1975 ਵਿਚ ਹੋਏ ਹਾਕੀ ਦੇ ਵਰਲਡ ਕੱਪ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਸ. ਵਰਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 29 ਜੂਨ ( ) “ਪੰਜਾਬ ਦੇ ਕੌਮਾਂਤਰੀ ਪੱਧਰ ਦੇ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਹਾਕੀ ਦੇ ਖਿਡਾਰੀ ਸ. ਵਰਿੰਦਰ ਸਿੰਘ ਜੋ ਜਲੰਧਰ ਦੇ ਨਜ਼ਦੀਕ ਧੰਨੋਵਾਲੀ ਪਿੰਡ ਦੇ ਰਹਿਣ ਵਾਲੇ ਸਨ ਉਨ੍ਹਾਂ ਦੇ ਬੀਤੇ ਦਿਨੀਂ ਹੋਏ ਅਕਾਲ ਚਲਾਣੇ ਉਤੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਪੰਜਾਬ ਸੂਬੇ ਨੇ ਅਤੇ ਸਿੱਖ ਕੌਮ ਨੇ ਇੰਡੀਆਂ ਦੀਆਂ ਕੌਮਾਂਤਰੀ ਪੱਧਰ ਦੀਆਂ ਹੋਣ ਵਾਲੀਆ ਖੇਡਾਂ ਵਿਚ ਵੱਡੀਆ ਮੱਲਾ ਮਾਰਨ ਵਾਲੇ ਖਿਡਾਰੀ ਦਿੱਤੇ ਹਨ । ਜਿਨ੍ਹਾਂ ਵਿਚੋਂ ਸ. ਵਰਿੰਦਰ ਸਿੰਘ ਵੀ ਇਕ ਸਨ । ਜਿਨ੍ਹਾਂ ਨੇ ਸਕੂਲ, ਕਾਲਜ ਪੱਧਰ ਵਿਚ ਹਾਕੀ ਦੀ ਖੇਡ ਖੇਡਦੇ ਹੋਏ ਨਿਮਾਣਾ ਹੀ ਨਹੀ ਖੱਟਿਆ, ਬਲਕਿ ਆਪਣੀ ਇਸ ਖੇਡ ਨੂੰ ਲਗਨ ਨਾਲ ਖੇਡਦੇ ਹੋਏ 1975 ਵਿਚ ਵਰਲਡ ਕੱਪ ਸਮੇ ਗੋਲਡ ਮੈਡਲ ਹਾਸਿਲ ਕਰਕੇ ਪੰਜਾਬ ਅਤੇ ਇੰਡੀਆ ਦਾ ਨਾਮ ਸੰਸਾਰ ਵਿਚ ਰੋਸ਼ਨ ਕੀਤਾ । ਉਹ ਹਾਕੀ ਦੇ ਬਹੁਤ ਹੀ ਅੱਛੇ ਤਕਨੀਕੀ ਨੁਕਤਿਆ ਦੀ ਜਾਣਕਾਰੀ ਰੱਖਣ ਵਾਲੇ ਖਿਡਾਰੀ ਸਨ । ਅੱਜ ਸਾਨੂੰ ਉਨ੍ਹਾਂ ਦੇ ਚਲੇ ਜਾਣ ਤੇ ਇਕ ਵੱਡਾ ਘਾਟਾ ਪਿਆ ਹੈ । ਕਿਉਂਕਿ ਉਹ ਸਾਡੀ ਪਨੀਰੀ ਨੂੰ ਹਾਕੀ ਦੀ ਖੇਡ ਤੋ ਅਤੇ ਸਰੀਰਕ ਤੌਰ ਤੇ ਬੱਚਿਆਂ ਨੂੰ ਤੰਦਰੁਸਤ ਰੱਖਣ ਵਿਚ ਚੰਗੀ ਅਗਵਾਈ ਦਿੰਦੇ ਆ ਰਹੇ ਸਨ । ਇਸ ਹੋਏ ਅਕਾਲ ਚਲਾਣੇ ਉਤੇ ਸ. ਸਿਮਰਨਜੀਤ ਸਿੰਘ ਮਾਨ ਨੇ ਵਿਛੜੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕੀਤੀ, ਉਥੇ ਪਰਿਵਾਰ, ਮਿੱਤਰ, ਸੰਬੰਧੀਆ ਅਤੇ ਖੇਡ ਜਗਤ ਨਾਲ ਸੰਬੰਧਤ ਇੰਡੀਆ ਤੇ ਪੰਜਾਬ ਦੇ ਨਿਵਾਸੀਆ ਨੂੰ ਭਾਣਾ ਮੰਨਣ ਦੀ ਸ਼ਕਤੀ ਬਖਸਣ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਵੀ ਕੀਤੀ ।”
