ਸ. ਸਿਮਰਨਜੀਤ ਸਿੰਘ ਮਾਨ ਹਸਪਤਾਲ ਤੋਂ ਆਪਣੇ ਸੰਗਰੂਰ ਨਿਵਾਸ ਤੇ ਪਹੁੰਚ ਗਏ ਹਨ, ਚੈਨਲਾਂ ਜਾਂ ਪ੍ਰੈਸ ਦੀਆਂ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਤੇ ਵਿਸਵਾਸ ਨਾ ਕੀਤਾ ਜਾਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 30 ਜੂਨ ( ) “ਕਿਉਂਕਿ ਉਸ ਅਕਾਲ ਪੁਰਖ ਦੀ ਮਿਹਰ ਅਤੇ ਬਖਸਿ਼ਸ਼, ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਅਰਦਾਸਾਂ ਸਦਕਾ ਅਤੇ ਸੰਗਰੂਰ ਨਿਵਾਸੀਆ ਵੱਲੋ ਮਿਲੇ ਸੱਚ-ਹੱਕ ਦੇ ਫਤਵੇ ਦੀ ਬਦੌਲਤ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੈਟਰ ਦੀ ਮੁਤੱਸਵੀ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ. ਦੀ ਬੀ-ਟੀਮ ਦਿੱਲੀ ਦੀ ਕੇਜਰੀਵਾਲ ਹਕੂਮਤ ਅਤੇ ਸ੍ਰੀ ਕੇਜਰੀਵਾਲ ਦੀ ਜੀ ਹਜੂਰੀ ਕਰਨ ਵਾਲੀ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਦੀ ਹਕੂਮਤ ਅਤੇ ਖ਼ਾਲਸਾ ਪੰਥ ਨਾਲ ਲੰਮੇ ਸਮੇ ਤੋ ਧੋਖੇ-ਫਰੇਬ ਕਰਦੇ ਆ ਰਹੇ ਬਾਦਲ ਦਲੀਆ ਨੂੰ ਕਰਾਰੀ ਹਾਰ ਦੇ ਕੇ ਸੰਗਰੂਰ ਤੋ ਐਮ.ਪੀ. ਦੀ ਸੀਟ ਜਿੱਤਕੇ ਕੇਵਲ ਪੰਜਾਬ ਜਾਂ ਇੰਡੀਆ ਵਿਚ ਹੀ ਨਹੀ ਬਲਕਿ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਪੰਜਾਬੀਆ, ਸਿੱਖ ਕੌਮ ਅਤੇ ਦੂਸਰੀਆ ਕੌਮਾਂ ਵਿਚ ਇਕ ਵੱਡੇ ਸਤਿਕਾਰਿਤ ਰੂਪ ਵਿਚ ਸ. ਮਾਨ ਦੀ ਸਖਸ਼ੀਅਤ ਉਭਰਕੇ ਸਾਹਮਣੇ ਆਈ ਹੈ । ਭਾਵੇਕਿ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੇ ਕੌਮਾਂਤਰੀ ਪੱਧਰ ਤੇ ਸ. ਮਾਨ ਦੀ ਹੋਈ ਜਿੱਤ ਨੂੰ ਬਹੁਤ ਫਖਰ ਨਾਲ ਦੇਖਦੇ ਹੋਏ ਇਸਦੇ ਦੂਰਅੰਦੇਸ਼ੀ ਨਤੀਜੇ ਨਿਕਲਣ ਦੀ ਉਮੀਦ ਰੱਖੀ ਹੈ, ਪਰ ਸੱਚ-ਹੱਕ ਦੀ ਜਿੱਤ ਤੋ ਉਪਰੋਕਤ ਤਿੰਨੇ ਹਕੂਮਤਾਂ ਅਤੇ ਪੰਜਾਬ ਵਿਰੋਧੀ ਸੋਚ ਰੱਖਣ ਵਾਲੇ ਲੋਕਾਂ ਦੇ ਗਲੇ ਦੇ ਥੱਲ੍ਹੇ ਨਹੀ ਉੱਤਰ ਰਹੀ ਅਤੇ ਉਨ੍ਹਾਂ ਨੂੰ ਇਹ ਜਿੱਤ ਬਰਦਾਸਤ ਕਰਨੀ ਮੁਸਕਿਲ ਹੋਈ ਪਈ ਹੈ । ਇਹੀ ਵਜਹ ਹੈ ਕਿ ਬੀਤੇ ਦਿਨੀਂ ਰਾਤ ਨੂੰ 10 ਵਜੇ ਤੋ ਬਾਅਦ ਇਕ-ਦੋ ਚੈਨਲਾਂ ਅਤੇ ਮੀਡੀਏ ਵਿਚ ਇਕ ਸਾਜਿਸ ਤਹਿਤ ਇਹ ਖਬਰ ਨਸਰ ਕੀਤੀ ਗਈ ਕਿ ਸ. ਮਾਨ ਜੋ ਇਸ ਸਮੇਂ ਕੋਵਿਡ ਦੇ ਥੋੜੇ ਪ੍ਰਭਾਵ ਕਾਰਨ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹਨ, ਉਨ੍ਹਾਂ ਦੀ ਸਰੀਰਕ ਸਥਿਤੀ ਅਤਿ ਗੰਭੀਰ ਹੋ ਗਈ ਹੈ । ਅਜਿਹੀ ਅਫਵਾਹ ਸਾਡੇ ਕੌਮਾਂਤਰੀ ਪੱਧਰ ਤੇ ਪ੍ਰਫੁੱਲਿਤ ਹੋਏ ਪੰਜਾਬੀ ਅਤੇ ਸਿੱਖ ਕੌਮ ਦੇ ਹਾਲਾਤ ਅਤੇ ਸਾਡੇ ਅਗਲੇ ਮਿਸਨ ਦੀ ਪ੍ਰਾਪਤੀ ਲਈ ਇਰਾਦੇ ਮਜਬੂਤ ਹੋਏ ਹੌਸਲੇ ਨੂੰ ਸੱਟ ਮਾਰਨ ਲਈ ਕੀਤੀ ਗਈ ਹੈ । ਇਸ ਲਈ ਸਮੁੱਚੇ ਪੰਜਾਬ ਦੇ ਨਿਵਾਸੀ, ਸਿੱਖ ਕੌਮ ਅਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਪੰਜਾਬੀ ਤੇ ਸਿੱਖ ਅਤੇ ਦੂਸਰੀਆ ਕੌਮਾਂ ਵਿਚੋ ਸ. ਮਾਨ ਦੀ ਸਖਸੀਅਤ ਨੂੰ ਪਿਆਰ ਕਰਨ ਵਾਲੇ ਨਿਵਾਸੀ ਅਜਿਹੀ ਕਿਸੇ ਵੀ ਅਫਵਾਹ ਜਾਂ ਸਾਜਿਸ ਉਤੇ ਬਿਲਕੁਲ ਵਿਸਵਾਸ ਨਾ ਕਰਨ । ਸ. ਮਾਨ ਹਸਤਪਾਲ ਤੋ ਆਪਣਾ ਚੈਕਅੱਪ ਕਰਵਾਕੇ ਅਤੇ ਅੱਗੇ ਨਾਲੋ ਬਹੁਤ ਬਿਹਤਰ ਹੋ ਕੇ ਆਪਣੇ ਸੰਗਰੂਰ ਨਿਵਾਸ ਸਥਾਂਨ ਤੇ ਪਹੁੰਚ ਚੁੱਕੇ ਹਨ । ਡਾਕਟਰਾਂ ਦੀ ਸਲਾਹ ਅਨੁਸਾਰ ਕੁਝ ਦਿਨ ਆਰਾਮ ਕਰਨ ਤੋ ਬਾਅਦ ਅਗਲੇ ਸਿਆਸੀ ਤੇ ਸਮਾਜਿਕ ਪ੍ਰੋਗਰਾਮਾਂ ਵਿਚ ਸਮੂਲੀਅਤ ਕਰਨਗੇ । ਜਿਸਦੀ ਜਾਣਕਾਰੀ ਪ੍ਰੈਸ ਰਾਹੀ ਦੇ ਦਿੱਤੀ ਜਾਵੇਗੀ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋ ਕੌਮਾਂਤਰੀ ਪੱਧਰ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸੰਬੰਧਤ ਸਮੁੱਚੇ ਅਹੁਦੇਦਾਰਾਂ, ਵਰਕਰਾਂ, ਸਮਰੱਥਕਾਂ, ਪੰਜਾਬ ਨਿਵਾਸੀਆ ਅਤੇ ਸਿੱਖ ਕੌਮ ਨੂੰ ਇਕ ਪ੍ਰੈਸ ਬਿਆਨ ਵਿਚ ਦਿੰਦੇ ਹੋਏ ਕਿਹਾ ਕਿ ਆਪ ਜੀ ਦੀਆਂ ਸਭ ਦੀਆਂ ਅਰਦਾਸਾਂ ਸਦਕਾ ਅਤੇ ਬੀਤੇ 1 ਮਹੀਨੇ ਤੋ ਕੀਤੀ ਗਈ ਅਣਥੱਕ ਮਿਹਨਤ ਸਦਕਾ ਸ. ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਰ ਇਹ ਐਮ.ਪੀ. ਦਾ ਤਾਜ ਹੀ ਨਹੀ ਸੱਜਿਆ, ਬਲਕਿ ਕੌਮਾਂਤਰੀ ਪੱਧਰ ‘ਤੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਅਣਖ਼ ਅਤੇ ਗੈਰਤ ਦੀ ਵੱਡੀ ਫ਼ਤਹਿ ਹੋਈ ਹੈ । ਇਸਨੂੰ ਕਾਇਮ ਰੱਖਣ ਲਈ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਨਾਲ ਇਸੇ ਤਰ੍ਹਾਂ ਨਿਰੰਤਰ ਰਾਬਤਾ ਰੱਖਦੇ ਹੋਏ, ਅਫਵਾਹਾਂ ਅਤੇ ਸਾਜਿਸਾਂ ਤੋ ਸੁਚੇਤ ਰਹਿੰਦੇ ਹੋਏ ਵਿਚਰਿਆ ਜਾਵੇ ਅਤੇ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਹੁੰਦੇ ਆ ਰਹੇ ਵਿਤਕਰਿਆ, ਜ਼ਬਰ ਜੁਲਮ ਨੂੰ ਸ. ਮਾਨ ਆਪਣੀ ਦੂਰਅੰਦੇਸ਼ੀ ਤੇ ਆਪ ਜੈਸੀ ਸੰਗਤ ਵੱਲੋ ਮਿਲੀ ਸ਼ਕਤੀ ਰਾਹੀ ਅਵੱਸ ਹੱਲ ਕਰਨਗੇ ।