ਕਿਰਨ ਬੇਦੀ ਵਰਗੇ ਸਿਆਸਤ ਤੇ ਚੌਧਰਾਂ ਦੇ ਭੁੱਖਿਆ ਨੂੰ ਸਿੱਖ ਇਤਿਹਾਸ ਦੇ 12 ਵਜੇ ਦੇ ਅਸਲ ਸੱਚ ਦੀ ਜਾਣਕਾਰੀ ਹੋਣੀ ਚਾਹੀਦੀ ਹੈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 15 ਜੂਨ ( ) “ਬੀਜੇਪੀ-ਆਰ.ਐਸ.ਐਸ. ਦੇ ਫਿਰਕੂ ਰੰਗ ਵਿਚ ਰੰਗੇ ਹੋਏ ਉਹ ਲੋਕ ਜੋ ਆਪਣੀ ਸਿਆਸੀ ਭੁੱਖ ਦੀ ਪੂਰਤੀ ਲਈ ਅਤੇ ਹਿੰਦੂਤਵ ਤਾਕਤਾਂ ਦੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਮਨਸੂਬਿਆਂ ਨੂੰ ਪੂਰਨ ਕਰਨ ਲਈ ਐਨੀ ਨੀਵੇ ਹੱਦ ਤੱਕ ਚਲੇ ਜਾਂਦੇ ਹਨ ਕਿ ਉਹ ਸਮਾਜ ਵਿਚ ਵਿਚਰਦਿਆ ਅਤੇ ਆਪਣੀ ਜੁਬਾਨ ਨਾਲ ਗੱਲ ਕਰਦਿਆ ਅਜਿਹੇ ਸ਼ਬਦ ਕਹਿ ਦਿੰਦੇ ਹਨ ਜਿਸ ਨਾਲ ਕਰੋੜਾਂ ਦੀ ਗਿਣਤੀ ਵਿਚ ਕਿਸੇ ਕੌਮ, ਧਰਮ, ਫਿਰਕੇ, ਕਬੀਲੇ ਨਾਲ ਸੰਬੰਧਤ ਨਿਵਾਸੀਆ ਦੇ ਮਨ-ਆਤਮਾਵਾ ਨੂੰ ਵੀ ਡੂੰਘੀ ਠੇਸ ਪਹੁੰਚਦੀ ਹੋਵੇ ਅਤੇ ਅਜਿਹਾ ਕਰਨ ਵਾਲੇ ਖੁਦ ਵੀ ਆਪਣੀ ਆਤਮਾ ਦੇ ਸਦਾ ਲਈ ਦੋਸੀ ਬਣ ਜਾਣ । ਅਜਿਹਾ ਕੁਝ ਕਰਨ ਤੋ ਪਹਿਲੇ ਅਜਿਹੀਆ ਸਵਾਰਥੀ ਪਾਰਟੀਆ ਤੇ ਆਗੂਆ ਨੂੰ ਸਿੱਖ ਕੌਮ ਪ੍ਰਤੀ ਕੁਝ ਬੋਲਣ ਤੋ ਪਹਿਲੇ ਉਨ੍ਹਾਂ ਦੇ ਮਨੁੱਖਤਾ ਪੱਖੀ, ਸਰਬੱਤ ਦੇ ਭਲੇ ਦੀ ਸੋਚ ਵਾਲੇ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਆਪਣਾ ਆਪਾ ਵਾਰਨ ਵਾਲੀ ਕੌਮ ਦੇ ਫਖ਼ਰ ਭਰੇ ਕਾਰਨਾਮਿਆ ਤੋ ਜਾਣਕਾਰੀ ਹੋਣੀ ਚਾਹੀਦੀ ਹੈ । ਤਾਂ ਕਿ 130 ਕਰੋੜ ਵਾਲੇ ਇਸ ਮੁਲਕ ਵਿਚ ਦੋ ਢਾਈ ਕਰੋੜ ਦੀ ਆਬਾਦੀ ਵਾਲੀ ਬਹਾਦਰ ਸਿੱਖ ਕੌਮ ਦੇ ਇਤਿਹਾਸ ਦੀ ਜਾਣਕਾਰੀ ਰੱਖ ਸਕਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ ਨਾਲ ਸੰਬੰਧਤ ਰਿਟਾਇਰਡ ਆਈ.ਪੀ.ਐਸ. ਅਫਸਰ ਬੀਬੀ ਕਿਰਨ ਬੇਦੀ ਵੱਲੋ ਬੀਤੇ ਦਿਨੀਂ ਆਪਣੀ ਕਿਤਾਬ ਦੀ ਰੀਲੀਜ ਸਮੇ ਸਿੱਖ ਕੌਮ ਦੇ ਇਤਿਹਾਸ ਨਾਲ ਸੰਬੰਧਤ 12 ਵਜੇ ਦੀ ਮਜਾਕੀਆ ਰੂਪ ਵਿਚ ਗੱਲ ਕਰਨ ਨੂੰ ਅਤਿ ਸ਼ਰਮਨਾਕ ਅਤੇ ਉਨ੍ਹਾਂ ਦੀ ਆਈ.