ਭੱਟੀ ਨੂੰ ਸਿੱਖ ਕੌਮ ਵੱਲੋ ਸਿਰਪਾਓ, ਸ੍ਰੀ ਸਾਹਿਬ ਦੇ ਸਨਮਾਨ ਦੇਣ ਅਤੇ ਸਿੱਖ ਅਜਾਇਬਘਰ ਅੰਮ੍ਰਿਤਸਰ ਵਿਖੇ ਨਵਾਬ ਰਾਏ ਬੁਲਾਰ ਭੱਟੀ ਦੀ ਤਸਵੀਰ ਸਤਿਕਾਰ ਵੱਜੋ ਸੁਸੋਭਿਤ ਕਰਨ ਦੇ ਕੌਮ ਪੱਖੀ ਫੈਸਲੇ ਦਾ ਵੀ ਜੋਰਦਾਰ ਸਵਾਗਤ ਕੀਤਾ ।