ਪ੍ਰਿੰਸੀਪਲ ਸੁਰਿੰਦਰ ਸਿੰਘ ਅਤੇ ਬਜੁਰਗ ਆਗੂ ਸ. ਪ੍ਰੀਤਮ ਸਿੰਘ ਮਹੇਸ਼ਪੁਰਾ ਦੇ ਅਕਾਲ ਚਲਾਣੇ ਉਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਚੰਡੀਗੜ੍ਹ, 15 ਜੂਨ ( ) “ਪ੍ਰਿੰਸੀਪਲ ਸੁਰਿੰਦਰ ਸਿੰਘ ਆਨੰਦਪੁਰ ਸਾਹਿਬ ਮੀਤ ਪ੍ਰਧਾਨ ਐਸ.ਜੀ.ਪੀ.ਸੀ. ਦੇ ਬੀਤੇ ਦਿਨੀਂ ਹੋਏ ਅਚਾਨਕ ਅਕਾਲ ਚਲਾਣੇ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ, ਦੋਸਤਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਪ੍ਰਿੰਸੀਪਲ ਸੁਰਿੰਦਰ ਸਿੰਘ ਬੇਸ਼ੱਕ ਮੌਜੂਦਾ ਐਸ.ਜੀ.ਪੀ.ਸੀ. ਦੇ ਮੈਬਰ ਸਨ, ਪਰ ਉਨ੍ਹਾਂ ਨੇ ਆਪਣੀ ਵਿਦਵਤਾ, ਬੋਧਿਕ ਸ਼ਕਤੀ, ਗੁਰਬਾਣੀ ਦਾ ਸਹੀ ਦਿਸ਼ਾ ਵੱਲ ਵਰਤੋ ਕਰਦੇ ਹੋਏ ਆਪਣੇ ਜੀਵਨਕਾਲ ਦੌਰਾਨ ਕੇਵਲ ਇਲਾਕੇ ਵਿਚ ਸਿੱਖੀ ਪ੍ਰਚਾਰ ਹੀ ਨਹੀ ਕਰਦੇ ਰਹੇ, ਉਨ੍ਹਾਂ ਵਿਚ ਇਕ ਨੇਕ ਆਤਮਾ ਵਾਲੇ ਸਭ ਉਹ ਗੁਣ ਮੌਜੂਦ ਸਨ ਜੋ ਇਕ ਚੰਗੇ ਇਨਸਾਨ ਵਿਚ ਹੋਣੇ ਚਾਹੀਦੇ ਹਨ । ਉਨ੍ਹਾਂ ਨੇ ਆਪਣੀਆ ਬਾਦਲੀਲ ਢੰਗ ਨਾਲ ਲਿਖੀਆ ਜਾਣ ਵਾਲੀਆ ਲਿਖਤਾਂ ਰਾਹੀ ਹਮੇਸ਼ਾਂ ਮਨੁੱਖਤਾ ਤੇ ਸਿੱਖ ਕੌਮ ਨੂੰ ਦ੍ਰਿੜਤਾ ਪੂਰਵਕ ਅਗਵਾਈ ਦਿੱਤੀ ਹੈ ਅਤੇ ਕੌਮ, ਸਮਾਜ ਦੀ ਸੇਵਾ ਕੀਤੀ ਹੈ । ਅਜਿਹੀ ਸਖਸ਼ੀਅਤ ਦੇ ਚਲੇ ਜਾਣ ਨਾਲ ਕੇਵਲ ਪਰਿਵਾਰ, ਸੰਬੰਧੀਆਂ, ਦੋਸਤਾਂ, ਮਿੱਤਰਾਂ ਨੂੰ ਹੀ ਇਕ ਅਸਹਿ ਘਾਟਾ ਨਹੀ ਪਿਆ, ਉਸ ਨਾਲ ਖ਼ਾਲਸਾ ਪੰਥ ਤੇ ਮਨੁੱਖਤਾ ਨੂੰ ਵੀ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਕਿਉਂਕਿ ਉਨ੍ਹਾਂ ਦੀ ਕਲਮ ਬਿਨ੍ਹਾਂ ਕਿਸੇ ਪੱਖਪਾਤ ਤੋ ਬਾਦਲੀਲ ਢੰਗ ਨਾਲ ਚੱਲਦੀ ਸੀ ਜੋ ਕਿ ਹਰ ਸਮਾਜ ਨੂੰ ਤਾਕਤਵਰ ਬਣਾਉਣ ਵਿਚ ਯੋਗਦਾਨ ਪਾਉਦੀ ਹੈ । ਉਨ੍ਹਾਂ ਦੇ ਚਲੇ ਜਾਣ ਉਤੇ ਜਿਥੇ ਅਸੀ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਿਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ, ਉਥੇ ਖ਼ਾਲਸਾ ਪੰਥ ਨੂੰ ਤੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਗੁਰੂ ਚਰਨਾਂ ਵਿਚ ਅਰਜੋਈ ਵੀ ਕਰਦੇ ਹਾਂ ।”
ਇਸੇ ਤਰ੍ਹਾਂ ਸ. ਪ੍ਰੀਤਮ ਸਿੰਘ ਮਹੇਸ਼ਪੁਰਾ (ਖਮਾਣੋ) ਜੋ ਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਰਿਸਤੇਦਾਰ ਸਨ, ਜਿਨ੍ਹਾਂ ਨੇ ਆਪਣੀ ਜਵਾਨੀ ਵਿਚ ਬਹੁਤ ਦ੍ਰਿੜਤਾ ਨਾਲ ਖ਼ਾਲਸਾ ਪੰਥ ਦੀ ਸੇਵਾ ਕੀਤੀ ਅਤੇ ਲੋਕਾਈ ਦੀ ਬਿਹਤਰੀ ਕਰਨ ਵਿਚ ਮਸਰੂਫ ਰਹਿੰਦੇ ਸਨ ਉਹ ਵੀ ਆਪਣੇ ਸਵਾਸਾ ਦੀ ਸੰਸਾਰਿਕ ਪੂੰਜੀ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਵੀ ਅਰਦਾਸ ਕੀਤੀ । ਇਸ ਦੁੱਖ ਦੀ ਘੜੀ ਵਿਚ ਦੋਵਾਂ ਪਰਿਵਾਰ, ਸੰਬੰਧੀਆ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਸਮੂਹਿਕ ਅਰਦਾਸ ਕਰਨ ਵਾਲਿਆ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਇਮਾਨ ਸਿੰਘ ਮਾਨ, ਲਖਵੀਰ ਸਿੰਘ ਮਹੇਸ਼ਪੁਰੀਆ, ਗੁਰਜੰਟ ਸਿੰਘ ਕੱਟੂ, ਰਣਦੀਪ ਸਿੰਘ, ਲਲਿਤ ਮੋਹਨ ਸਿੰਘ ਆਦਿ ਆਗੂ ਹਾਜਰ ਸਨ ।