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਮੇਰਾ ਇਹ ਨਿਸ਼ਾਨਾਂ ਹੈ ਕਿ ਪੰਜਾਬ ਦੇ ਹਰ ਪਿੰਡ ਪੱਧਰ ਦੇ ਸਕੂਲ ਵਿਚ ਹਾਕੀ ਦੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਕੌਮਾਂਤਰੀ ਪੱਧਰ ਤੇ ਇਸ ਖੇਡ ਲਈ ਵੱਡੀਆ ਮੱਲਾ ਮਾਰਨ ਲਈ ਸੁਰੂ ਤੋ ਹੀ ਸਕੂਲੀ ਵਿਦਿਆ ਸਮੇ ਹਰ ਬੱਚੇ ਨੂੰ ਇਸ ਖੇਡ ਨਾਲ ਜੋੜਿਆ ਜਾਵੇ ਅਤੇ ਜੋ ਪ੍ਰਾਈਵੇਟ ਸਕੂਲ ਹਨ, ਉਨ੍ਹਾਂ ਵਿਚ ਵੀ ਹਾਕੀ ਦੀ ਖੇਡ ਨੂੰ ਜ਼ਰੂਰੀ ਕੀਤਾ ਜਾਵੇ । ਮੈਨੂੰ ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀਆ ਨੇ ਬਹੁਤ ਵੱਡਾ ਮਾਣ-ਤਾਣ ਬਖਸਦੇ ਹੋਏ ਜਿੱਤ ਦਿੱਤੀ ਹੈ, ਮੈਂ ਇਸ ਲੋਕ ਸਭਾ ਹਲਕੇ ਦੇ ਅਧੀਨ ਆਉਦੇ ਪਿੰਡਾਂ-ਸ਼ਹਿਰਾਂ ਨਾਲ ਸੰਬੰਧਤ ਸਕੂਲਾਂ ਵਿਚ ਇਸ ਖੇਡ ਨੂੰ ਹਰਮਨ ਪਿਆਰੀ ਬਣਾਉਣ ਅਤੇ ਲਾਗੂ ਕਰਨ ਲਈ ਬਤੌਰ ਐਮ.ਪੀ. ਆਪਣੀਆ ਜਿ਼ੰਮੇਵਾਰੀਆ ਪੂਰਨ ਕਰਕੇ ਖੁਸ਼ੀ ਮਹਿਸੂਸ ਕਰਾਂਗਾ । ਲੇਕਿਨ ਜਦੋ ਵੀ ਆਉਣ ਵਾਲੇ ਸਮੇ ਵਿਚ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੇ ਸਾਨੂੰ ਹੋਰ ਵੱਡੀ ਤਾਕਤ ਬਖਸੀ ਤਾਂ ਅਸੀ ਸਮੁੱਚੇ ਪੰਜਾਬ ਦੇ ਸਕੂਲਾਂ ਵਿਚ ਇਸ ਖੇਡ ਨੂੰ ਲਾਜਮੀ ਕਰਦੇ ਹੋਏ ਤੁਜਰਬੇਕਾਰ ਕੋਚਾਂ ਅਤੇ ਹਾਕੀ ਨਾਲ ਸੰਬੰਧਤ ਸਹੂਲਤਾਂ ਪ੍ਰਦਾਨ ਕਰਕੇ ਹਾਕੀ ਦੀ ਖੇਡ ਨੂੰ ਇਕ ਵਾਰੀ ਫਿਰ ਸਿਖਰਾ ਤੇ ਪਹੁੰਚਾਉਣ ਦੀ ਜਿ਼ੰਮੇਵਾਰੀ ਨਿਭਾਵਾਂਗੇ । ਹਾਕੀ ਪ੍ਰੇਮੀਆ ਨੂੰ ਵੀ ਉਨ੍ਹਾਂ ਨੇ ਅਪੀਲ ਕੀਤੀ ਕਿ ਜਿਥੇ ਕਿਤੇ ਵੀ ਉਹ ਵਿਚਰਦੇ ਹਨ ਉਹ ਆਪਣੇ ਤੁਜਰਬੇ ਭਰੇ ਖੇਡਾਂ ਦੇ ਦਾਅਪੇਚ ਉਚੇਚੇ ਤੌਰ ਤੇ ਹਾਕੀ ਦੀ ਖੇਡ ਨੂੰ ਪਿੰਡ-ਪਿੰਡ, ਗਲੀ-ਗਲੀ ਪਹੁੰਚਾਕੇ ਇਸ ਪੰਜਾਬੀਆਂ ਦੀ ਖੇਡ ਨੂੰ ਦੁਨੀਆਂ ਵਿਚ ਫਿਰ ਪ੍ਰਫੁੱਲਿਤ ਕਰਨ ਅਤੇ ਸ. ਵਰਿੰਦਰ ਸਿੰਘ ਦੀ ਤਰ੍ਹਾਂ ਪੰਜਾਬ ਸੂਬਾ ਕੌਮਾਂਤਰੀ ਖੇਡਾਂ ਵਿਚ ਗੋਲਡ ਮੈਡਲ ਤੇ ਹੋਰ ਸਤਿਕਾਰ ਪ੍ਰਾਪਤ ਕਰਦਾ ਰਹੇ ।