12 ਸਾਲਾਂ ਤੋਂ ਰਾਜਭਾਗ ਕਰਦੀ ਆ ਰਹੀ ਮੋਦੀ ਹਕੂਮਤ ਨੂੰ ਬਹੁਗਿਣਤੀ ਲਈ ਸਭ ਕੁਝ ਕੀਤਾ, ਲੇਕਿਨ ਘੱਟ ਗਿਣਤੀ ਸਿੱਖ ਕੌਮ ਤੇ ਪੰਜਾਬੀਆਂ ਦੇ ਕਿਸੇ ਮਸਲੇ ਦਾ ਹੱਲ ਨਹੀ ਹੋਇਆ : ਮਾਨ
ਫ਼ਤਹਿਗੜ੍ਹ ਸਾਹਿਬ, 11 ਜੂਨ ( ) “ਮੋਦੀ ਹਕੂਮਤ ਨੂੰ ਸੈਂਟਰ ਵਿਚ ਕਾਇਮ ਹੋਏ 12 ਸਾਲਾਂ ਦਾ ਸਮਾਂ ਹੋ ਗਿਆ ਹੈ, ਇਸ ਦੌਰਾਨ ਸ੍ਰੀ ਮੋਦੀ ਨੇ ਬਹੁਗਿਣਤੀ ਹਿੰਦੂ ਕੌਮ ਪੱਖੀ ਤਾਂ ਸਭ ਅਮਲ ਤੇ ਕਾਰਵਾਈਆ ਕੀਤੀਆ ਹਨ । ਪਰ ਘੱਟ ਗਿਣਤੀ ਸਿੱਖ ਕੌਮ ਪੰਜਾਬ ਸੂਬੇ ਅਤੇ ਪੰਜਾਬੀਆਂ ਦੇ ਲੰਮੇ ਸਮੇ ਤੋ ਲਟਕਦੇ ਆ ਰਹੇ ਗੰਭੀਰ ਮਸਲਿਆ ਵਿਚੋ ਕਿਸੇ ਨੂੰ ਵੀ ਸੰਜੀਦਗੀ ਨਾਲ ਹੱਲ ਨਹੀ ਕੀਤਾ । ਜਿਸ ਤੋ ਮੋਦੀ ਹਕੂਮਤ ਦੀ ਸਿੱਖ ਕੌਮ ਅਤੇ ਪੰਜਾਬ ਵਿਰੋਧੀ ਸੋਚ ਤੇ ਅਮਲ ਪ੍ਰਤੱਖ ਹੋ ਜਾਂਦੇ ਹਨ । ਫਿਰ ਆਪਣੇ 12 ਸਾਲ ਦੇ ਰਾਜ ਭਾਗ ਦੀਆਂ ਪ੍ਰਾਪਤੀਆ ਬਾਰੇ ਉਹ ਕੀ ਦੱਸ ਸਕਦੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੀਤੇ 12 ਸਾਲਾਂ ਤੋ ਸੈਟਰ ਵਿਚ ਚੱਲਦੀ ਆ ਰਹੀ ਹਕੂਮਤ ਦਾ ਨਿਰਪੱਖਤਾ ਨਾਲ ਲੇਖਾ ਜੋਖਾ ਕਰਦੇ ਹੋਏ, ਘੱਟ ਗਿਣਤੀ ਸਿੱਖ ਅਤੇ ਮੁਸਲਿਮ ਕੌਮ ਦੇ ਮਸਲਿਆ ਨੂੰ ਹੱਲ ਨਾ ਕਰਕੇ ਆਪਣੇ ਹਿੰਦੂਤਵ ਸੋਚ ਨੂੰ ਉਜਾਗਰ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਜੇਪੀ ਤੇ ਆਰ.ਐਸ.