ਵਕਫ ਸੋਧ ਬਿਲ ਘੱਟ ਗਿਣਤੀ ਮੁਸਲਿਮ ਕੌਮ ਨੂੰ ਦਬਾਉਣ ਦੀ ਮੰਦਭਾਵਨਾ ਅਧੀਨ ਲਿਆਂਦਾ ਜਾ ਰਿਹਾ ਹੈ, ਜੋ ਤਾਨਾਸਾਹੀ ਅਮਲ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 03 ਅਪ੍ਰੈਲ ( ) “ਜੋ ਮੌਜੂਦਾ ਮੋਦੀ ਹਕੂਮਤ ਵੱਲੋ ਵਕਫ ਸੋਧ ਬਿਲ ਲਿਆਂਦਾ ਜਾ ਰਿਹਾ ਹੈ, ਉਸ ਰਾਹੀ ਮੁਸਲਿਮ ਕੌਮ ਨੂੰ ਧਾਰਮਿਕ, ਸਮਾਜਿਕ ਅਤੇ ਸਿਆਸੀ ਤੌਰ ਤੇ ਦਬਾਉਣ ਹਿੱਤ ਹੁਕਮਰਾਨਾਂ ਵੱਲੋ ਤਾਨਾਸਾਹੀ ਅਮਲ ਕਰਨ ਦੀ ਵੱਡੀ ਸੰਭਾਵਨਾ ਹੈ । ਜਿਸ ਨਾਲ ਮੁਸਲਿਮ ਕੌਮ ਨਾਲ ਹੋਣ ਵਾਲੀ ਬੇਇਨਸਾਫ਼ੀ ਤੇ ਜ਼ਬਰ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਹਿੰਦੂਤਵ ਮੋਦੀ ਹਕੂਮਤ ਵੱਲੋ ਹੁਣ ਤੱਕ ਜਿੰਨੀਆ ਵੀ ਵਿਧਾਨ ਵਿਚ ਸੋਧਾ ਕਰਕੇ ਨਵੇ ਕਾਨੂੰਨ ਬਣਾਏ ਜਾ ਰਹੇ ਹਨ, ਉਨ੍ਹਾਂ ਵਿਚ ਇਥੋ ਦੇ ਨਿਵਾਸੀਆ ਦੀ ਬਿਹਤਰੀ ਘੱਟ ਉਨ੍ਹਾਂ ਉਤੇ ਸਿਆਸੀ ਤੇ ਮਾਲੀ ਦਬਾਅ ਪਾਉਣ ਦੀ ਜਿਆਦਾ ਗੱਲ ਨਜਰ ਆ ਰਹੀ ਹੈ । ਕਿਉਂਕਿ ਹਿੰਦੂਤਵ ਹੁਕਮਰਾਨ ਲੰਮੇ ਸਮੇ ਤੋ ਅਜਿਹੀਆ ਜਮਹੂਰੀਅਤ ਤੇ ਵਿਧਾਨ ਵਿਰੋਧੀ ਅਮਲ ਕਰਦੇ ਆ ਰਹੇ ਹਨ ਜਿਸ ਨਾਲ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਮਿਲੇ ਵਿਧਾਨਿਕ, ਸਮਾਜਿਕ ਅਤੇ ਧਾਰਮਿਕ ਹੱਕਾਂ ਨੂੰ ਕੁੱਚਲਕੇ ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੇ ਦੁੱਖਦਾਇਕ ਅਮਲ ਹੋ ਰਹੇ ਹਨ । ਇਥੋ ਤੱਕ ਕਿ ਜੋ ਸੈਟਰ ਦੀ ਮੋਦੀ ਹਕੂਮਤ ਨੇ ਵਕਫ ਸੋਧ ਬਿਲ ਪਾਸ ਕੀਤਾ ਹੈ ਉਸ ਬੋਰਡ ਵਿਚ 2 ਗੈਰ ਮੁਸਲਿਮ ਮੈਬਰਾਂ ਨੂੰ ਰੱਖਣ ਤੋ ਹੁਕਮਰਾਨਾਂ ਦੀ ਮੰਦਭਾਵਨਾ ਪ੍ਰਤੱਖ ਨਜਰ ਆ ਰਹੀ ਹੈ । ਜੋ ਕਿ ਨਹੀ ਹੋਣਾ ਚਾਹੀਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਹਕੂਮਤ ਵੱਲੋ ਪਾਰਲੀਮੈਟ ਰਾਹੀ ਵਕਫ ਸੋਧ ਬਿਲ ਲਿਆਉਣ ਪਿੱਛੇ ਹੁਕਮਰਾਨਾਂ ਦੀ ਘੱਟ ਗਿਣਤੀ ਮੁਸਲਿਮ ਕੌਮ ਪ੍ਰਤੀ ਛਿਪੀ ਮੰਦਭਾਵਨਾ ਵੱਲ ਪ੍ਰਤੱਖ ਤੌਰ ਤੇ ਇਸਾਰਾ ਕਰਦੇ ਹੋਏ ਅਤੇ ਹੁਕਮਰਾਨਾਂ ਵੱਲੋ ਨਿਰੰਤਰ ਇੰਡੀਆ ਵਿਚ ਜਿਥੇ ਅਨੇਕਾ ਧਰਮ, ਕੌਮ, ਫਿਰਕੇ, ਕਬੀਲੇ ਇਕ ਗੁਲਦਸਤੇ ਦੇ ਰੂਪ ਵਿਚ ਵੱਸਦੇ ਹਨ, ਉਨ੍ਹਾਂ ਉਤੇ ਹਕੂਮਤੀ ਤਾਨਾਸਾਹੀ ਅਮਲ ਕਰਨ ਅਤੇ ਉਨ੍ਹਾਂ ਨੂੰ ਗੁਲਾਮ ਬਣਾਉਣ ਅਧੀਨ ਹਿੰਦੂ ਰਾਸਟਰ ਕਾਇਮ ਕਰਨ ਦੀਆਂ ਕਾਰਵਾਈਆ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੋ ਤੱਕ ਘੱਟ ਗਿਣਤੀ ਸਿੱਖ ਕੌਮ ਦੀ ਜੋ ਕਾਨੂੰਨ ਰਾਹੀ ਚੁਣੀ ਹੋਈ 1925 ਵਿਚ ਪਾਰਲੀਮੈਟ ਹੋਦ ਵਿਚ ਆਈ ਸੀ, ਉਸਦੀਆ ਬੀਤੇ 14 ਸਾਲਾਂ ਤੋ ਜਰਨਲ ਚੋਣਾਂ ਨਾ ਕਰਵਾਉਣ ਦੀ ਕਾਰਵਾਈ ਵੀ ਘੱਟ ਗਿਣਤੀ ਸਿੱਖ ਕੌਮ ਨਾਲ ਵੱਡੀ ਬੇਇਨਸਾਫੀ ਹੈ । ਜਦੋਕਿ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਮੇ ਲੇਮ ਡੱਕ ਪਾਰਲੀਮੈਟ ਤੌਰ ਤੇ ਵਿਚਰ ਰਹੀ ਹੈ । ਜਿਸ ਨੂੰ ਪ੍ਰਬੰਧ ਕਰਨ ਤੋ ਇਲਾਵਾ ਹੋਰ ਵੱਡੇ ਫੈਸਲੇ ਕਰਨ ਦਾ ਕੋਈ ਅਧਿਕਾਰ ਨਹੀ । ਪਰ ਇਸਦੇ ਬਾਵਜੂਦ ਵੀ ਹਕੂਮਤੀ ਸਰਪ੍ਰਸਤੀ ਹੇਠ ਮੌਜੂਦਾ ਸਿੱਖ ਕੌਮ ਵਿਚੋ ਆਪਣੀ ਸਾਖ ਗੁਆ ਚੁੱਕੇ ਧੜੇ ਨੂੰ ਗੈਰ ਕਾਨੂੰਨੀ ਅਤੇ ਸਿੱਖ ਵਿਰੋਧੀ ਸੋਚ ਅਨੁਸਾਰ ਕੀਤੇ ਜਾਣ ਵਾਲੇ ਵੱਡੇ ਫੈਸਲਿਆ ਨੂੰ ਰੋਕਣ ਦੀ ਬਜਾਇ ਹੁਕਮਰਾਨ ਉਤਸਾਹਿਤ ਕਰਦੇ ਨਜਰ ਆ ਰਹੇ ਹਨ । ਇਸੇ ਸੋਚ ਅਧੀਨ ਹੁਕਮਰਾਨ ਸਿੱਖ ਕੌਮ ਵਿਚ ਵੰਡੀ ਪਾ ਕੇ ‘ਪਾੜੋ ਅਤੇ ਰਾਜ ਕਰੋ’ ਦੀ ਸੋਚ ਤੇ ਵੀ ਅਮਲ ਕਰ ਰਹੇ ਹਨ । ਜੋ ਸਿੱਖ ਕੌਮ ਸਮੁੱਚੇ ਸੰਸਾਰ ਵਿਚ ਬਿਨ੍ਹਾਂ ਕਿਸੇ ਜਾਤ-ਪਾਤ, ਊਚ ਨੀਚ ਆਦਿ ਭੇਦ ਤੋ ਮਨੁੱਖਤਾ ਦੀ ਬਿਹਤਰੀ ਲਈ ਆਪਣੇ ਜਨਮ ਤੋ ਹੀ ਯਤਨਸੀਲ ਹੈ, ਉਨ੍ਹਾਂ ਵਿਚ ਭਰਾਮਾਰੂ ਜੰਗ ਕਰਵਾਉਣ ਦੀਆਂ ਕਾਰਵਾਈਆ ਕਰਕੇ ਇਹ ਬੀਜੇਪੀ-ਆਰ.ਐਸ.ਐਸ ਨਾਲ ਸੰਬੰਧਤ ਹੁਕਮਰਾਨ ਆਪਣੇ ਸਿਆਸੀ ਮਨੋਰਥਾਂ ਨੂੰ ਪੂਰਨ ਕਰਨ ਦੀ ਤਾਕ ਵਿਚ ਹਨ ਜੋ ਗੈਰ ਵਿਧਾਨਿਕ ਤੇ ਗੈਰ ਇਨਸਾਨੀਅਤ ਅਮਲ ਹਨ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਕੌਮਾਂਤਰੀ ਸੰਗਠਨ ਅਮਨੈਸਟੀ ਇੰਟਰਨੈਸਨਲ, ਯੂਐਸ ਕਮਿਸਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਅਤੇ ਯੂਐਨ ਘੱਟ ਗਿਣਤੀ ਕਮਿਸਨ ਨੂੰ ਚਾਹੀਦਾ ਹੈ ਕਿ ਉਹ ਘੱਟ ਗਿਣਤੀ ਕੌਮਾਂ ਸੰਬੰਧੀ ਹਿੰਦੂਤਵ ਹੁਕਮਰਾਨਾਂ ਵੱਲੋ ਅਪਣਾਈਆ ਜਾ ਰਹੀਆ ਗੈਰ ਵਿਧਾਨਿਕ ਨੀਤੀਆ ਤੇ ਅਮਲਾਂ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਜੋ ਹੁਕਮਰਾਨ ਘੱਟ ਗਿਣਤੀਆ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ ਅਤੇ ਇਥੇ ਹਿੰਦੂ ਰਾਸਟਰ ਕਾਇਮ ਕਰਨਾ ਚਾਹੁੰਦੇ ਹਨ ਉਸ ਵਿਰੁੱਧ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਅਤੇ ਬਰਾਬਰਤਾ ਦੀ ਸੋਚ ਦੇ ਆਧਾਰ ਤੇ ਤੁਰੰਤ ਹਿੰਦੂਤਵ ਹੁਕਮਰਾਨਾਂ ਵਿਰੁੱਧ ਸਖਤ ਨੋਟਿਸ ਲੈਣ ।