ਓ.ਆਈ.ਸੀ. ਵੱਲੋਂ ਜੰਮੂ-ਕਸ਼ਮੀਰ ਸੂਬੇ ਦੀ ਵਿਧਾਨਿਕ ਖੁਦਮੁਖਤਿਆਰੀ ਨੂੰ ਬਹਾਲ ਕਰਨ ਅਤੇ ਕਸ਼ਮੀਰੀਆਂ ਨੂੰ ਯੂ.ਐਨ. ਦੇ ਮਤੇ ਅਨੁਸਾਰ ਰਾਏਸੁਮਾਰੀ ਦੀ ਮੰਗ ਨੂੰ ਪੂਰਨ ਕੀਤਾ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 28 ਅਕਤੂਬਰ ( ) “ਜੋ ਸੰਸਾਰ ਦੇ ਮੁਸਲਿਮ ਮੁਲਕਾਂ ਨਾਲ ਸੰਬੰਧਤ ਓ.ਆਈ.ਸੀ. ਸੰਗਠਨ ਕੌਮਾਂਤਰੀ ਪੱਧਰ ਤੇ ਸਰਗਰਮ ਹੈ, ਉਸ ਸੰਸਥਾਂ ਵੱਲੋ ਜੋ ਜੰਮੂ-ਕਸ਼ਮੀਰ ਵਿਚ ਇੰਡੀਅਨ ਹੁਕਮਰਾਨਾਂ ਵੱਲੋ ਉਥੋ ਦੇ ਨਿਵਾਸੀਆ ਉਤੇ ਗੈਰ ਵਿਧਾਨਿਕ ਢੰਗ ਨਾਲ ਜ਼ਬਰ-ਜੁਲਮ ਢਾਹੇ ਜਾ ਰਹੇ ਹਨ, 05 ਅਗਸਤ 2019 ਨੂੰ ਜੋ ਕਸ਼ਮੀਰੀਆਂ ਦੀ ਵਿਧਾਨਿਕ ਖੁਦਮੁਖਤਿਆਰੀ ਨੂੰ ਮੋਦੀ ਹਕੂਮਤ ਨੇ ਜ਼ਬਰੀ ਰੱਦ ਕਰ ਦਿੱਤਾ ਹੈ ਅਤੇ ਯੂ.ਐਨ. ਦੀ ਸਕਿਊਰਟੀ ਕੌਂਸਲ ਵੱਲੋਂ 1948 ਵਿਚ ਕਸ਼ਮੀਰੀਆ ਦੀ ਰਾਏਸੁਮਾਰੀ ਕਰਵਾਉਣ ਦੇ ਪਾਸ ਕੀਤੇ ਗਏ ਮਤੇ ਨੂੰ ਲਾਗੂ ਕਰਨ ਦੀ ਗੱਲ ਕੌਮਾਂਤਰੀ ਪੱਧਰ ਤੇ ਜੋਰ-ਸੋਰ ਨਾਲ ਕੀਤੀ ਗਈ ਹੈ, ਇਹ ਕੌਮਾਂਤਰੀ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਅਤੇ ਕਸ਼ਮੀਰੀਆ ਦੀ ਪੂਰਨ ਰੂਪ ਵਿਚ ਖੁਦਮੁਖਤਿਆਰੀ ਨੂੰ ਬਹਾਲ ਕਰਨ ਦੀ ਆਵਾਜ ਉੱਠੀ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਓ.ਆਈ.ਸੀ. ਦੇ ਸੰਗਠਨ ਦੀ ਇਸ ਮੰਗ ਦਾ ਪੂਰਨ ਸਮਰੱਥਨ ਕਰਦਾ ਹੋਇਆ ਜਿਥੇ ਉਥੇ ਰੱਦ ਕੀਤੀ ਗਈ ਧਾਰਾ 370 ਨੂੰ ਬਹਾਲ ਕਰਨ ਦੀ ਮੰਗ ਕਰਦਾ ਹੈ, ਉਥੇ ਯੂ.ਐਨ. ਦੇ 1948 ਦੇ ਕਸ਼ਮੀਰੀਆ ਦੀ ਰਾਏਸੁਮਾਰੀ ਦੇ ਪਾਸ ਹੋਏ ਮਤੇ ਅਨੁਸਾਰ ਤੁਰੰਤ ਰਾਏਸੁਮਾਰੀ ਕਰਵਾਉਣ ਦੀ ਮਨੁੱਖਤਾ ਪੱਖੀ ਮੰਗ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਓ.ਆਈ.ਸੀ. ਦੇ ਕੌਮਾਂਤਰੀ ਮੁਸਲਿਮ ਸੰਗਠਨ ਵੱਲੋ ਕਸ਼ਮੀਰੀਆ ਦੇ ਹੱਕ ਵਿਚ ਅਤੇ ਮਨੁੱਖੀ ਹੱਕਾਂ ਦੇ ਹੱਕ ਵਿਚ ਉਠਾਏ ਗਏ ਗੰਭੀਰ ਮੁੱਦਿਆ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਪੂਰਨ ਸਮਰੱਥਨ ਕਰਦੇ ਹੋਏ ਕਸ਼ਮੀਰੀਆ ਦੀ ਆਜਾਦੀ ਨੂੰ ਤੁਰੰਤ ਬਹਾਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਕੁਝ ਸਮਾਂ ਪਹਿਲੇ ਯੂ.ਐਨ. ਦੇ ਅਤੇ ਅਮਰੀਕਾ ਦੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਆਗੂਆ ਨੇ ਦਿੱਲੀ ਪਹੁੰਚਕੇ ਇਹ ਕਿਹਾ ਸੀ ਕਿ ਇੰਡੀਆ ਵਿਚ ਵੱਡੇ ਪੱਧਰ ਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ । ਜਿਸ ਵਿਚ ਇੰਡੀਆ ਦਾ ਨਾਮ ਇਸ ਗੈਰ-ਕਾਨੂੰਨੀ ਕੁਤਾਹੀ ਵਿਚ ਸੰਸਾਰ ਦੀਆਂ ਉਪਰਲੀਆ ਸਫਾ ਵਿਚ ਆ ਚੁੱਕਾ ਹੈ ਜੋ ਕਿ ਬਹੁਤ ਹੀ ਚਿੰਤਾ ਵਾਲਾ ਅਤੇ ਇੰਡੀਅਨ ਹੁਕਮਰਾਨਾਂ ਵੱਲੋ ਇਸ ਹੋ ਰਹੇ ਮਨੁੱਖੀ ਹੱਕਾਂ ਦੇ ਉਲੰਘਣ ਨੂੰ ਸੰਜ਼ੀਦਗੀ ਨਾਲ ਖ਼ਤਮ ਕਰਨ, ਕਸ਼ਮੀਰੀਆ, ਕਬੀਲਿਆ, ਆਦਿਵਾਸੀਆ ਤੇ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕ ਪ੍ਰਦਾਨ ਕਰਨ ਦੀ ਜਿ਼ੰਮੇਵਾਰੀ ਬਣਦੀ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ ਅਤੇ ਕਸ਼ਮੀਰੀਆ ਦੇ ਜਮਹੂਰੀ ਹੱਕਾਂ ਲਈ ਉਠਾਈ ਜਾ ਰਹੀ ਆਵਾਜ ਵਿਚ ਹਰ ਪੱਧਰ ਤੇ ਪਹਿਲੇ ਵੀ ਆਵਾਜ ਉਠਾਉਦਾ ਆ ਰਿਹਾ ਹੈ ਅਤੇ ਆਉਣ ਵਾਲੇ ਸਮੇ ਵਿਚ ਵੀ ਇਨ੍ਹਾਂ ਮਨੁੱਖੀ ਤੇ ਇਨਸਾਨੀ ਹੱਕਾਂ ਦੀ ਰਾਖੀ ਲਈ ਆਪਣੀਆ ਜਿ਼ੰਮੇਵਾਰੀਆ ਨੂੰ ਹਰ ਕੀਮਤ ਤੇ ਪੂਰਾ ਵੀ ਕਰਦਾ ਰਹੇਗਾ ਅਤੇ ਕਸ਼ਮੀਰੀਆ ਦੀ ਆਜਾਦੀ ਨੂੰ ਬਹਾਲ ਕਰਵਾਉਣ ਅਤੇ ਉਥੇ 1948 ਦੇ ਮਤੇ ਅਨੁਸਾਰ ਰਾਏਸੁਮਾਰੀ ਕਰਵਾਉਣ ਲਈ ਉਨ੍ਹਾਂ ਦੇ ਨਾਲ ਰਹੇਗਾ । ਸ. ਮਾਨ ਨੇ ਹਿੰਦੂਤਵ ਹੁਕਮਰਾਨਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਇੰਡੀਆ ਦੇ ਜਮਹੂਰੀ ਤੇ ਅਮਨਮਈ ਮਾਹੌਲ ਨੂੰ ਆਉਣ ਵਾਲੇ ਸਮੇ ਵਿਚ ਸੁਖਾਵਾ ਰੱਖਣ ਲਈ ਇਹ ਜ਼ਰੂਰੀ ਹੈ ਕਿ ਮੋਦੀ ਹਕੂਮਤ ਮੁਸਲਿਮ ਮੁਲਕਾਂ ਦੀ ਉਪਰੋਕਤ ਜਥੇਬੰਦੀ ਓ.ਆਈ.ਸੀ. ਦੀ ਉਠਾਈ ਆਵਾਜ ਦੀ ਸੰਜ਼ੀਦਗੀ ਨੂੰ ਸਮਝਦੇ ਹੋਏ ਫੌਰੀ 2019 ਵਿਚ ਕਸ਼ਮੀਰ ਵਿਚ ਰੱਦ ਕੀਤੀ ਗਈ ਧਾਰਾ 370 ਨੂੰ ਬਹਾਲ ਕਰਕੇ ਕਸ਼ਮੀਰੀਆ ਦੀ ਖੁਦਮੁਖਤਿਆਰੀ ਦਾ ਐਲਾਨ ਕਰਨ ਅਤੇ ਬੀਤੇ 74 ਸਾਲਾਂ ਤੋ ਜੋ ਯੂ.ਐਨ. ਦੇ ਕਸ਼ਮੀਰੀਆ ਦੀ ਰਾਏਸੁਮਾਰੀ ਦੇ ਪਾਸ ਹੋਏ ਮਤੇ ਨੂੰ ਟਾਲਮਟੋਲ ਕਰਦਾ ਆ ਰਿਹਾ ਹੈ, ਉਸਨੂੰ ਤੁਰੰਤ ਲਾਗੂ ਕਰਕੇ ਯੂ.ਐਨ ਦੇ ਕੌਮਾਂਤਰੀ ਨਿਯਮਾਂ ਅਤੇ ਸੋਚ ਦਾ ਮਾਣ-ਸਨਮਾਨ ਕਰਨ ਤਾਂ ਬਿਹਤਰ ਹੋਵੇਗਾ ਵਰਨਾ ਇਥੋ ਦੇ ਹਾਲਾਤਾਂ ਨੂੰ ਅਰਾਜਕਤਾ ਵੱਲ ਵਧਾਉਣ ਲਈ ਮੁਸਲਿਮ, ਸਿੱਖ ਜਾਂ ਹੋਰ ਘੱਟ ਗਿਣਤੀ ਕੌਮਾਂ ਜਿ਼ੰਮੇਵਾਰ ਨਹੀ ਹੋਣਗੀਆ ਬਲਕਿ ਹੁਕਮਰਾਨ ਜਿ਼ੰਮੇਵਾਰ ਹੋਣਗੇ। ਇਸ ਲਈ ਸਮੇ ਦੀ ਨਾਜੁਕਤਾ ਨੂੰ ਸਮਝਦੇ ਹੋਏ ਤੁਰੰਤ ਕਸ਼ਮੀਰੀਆ ਦੀ ਭਾਵਨਾਵਾ ਅਨੁਸਾਰ ਉਪਰੋਕਤ ਦੋਵੇ ਵਿਧਾਨਿਕ ਤੇ ਕਾਨੂੰਨੀ ਉਦਮਾਂ ਦੀ ਪੂਰਤੀ ਕੀਤੀ ਜਾਵੇ ।

Leave a Reply

Your email address will not be published. Required fields are marked *