ਐਸ ਨੇ 1992 ਵਿਚ ਉਸ ਸਮੇ ਦੀ ਨਰਸਿਮਾ ਰਾਓ ਕਾਂਗਰਸ ਸਰਕਾਰ ਨਾਲ ਘਿਓ-ਖਿਚੜੀ ਹੋ ਕੇ ਮੁਸਲਿਮ ਕੌਮ ਦੇ ਮੁੱਖ ਧਾਰਮਿਕ ਸਥਾਂਨ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਨ ਉਪਰੰਤ ਸ੍ਰੀ ਮੋਦੀ ਨੇ ਉਸ ਸਥਾਂਨ ਤੇ ਹਿੰਦੂਆ ਦੇ ਰਾਮ ਮੰਦਰ ਬਣਾ ਦਿੱਤਾ। ਇਸੇ ਤਰ੍ਹਾਂ ਸ੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2002 ਵਿਚ ਉਥੋ ਦੇ 2 ਹਜਾਰ ਮੁਸਲਮਾਨਾਂ ਦਾ ਕੇਵਲ ਕਤਲੇਆਮ ਹੀ ਨਹੀ ਕੀਤਾ ਬਲਕਿ ਮੁਸਲਿਮ ਬੀਬੀਆ ਦੀਆਂ ਨਗਨ ਵੀਡੀਓ ਬਣਾਕੇ ਇਥੋ ਦੇ ਸੱਭਿਆਚਾਰ, ਵਿਰਸੇ ਅਤੇ ਇਨਸਾਨੀ ਕਦਰਾਂ ਕੀਮਤਾਂ ਦਾ ਵੀ ਘਾਣ ਕੀਤਾ ਹੈ । ਫਿਰ ਸ੍ਰੀ ਮੋਦੀ ਨੇ 2013 ਵਿਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 60 ਹਜਾਰ ਉਥੋ ਦੇ ਪੱਕੇ ਬਸਿੰਦੇ ਜਿੰਮੀਦਾਰ ਪਰਿਵਾਰਾਂ ਨੂੰ ਜਬਰੀ ਬੇਜਮੀਨੇ ਤੇ ਬੇਘਰ ਕਰ ਦਿੱਤਾ, ਜਿਨ੍ਹਾਂ ਦਾ ਅੱਜ ਤੱਕ ਕੋਈ ਮੁੜ ਵਸੇਬਾ ਨਹੀ ਹੋਇਆ । ਸਮੇ-ਸਮੇ ਤੇ ਮੋਦੀ ਹਕੂਮਤ ਕਦੀ ਬਾਲਾਕੋਟ, ਕਦੀ ਸਰਜੀਕਲ ਸਟ੍ਰਾਈਕ, ਕਦੀ ਆਪ੍ਰੇਸਨ ਸਿੰਧੂਰ ਕਰਦੀ ਰਹੀ ਹੈ । ਪਰ ਬਾਲਾਕੋਟ ਹਮਲੇ ਸਮੇ ਜਿਸ ਸਥਾਂਨ ਨੂੰ ਨਿਸ਼ਾਨਾਂ ਬਣਾਉਣਾ ਸੀ ਉਹ ਤਾਂ ਨਹੀ ਬਣਾਇਆ ਗਿਆ ਪਰ ਇਹ ਹਮਲਾ ਕੇਵਲ ਵੋਟ ਸਿਆਸਤ ਨੂੰ ਮੁੱਖ ਰੱਖਕੇ ਕੀਤਾ ਗਿਆ ਸੀ । ਫਿਰ ਪਹਿਲਗਾਮ ਹਮਲੇ ਸਮੇ ਹੋਏ ਕਤਲ ਸੰਬੰਧੀ ਇੰਡੀਆ ਦੀਆਂ ਇੰਟੈਲੀਜੈਸ ਏਜੰਸੀਆ ਨੇ ਹੋਣ ਵਾਲੇ ਹਮਲਿਆ ਦੀ ਮੋਦੀ ਹਕੂਮਤ ਨੂੰ ਜਾਣਕਾਰੀ ਕਿਉਂ ਨਾ ਦਿੱਤੀ ? ਜਦੋ ਵੀ ਮੋਦੀ ਹਕੂਮਤ ਅਜਿਹੇ ਸਾਜਸੀ ਹਮਲੇ ਪਾਕਿਸਤਾਨ ਨਾਲ ਜੰਗ ਲਗਾਉਣ ਦੀ ਮੰਦਭਾਵਨਾ ਅਧੀਨ ਕਰਦੀ ਹੈ, ਤਾਂ ਉਸ ਨਾਲ ਸਰਹੱਦੀ ਇਲਾਕਿਆ ਵਿਚ ਵੱਸਦੇ ਪੰਜਾਬੀਆ, ਸਿੱਖਾਂ ਲਈ ਹਰ ਖੇਤਰ ਵਿਚ ਵੱਡੀ ਮੁਸਕਿਲ ਖੜ੍ਹੀ ਹੋ ਜਾਂਦੀ ਹੈ । ਕਿਉਂਕਿ ਉਨ੍ਹਾਂ ਨੂੰ ਅਜਿਹੇ ਸਮੇ ਤੇ ਸਰਕਾਰ ਵੱਲੋ ਰਹਿਣ-ਸਹਿਣ, ਉਨ੍ਹਾਂ ਦੇ ਡੰਗਰ-ਵੱਛਿਆ ਦੀ ਖੁਰਾਕ, ਉਨ੍ਹਾਂ ਦੇ ਬੱਚਿਆਂ ਦੀ ਪੜਾਈ, ਸਿਹਤ ਸਹੂਲਤਾਂ ਕੋਈ ਪ੍ਰਦਾਨ ਨਹੀ ਕੀਤੀਆ ਜਾਂਦੀਆ । ਬਲਕਿ ਉਨ੍ਹਾਂ ਨੂੰ ਮਾਲੀ, ਸਮਾਜਿਕ ਤੌਰ ਤੇ ਹੋਰ ਨਿਘਾਰ ਵੱਲ ਧਕੇਲ ਦਿੱਤਾ ਜਾਂਦਾ ਹੈ । ਕਿਉਂਕਿ ਅਜਿਹੇ ਸਮਿਆ ਤੇ ਪਾਕਿਸਤਾਨ ਤੇ ਇੰਡੀਆ ਦੀ ਆਪਸੀ ਦੁਸਮਣੀ ਦੀ ਬਦੌਲਤ ਜੰਗ ਦਾ ਅਖਾੜਾ ਪੰਜਾਬ ਦੀ ਧਰਤੀ ਬਣਦੀ ਹੈ । ਜਦੋਕਿ ਸਾਡਾ ਨਾ ਇਨ੍ਹਾਂ ਨਾਲ ਕੋਈ ਵੈਰ ਵਿਰੋਧੀ ਹੈ ਨਾ ਹੀ ਪਾਕਿਸਤਾਨ ਨਾਲ ।
ਉਨ੍ਹਾਂ ਕਿਹਾ ਸ੍ਰੀ ਮੋਦੀ ਨੇ ਆਪਣੇ 12 ਸਾਲਾਂ ਤੇ ਵਜੀਰ ਏ ਆਜਮ ਦੇ ਕਾਰਜਕਾਲ ਦੌਰਾਨ ਪੰਜਾਬ ਸੂਬੇ ਤੇ ਸਿੱਖਾਂ ਨੂੰ ਕੋਈ ਵੀ ਵੱਡੀ ਅਜਿਹੀ ਇੰਡਸਟਰੀ ਨਹੀ ਦਿੱਤੀ ਜਿਸ ਨਾਲ ਇਥੋ ਦੀ ਬੇਰੁਜਗਾਰੀ ਦਾ ਵੱਡਾ ਮੁੱਦਾ ਹੱਲ ਹੋ ਸਕੇ । ਇਥੋ ਤੱਕ ਕਿ ਸਾਡੀਆ ਸਰਹੱਦਾਂ ਨੂੰ ਕੌਮਾਂਤਰੀ ਵਪਾਰ ਲਈ ਖੋਲਣ ਤੋ ਤਾਨਾਸਾਹੀ ਸੋਚ ਅਧੀਨ ਇਨਕਾਰ ਕੀਤਾ ਜਾਂਦਾ ਆ ਰਿਹਾ ਹੈ । ਜੇਕਰ ਇਹ ਸਰਹੱਦਾਂ ਖੋਲ ਦਿੱਤੀਆ ਜਾਣ ਤਾਂ ਇਥੋ ਦੇ ਜਿੰਮੀਦਾਰ ਅਤੇ ਵਾਪਰੀਆ ਦੀਆਂ ਜਿਨਸਾ ਸਮੁੱਚੇ ਅਰਬ ਮੁਲਕਾਂ, ਰੂਸ ਤੋ ਟੁੱਟੇ ਹੋਏ ਇਲਾਕਿਆ ਤੱਕ ਪਹੁੰਚਣ ਵਿਚ ਮਦਦ ਮਿਲੇਗੀ । ਜਿਸ ਨਾਲ ਟਰਾਸਪੋਰਟਰ, ਮਜਦੂਰ, ਆੜਤੀ, ਵਪਾਰੀ, ਕਿਸਾਨ ਆਦਿ ਦੀ ਮਾਲੀ ਹਾਲਤ ਵੀ ਮਜਬੂਤ ਹੋਵੇਗੀ ਅਤੇ ਇਥੋ ਦੀ ਬੇਰੁਜਗਾਰੀ ਦੇ ਮਸਲੇ ਨੂੰ ਹੱਲ ਕਰਨ ਵਿਚ ਵੀ ਮਦਦ ਮਿਲ ਸਕਦੀ ਹੈ । ਇੰਡਸਟਰੀ ਪ੍ਰਫੁੱਲਿਤ ਹੋਣ ਨਾਲ ਟਰੱਕਾਂ ਦੀਆਂ ਬਾਡੀਆ ਵੱਡੀ ਗਿਣਤੀ ਵਿਚ ਬਣਨਗੀਆ ਜਿਸ ਨਾਲ ਵੱਡੀ ਗਿਣਤੀ ਵਿਚ ਲੋਕਾਂ ਨੂੰ ਰੁਜਗਾਰ ਮਿਲ ਸਕੇਗਾ । ਇਥੋ ਤੱਕ ਕਰਤਾਰਪੁਰ ਲਾਂਘੇ ਨੂੰ ਜਦੋ ਪਾਕਿਸਤਾਨ ਨੇ ਖੋਲ ਦਿੱਤਾ ਹੈ, ਫਿਰ ਇੰਡੀਆ ਵੱਲੋ ਇਸ ਨੂੰ ਕਿਉ ਬੰਦ ਕੀਤਾ ਗਿਆ ਹੈ ? ਪਰ ਸਾਡੀ ਕਿਸੇ ਵੀ ਲੋੜ ਨੂੰ ਹੁਕਮਰਾਨਾਂ ਵਲੋ ਪੂਰਾ ਨਾ ਕਰਕੇ ਬੇਰੁਜਗਾਰ ਨੌਜਵਾਨਾਂ ਵਿਚ ਚਿੱਟੇ ਦਾ ਧੰਦਾ ਵੱਧਦਾ ਜਾ ਰਿਹਾ ਹੈ । ਗੈਗਸਟਰ ਦੀਆਂ ਕਾਰਵਾਈਆ ਵੱਧ ਰਹੀਆ ਹਨ ਅਤੇ ਉਨ੍ਹਾਂ ਨੂੰ ਪੁਲਿਸ ਤੇ ਫੋਰਸਾਂ ਵੱਲੋ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰੇ ਜਾਣ ਦੇ ਅਮਲ ਵੀ ਵੱਧ ਰਹੇ ਹਨ ਜਿਸ ਨਾਲ ਸਾਡਾ ਹੋਰ ਵੀ ਜਾਨੀ, ਮਾਲੀ ਨੁਕਸਾਨ ਹੋ ਰਿਹਾ ਹੈ । ਇਸ ਮੋਦੀ ਹਕੂਮਤ ਨੇ ਲੰਮੇ ਸਮੇ ਤੋ ਆਪਣੀਆ ਸਜਾਵਾ ਪੂਰੀਆ ਕਰ ਚੁੱਕੇ ਬੰਦੀਆ ਨੂੰ ਵੀ ਰਿਹਾਅ ਕਰਨ ਤੋ ਇਨਕਾਰ ਕਰ ਦਿੱਤਾ ਹੈ । ਇੰਡੀਆ ਦੇ ਪਾਕਿਸਤਾਨ ਨਾਲ ਸੰਬੰਧ ਕਦੀ ਵੀ ਸੁਖਾਵੇ ਨਹੀ ਰਹਿ ਸਕਦੇ । ਫਿਰ ਸਾਨੂੰ ਪੰਜਾਬੀਆਂ ਤੇ ਸਿੱਖਾਂ ਨੂੰ ਬਿਨ੍ਹਾਂ ਵਜਹ ਕਿਉ ਉਲਝਣ ਅਤੇ ਵੱਡੀਆ ਮੁਸਕਿਲਾਂ ਵਿਚ ਪਾਇਆ ਹੋਇਆ ਹੈ ?
ਉਨ੍ਹਾਂ ਕਿਹਾ ਕਿ ਚੀਨ ਨੇ 1962 ਦੀ ਜੰਗ ਸਮੇ ਸਾਡੀ 39000 ਸਕੇਅਰ ਵਰਗ ਕਿਲੋਮੀਟਰ ਲਦਾਖ ਦੀ ਧਰਤੀ ਤੇ ਕਬਜਾ ਕਰ ਲਿਆ ਸੀ । ਫਿਰ 2020 ਅਤੇ 2022 ਵਿਚ 8000 ਸਕੇਅਰ ਵਰਗ ਕਿਲੋਮੀਟਰ ਇਲਾਕਾ ਹੋਰ ਕਬਜਾ ਕੀਤਾ ਹੈ । ਇਹ ਮੋਦੀ ਹਕੂਮਤ ਆਪਣੇ ਇਸ ਖੇਤਰਫਲ ਨੂੰ ਵਾਪਸ ਲੈਣ ਵਿਚ ਤਾਂ ਕੋਈ ਅਮਲ ਨਹੀ ਕਰ ਰਹੀ । ਲੇਕਿਨ ਵਾਰ-ਵਾਰ ਸਰਹੱਦਾਂ ਉਤੇ ਸਾਜਸੀ ਢੰਗ ਨਾਲ ਆਪ੍ਰੇਸਨ ਕਰਕੇ ਪੰਜਾਬ ਦੀ ਧਰਤੀ ਨੂੰ ਜੰਗ ਦੇ ਅਖਾੜੇ ਵੱਲ ਧਕੇਲਣ ਦੇ ਅਮਲ ਕਿਉ ਕਰ ਰਹੀ ਹੈ ? ਇਥੋ ਤੱਕ ਕਿ ਸਾਡੀ ਫ਼ੋਜ ਵਿਚ ਸਿੱਖ ਕੌਮ ਦੇ ਕੋਟੇ ਦੀ ਭਰਤੀ ਨੂੰ 33% ਤੋ ਘਟਾਕੇ ਕੇਵਲ 2% ਕਰ ਦਿੱਤਾ ਹੈ । ਫਿਰ ਚੀਨ ਅਤੇ ਪਾਕਿਸਤਾਨ ਕੋਲ ਤਾਂ ਆਧੁਨਿਕ ਕਿਸਮ ਦੇ ਸਟੈਲਥ ਜੈਟ ਹਨ । ਜੋ ਕਿ ਇੰਡੀਅਨ ਫ਼ੌਜ ਕੋਲ ਨਹੀ ਹਨ । ਸੁਕਾਰਡਨਾਂ ਦੀ ਗਿਣਤੀ ਵੀ ਬਹੁਤ ਘੱਟ ਗਈ ਹੈ । ਜੋ ਅਗਨੀਵੀਰ ਯੋਜਨਾ ਹੈ ਉਸ 4 ਸਾਲਾਂ ਵਿਚ ਤਾਂ ਇਕ ਫ਼ੌਜੀ ਆਪਣੀ ਬਣਦੀ ਟ੍ਰੇਨਿੰਗ ਵੀ ਪੂਰੀ ਨਹੀ ਕਰ ਸਕਦਾ । ਜਦੋਕਿ ਪਹਾੜੀ, ਮੈਦਾਨੀ, ਸਮੁੰਦਰੀ, ਜੰਗਲੀ, ਰੇਗਸਤਾਨ ਆਦਿ ਇਲਾਕਿਆ ਲਈ ਵੱਖੋ-ਵੱਖਰੇ ਢੰਗਾਂ ਨਾਲ ਲੜਨ ਦੀ ਮੁਹਾਰਤ ਹਾਸਿਲ ਕਰਨੀ ਹੁੰਦੀ ਹੈ, ਉਸ ਫੌਜੀ ਗੁਣਾਤਮਿਕ ਟ੍ਰੇਨਿੰਗ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ । ਬੇਸੱਕ ਇਹ ਬਾਲਾਕੋਟ, ਸਿੰਧੂਰ, ਸਰਜੀਕਲ ਸਟ੍ਰਾਈਕਾਂ ਕਰੀ ਜਾਣ ਪਰ ਅੰਦਰੋ ਤਾਂ ਇਹ ਖੋਖਲੇ ਹਨ ।
ਜੋ ਇੰਡੀਆ ਨੇ ਜੰਮੂ ਵਿਚ ਚਿਨਾਬ ਦਰਿਆ ਦਾ ਪਾਣੀ ਰਾਵੀ ਵੱਲ ਮੋੜਿਆ ਹੈ, ਇਸ ਨਾਲ ਤਾਂ ਸਾਡਾ ਜਲਵਾਯੂ ਦਾ ਵਾਤਾਵਰਣ ਅਤੇ ਜਲ ਵਿਚ ਰਹਿਣ ਵਾਲੇ ਜਾਨਵਰਾਂ ਲਈ ਖਤਰੇ ਵਾਲੇ ਅਮਲ ਹਨ । ਦੂਸਰਾ ਇੰਡਸ ਵਾਟਰ ਟ੍ਰੀਟੀ ਨੂੰ ਤੋੜਨ ਦੇ ਅਮਲ ਕਰਕੇ ਇੰਡੀਆ ਬਿਨ੍ਹਾਂ ਵਜਹ ਪਾਕਿਸਤਾਨ ਨਾਲ ਵੱਡੀ ਉਲਝਣ ਵਿਚ ਪੈਣ ਦੀ ਗੱਲ ਕਰ ਰਿਹਾ ਹੈ । ਜਿਸ ਨਾਲ ਕਦੀ ਵੀ ਇੰਡੀਆ ਤੇ ਪਾਕਿਸਤਾਨ ਦੇ ਸੰਬੰਧਾਂ ਨੂੰ ਸਥਿਰ ਨਹੀ ਬਣਾਇਆ ਜਾ ਸਕਦਾ । ਫਿਰ ਭਾਖੜਾ ਬਿਆਸ ਮੈਨੇਜਮੈਟ ਬੋਰਡ ਵਿਚ ਸੈਟਰ ਦੀ ਅਜਾਰੇਦਾਰੀ ਕਾਇਮ ਕਰਕੇ ਸਾਡੇ ਰੀਪੇਰੀਅਨ ਕਾਨੂੰਨ ਅਨੁਸਾਰ ਹੱਕਾਂ ਨੂੰ ਜਬਰੀ ਕੁੱਚਲਿਆ ਜਾ ਰਿਹਾ ਹੈ । ਜਦੋਕਿ ਉਪਰੋਕਤ ਕਾਨੂੰਨ ਅਨੁਸਾਰ ਜਿਸ ਸੂਬੇ ਵਿਚ ਦਰਿਆ ਵੱਗਦੇ ਹਨ ਉਨ੍ਹਾਂ ਦਾ ਕੰਟਰੋਲ ਉਸ ਸੂਬੇ ਕੋਲ ਹੁੰਦਾ ਹੈ । ਇਸਦਾ ਕੰਟਰੋਲ ਵੀ ਜਬਰੀ ਸੈਟਰ ਨੇ ਖੋਹਿਆ ਹੋਇਆ ਹੈ ਅਤੇ ਇਸ ਸੋਚ ਅਧੀਨ ਇਹ ਜ਼ਬਰੀ ਮੰਦਭਾਵਨਾ ਅਧੀਨ ਡੈਮਾਂ ਦੇ ਗੇਟ ਖੋਲ੍ਹਕੇ ਸਮੇ-ਸਮੇ ਤੇ ਪੰਜਾਬ ਨੂੰ ਡੋਬ ਦਿੰਦੇ ਹਨ । ਜਾਨੀ-ਮਾਲੀ ਨੁਕਸਾਨ ਕਰ ਦਿੰਦੇ ਹਨ । ਜਦੋਕਿ ਇਨ੍ਹਾਂ ਡੈਮਾਂ ਦਾ ਕੰਟਰੋਲ ਵੀ ਪੰਜਾਬ ਦੇ ਅਧੀਨ ਹੋਣਾ ਚਾਹੀਦਾ ਹੈ ਤਾਂ ਕਿ ਸੈਟਰ ਇਨ੍ਹਾਂ ਡੈਮਾਂ ਨੂੰ ਫੌਜੀ ਹਥਿਆਰ ਵੱਜੋ ਨਾ ਵਰਤ ਸਕੇ । ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਕਾਨੂੰਨੀ ਤੌਰ ਤੇ ਪੰਜਾਬ ਦੇ ਹਵਾਲੇ ਨਹੀ ਕੀਤੀ ਜਾ ਰਹੀ । ਇਥੋ ਤੱਕ ਜੋ ਬੀਤੇ ਸਮੇ ਵਿਚ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋ ਬਾਹਰ ਰੱਖੇ ਗਏ ਹਨ, ਉਹ ਵੀ ਵਾਪਸ ਨਹੀ ਦਿੱਤੇ ਜਾ ਰਹੇ । ਪੰਜਾਬ ਦੇ ਦਰਿਆਵਾ ਦੇ ਪਾਣੀਆ ਦੀ ਰਿਅਲਟੀ ਕੀਮਤ ਜੋ 16 ਹਜਾਰ ਕਰੋੜ ਬਣਦੀ ਹੈ, ਉਹ ਵੀ ਨਹੀ ਦਿੱਤੀ ਜਾ ਰਹੀ । ਪੰਜਾਬ ਦੇ ਹਿੱਸੇ ਦੀ ਜੀ.ਐਸ.