ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਕੌਮੀ ਏਕਤਾ ਦੀ ਗੱਲ ਸਹੀ, ਪਰ ਉਹ ਅਜਿਹਾ ਉਦਮ ਕਰਦੇ ਸਮੇਂ ਪੰਥ ਵਿਚ ਬੈਠੀਆ ਪੰਥ ਵਿਰੋਧੀ ਸ਼ਕਤੀਆਂ ਨੂੰ ਪਹਿਚਾਨਣ : ਮਾਨ

ਫ਼ਤਹਿਗੜ੍ਹ ਸਾਹਿਬ, 28 ਅਕਤੂਬਰ ( ) “ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਏ ਪੰਜਾ ਸਾਹਿਬ ਸਾਕਾ ਦੇ ਸਮਾਗਮ ਸਮੇ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਪੰਥ ਵਿਰੋਧੀ ਸ਼ਕਤੀਆ ਵਿਰੁੱਧ ਸਮੁੱਚੇ ਖ਼ਾਲਸਾ ਪੰਥ ਨੂੰ ਇਕੱਠੇ ਹੋਣ ਦੀ ਦਲੀਲ ਦਿੰਦੇ ਹੋਏ ਇਸ ਮਿਸਨ ਦੀ ਪ੍ਰਾਪਤੀ ਕਰਨ ਦੀ ਗੱਲ ਕੀਤੀ ਹੈ, ਉਹ ਬਿਲਕੁਲ ਸਮੇ ਦੀ ਨਜਾਕਤ ਅਤੇ ਬਣੇ ਬਦਤਰ ਹਾਲਾਤਾਂ ਲਈ ਬਿਲਕੁਲ ਸਹੀ ਹੈ । ਪਰ ਉਹ ਅਜਿਹਾ ਸੰਦੇਸ਼ ਦਿੰਦੇ ਹੋਏ ਜੇਕਰ ਖ਼ਾਲਸਾ ਪੰਥ ਦੀ ਬੁੱਕਲ ਵਿਚ ਬੈਠੀਆ ਪੰਥ ਵਿਰੋਧੀ ਸ਼ਕਤੀਆ ਨੂੰ ਪਹਿਚਾਣਕੇ ਅਤੇ ਨਿਖੇੜਾ ਕਰਕੇ ਅੱਗੇ ਵੱਧ ਸਕਣ ਫਿਰ ਤਾਂ ਇਸ ਕੌਮੀ ਏਕਤਾ ਦੇ ਮਿਸਨ ਦੀ ਪੂਰਤੀ ਹੋ ਸਕੇਗੀ । ਜੇਕਰ ਉਨ੍ਹਾਂ ਦਾਗੀ ਤੇ ਲਿੱਬੜੇ ਹੋਏ ਇਖਲਾਕ, ਹੁਕਮਰਾਨਾ ਨਾਲ ਹਰ ਸਾਜਿਸ ਵਿਚ ਭਾਈਵਾਲ ਬਣਨ ਵਾਲੀਆ ਸ਼ਕਤੀਆ ਦੇ ਬੀਤੇ ਅਤੇ ਅਜੋਕੇ ਸਮੇ ਦੇ ਕਿਰਦਾਰ ਨੂੰ ਨਜ਼ਰ ਅੰਦਾਜ ਕਰਕੇ ਇਸ ਮਿਸਨ ਵੱਲ ਵੱਧਣਗੇ, ਫਿਰ ਸਾਇਦ ਉਹ ਆਪਣੇ ਇਸ ਵੱਡੇ ਕੌਮੀ ਮਕਸਦ ਵਿਚ ਕਾਮਯਾਬ ਨਾ ਹੋ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋ ਬੀਤੇ ਕੱਲ੍ਹ ਗੁਰਦੁਆਰਾ ਮੰਜੀ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਾਕਾ ਪੰਜਾ ਸਾਹਿਬ ਦੀ ਸਤਾਬਦੀ ਮਨਾਉਣ ਦੇ ਸਮਾਗਮ ਨੂੰ ਸੁਬੋਧਿਤ ਹੁੰਦੇ ਹੋਏ ਜੋ ਕੌਮੀ ਪੰਥਕ ਏਕਤਾ ਦੀ ਆਵਾਜ ਉਠਾਈ ਹੈ, ਉਸ ਸੰਬੰਧ ਵਿਚ ਆਪਣੇ ਕੌਮੀ ਵਲਵਲਿਆ ਨੂੰ ਬਾਦਲੀਲ ਢੰਗ ਨਾਲ ਉਠਾਉਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇ ਵਿਚ ਜੋ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਕੋਟਕਪੂਰਾ, ਬਰਗਾੜੀ ਆਦਿ ਵਿਖੇ ਸਾਜ਼ਸੀ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਕਰਵਾਈਆ ਗਈਆ, ਬਹਿਬਲ ਕਲਾਂ ਵਿਖੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਨੂੰ ਪੁਲਿਸ ਦੀਆਂ ਗੋਲੀਆ ਦਾ ਨਿਸ਼ਾਨਾਂ ਬਣਾਇਆ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗੁੱਝੇ ਮਕਸਦਾ ਹਿੱਤ ਲਾਪਤਾ ਕੀਤੇ ਗਏ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਨ ਵਾਲੇ ਹਿੰਦੂਤਵ ਸਾਜਿਸਾ ਦੀ ਪੂਰਤੀ ਕਰਦੇ ਆ ਰਹੇ ਡੇਰਾ ਸਿਰਸੇ ਦੇ ਬਲਾਤਕਾਰੀ ਤੇ ਕਾਤਲ ਸਾਧ ਨੂੰ ਸਿੱਖ ਕੌਮ ਦੀ ਮਹਾਨ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਗੈਰ ਇਖਲਾਕੀ ਢੰਗਾਂ ਰਾਹੀ ਪਹਿਲੇ ਮੁਆਫ਼ ਕਰਵਾਇਆ ਗਿਆ । ਫਿਰ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋ 92 ਲੱਖ ਦੀ ਵੱਡੀ ਕੌਮੀ ਰਾਸੀ ਬਲਾਤਕਾਰੀ ਤੇ ਕਾਤਲ ਸਾਧ ਨੂੰ ਦਿੱਤੀ ਜਾਣ ਵਾਲੀ ਮੁਆਫ਼ੀ ਨੂੰ ਜਾਇਜ ਠਹਿਰਾਉਣ ਲਈ ਇਸਤਿਹਾਰਬਾਜੀ ਕੀਤੀ ਗਈ । ਫਿਰ 01 ਮਈ 1994 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਂਨ ਉਤੇ ਉਸ ਸਮੇ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਪ੍ਰੋ. ਮਨਜੀਤ ਸਿੰਘ ਦੀ ਹਾਜਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ‘ਅੰਮ੍ਰਿਤਸਰ ਐਲਾਨਨਾਮੇ’ ਉਤੇ ਦਸਤਖਤ ਕਰਕੇ ਅਤੇ ਸਿੱਖ ਕੌਮ ਦੀ ਆਜਾਦ ਹਸਤੀ ਕਾਇਮ ਕਰਨ ਦਾ ਪ੍ਰਣ ਕਰਕੇ ਗੁਰੂ ਨੂੰ ਪਿੱਠ ਦੇ ਚੁੱਕੇ ਹਨ ਅਤੇ ਮੁਨਕਰ ਹੋ ਚੁੱਕੇ ਹਨ, ਫਿਰ ਜਿੰਨੇ ਵੀ ਨਸ਼ੀਲੀਆ ਦਵਾਈਆ, ਡਰੱਗਜ ਦਾ ਇੰਡੀਆ, ਪੰਜਾਬ ਤੇ ਕੌਮਾਂਤਰੀ ਪੱਧਰ ਤੇ ਧੰਦਾ ਕਰਦੇ ਹਨ, ਉਨ੍ਹਾਂ ਨੂੰ ਇਨ੍ਹਾਂ ਸ਼ਕਤੀਆ ਦੀ ਹੀ ਸਰਪ੍ਰਸਤੀ ਹਾਸਿਲ ਹੈ। ਬੀਤੇ ਸਮੇ ਵਿਚ ਇਹ ਬਾਦਲ ਪਰਿਵਾਰ ਬਾਹਰਲੇ ਮੁਲਕਾਂ ਤੋ ਕਬੱਡੀ ਦੀਆਂ ਗੇਮਾ ਦੇ ਬਹਾਨੇ ਇਨ੍ਹਾਂ ਵੱਡੇ-ਵੱਡੇ ਧਨਾਢਾਂ ਤੇ ਸਮੱਗਲਰਾਂ ਨੂੰ ਇਥੇ ਬੁਲਾਉਦੇ ਸਨ, ਪਰ ਅਸਲੀਅਤ ਵਿਚ ਇਸ ਕਬੱਡੀ ਖੇਡ ਦੇ ਨਾਮ ਹੇਠ ਡਰੱਗ ਦੀ ਸਮਗਲਿੰਗ ਦੇ ਧੰਦੇ ਨੂੰ ਕਿਵੇ ਪ੍ਰਫੁੱਲਿਤ ਕਰਨਾ ਹੈ, ਚੱਲਦਾ ਰੱਖਣਾ ਹੈ ਉਸਦੀਆਂ ਯੋਜਨਾਵਾਂ ਘੜਦੇ ਰਹੇ ਹਨ । ਇਨ੍ਹਾਂ ਧੰਦਿਆ ਦੀ ਬਦੌਲਤ ਹੀ ਅੱਜ ਪੰਜਾਬ ਦੀ ਨੌਜ਼ਵਾਨੀ ਨਸਿਆ ਵਿਚ ਗਲਤਾਨ ਹੋ ਚੁੱਕੀ ਹੈ । ਇਨ੍ਹਾਂ ਪੰਥ ਵਿਰੋਧੀ ਸ਼ਕਤੀਆ ਅਤੇ ਆਗੂਆ ਨੂੰ ਵਿਚ ਬਿਠਾਕੇ ਕੌਮੀ ਪੰਥਕ ਏਕਤਾ ਦੇ ਉਸਾਰੂ ਮਿਸਨ ਨੂੰ ਕਿਵੇ ਪੂਰਨ ਕੀਤਾ ਜਾ ਸਕਦਾ ਹੈ ?

ਇਸ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਸਖ਼ਸੀਅਤ ਵੱਲੋ ਇਹ ਜ਼ਰੂਰੀ ਹੈ ਕਿ ਪੰਥ ਵਿਰੋਧੀ ਸ਼ਕਤੀਆ ਵਿਰੁੱਧ ਸਮੁੱਚੀ ਕੌਮ ਤੇ ਸਮੁੱਚੀ ਲੀਡਰਸਿਪ ਨੂੰ ਇਕ ਪਲੇਟਫਾਰਮ ਤੇ ਇਕੱਤਰ ਕਰਨ ਦੇ ਅਮਲ ਤੋ ਪਹਿਲੇ ਉਹ ਖ਼ਾਲਸਾ ਪੰਥ ਵਿਚ ਬੈਠੀਆ ਉਪਰੋਕਤ ਉਨ੍ਹਾਂ ਪੰਥ ਵਿਰੋਧੀ ਸ਼ਕਤੀਆ ਦੀ ਪਹਿਚਾਣ ਤੇ ਨਿਖੇੜਾ ਕਰਨ ਜਿਨ੍ਹਾਂ ਨੇ ਸਿੱਖ ਕੌਮ ਨੂੰ ਬਲਿਊ ਸਟਾਰ ਵਰਗੇ ਫ਼ੌਜੀ ਹਮਲੇ, ਸਿੱਖ ਨੌਜ਼ਵਾਨੀ ਦੇ ਝੂਠੇ ਮੁਕਾਬਲਿਆ ਦੀਆਂ ਸਾਜਿਸਾਂ ਰਚਣ, ਖ਼ਾਲਸਾ ਪੰਥ ਦੀਆਂ ਗੁਰੂ ਸਾਹਿਬਾਨ ਵੱਲੋ ਬਣਾਈਆ ਗਈਆ ਮਹਾਨ ਰਵਾਇਤਾ ਤੇ ਨਿਯਮਾਂ ਦਾ ਘਾਣ ਕਰਨ, ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਨਰਕਧਾਰੀ ਵਰਗੇ ਪੰਥ ਵਿਰੋਧੀ ਨਕਲੀ ਬਾਬੇ ਨੂੰ ਆਪਣੀਆ ਗੱਡੀਆ ਵਿਚ ਸੁਰੱਖਿਅਤ ਦਿੱਲੀ ਪਹੁੰਚਾਉਣ ਅਤੇ ਸਮੁੱਚੀ ਐਸ.ਜੀ.ਪੀ.ਸੀ. ਦੇ ਵੱਡੇ ਸਤਿਕਾਰਯੋਗ ਸਨਮਾਨ ਨੂੰ ਢਾਅ ਲਗਾਉਦੇ ਆ ਰਹੇ ਹਨ ਅਤੇ ਇਸ ਮਹਾਨ ਸੰਸਥਾਂ ਦੇ ਸਮੁੱਚੇ ਸਾਧਨਾਂ, ਗੋਲਕਾਂ ਅਤੇ ਅਮਲੇ-ਫੈਲੇ ਦੀ ਨਿਰੰਤਰ ਦੁਰਵਰਤੋ ਕਰਦੇ ਆ ਰਹੇ ਹਨ । ਅਜਿਹਾ ਨਿਖੇੜਾ ਕਰਕੇ ਹੀ ਪੰਥ ਨੂੰ ਇਕ ਪਲੇਟਫਾਰਮ ਤੇ ਇਕੱਤਰ ਕੀਤਾ ਜਾ ਸਕੇਗਾ ਅਤੇ ਖ਼ਾਲਸਾ ਪੰਥ ਪੰਥ ਵਿਰੋਧੀ ਸ਼ਕਤੀਆ ਨੂੰ ਹਰ ਖੇਤਰ ਵਿਚ ਭਾਜ ਦੇਣ ਦੇ ਸਮਰੱਥ ਹੋ ਕੇ ‘ਸਰਬੱਤ ਦੇ ਭਲੇ’ ਦੀ ਵੱਡਮੁੱਲੀ ਸੋਚ ਰਾਹੀ ਪੰਜਾਬ, ਇੰਡੀਆ ਅਤੇ ਸਮੁੱਚੇ ਸੰਸਾਰ ਵਿਚ ਗੁਰੂ ਸਾਹਿਬਾਨ ਜੀ ਦੀ ਸੋਚ ਨੂੰ ਪਹੁਚਾਉਣ ਅਤੇ ਹਰ ਧਰਮ-ਕੌਮ, ਕਬੀਲੇ ਨੂੰ ਆਪਣੇ ਅੱਛੇ ਗੁਣਾਂ ਦੀ ਬਦੌਲਤ ਅਕਰਸਿਤ ਕਰਨ ਵਿਚ ਕਾਮਯਾਬ ਹੋ ਸਕੇਗਾ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ, ਖ਼ਾਲਸਾ ਪੰਥ ਦੇ ਵੱਡੇ ਕੌਮੀ ਹਿੱਤਾ ਅਤੇ ਸਮੁੱਚੀ ਪੰਥਕ ਏਕਤਾ ਦੇ ਮਿਸਨ ਨੂੰ ਮੁੱਖ ਰੱਖਕੇ ਪੰਥ ਦੋਖੀਆ ਅਤੇ ਪੰਥ ਹਿਤੈਸੀਆ ਦਾ ਨਿਖੇੜਾ ਕਰਕੇ ਫਿਰ ਆਪਣੇ ਮਿਸਨ ਵੱਲ ਅੱਗੇ ਵੱਧਣਗੇ ਅਤੇ ਕੌਮੀ ਕਾਮਯਾਬੀ ਦੀ ਮੰਜਿਲ ਨੂੰ ਪ੍ਰਾਪਤ ਕਰਨ ਵਿਚ ਸਹਿਯੋਗ ਕਰਨਗੇ ।

Leave a Reply

Your email address will not be published. Required fields are marked *