ਪੀ.ਐਸ. ਦੀ ਕੀਤੀ ਪੜ੍ਹਾਈ ਦੀ ਵੱਡੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਅਜਿਹੀ ਸ਼ਰਮਨਾਕ ਗੱਲ ਕਰਨ ਦੀਆਂ ਲਾਹਨਤਾ ਪਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਬੀਬੀ ਅਤੇ ਉਸਦੀ ਫਿਰਕੂ ਬੀਜੇਪੀ ਪਾਰਟੀ ਅਤੇ ਹੋਰ ਹਿੰਦੂਤਵ ਤਾਕਤਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜਿਸ 12 ਵਜੇ ਦੀ ਗੱਲ ਕਰਕੇ ਸਿੱਖ ਇਤਿਹਾਸ ਦੇ ਇਸ ਫਖ਼ਰ ਵਾਲੇ ਸਮੇਂ ਨੂੰ ਸਲਿਊਟ ਕਰਨ ਦੀ ਬਜਾਇ ਤਰੋੜ-ਮਰੋੜਕੇ ਮਜਾਕੀਆ ਰੂਪ ਵਿਚ ਲੈਦੇ ਹਨ, ਉਨ੍ਹਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਦੋਂ ਮੁਗਲ ਜਰਵਾਣੇ ਧਾੜਵੀ ਅਤਿ ਜ਼ਬਰ-ਜੁਲਮ ਵਾਲੇ ਸਮੇ ਵਿਚ ਹਿੰਦੂਆਂ ਦੀਆਂ ਧੀਆਂ-ਭੈਣਾਂ, ਬਹੂਆਂ ਨੂੰ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ ਅਤੇ ਉਨ੍ਹਾਂ ਨਾਲ ਅਣਮਨੁੱਖੀ ਢੰਗ ਨਾਲ ਜ਼ਬਰ-ਜ਼ਨਾਹ ਕਰਦੇ ਹੋਏ ਗਜਨੀ ਅਤੇ ਬਸਰੇ ਦੇ ਬਜਾਰਾਂ ਵਿਚ ਟਕੇ-ਟਕੇ ਵਿਚ ਵੇਚ ਦਿੰਦੇ ਸਨ, ਤਾਂ ਇਹ ਸਿੰਘ ਹੀ ਸਨ ਜੋ ਉਸ ਅਤਿ ਜ਼ਬਰ ਦੇ ਸਮੇਂ ਵਿਚ ਰਾਤ ਦੇ 12 ਵਜੇ ਆਪਣਾ ਲਾਮ-ਲਸਕਰ ਘੋੜੇ ਲੈਕੇ ਉਨ੍ਹਾਂ ਦੇ ਟਿਕਾਣਿਆ ਉਤੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਫਤਹਿ ਦੇ ਜੈਕਾਰੇ ਗੁਜਾਉਦੇ ਹੋਏ ਉਨ੍ਹਾਂ ਦੁਸ਼ਮਣਾਂ ਤੋ ਇਨ੍ਹਾਂ ਹਿੰਦੂ ਧੀਆਂ-ਭੈਣਾਂ ਨੂੰ ਛੁਡਵਾਕੇ ਬਾਇੱਜ਼ਤ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਣ ਦੀ ਵੀ ਆਪਣੀ ਇਖਲਾਕੀ ਅਤੇ ਇਨਸਾਨੀ ਜਿ਼ੰਮੇਵਾਰੀ ਪੂਰਨ ਕਰਦੇ ਸਨ । ਇਹੀ ਇਤਿਹਾਸਿਕ ਵਾਕਿਆ ਹੈ ਕਿ ਸਿੰਘਾਂ ਦੇ ਨਾਲ ਇਹ 12 ਵਜੇ ਦਾ ਫਖ਼ਰ ਵਾਲਾ ਸਮਾਂ ਜੁੜਿਆ ਹੈ ਅਤੇ ਹਿੰਦੂਆਂ ਲਈ ਨਮੋਸ਼ੀ ਵਾਲਾ ਹੈ ਜੋ ਆਪਣੀਆ ਧੀਆਂ-ਭੈਣਾਂ ਦੀ ਇੱਜਤ ਬਚਾਉਣ ਤੋ ਵੀ ਉਸ ਸਮੇ ਬੇਵੱਸ ਸਨ । ਉਨ੍ਹਾਂ ਗੱਲ ਕਰਦੇ ਹੋਏ ਕਿਹਾ ਕਿ ਉਸ ਸਮੇ ਜਦੋ ਧਾੜਵੀ ਹਮਲਾ ਕਰਦੇ ਸਨ ਤਾਂ ਹਿੰਦੂਆਣੀਆ ਆਪਣੇ ਪਤੀਆ ਜਾਂ ਪੁੱਤਰਾਂ ਨੂੰ ਬਚਾਅ ਲਈ ਪੁਕਾਰਨ ਦੀ ਬਜਾਇ ਜਦੋ ਕਛਹਿਰੇ ਅਤੇ ਦਸਤਾਰ ਵਾਲੇ ਸਸਤਰਧਾਰੀ ਸਿੰਘ ਨੂੰ ਦੇਖ ਲੈਦੀਆ ਸਨ ਤਾਂ ਆਪਮੁਹਾਰੇ ਪੁਕਾਰ ਉੱਠਦੀਆ ਸਨ ‘ਬਚਾਈ ਵੇ ਭਾਈ ਕੱਛ ਵਾਲਿਆ ਮੇਰੀ ਧੀ ਬਸਰੇ ਨੂੰ ਗਈ’ ਅਤੇ ‘ਆ ਗਏ ਨਿਹੰਗ ਬੂਹੇ ਖੋਲ੍ਹਦੋ ਨਿਸੰਗ’ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਗੁਰੂ ਦੇ ਸਿੰਘ ਕਿਵੇ ਆਪਣੀਆ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਧੀਆਂ ਭੈਣਾਂ ਦੀ ਇੱਜਤ ਬਚਾਉਣ ਦੇ ਇਨਸਾਨੀ ਫਰਜਾਂ ਦੀ ਪੂਰਤੀ ਕਰਦੇ ਰਹੇ ਹਨ । ਇਹ ਹੈ ਸਾਡਾ ਸਿੱਖ ਇਤਿਹਾਸ 12 ਵਜੇ ਦਾ । ਇਸ ਲਈ ਬੀਬੀ ਕਿਰਨ ਬੇਦੀ ਵਰਗਿਆ ਅਤੇ ਹੋਰ ਹਿੰਦੂਤਵ ਤਾਕਤਾਂ ਨੂੰ ਮਨੁੱਖਤਾ ਦੀ ਬਿਹਤਰੀ ਲੋੜਨ ਵਾਲੇ ਅਤੇ ਹਰ ਵੱਡੇ ਦੁੱਖ ਦੀ ਘੜੀ ਵਿਚ ਬਿਨ੍ਹਾਂ ਕਿਸੇ ਭੇਦਭਾਵ ਦੇ ਇਨਸਾਨਾਂ ਦੀ ਬਾਂਹ ਪਕੜਨ ਵਾਲੇ ਅਤੇ ਲੋੜਵੰਦਾਂ ਦੀ ਸੇਵਾ ਕਰਨ ਵਾਲੀ ਸਿੱਖ ਕੌਮ ਦੇ ਇਤਿਹਾਸ ਜਾਂ ਸਿੱਖਾਂ ਉਤੇ ਇਸ ਤਰ੍ਹਾਂ ਅਪਮਾਨਜਨਕ ਢੰਗਾਂ ਰਾਹੀ ਸ਼ਬਦਾਵਲੀ ਦੀ ਵਰਤੋ ਨਾ ਕੀਤੀ ਜਾਵੇ ਤਾਂ ਇਹ ਬਿਹਤਰ ਹੋਵੇਗਾ ਵਰਨਾ ਗੁਰਬਾਣੀ ਵਿਚ ਅਜਿਹੇ ਇਨਸਾਨਾਂ ਨੂੰ ਗੁਰੂ ਸਾਹਿਬ ਨੇ ‘ਅਕ੍ਰਿਤਘਣ’ ਦਾ ਨਾਮ ਦਿੱਤਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਜਿਹੇ ਲੋਕ ਸਮਾਜ ਨੂੰ ਬਿਹਤਰ ਬਣਾਉਣ ਅਤੇ ਮਾਹੌਲ ਨੂੰ ਅਮਨਮਈ ਰੱਖਣ ਵਿਚ ਭੂਮਿਕਾ ਨਿਭਾਉਣਗੇ ਨਾ ਕਿ ਇਤਿਹਾਸ ਦੇ ਅਕ੍ਰਿਤਘਣ ਬਣਨਗੇ ।