ਟੀ ਦਾ ਭੁਗਤਾਨ ਵੀ ਪੰਜਾਬ ਨੂੰ ਨਹੀ ਕੀਤਾ ਜਾ ਰਿਹਾ । ਜੋ ਪੰਜਾਬ ਵਿਚ ਮਿਲਟਰੀ ਸਕੂਲ ਹਨ ਉਨ੍ਹਾਂ ਵਿਚ ਜਬਰੀ ਸੰਸਕ੍ਰਿਤ ਲਾਗੂ ਕਰ ਦਿੱਤੀ ਗਈ ਹੈ ਅਤੇ ਪੰਜਾਬੀ ਨੂੰ ਚੋਣਵੇ ਵਿਸੇ ਵੱਜੋ ਲਿਆ ਗਿਆ ਹੈ । ਜੰਮੂ-ਕਸਮੀਰ ਵਿਚ ਜਿਥੇ ਪੰਜਾਬੀ ਦੂਸਰੀ ਭਾਸ਼ਾ ਦੇ ਤੌਰ ਤੇ ਚੱਲਦੀ ਆ ਰਹੀ ਸੀ, ਉਸ ਨੂੰ ਵੀ ਲੈਫਟੀਨੈਟ ਜਰਨਲ ਸਿਨ੍ਹਾ ਨੇ ਖਤਮ ਕਰ ਦਿੱਤਾ ਗਿਆ ਹੈ ਜੋ ਕਿ ਪੰਜਾਬੀ ਬੋਲੀ-ਭਾਸਾ ਨਾਲ ਵੱਡਾ ਹਕੂਮਤੀ ਵਿਤਕਰਾ ਹੈ । ਸ. ਮਾਨ ਨੇ ਉਚੇਚੇ ਤੌਰ ਤੇ ਸੈਟਰ ਦੀ ਮੋਦੀ ਹਕੂਮਤ ਵੱਲੋ ਸਿੱਖ ਕੌਮ ਦੀ ਜਮਹੂਰੀਅਤ ਦਾ ਘਾਣ ਕੀਤੇ ਜਾਣ ਵੱਲ ਇਸਾਰਾ ਕਰਦੇ ਹੋਏ ਕਿਹਾ ਕਿ ਬੀਤੇ 15 ਸਾਲਾਂ ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਨਾ ਕਰਵਾਕੇ ਵੱਡੀ ਬੇਇਨਸਾਫ਼ੀ ਕਰਨ ਦੇ ਨਾਲ-ਨਾਲ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਹੈ ।
ਜੋ ਮੋਦੀ ਹਕੂਮਤ ਦੀ ਜਾਲਮ ਚੰਡਾਲ ਚੌਕੜੀ ਹੈ ਜਿਸ ਵਿਚ ਸ੍ਰੀ ਮੋਦੀ ਤੋ ਇਲਾਵਾ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ, ਉਨ੍ਹਾਂ ਵਿਰੁੱਧ ਅਮਰੀਕਾ ਇਨ੍ਹਾਂ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਨਾ ਕਰੇ । ਇਸ ਤੋ ਇਲਾਵਾ ਇਨ੍ਹਾਂ ਮੁਲਕਾਂ ਦੀ ਪ੍ਰਭੂਸਤਾ ਅਤੇ ਅਮਰੀਕਾ ਦੀ ਪ੍ਰਭੂਸਤਾ ਤੇ ਮੁਨਰੋ ਡਾਕਟਰੀਨ ਨੂੰ ਤੋੜਿਆ ਹੈ । ਇਨ੍ਹਾਂ ਕੀਤੇ ਗਏ ਸਿੱਖ ਕਤਲੇਆਮ ਦਾ ਕੇਸ ਕੌਮਾਂਤਰੀ ਕਾਨੂੰਨਾਂ ਅਧੀਨ ਕੌਮਾਂਤਰੀ ਅਦਾਲਤਾਂ ਵਿਚ ਚੱਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜਾਵਾਂ ਅਵੱਸ ਮਿਲਣ ।