ਸਿੱਧੂ ਮੂਸੇਵਾਲਾ ਕਤਲ ਦੀ ਗੱਲ, ਮਿੱਡੂਖੇੜਾ ਤੋਂ ਚੱਲਕੇ ਇਹ ਸੂਈ ਪੰਜਾਬ ਸਰਕਾਰ ਤੱਕ ਪਹੁੰਚਦੀ ਹੈ ਜਿਸਦਾ ਸੱਚ ਜਾਂਚ ਰਾਹੀ ਸਾਹਮਣੇ ਆਵੇ : ਮਾਨ
ਫ਼ਤਹਿਗੜ੍ਹ ਸਾਹਿਬ, 21 ਜੂਨ ( ) “ਜੋ ਪੰਜਾਬ ਦੇ ਹਰਮਨਪਿਆਰੇ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਦੇ ਸੰਬੰਧ ਵਿਚ ਦਿੱਲੀ ਪੁਲਿਸ ਨੇ ਅਗਾਊ ਤੌਰ ਤੇ ਪੰਜਾਬ ਸਰਕਾਰ ਨੂੰ ਇਸ ਸਾਜਿ਼ਸ ਤੋਂ ਜਾਣਕਾਰੀ ਦੇ ਦਿੱਤੀ ਸੀ । ਆਈ.ਬੀ. ਨੇ ਵੀ ਇਸ ਸੰਬੰਧੀ ਪੰਜਾਬ ਸਰਕਾਰ ਨੂੰ ਲਿਖਤੀ ਸੂਚਨਾ ਭੇਜ ਦਿੱਤੀ ਸੀ । ਫਿਰ ਵੀ ਪੰਜਾਬ ਸਰਕਾਰ, ਪੰਜਾਬ ਪੁਲਿਸ ਵੱਲੋ ਸਹੀ ਸਮੇ ਉਤੇ ਇਸ ਦੁਖਾਂਤ ਨੂੰ ਰੋਕਣ ਲਈ ਬਣਦੀ ਜਿ਼ੰਮੇਵਾਰੀ ਨਾ ਨਿਭਾਉਣਾ ਡੂੰਘੇ ਸਵਾਲ ਖੜ੍ਹੇ ਕਰਦੀ ਹੈ। ਇਥੇ ਹੀ ਬਸ ਨਹੀ ਬਲਕਿ ਸੂਚਨਾ ਪੰਜਾਬ ਸਰਕਾਰ ਦੇ ਟੇਬਲ ਉਤੇ ਲਿਖਤੀ ਰੂਪ ਵਿਚ ਪਹੁੰਚਣ ਤੇ ਵੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਕਤਲ ਹੋਣ ਤੋ ਇਕ ਦਿਨ ਪਹਿਲੇ ਘਟਾਉਣ ਦੇ ਨਾਲ-ਨਾਲ ਪੰਜਾਬ ਸਰਕਾਰ ਦੀ ਵੈਬਸਾਈਟ ਉਤੇ ਪਾਉਣ ਦੀ ਗੁਸਤਾਖੀ ਕਰਕੇ ਸਾਜਿਸਕਾਰਾਂ ਨੂੰ ਇਸ ਦੁਖਾਂਤ ਨੂੰ ਅਮਲੀ ਰੂਪ ਦੇਣ ਲਈ ਕੀ ਉਤਸਾਹਿਤ ਨਹੀ ਕੀਤਾ ਗਿਆ ? ਫਿਰ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਲਈ ਕਿਸਦੀ ਜਿ਼ੰਮੇਵਾਰੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਦੇ ਅਸਲ ਸੱਚ ਨੂੰ ਸਾਹਮਣੇ ਲਿਆਉਣ ਲਈ, ਇਸਦੀ ਜਾਂਚ ਮਿੱਡੂਖੇੜਾ ਕਤਲ ਤੋ ਚੱਲਕੇ ਪੰਜਾਬ ਸਰਕਾਰ ਤੱਕ ਪਹੁੰਚਣ ਦੀ ਗੱਲ ਕਰਦੇ ਹੋਏ ਅਤੇ ਇਸਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਆਵਾਜ ਉਠਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਦੁਖਾਂਤ ਦੀ ਕੜੀ ਮਿੱਡੂਖੇੜਾ ਕਤਲ ਤੋ ਸੁਰੂ ਹੋ ਕੇ ਪੰਜਾਬ ਸਕੱਤਰੇਤ, ਪੰਜਾਬ ਪੁਲਿਸ, ਪੰਜਾਬ ਸਰਕਾਰ ਤੱਕ ਪਹੁੰਚਦੀ ਹੈ । ਜਿਸਨੇ ਦਿੱਲੀ ਪੁਲਿਸ, ਸੈਟਰ ਦੀ ਖੂਫੀਆ ਏਜੰਸੀ ਆਈ.