ਗੁਰਦੁਆਰਾ ਬਾਬਾ ਦੀਪ ਸਿੰਘ ਗੰਗਾਨਗਰ ਵਿਖੇ ਪੁਲਿਸ ਵੱਲੋ ਹੋਈ ਕਾਰਵਾਈ ਸ਼ਰਮਨਾਕ ਤੇ ਅਸਹਿ, ਸ. ਤਜਿੰਦਰਪਾਲ ਸਿੰਘ ਟਿੰਮਾ ਨੂੰ ਤੁਰੰਤ ਰਿਹਾਅ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 06 ਅਕਤੂਬਰ ( ) “ਰਾਜਸਥਾਂਨ ਪੁਲਿਸ ਵੱਲੋ ਗੁਰਦੁਆਰਾ ਬਾਬਾ ਦੀਪ ਸਿੰਘ ਗੰਗਾਨਗਰ ਵਿਖੇ ਸਿੱਖੀ ਮਰਿਯਾਦਾਵਾ, ਨਿਯਮਾਂ ਨੂੰ ਭੰਗ ਕਰਕੇ ਜੋ ਗੁਰੂਘਰ ਵਿਚ ਜਬਰੀ ਦਾਖਲ ਹੋ ਕੇ ਲੰਗਰ ਦੀ ਮਰਿਯਾਦਾ ਨੂੰ ਭੰਗ ਕਰਨ ਦੇ ਨਾਲ-ਨਾਲ ਸ਼ਹੀਦਾਂ ਦੀਆਂ ਫੋਟੋਆਂ ਪਾੜਕੇ ਅਪਮਾਨ ਕੀਤਾ ਗਿਆ ਹੈ, ਇਹ ਦੁੱਖਦਾਇਕ ਕਾਰਵਾਈ ਜਿਥੇ ਸਿੱਖ ਕੌਮ ਵੱਲੋ ਅਤਿ ਨਿੰਦਣਯੋਗ ਹੈ ਉਥੇ ਇਹ ਹਕੂਮਤੀ ਕਾਰਵਾਈ ਅਤਿ ਸ਼ਰਮਨਾਕ ਅਤੇ ਸਿੱਖ ਕੌਮ ਨਾਲ ਵੱਡੇ ਵਿਤਕਰੇ ਵਾਲੀ ਹੈ । ਜਿਸਦੀ ਅਸੀ ਕਰੜੇ ਸ਼ਬਦਾਂ ਵਿਚ ਜਿਥੇ ਨਿੰਦਾ ਕਰਦੇ ਹਾਂ, ਉਥੇ ਇਸ ਵਿਚ ਸਾਮਿਲ ਪੁਲਿਸ ਅਧਿਕਾਰੀਆ ਦੀ ਨਿਰਪੱਖਤਾ ਨਾਲ ਜਾਂਚ ਹੋਣ ਅਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਹੋਣ ਦੀ ਮੰਗ ਕਰਦੇ ਹਾਂ । ਕਿਉਂਕਿ ਗੁਰੂਘਰ ਵਿਚ ਕਿਸੇ ਵੀ ਪੁਲਿਸ ਜਾਂ ਸਰਕਾਰ ਨੂੰ ਅਜਿਹੀ ਮਰਿਯਾਦਾਵਾ ਨੂੰ ਭੰਗ ਕਰਨ ਵਾਲੀ ਇਜਾਜਤ ਕਤਈ ਨਹੀ ਦਿੱਤੀ ਜਾ ਸਕਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੰਗਾਨਗਰ ਦੇ ਗੁਰੂਘਰ ਵਿਚ ਰਾਜਸਥਾਂਨ ਸਰਕਾਰ ਦੇ ਆਦੇਸ਼ਾਂ ਉਤੇ ਜ਼ਬਰੀ ਦਾਖਲ ਹੋ ਕੇ ਅਪਮਾਨਿਤ ਕਾਰਵਾਈਆ ਕਰਨ ਅਤੇ ਉਥੋ ਦੇ ਸਿੱਖ ਆਗੂ ਸ. ਤਜਿੰਦਰ ਸਿੰਘ ਟਿੰਮਾ ਨੂੰ ਮੰਦਭਾਵਨਾ ਅਧੀਨ ਗ੍ਰਿਫਤਾਰ ਕਰਨ ਦੇ ਅਮਲਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1984 ਵਿਚ ਮਰਹੂਮ ਇੰਦਰਾ ਗਾਂਧੀ ਸਰਕਾਰ ਵੱਲੋ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਵਿਖੇ ਇਸੇ ਤਰ੍ਹਾਂ ਦੀ ਮੰਦਭਾਵਨਾ ਅਧੀਨ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਾਡੇ ਗੁਰੂਘਰਾਂ ਨੂੰ ਢਹਿ ਢੇਰੀ ਕਰਨ ਦੇ ਨਾਲ-ਨਾਲ 25 ਹਜਾਰ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੋਣ ਆਏ ਸਿੱਖਾਂ ਨੂੰ ਗੋਲੀਆ ਨਾਲ ਸਹੀਦ ਕਰਨ ਦੀ ਕਾਰਵਾਈ ਕੀਤੀ ਸੀ । ਜਿਹੜੇ ਕਿ ਅੱਜ ਵੀ ਉਹ ਜਖਮ ਨਹੀ ਭਰੇ । ਲੇਕਿਨ ਰਾਜਸਥਾਂਨ ਪੁਲਿਸ ਨੇ ਇਹ ਬਹੁਤ ਹੀ ਘਿਣੋਨੀ ਸਰਮਨਾਕ ਕਾਰਵਾਈ ਕਰਕੇ ਸਮੁੱਚੀ ਸਿੱਖ ਕੌਮ ਦੇ ਮਨ-ਆਤਮਾਵਾ ਨੂੰ ਵਲੂੰਧਰ ਦੀ ਵੱਡੀ ਗੁਸਤਾਖੀ ਕੀਤੀ ਹੈ ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰੇਗੀ । ਅਸੀ ਮੰਗ ਕਰਦੇ ਹਾਂ ਕਿ ਇਸਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੇ ਨਾਲ-ਨਾਲ ਮੰਦਭਾਵਨਾ ਅਧੀਨ ਗ੍ਰਿਫਤਾਰ ਕੀਤੇ ਗਏ ਸ. ਤਜਿੰਦਰ ਸਿੰਘ ਟਿੰਮਾ ਨੂੰ ਤੁਰੰਤ ਬਿਨ੍ਹਾਂ ਸਰਤ ਰਿਹਾਅ ਕੀਤਾ ਜਾਵੇ ।