ਅਗਨੀਪਥ ਯੋਜਨਾ ਵਿਰੁੱਧ ਹੋ ਰਹੀ ਵੱਡੀ ਵਿਰੋਧਤਾ ਨੂੰ ਨਜ਼ਰ ਅੰਦਾਜ ਕਰਕੇ ਆਰਮੀ, ਨੇਵੀ ਅਤੇ ਏਅਰ ਫੋਰਸ ਦੇ ਜਰਨੈਲਾਂ ਤੋਂ ਇਸਨੂੰ ਲਾਗੂ ਕਰਵਾਉਣਾ ‘ਹਕੂਮਤੀ ਸਾਜਿ਼ਸ’ : ਮਾਨ

ਫ਼ਤਹਿਗੜ੍ਹ ਸਾਹਿਬ, 21 ਜੂਨ ( ) “ਜਦੋਂ ਵੀ ਮੁਲਕ ਦੇ ਹੁਕਮਰਾਨ ਕਿਸੇ ਕਾਨੂੰਨ, ਯੋਜਨਾ ਨੂੰ ਲਾਗੂ ਕਰਨਾ ਹੋਵੇ ਉਸ ਤੋ ਪਹਿਲੇ ਇਥੋ ਦੀਆਂ ਸਭ ਸਿਆਸੀ ਪਾਰਟੀਆ, ਤੁਜਰਬੇਕਾਰ ਆਈ.ਐਸ. ਅਫਸਰਸਾਹੀ, ਸਿਆਸਤਦਾਨਾਂ ਅਤੇ ਮੁਲਕ ਨਿਵਾਸੀਆ ਨੂੰ ਉਸਦੀ ਪ੍ਰਚਾਰ ਮਾਧਿਅਮ ਰਾਹੀ ਜਾਣਕਾਰੀ ਦੇ ਕੇ ਹੋਣ ਵਾਲੇ ਫਾਇਦਿਆ, ਨੁਕਸਾਨ ਦੀ ਜਾਣਕਾਰੀ ਇਕੱਤਰ ਕਰਨੀ ਜ਼ਰੂਰੀ ਹੁੰਦੀ ਹੈ ਤਾਂ ਕਿ ਅਜਿਹੀ ਯੋਜਨਾ ਜਾਂ ਕਾਨੂੰਨ ਵਿਚ ਕਿਸੇ ਤਰ੍ਹਾਂ ਦੀ ਖਾਮੀ ਨਾ ਰਹਿ ਜਾਵੇ । ਪਰ ਅਗਨੀਪਥ ਫ਼ੌਜ ਦੀ ਭਰਤੀ ਯੋਜਨਾ ਦਾ ਨਾ ਤਾਂ ਕਿਸੇ ਨੂੰ ਹੁਕਮਰਾਨਾਂ ਨੇ ਭਿਣਕ ਪੈਣ ਦਿੱਤੀ, ਨਾ ਹੀ ਇਸ ਵਿਸ਼ੇ ਉਤੇ ਕੋਈ ਬਹਿਸ ਸਲਾਹ-ਮਸਵਰਾ ਕੀਤਾ ਗਿਆ ਅਤੇ ਨਾ ਹੀ ਇਸਦੇ ਗੁੱਝੇ ਮਕਸਦਾਂ ਦੀ ਭਾਫ ਕੱਢੀ ਗਈ । ਕਿਉਂਕਿ ਅਜਿਹਾ ਕਰਨ ਨਾਲ ਤਾਂ ਹੁਕਮਰਾਨਾਂ ਦੀ ਇਸ ਯੋਜਨਾ ਨੂੰ ਲਾਗੂ ਕਰਨ ਦੀ ਮੰਦਭਾਵਨਾ ਸਾਹਮਣੇ ਆ ਜਾਣੀ ਸੀ ਤੇ ਇਸਨੂੰ ਪਾਸ ਕਰਨ ਅਤੇ ਲਾਗੂ ਕਰਨ ਵਿਚ ਵੱਡੀ ਰੁਕਾਵਟ ਖੜ੍ਹੀ ਹੋ ਜਾਣੀ ਸੀ । ਇਹੀ ਵਜਹ ਹੈ ਕਿ ਇਸਨੂੰ ਜਲਦੀ ਤੋ ਜਲਦੀ ਪਾਸ ਕਰਵਾਕੇ ਆਪਣੇ ਫ਼ੌਜੀ ਅਫਸਰਾਂ ਰਾਹੀ ਲਾਗੂ ਕਰਨ ਦੇ ਹੁਕਮ ਕਰ ਦਿੱਤੇ ਗਏ । ਜਦੋ ਸਮੁੱਚੇ ਮੁਲਕ ਵਿਚ ਸਭ ਵਰਗਾਂ ਵੱਲੋ ਇਸ ਅਗਨੀਪਥ ਯੋਜਨਾ ਦਾ ਵੱਡਾ ਵਿਰੋਧ ਹੋਣ ਦੇ ਨਾਲ-ਨਾਲ ਰੋਹ ਵਿਚ ਅੱਗਜਨੀ, ਤੋੜਫੋੜ ਹੋ ਰਿਹਾ ਹੈ, ਫਿਰ ਫ਼ੌਜੀ ਜਰਨੈਲਾਂ ਵੱਲੋ ਅਜਿਹਾ ਬਿਆਨ ਆ ਜਾਣਾ ਕਿ ਇਸਦਾ ਵਿਰੋਧ ਕਰਨ ਵਾਲੀ ਨੌਜ਼ਵਾਨੀ ਨੂੰ ਫ਼ੌਜ ਵਿਚ ਭਰਤੀ ਨਹੀ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸੰਬੰਧਤ ਥਾਣੇ ਦੇ ਐਸ.ਐਸ.ਪੀ. ਦਾ ਸਰਟੀਫਿਕੇਟ ਦੇਣਾ ਪਵੇਗਾ, ਤੋ ਸਾਫ ਪ੍ਰਤੱਖ ਹੋ ਜਾਂਦਾ ਹੈ ਕਿ ਹੁਕਮਰਾਨ ਇਸ ਯੋਜਨਾ ਨੂੰ ਅਤਿ ਖ਼ਤਰਨਾਕ ਮੰਦਭਾਵਨਾ ਦੀ ਪੂਰਤੀ ਲਈ ਤਾਨਾਸਾਹੀ ਸੋਚ ਨਾਲ ਲਾਗੂ ਕਰਨ ਲਈ ਬਾਜਿੱਦ ਹਨ । ਜੋ ਕਿ ਆਪੋ-ਆਪ ਵਿਚ ਵੱਡੀ ਸੰਕਾ ਖੜ੍ਹੀ ਕਰਦੀ ਹੈ । ਇਹ ਯੋਜਨਾ ਵਿਚ ਕੁਝ ਕਾਲਾ ਹੀ ਨਹੀ ਬਲਕਿ ਇਹ ਯੋਜਨਾ ਕਾਲਖ ਅਤੇ ਮੰਦਭਾਵਨਾ ਨਾਲ ਭਰਪੂਰ ਹੈ ਜਿਸ ਤੋ ਸਮੁੱਚੇ ਮੁਲਕ ਨਿਵਾਸੀਆ ਨੂੰ ਵਿਸ਼ੇਸ਼ ਤੌਰ ਤੇ ਘੱਟ ਗਿਣਤੀ ਕੌਮਾਂ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਇਸਨੂੰ ਰੱਦ ਕਰਵਾਉਣ ਲਈ ਕਿਸਾਨ ਅੰਦੋਲਨ ਦੀ ਤਰ੍ਹਾਂ ਸੜਕਾਂ ਤੇ ਵੀ ਉਤਰਨਾ ਪਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਗਨੀਪਥ ਫ਼ੌਜੀ ਭਰਤੀ ਯੋਜਨਾ ਦੇ ਹੁਕਮਰਾਨਾਂ ਦੇ ਮੰਦਭਾਵਨਾ ਭਰੇ ਮਨਸੂਬਿਆ ਦੀ ਵਿਰੋਧਤਾ ਅਤੇ ਇਥੋ ਦੇ ਨਿਵਾਸੀਆ ਨੂੰ ਸੁਚੇਤ ਕਰਦੇ ਹੋਏ ਅਤੇ ਇਸਨੂੰ ਰੱਦ ਕਰਵਾਉਣ ਲਈ ਵੱਡੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਲਾਗੂ ਹੋਣ ਨਾਲ ਕੇਵਲ ਲੰਮੇ ਸਮੇ ਤੋ ਸਰਹੱਦਾਂ ਉਤੇ ਰੱਖਿਆ ਕਰਨ ਵਾਲੇ, ਜੰਗਾਂ-ਯੁੱਧਾਂ ਵਿਚ ਮੋਹਰੀ ਹੋ ਕੇ ਫਖ਼ਰ ਵਾਲੀ ਭੂਮਿਕਾ ਨਿਭਾਉਣ ਵਾਲੀਆ ਰੈਜਮੈਟਾਂ ਜਿਵੇ ਗੋਰਖਾ ਰੈਜਮੈਟ, ਸਿੱਖ ਰੈਜਮੈਟ, ਕਮਾਓ ਤੇ ਗਡਵਾਲੀ ਰੈਜਮੈਟ ਜੋ ਬਹਾਦਰੀ ਅਤੇ ਕੁਰਬਾਨੀ ਵਾਲੀ ਲਾਇਨ ਵਿਚ ਮੋਹਰੀ ਆਉਦੀਆ ਹਨ ਉਨ੍ਹਾਂ ਰੈਜਮੈਟਾਂ ਦੇ ਹੌਸਲਿਆ ਨੂੰ ਪਸਤ ਕਰਨ ਅਤੇ ਲੰਮੇ ਸਮੇ ਤੋ ਚੱਲਦੇ ਆ ਰਹੇ ਫ਼ੌਜੀ ਨਿਯਮਾਂ ਦਾ ਜਨਾਜ਼ਾਂ ਕੱਢਕੇ ਫੌਜ ਵਿਚ ਭੱਗਦੜ ਮਚਾਉਣ ਵਾਲੀ ਖਤਰਨਾਕ ਕਾਰਵਾਈ ਹੋਵੇਗੀ ਅਤੇ ਇਸ ਨਾਲ ਉਪਰੋਕਤ ਰੈਜਮੈਟਾਂ ਦਾ ਤਾਂ ਅਸਲੀ ਮਹਾਨ ਬਹਾਦਰੀ ਵਾਲਾ ਰੂਪ ਤਾਂ ਖਤਮ ਹੋ ਕੇ ਰਹਿ ਜਾਵੇਗਾ । ਕਿਉਂਕਿ ਇਸ ਯੋਜਨਾ ਰਾਹੀ ਹੁਕਮਰਾਨਾਂ ਵੱਲੋ ਇਕ ਹੋਰ ਖ਼ਤਰਨਾਕ ਸਾਜਿਸ ਉਤੇ ਕੰਮ ਕੀਤਾ ਜਾ ਰਿਹਾ ਹੈ ਕਿ ਫੌ਼ਜੀ ਭਰਤੀ ਦੇ ਬਹਾਨੇ ਆਰ.ਐਸ.ਐਸ. ਦੇ ਉਨ੍ਹਾਂ ਨਿੱਕਰਾਂ ਤੇ ਲਾਠੀਵਾਲੀਆ ਚੱਲ ਰਹੀਆ ਸੇਖਾਵਾਂ ਦੇ ਕੱਟੜਵਾਦੀ ਹਿੰਦੂਵਾਦੀ ਨੌਜ਼ਵਾਨੀ ਨੂੰ ਫ਼ੌਜੀ ਟ੍ਰੇਨਿੰਗ ਦੇਕੇ 4 ਸਾਲਾਂ ਬਾਅਦ ਇਸ ਨੌਜ਼ਵਾਨੀ ਨੂੰ ਫਿਰ ਸਿਵਲੀਅਨ ਵਿਚ ਭੇਜਣ ਦੀ ਮਨਸਾ ਪਿੱਛੇ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਦੀ ‘ਹਿੰਦੂਰਾਸਟਰ’ ਕਾਇਮ ਕਰਨ ਦੀ ਮੰਦਭਾਵਨਾ ਭਰੀ ਸੋਚ ਕੰਮ ਕਰਦੀ ਹੈ ਤਾਂ ਕਿ ਹਿੰਦੂਰਾਸਟਰ ਨੂੰ ਕਾਇਮ ਕਰਨ ਸਮੇ ਜਦੋ ਘੱਟ ਗਿਣਤੀ ਕੌਮਾਂ ਵੱਲੋ ਹਿੰਦੂਰਾਸਟਰ ਦਾ ਵੱਡੇ ਰੂਪ ਵਿਚ ਰੋਹ ਉੱਠੇਗਾ ਤਾਂ ਇਹ ਹੁਕਮਰਾਨ ਇਨ੍ਹਾਂ ਟਰੇਡ ਅਗਨੀਪਥ ਦੇ ਅਗਨੀਵੀਰਾਂ ਰਾਹੀ ਫਿਰ ਤੋ 1984 ਦੇ ਸਿੱਖ ਕਤਲੇਆਮ ਅਤੇ 2002 ਦੇ ਗੋਧਰਾ ਕਾਂਡ ਦੀ ਤਰ੍ਹਾਂ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਕੇ ਅਤੇ ਦਹਿਸਤ ਪਾ ਕੇ ਆਪਣੇ ਹਿੰਦੂਰਾਸਟਰ ਦੀ ਭਾਵਨਾ ਨੂੰ ਪੂਰਨ ਕਰ ਸਕਣ ।

ਇਸ ਲਈ ਇਸ ਮੁਲਕ ਦੇ ਅਮਨ ਪਸੰ਼ਦ ਅਤੇ ਜ਼ਮਹੂਰੀਅਤ ਪੱਖੀ ਨਿਵਾਸੀਆ ਅਤੇ ਸਖਸ਼ੀਅਤਾਂ ਨੂੰ ਇਸ ਅਗਨੀਪਥ ਦੀ ਮੰਦਭਾਵਨਾ ਭਰੀ ਯੋਜਨਾ ਨੂੰ ਕਿਸੇ ਵੀ ਰੂਪ ਵਿਚ ਨਾ ਤਾਂ ਪ੍ਰਵਾਨ ਕਰਨਾ ਚਾਹੀਦਾ ਹੈ ਅਤੇ ਨਾ ਹੀ ਇਸਨੂੰ ਲਾਗੂ ਹੋਣ ਦੇਣਾ ਚਾਹੀਦਾ ਹੈ । ਬਲਕਿ ਇਕੱਤਰ ਹੋ ਕੇ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਇਸਦਾ ਹਰ ਗਲੀ, ਪਿੰਡ, ਸਹਿਰ ਵਿਚ ਵਿਰੋਧ ਕਰਕੇ ਹੁਕਮਰਾਨਾਂ ਨੂੰ ਇਸਨੂੰ ਰੱਦ ਕਰਵਾਉਣ ਲਈ ਮਜਬੂਰ ਕਰ ਦੇਣਾ ਚਾਹੀਦਾ ਹੈ ਤਾਂ ਕਿ ਬੀਜੇਪੀ-ਆਰ.ਐਸ.ਐਸ. ਇਥੇ ਹਿੰਦੂਰਾਸਟਰ ਦੇ ਨਾਮ ਤੇ ਫਿਰ ਤੋ ਮਨੁੱਖਤਾ ਦਾ ਕਤਲੇਆਮ ਨਾ ਕਰਵਾ ਸਕੇ ਅਤੇ ਹੱਸਦੇ ਵੱਸਦੇ ਇਥੋ ਦੇ ਨਿਵਾਸੀਆ ਦੇ ਘਰਾਂ ਪਰਿਵਾਰਾਂ ਵਿਚ ਕਦੀ ਵੈਣ ਨਾ ਪੈ ਸਕਣ ।

Leave a Reply

Your email address will not be published. Required fields are marked *