ਜੋ ਲੁਧਿਆਣਾ ਕਾਰਪੋਰੇਸ਼ਨ ਜਾਂ ਪ੍ਰਸ਼ਾਸ਼ਨ ਚੂਹਿਆ ਦੀ ਵੱਧਦੀ ਗਿਣਤੀ ਉਤੇ ਹੀ ਕਾਬੂ ਨਹੀਂ ਪਾ ਸਕਦੇ, ਉਹ ਜਨਤਾ ਦੀਆਂ ਹੋਰ ਮੁਸ਼ਕਿਲਾਂ ਨੂੰ ਕਿਵੇ ਹੱਲ ਕਰਨਗੇ ? : ਮਾਨ
ਫ਼ਤਹਿਗੜ੍ਹ ਸਾਹਿਬ, 22 ਅਕਤੂਬਰ ( ) “ਲੁਧਿਆਣਾ ਇਕ ਬਹੁਤ ਹੀ ਵੱਡਾ ਉਦਯੋਗਿਕ ਅਤੇ ਵੱਡੀ ਸੰਖਿਆ ਦੀ ਵਸੋ ਵਾਲਾ ਸ਼ਹਿਰ ਹੈ । ਜਿਥੇ ਇਥੇ ਵੱਡੇ ਉਦਯੋਗ ਹਨ, ਉਥੇ ਲੱਖਾਂ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਵੀ ਵਸੋ ਹੈ । ਜੇਕਰ ਲੁਧਿਆਣਾ ਮਿਊਸੀਪਲ ਕਾਰਪੋਰੇਸਨ ਜਾਂ ਉਥੋ ਦਾ ਪ੍ਰਸ਼ਾਸ਼ਨ ਵੱਡੇ ਪਾਰਕਾਂ ਜਾਂ ਜਨਤਕ ਸਥਾਨਾਂ ਉਤੇ ਫਿਰ ਰਹੇ ਚੂਹਿਆਂ, ਕੀੜੇ-ਮਕੌੜਿਆ ਦੀ ਸਫਾਈ ਖਾਤਮਾ ਕਰਨ ਦੀ ਜਿੰਮੇਵਾਰੀ ਹੀ ਪੂਰਨ ਨਹੀ ਕਰ ਰਹੇ, ਤਾਂ ਇਸ ਕਾਰਪੋਰੇਸਨ ਪ੍ਰਸ਼ਾਸ਼ਨ ਤੋ ਕੀ ਉਮੀਦ ਰੱਖੀ ਜਾ ਸਕਦੀ ਹੈ ਕਿ ਜਨਤਾ ਦੀ ਸਿਹਤ ਅਤੇ ਹੋਰ ਸਹੂਲਤਾਂ ਨਾਲ ਸੰਬੰਧਤ ਮੁਸ਼ਕਿਲਾਂ ਨੂੰ ਵੀ ਹੱਲ ਕਰਨ ਦੀ ਇਹ ਸਮਰੱਥਾਂ ਰੱਖਦੇ ਹੋਣਗੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੁਧਿਆਣਾ ਪ੍ਰਸ਼ਾਸ਼ਨ ਤੇ ਮਿਊਸੀਪਲ ਕਾਰਪੋਰੇਸਨ ਵੱਲੋ ਉਥੋ ਦੇ ਪਾਰਕਾਂ ਤੇ ਜਨਤਕ ਥਾਵਾਂ ਉਤੇ ਵੱਡੀ ਗਿਣਤੀ ਵਿਚ ਚੂਹਿਆ ਦੀ ਹੋਈ ਭਰਮਾਰ ਦਾ ਖਾਤਮਾ ਕਰਨ ਦੀ ਜਿੰਮੇਵਾਰੀ ਨਾ ਨਿਭਾਉਣ ਉਤੇ ਉਨ੍ਹਾਂ ਦੇ ਪ੍ਰਬੰਧ ਦੀ ਅਸਫਲਤਾਂ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੋਈ ਵੀ ਨਿਜਾਮ ਪ੍ਰਬੰਧ ਦੀ ਆਪਣੀ ਜਨਤਾ ਲਈ ਇਹ ਵੱਡੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਨਿਵਾਸੀਆ ਨੂੰ ਪੀਣ ਵਾਲੇ ਸਾਫ ਸੁਥਰੇ ਪਾਣੀ, ਸੜਕਾਂ, ਨਾਲੀਆ ਅਤੇ ਜਨਤਕ ਥਾਵਾਂ ਤੇ ਗੰਦਗੀ ਤੋ ਪੂਰਨ ਰੂਪ ਵਿਚ ਸਫਾਈ ਕਰਕੇ ਆਪਣੇ ਨਿਵਾਸੀਆ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆ ਤੋ ਦੂਰ ਰੱਖਣ ਅਤੇ ਉਨ੍ਹਾਂ ਨੂੰ ਖੁਸਗਵਾਰ ਵਾਤਾਵਰਣ ਪ੍ਰਦਾਨ ਕਰਨਾ ਹੁੰਦਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਲੁਧਿਆਣਾ ਦੇ ਉਨ੍ਹਾਂ ਵੱਡੇ ਪਾਰਕਾਂ ਜਿਨ੍ਹਾਂ ਵਿਚ ਅਕਸਰ ਉਥੋ ਦੇ ਨਿਵਾਸੀ ਸਵੇਰੇ-ਸਾਮ ਸੈਰ ਕਰਦੇ ਹਨ ਅਤੇ ਸੈਰ ਕਰਦੇ ਹੋਏ ਆਪਣੀ ਆਤਮਾ ਨੂੰ ਖੁਰਾਕ ਅਤੇ ਸੰਤੁਸਟੀ ਦੇਣ ਹਿੱਤ ਸਫਾਈ ਵਾਲਾ ਵਾਤਾਵਰਣ ਲੋੜਦੇ ਹਨ, ਉਨ੍ਹਾਂ ਨੂੰ ਅਜਿਹੇ ਪਾਰਕਾਂ ਵਿਚ ਸਹੂਲਤਾਂ ਪ੍ਰਾਪਤ ਹੋਣ ਦੀ ਬਜਾਇ ਚੂਹਿਆ ਦੀ ਭਰਮਾਰ ਨਾਲ ਤੰਗ ਪ੍ਰੇਸਾਨ ਹੁੰਦੇ ਹਨ ਅਤੇ ਆਤਮਿਕ ਪੱਖੋ ਦੁੱਖ ਮਹਿਸੂਸ ਕਰਦੇ ਹਨ । ਅਜਿਹੇ ਚੂਹਿਆਂ ਤੇ ਕੀੜੇ ਮਕੌੜੇ ਵੱਧਣ ਦੇ ਕਾਰਨ ਲੁਧਿਆਣਾ ਵਿਚ ਬਿਮਾਰੀਆ ਦੇ ਫੈਲਣ ਦਾ ਜਦੋ ਵੱਡਾ ਡਰ ਬਣਿਆ ਹੋਇਆ ਹੈ, ਤਾਂ ਉਥੋ ਦਾ ਪ੍ਰਸ਼ਾਸ਼ਨ ਅਤੇ ਮਿਊਸੀਪਲ ਕਾਰਪੋਰੇਸਨ ਦੇ ਜਿੰਮੇਵਾਰ ਸੱਜਣ ਜੋ ਕੁੰਭਕਰਨੀ ਨੀਦ ਸੁੱਤੇ ਪਏ ਹਨ, ਇਹ ਆਪਣੀਆ ਸਮਾਜਿਕ ਅਤੇ ਜਨਤਕ ਜਿੰਮੇਵਾਰੀਆ ਤੋ ਭੱਜਣ ਅਤੇ ਮੂੰਹ ਮੋੜਨ ਵਾਲੀ ਦੁੱਖਦਾਇਕ ਕਾਰਵਾਈ ਹੈ । ਸ. ਮਾਨ ਨੇ ਲੁਧਿਆਣਾ ਦੇ ਡਿਪਟੀ ਕਮਿਸਨਰ ਸ੍ਰੀ ਹਿਮਾਸੂ ਜੈਨ ਨੂੰ ਇਸ ਪ੍ਰੈਸ ਰੀਲੀਜ ਰਾਹੀ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੇਕਰ ਜਨਤਾ ਦੀ ਸਹੂਲਤ ਨਾਲ ਸੰਬੰਧਤ ਅਤੇ ਉਨ੍ਹਾਂ ਨੂੰ ਸਿਹਤ ਪੱਖੋ ਸਹੀ ਰੱਖਣ ਹਿੱਤ ਜੇਕਰ ਉਹ ਚੰਗਾ ਮਾਹੌਲ ਹੀ ਨਹੀ ਪ੍ਰਦਾਨ ਕਰ ਸਕਦੇ, ਫਿਰ ਅਜਿਹੇ ਪ੍ਰਸ਼ਾਸ਼ਨ ਤੇ ਨਿਜਾਮ ਉਤੇ ਲੱਖਾਂ ਰੁਪਏ ਦੇ ਰੂਪ ਵਿਚ ਤਨਖਾਹਾਂ ਤੇ ਸਹੂਲਤਾਂ ਲੈਣ ਵਾਲੀ ਅਫਸਰਸਾਹੀ ਕੀ ਕਰ ਰਹੀ ਹੈ ? ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਾਡੀ ਪਾਰਟੀ ਵੱਲੋ ਜਾਰੀ ਇਸ ਪ੍ਰੈਸ ਰੀਲੀਜ ਉਪਰੰਤ ਜਿ਼ਲ੍ਹਾ ਲੁਧਿਆਣਾ ਪ੍ਰਸ਼ਾਸ਼ਨ ਅਤੇ ਮਿਊਸੀਪਲ ਕਾਰਪੋਰੇਸਨ ਦੇ ਅਧਿਕਾਰੀ ਜਨਤਾ ਦੀ ਇਸ ਵੱਡੀ ਮੁਸਕਿਲ ਨੂੰ ਹੱਲ ਕਰਨ ਅਤੇ ਉਥੋ ਦੇ ਨਿਵਾਸੀਆ ਨੂੰ ਦੂਰ ਰੱਖਣ ਦੀ ਜਿੰਮੇਵਾਰੀ ਪੂਰਨ ਕਰਨਗੇ।