ਬੀ ਵੱਲੋ ਪ੍ਰਾਪਤ ਹੋਈ ਜਾਣਕਾਰੀ ਉਪਰੰਤ ਵੀ ਪੰਜਾਬ ਪੁਲਿਸ ਨੂੰ ਆਪਣੀ ਬਣਦੀ ਜਿ਼ੰਮੇਵਾਰੀ ਨਿਭਾਉਣ ਦੀ ਨਾ ਤਾਂ ਹਦਾਇਤ ਕੀਤੀ ਅਤੇ ਨਾ ਹੀ ਇਸ ਵਿਸ਼ੇ ਤੇ ਉਸਨੂੰ ਖੁੱਲ੍ਹਕੇ ਬਿਨ੍ਹਾਂ ਕਿਸੇ ਦਖਲ ਦੇ ਕੰਮ ਕਰਨ ਦੀ ਇਜਾਜਤ ਦਿੱਤੀ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਥੇ ਸਿੱਧੂ ਮੂਸੇਵਾਲਾ ਦੇ ਕਤਲ ਹੋਣ ਦੀ ਸਾਜਿਸ ਦੀ ਅਗਾਊ ਜਾਣਕਾਰੀ ਵੀ ਦਿੱਲੀ ਪੁਲਿਸ ਨੇ ਦਿੱਤੀ ਅਤੇ ਕਾਤਲਾਂ ਨੂੰ ਭਾਲਣ ਤੇ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਵੀ ਦਿੱਲੀ ਪੁਲਿਸ ਹੀ ਕਰ ਰਹੀ ਹੈ । ਜਦੋਕਿ ਇਹ ਕਤਲ ਤਾਂ ਪੰਜਾਬ ਦੀ ਧਰਤੀ ਤੇ ਹੋਇਆ ਹੈ ਅਤੇ ਇਸ ਦੇ ਕਾਤਲਾਂ ਅਤੇ ਸਾਜਿਸਕਾਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਜਿ਼ੰਮੇਵਾਰੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਹੋਣੀ ਚਾਹੀਦੀ ਹੈ । ਪੰਜਾਬ ਸਰਕਾਰ ਵੱਲੋ ਇਸ ਜਿ਼ੰਮੇਵਾਰੀ ਨੂੰ ਪੂਰਨ ਨਾ ਕਰਕੇ ਪੰਜਾਬ ਪੁਲਿਸ ਉਤੇ ਤਾਂ ਵੱਡਾ ਧੱਬਾ ਅਤੇ ਬਦਨਾਮੀ ਦਾ ਟਿੱਕਾ ਲਗਾਇਆ ਜਾ ਰਿਹਾ ਹੈ ਜਦੋਕਿ ਪੰਜਾਬ ਪੁਲਿਸ ਸਭ ਤੋ ਵਧੀਆ ਫੋਰਸ ਹੈ । ਜੋ ਅਜਿਹੀਆ ਪੇਚੀਦਾ ਜਿ਼ੰਮੇਵਾਰੀਆ ਦੀ ਤਹਿ ਤੱਕ ਜਾਣ ਅਤੇ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਨ ਦੀ ਵੱਡੀ ਮੁਹਾਰਤ ਰੱਖਦੀ ਹੈ। ਫਿਰ ਪੰਜਾਬ ਪੁਲਿਸ ਨੂੰ ‘ਖੁੱਲ੍ਹਾ ਹੱਥ’ ਕਿਉਂ ਨਹੀ ਦਿੱਤਾ ਗਿਆ ?
ਇਸ ਲਈ ਇਹ ਜਰੂਰੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਸੱਚ ਸਾਹਮਣੇ ਲਿਆਉਣ ਲਈ ਚੰਡੀਗੜ੍ਹ ਵਿਖੇ ਕੁਝ ਸਮਾਂ ਪਹਿਲੇ ਮਿੱਡੂਖੇੜਾ ਦੇ ਹੋਏ ਕਤਲ ਦੀ ਜਾਂਚ ਸੁਰੂ ਕੀਤੀ ਜਾਵੇ, ਜਿਸਦੀ ਪੈੜ ਪੰਜਾਬ ਸਰਕਾਰ ਤੱਕ ਜਾਂਦੀ ਹੈ । ਨਿਰਪੱਖਤਾ ਨਾਲ ਹੋਣ ਵਾਲੀ ਅਜਿਹੀ ਜਾਂਚ ਹੀ ਪੰਜਾਬ ਪੁਲਿਸ ਦੀ ਕਾਰਗੁਜਾਰੀ ਦੀ ਬਦਨਾਮੀ ਹੋਣ ਤੋ ਬਚਾਇਆ ਜਾ ਸਕੇਗਾ ।