ਗੁਜਰਾਤ ਦੇ ਮੋਰਬੀ ਪੁਲ ਦੇ ਟੁੱਟਣ ਉਤੇ 140 ਪਰਿਵਾਰਾਂ ਨਾਲ ਵਾਪਰੇ ਦੁਖਾਂਤ ਦੀ ਉੱਚ ਪੱਧਰੀ ਜਾਂਚ ਹੋਵੇ, ਕੋਈ ਵੀ ਦੋਸ਼ੀ ਬਖਸਿਆ ਨਾ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 01 ਨਵੰਬਰ ( ) “ਗੁਜਰਾਤ ਦੇ 145 ਸਾਲ ਪੁਰਾਣੇ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਮੋਰਬੀ ਪੁਲ ਜੋ ਬੀਤੇ 7-8 ਮਹੀਨਿਆ ਤੋਂ ਬੰਦ ਸੀ ਅਤੇ ਜਿਸਦੀ ਮੁਰੰਮਤ ਕੀਤੀ ਜਾ ਰਹੀ ਸੀ, ਉਸਦੇ ਦੁਆਰਾ ਚਾਲੂ ਹੋਣ ਉਪਰੰਤ ਇਸ ਤਾਰਾ ਦੇ ਬਣੇ ਪੁਲ ਦੇ ਟੁੱਟ ਜਾਣ ਕਾਰਨ ਜੋ 140 ਪਰਿਵਾਰਾਂ ਦਾ ਹੋਇਆ ਨੁਕਸਾਨ ਅਤਿ ਦੁੱਖਦਾਇਕ ਹੈ । ਜੋ ਹਾਦਸੇ ਵਿਚ ਕੀਮਤੀ ਜਾਨਾਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੀਆ ਹਨ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਸੀਂ ਅਰਦਾਸ ਕਰਦੇ ਹਾਂ, ਉਥੇ ਇਸ ਪੁਲ ਦੀ ਮੁਰੰਮਤ ਕਰਨ ਦਾ ਠੇਕਾ ਦਿੱਤੇ ਜਾਣ ਵਾਲੀ ਓਰੇਵਾ ਕੰਪਨੀ ਦੇ ਪ੍ਰਬੰਧਕਾਂ ਅਤੇ ਮਾਲਕਾਂ ਵਿਰੁੱਧ ਉੱਚ ਪੱਧਰੀ ਨਿਰਪੱਖਤਾ ਨਾਲ ਜਾਂਚ ਕਰਨ ਦੀ ਵੀ ਮੰਗ ਕਰਦੇ ਹਾਂ । ਜਿਸਨੇ ਵੀ ਇਸ ਵੱਡੇ ਜੋਖਮ ਭਰੇ ਕੰਮ ਵਿਚ ਅਣਗਹਿਲੀ ਕੀਤੀ ਹੈ, 100 ਬੰਦਿਆਂ ਦਾ ਬੋਝ ਝੱਲਣ ਵਾਲੇ ਇਸ ਪੁਲ ਉਤੇ 500 ਬੰਦਿਆ ਨੂੰ ਟਿਕਟਾਂ ਦੇਕੇ ਇਸ ਹਾਦਸੇ ਨੂੰ ਸੱਦਾ ਦਿੱਤਾ ਹੈ, ਉਸ ਵਿਚ ਕੋਈ ਵੀ ਦੋਸੀ ਕਾਨੂੰਨੀ ਸਜ਼ਾ ਤੋਂ ਬਿਲਕੁਲ ਨਹੀ ਬਚਣਾ ਚਾਹੀਦਾ । ਫਿਰ ਘੜੀਆ ਅਤੇ ਬਿਜਲੀ ਬੱਲਬ ਬਣਾਉਣ ਵਾਲੀ ਉਪਰੋਕਤ ਕੰਪਨੀ ਨੂੰ ਜਿਨ੍ਹਾਂ ਅਧਿਕਾਰੀਆਂ ਅਤੇ ਅਫਸਰਾਂ ਨੇ ਪੁਲ ਬਣਾਉਣ ਦਾ ਠੇਕਾ ਦੇਕੇ ਜਨਤਾ ਦੀ ਜਾਨ ਨਾਲ ਖਿਲਵਾੜ ਕੀਤਾ ਹੈ, ਉਨ੍ਹਾਂ ਨੂੰ ਤੁਰੰਤ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਅੱਗੋ ਲਈ ਅਜਿਹੇ ਵੱਡੇ ਪੁਲਾਂ ਦੀ ਉਸਾਰੀ ਜਾਂ ਮੁਰੰਮਤ ਵਿਚ ਕੋਈ ਵੀ ਕੰਪਨੀ ਜਾਂ ਠੇਕੇਦਾਰ ਅਜਿਹੀ ਅਣਗਹਿਲੀ ਨਾ ਕਰ ਸਕੇ । ਇਸ ਸਮੇਂ ਇਹ ਵੀ ਹਕੂਮਤੀ ਪ੍ਰਸ਼ਨ ਸਾਹਮਣੇ ਆਉਦਾ ਹੈ ਕਿ ਜਦੋਂ ਗੁਜਰਾਤ ਵਰਗੇ ਸੂਬੇ ਵਿਚ ਐਨੀ ਵੱਡੀ ਅਣਗਹਿਲੀ ਹੋ ਸਕਦੀ ਹੈ ਤਾਂ ਬਾਕੀ ਸੂਬਿਆਂ ਵਿਚ ਇਸ ਵਿਸ਼ੇ ਤੇ ਕੀ ਪ੍ਰਬੰਧ ਹੋਣਗੇ, ਉਹ ਵੀ ਗਹਿਰੀ ਚਿੰਤਾ ਵਾਲੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਜਰਾਤ ਦੇ ਮੋਰਬੀ ਪੁਲ ਦੇ ਟੁੱਟ ਜਾ ਕਾਰਨ ਮ੍ਰਿਤਕ 140 ਪਰਿਵਾਰਾਂ ਦੇ ਇਸ ਡੂੰਘੇ ਦੁੱਖ ਵਿਚ ਸਮੂਲੀਅਤ ਕਰਦੇ ਹੋਏ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਪਾਰਟੀ ਤੇ ਸਿੱਖ ਕੌਮ ਵੱਲੋ ਅਰਦਾਸ ਕਰਦੇ ਹੋਏ ਇਸ ਹਾਦਸੇ ਦੀ ਨਿਰਪੱਖਤਾ ਨਾਲ ਉੱਚ ਪੱਧਰੀ ਜਾਂਚ ਕਰਵਾਕੇ ਇਸ ਵਿਚ ਦੋਸ਼ੀਆਂ ਨੂੰ ਬਣਦੀ ਕਾਨੂੰਨੀ ਸਜ਼ਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਕੰਪਨੀ ਨੂੰ ਇਹ ਪੁਲ ਦੀ ਮੁਰੰਮਤ ਕਰਨ ਦੀ ਜਿ਼ੰਮੇਵਾਰੀ ਦਿੱਤੀ ਗਈ ਸੀ, ਉਸ ਕੋਲ ਤਾਂ ਪੁਲ ਬਣਾਉਣ ਜਾਂ ਮੁਰੰਮਤ ਕਰਨ ਦਾ ਕੋਈ ਤੁਜਰਬਾ ਹੀ ਨਹੀ ਹੈ । ਫਿਰ ਜੇਕਰ ਇਹ ਪੁਲ ਬਣਕੇ ਤਿਆਰ ਹੋ ਗਿਆ ਸੀ, ਤਾਂ ਇਸ ਪੁਲ ਦੇ ਵਜਨ ਦੀ ਸਮਰੱਥਾਂ ਤੋਂ ਵੱਧ ਵਿਅਕਤੀਆਂ ਨੂੰ ਜਾਣ ਦੀ ਇਜਾਜਤ ਕਿਉਂ ਦਿੱਤੀ ਗਈ ਅਤੇ ਇਸਨੂੰ ਸੁਰੂ ਕਰਨ ਤੋਂ ਪਹਿਲਾ ਇਸਦੀ ਪੂਰੀ ਤਰ੍ਹਾਂ ਸਮਿਖਿਆ ਕਿਉਂ ਨਾ ਕੀਤੀ ਗਈ ? ਇਸ ਲਈ ਇਸ ਵਿਚ ਸਾਮਿਲ ਸਭ ਕੰਪਨੀ ਦੇ ਜਿ਼ੰਮੇਵਾਰ ਅਤੇ ਠੇਕਾ ਦੇਣ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਅਫਸਰਾਂ ਦੀ ਹਰ ਪੱਖੋ ਜਾਂਚ ਕਰਦੇ ਹੋਏ ਸੀਮਤ ਸਮੇ ਵਿਚ ਦੋਸ਼ੀਆਂ ਨੂੰ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਅਧਿਕਾਰੀ ਅਜਿਹੇ ਜਨਤਾ ਦੇ ਜਾਨ-ਮਾਲ ਨਾਲ ਸੰਬੰਧਤ ਕੰਮਾਂ ਵਿਚ ਕਿਸੇ ਤਰ੍ਹਾਂ ਦੀ ਰਿਸਵਤਖੋਰੀ ਜਾਂ ਹੇਠਲੇ ਦਰਜੇ ਦੇ ਸਮਾਨ ਦੀ ਵਰਤੋ ਕਰਨ ਦੀ ਗੁਸਤਾਖੀ ਨਾ ਕਰ ਸਕੇ ।

ਸ. ਮਾਨ ਨੇ ਗੁਜਰਾਤ ਵਿਚ ਵੱਸਣ ਵਾਲੇ ਸਿੱਖਾਂ ਨੂੰ ਇਹ ਸੰਜ਼ੀਦਾ ਅਪੀਲ ਵੀ ਕੀਤੀ ਕਿ ਜਿਵੇ ਕਰੋਨਾ ਸੰਕਟ ਸਮੇ ਅਤੇ ਹੋਰ ਕੁਦਰਤੀ ਆਫਤਾ ਸਮੇ ਸਿੱਖ ਕੌਮ ਆਪਣੇ ਮਨੁੱਖਤਾ ਪੱਖੀ ਕੌਮੀ ਵਿਰਸੇ-ਵਿਰਾਸਤ ਨਾਲ ਸੰਬੰਧਤ ਮਹਾਨ ਪ੍ਰੰਪਰਾਵਾਂ ਉਤੇ ਪਹਿਰਾ ਦੇ ਕੇ ਪੀੜ੍ਹਤਾਂ ਨੂੰ ਲੰਗਰ, ਕੱਪੜਾ, ਦਵਾਈਆ ਦੀ ਸੇਵਾ ਕਰਦੇ ਆ ਰਹੇ ਹਨ, ਉਸੇ ਤਰ੍ਹਾਂ ਮੋਰਬੀ ਦੁਰਘਟਨਾ ਵਿਚ ਪੀੜ੍ਹਤ ਪਰਿਵਾਰਾਂ ਦੀ ਸਹਾਇਤਾ ਕਰਨ ਦੇ ਫਰਜ ਅਦਾ ਕਰਨ ਤਾਂ ਕਿ ਅਸੀ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ ਨੂੰ ਸਮੁੱਚੇ ਇੰਡੀਆ ਤੇ ਸੰਸਾਰ ਵਿਚ ਪ੍ਰਸਾਰ ਤੇ ਪ੍ਰਚਾਰ ਸਕੀਏ ।

Leave a Reply

Your email address will not be published. Required fields are marked *