ਫ਼ਰੀਦਕੋਟ ਵਿਖੇ ਰਾਜਸਥਾਂਨ ਨੂੰ ਜਾ ਰਹੀ ਨਹਿਰ ਨੂੰ ਕੰਕਰੀਟ ਅਤੇ ਪਾਲੀਥੀਨ ਨਾਲ ਪੱਕਾ ਕਰਨ ਦੇ ਅਮਲ ਸੰਬੰਧਤ ਇਲਾਕੇ ਦੇ ਜਿ਼ੰਮੀਦਾਰਾਂ ਦੀ ਮਾਲੀ ਹਾਲਤ ਨੂੰ ਠੇਸ ਪਹੁੰਚਾਉਣ ਵਾਲੀ : ਮਾਨ

ਚੰਡੀਗੜ੍ਹ, 28 ਅਕਤੂਬਰ ( ) “ਪੰਜਾਬ ਅਤੇ ਰਾਜਸਥਾਂਨ ਦੀ ਸਰਕਾਰ ਵੱਲੋ ਸਾਂਝੀ ਯੋਜਨਾ ਅਧੀਨ ਜੋ ਇੰਦਰਾ ਗਾਂਧੀ ਸਰਹਿੰਦ ਫੀਡਰ ਨਹਿਰ ਦੀਆਂ ਦੋਨੇ ਪਾਸੇ ਦੀਆਂ ਕੰਧਾਂ ਨੂੰ ਕੰਕਰੀਟ ਅਤੇ ਪਾਲੀਥੀਨ ਨਾਲ ਪੱਕਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ, ਉਹ ਅਸਲੀਅਤ ਵਿਚ ਇਸ ਨਹਿਰ ਦੇ ਇਲਾਕੇ ਅਧੀਨ ਆਉਦੀਆ ਜਿ਼ੰਮੀਦਾਰਾਂ ਦੀਆਂ ਜ਼ਮੀਨਾਂ ਦੀ ਸਿੰਚਾਈ ਨੂੰ ਰੋਕਣ ਲਈ ਮੰਦਭਾਵਨਾ ਅਧੀਨ ਕੀਤਾ ਜਾ ਰਿਹਾ ਹੈ ਜੋ ਕਿ ਪਹਿਲੋ ਹੀ ਅਤਿ ਮੰਦੀ ਹਾਲਤ ਵਿਚ ਗੁਜਰ ਰਹੇ ਕਿਸਾਨ-ਮਜਦੂਰ ਦੀ ਮਾਲੀ ਦਸਾ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੇ ਦੁੱਖਦਾਇਕ ਅਮਲ ਹਨ । ਇਹੀ ਵਜਹ ਹੈ ਕਿ ਫ਼ਰੀਦਕੋਟ ਦੇ ਕਿਸਾਨਾਂ ਨੂੰ ਬੀਤੇ ਦਿਨੀਂ ਵੱਡੇ ਜੋਸ਼ ਨਾਲ ਸਰਕਾਰ ਦੇ ਇਨ੍ਹਾਂ ਅਮਲਾਂ ਵਿਰੁੱਧ ਰੋਸ਼ ਮਾਰਚ ਅਤੇ ਵਿਖਾਵੇ ਕਰਨੇ ਪੈ ਰਹੇ ਹਨ । ਅਜਿਹੇ ਅਮਲ ਪੰਜਾਬੀਆਂ, ਜਿ਼ੰਮੀਦਾਰਾਂ, ਸਿੱਖਾਂ ਦੀ ਪ੍ਰਫੁੱਲਤਾ ਨੂੰ ਹੁਕਮਰਾਨਾਂ ਵੱਲੋ ਨੁਕਸਾਨ ਪਹੁੰਚਾਉਣ ਵਾਲੇ ਮੰਦਭਾਗੇ ਅਮਲ ਹਨ । ਜਿਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਪੰਜਾਬ, ਰਾਜਸਥਾਂਨ ਅਤੇ ਸੈਟਰ ਦੀਆਂ ਸਰਕਾਰਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਜਿੰਮੀਦਾਰਾਂ ਮਾਰੂ ਅਜਿਹੀਆ ਕਾਰਵਾਈਆ ਨੂੰ ਪੰਜਾਬੀ ਅਤੇ ਸਿੱਖ ਕੌਮ ਬਿਲਕੁਲ ਸਹਿਣ ਨਹੀ ਕਰਨਗੇ ਅਤੇ ਨਾ ਹੀ ਆਪਣੀ ਆਰਥਿਕਤਾ ਨੂੰ ਸਾਜਿਸਾਂ ਰਾਹੀ ਸੱਟ ਮਾਰਨ ਦੀ ਕਿਸੇ ਨੂੰ ਇਜਾਜਤ ਦੇਵਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫ਼ਰੀਦਕੋਟ ਦੇ ਜਿ਼ੰਮੀਦਾਰਾਂ, ਮਜਦੂਰਾਂ ਅਤੇ ਹੋਰ ਸੰਬੰਧਤ ਪਰਿਵਾਰਾਂ ਵੱਲੋ ਇਕੱਤਰ ਹੋ ਕੇ ਪੰਜਾਬ ਤੋ ਰਾਜਸਥਾਂਨ ਨੂੰ ਜਾਣ ਵਾਲੀ ਇੰਦਰਾ ਗਾਂਧੀ ਸਰਹਿੰਦ ਫੀਡਰ ਨਹਿਰ ਨੂੰ ਕੰਕਰੀਟ ਅਤੇ ਪਾਲੀਥੀਨ ਨਾਲ ਪੱਕੇ ਕਰਨ ਦੀ ਪੰਜਾਬ ਵਿਰੋਧੀ ਕਾਰਵਾਈ ਨੂੰ ਅਸਹਿ ਕਰਾਰ ਦਿੰਦੇ ਹੋਏ ਸਖਤ ਸ਼ਬਦਾਂ ਵਿਚ ਜਿਥੇ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ, ਉਥੇ ਸੁਸਾਇਟੀ ਫਾਰ ਇਨਵਾਇਰਮੈਟ ਇਕੋਲਜੀਕਲ ਰਿਸੋਰਸਿਜ ਦੀ ਇਸ ਕਾਰਵਾਈ ਨੂੰ ਖਤਰਨਾਕ ਕਰਾਰ ਦਿੱਤਾ ਅਤੇ ਜਿ਼ੰਮੀਦਾਰਾਂ ਨੂੰ ਹਰ ਪੱਖੋ ਇਸ ਸੰਘਰਸ਼ ਵਿਚ ਪਾਰਟੀ ਵੱਲੋ ਸਹਿਯੋਗ ਕਰਨ ਦੀ ਗੱਲ ਵੀ ਕੀਤੀ । ਉਨ੍ਹਾਂ ਕਿਹਾ ਕਿਉਂਕਿ ਪੰਜਾਬ ਸੂਬਾ ਖੇਤੀ ਪ੍ਰਧਾਨ ਸੂਬਾ ਹੈ । ਪੰਜਾਬ ਦੀ ਸਮੁੱਚੀ ਆਰਥਿਕਤਾ ਖੇਤੀ, ਕਿਸਾਨ ਅਤੇ ਖੇਤ-ਮਜਦੂਰ ਉਤੇ ਨਿਰਭਰ ਹੈ । ਲੇਕਿਨ ਸਰਕਾਰਾਂ ਪੰਜਾਬੀਆਂ ਨੂੰ ਅਤੇ ਸਿੱਖ ਕੌਮ ਨੂੰ ਘਸਿਆਰਾ ਬਣਾਉਣ ਹਿੱਤ ਅਜਿਹੀਆ ਮਾਰੂ ਯੋਜਨਾਵਾ ਤੇ ਅਮਲ ਕਰਦੀਆ ਆ ਰਹੀਆ ਹਨ । ਜਿਸ ਨਾਲ ਪਹਿਲੋ ਹੀ ਘਾਟੇ ਵਿਚ ਜਾ ਚੁੱਕਾ ਖੇਤੀ ਧੰਦਾ ਹੋਰ ਵੀ ਨਿਘਾਰ ਵੱਲ ਚਲਾ ਜਾਵੇ । ਪੰਜਾਬੀ ਅਤੇ ਸਿੱਖ ਕੌਮ ਮਾਲੀ ਤੌਰ ਤੇ ਮਜਬੂਤ ਨਾ ਹੋ ਸਕਣ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀਆ ਪੰਜਾਬ, ਪੰਜਾਬੀਆ ਅਤੇ ਸਿੱਖ ਕੌਮ ਵਿਰੋਧੀ ਅਮਲਾਂ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀ ਹੋਣ ਦੇਵੇਗਾ । ਇਨ੍ਹਾਂ ਨੇ ਇਸੇ ਸੋਚ ਅਧੀਨ ਇਸ ਫੀਡਰ ਨਹਿਰ ਦੇ ਦੋਵੇ ਪਾਸੇ ਲੰਮੇ ਸਮੇ ਤੋ ਖੜ੍ਹੇ ਵੱਡੇ-ਵੱਡੇ ਦਰੱਖਤਾਂ ਨੂੰ ਵੀ ਕੱਟ ਦਿੱਤਾ ਹੈ ਜਿਸ ਨਾਲ ਆਕਸੀਜਨ ਦੀ ਘਾਟ ਇਸ ਇਲਾਕੇ ਵਿਚ ਹੋ ਗਈ ਹੈ ਅਤੇ ਖੇਤੀ ਨਾਲ ਸੰਬੰਧਤ ਮਿੱਤਰ ਪੰਛੀ ਜੋ ਇਨ੍ਹਾਂ ਦਰੱਖਤਾਂ ਉਤੇ ਆਪਣੇ ਆਲ੍ਹਣੇ ਬਣਾਕੇ ਵਾਸਾ ਕਰਦੇ ਸਨ ਉਨ੍ਹਾਂ ਦਾ ਵੀ ਉਜਾੜਾ ਕਰਨ ਲਈ ਸਰਕਾਰ ਦੀ ਇਹ ਯੋਜਨਾ ਜਿ਼ੰਮੇਵਾਰ ਹੈ । ਕਿਉਂਕਿ ਇਹ ਪੰਛੀ ਕੀੜੇ ਮਕੌੜਿਆ ਨੂੰ ਆਪਣੀ ਖੁਰਾਕ ਬਣਾਕੇ ਫਸਲਾਂ ਦੇ ਹੋਣ ਵਾਲੇ ਨੁਕਸਾਨ ਤੋ ਵੀ ਜਿ਼ੰਮੀਦਾਰ ਲਈ ਸਹਿਯੋਗੀ ਸਾਬਤ ਹੁੰਦੇ ਹਨ । ਇਸ ਨਹਿਰ ਨੂੰ ਕੰਕਰੀਟ ਤੇ ਪਾਲੀਥੀਨ ਨਾਲ ਪੱਕਾ ਕਰਕੇ ਸਾਡੀਆ ਜਮੀਨਾਂ ਨੂੰ ਬੰਜਰ ਬਣਾਉਣ ਲਈ ਮੰਦਭਾਵਨਾ ਰੱਖਦੇ ਹਨ । ਸੈਟਰ ਰਾਜਸਥਾਂਨ ਅਤੇ ਮੌਜੂਦਾ ਪੰਜਾਬ ਦੀ ਭਗਵੰਤ ਮਾਨ ਦੀ ਆਰ.ਐਸ.ਐਸ. ਦੀ ਬੀ-ਟੀਮ ਨੂੰ ਅਸੀ ਜਨਤਕ ਤੌਰ ਤੇ ਖਬਰਦਾਰ ਕਰਦੇ ਹਾਂ ਕਿ ਪੰਜਾਬ, ਪੰਜਾਬੀਆ ਅਤੇ ਸਿੱਖ ਕੌਮ ਨੂੰ ਘਸਿਆਰੇ ਬਣਾਉਣ ਅਤੇ ਉਨ੍ਹਾਂ ਨੂੰ ਵਿਧਾਨਿਕ ਤੌਰ ਤੇ ਗੁਲਾਮ ਬਣਾਉਣ ਦੇ ਅਮਲਾਂ ਨੂੰ ਅਸੀ ਕਦਾਚਿਤ ਨਾ ਤਾਂ ਕਾਮਯਾਬ ਹੋ ਦੇਵਾਂਗੇ ਅਤੇ ਨਾ ਹੀ ਪੰਜਾਬ ਦੇ ਜਿੰਮੀਦਾਰ, ਖੇਤ ਮਜਦੂਰ, ਆੜਤੀਆ, ਟਰਾਸਪੋਰਟਰਾਂ ਦੇ ਜੀਵਨ ਪੱਧਰ ਨੂੰ ਠੇਸ ਪਹੁੰਚਾਉਣ ਦੀ ਇਜਾਜਤ ਦਿੱਤੀ ਜਾਵੇਗੀ ।

Leave a Reply

Your email address will not be published. Required fields are marked *